ਨੁਕਤੇ ਦਾ ਪਸਾਰ

ਨਿੱਕੇ ਸੰਦਰਭਾਂ ਦਾ ਮਹੱਤਵ ਕਿੱਡਾ ਵੱਡਾ ਹੁੰਦਾ ਹੈ, ਇਹ ਦੇਖਕੇ ਹਰ ਕਿਸੇ ਨੂੰ ਹੈਰਾਨੀ ਹੁੰਦੀ ਹੈ। ਪਰ ਇੱਥੇ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਰੀ ਕਇਨਾਤ ਕਿਣਕਿਆਂ ਦੇ ਮਾਤਰ ਦਾ ਵਿਕਾਸ ਹੀ ਤਾਂ ਹੈ। ਇਹ ਵਿਕਾਸ ਲਗਾਤਾਰ ਅੱਗੇ ਵਧ ਤੇ ਫੈਲ ਰਿਹਾ ਹੈ। ਜ਼ਮਾਨੇ ਨੂੰ ਕਿੱਥੋਂ, ਕਿੱਥੇ ਪਹੁੰਚਿਆ ਦੇਖਕੇ ਮਨੁੱਖ ਅਚੰਭਾ ਮਹਿਸੂਸ ਕਰਨ ਲਗਦਾ ਹੈ। ਅਚੰਭਾ ਤਾਂ ਹੋਣਾ ਹੀ ਹੋਇਆ ਕਿ ਮਨੁੱਖ ਦੀ ਆਪਣੀ ਸੋਚ-ਸੂਝ ਅਤੇ ਸ਼ਕਤੀ ਨੇ ਰਲਕੇ ਅਣਕਿਆਸੀਆਂ ਅਤੇ ਅਣਦਿਸਦੀਆਂ ਚੜ੍ਹਾਈਆਂ ਨੂੰ ਤੈਅ ਕੀਤਾ ਹੈ। ਮਨੁੱਖੀ ਸ਼ਕਤੀ ਦੀ ਇਸ ਪ੍ਰਾਪਤੀ ਨੂੰ ਸਲਾਮ ਕਰਨਾ ਬਣਦਾ ਹੈ ਅਤੇ ਹੋਰ ਵੱਡੀਆਂ ਪ੍ਰਾਪਤੀਆਂ ਵਲ ਹੱਲਾ ਮਾਰਨ ਵਾਸਤੇ ਇਸਨੂੰ ਹੱਲਾਸ਼ੇਰੀ ਦੇਣੀ ਵੀ ਜ਼ਰੂਰੀ ਹੈ।


ਪਿਛਾਂਹ ਵਲ ਮੁੜ ਸੋਚਣ ਲੱਗੀਏ ਤਾਂ ਸੋਚ ਭਮੱਤਰ ਜਾਂਦੀ ਹੈ। ਆਦਿ ਮਨੁੱਖ ਨੇ ਬਹੁਤ ਪਹਿਲਾਂ ਪੱਥਰਾਂ ਨੂੰ ਰਗੜਦਿਆਂ ਪਹਿਲ-ਪਲੱਕੜੇ ਜਦੋਂ ਅੱਗ ਵਰਗੇ ਚੰਗਿਆੜੇ ਨਿਕਲਦੇ ਦੇਖੇ ਹੋਣਗੇ ਅਤੇ ਫੇਰ ਪਹਿਲੀ ਵਾਰ ਉਨ੍ਹਾਂ ਹੀ ਪੱਥਰਾਂ ਦੀ ਰਗੜ ਨਾਲ ਨਾ ਜਾਣਦਿਆਂ ਹੋਇਆਂ ਵੀ ਅੱਗ ਬਾਲ਼ੀ ਹੋਵੇਗੀ ਤਾਂ ਉਸਦੇ ਚਿਹਰੇ ਉੱਤੇ ਹੈਰਾਨੀ ਭਰੀ ਲਾਲੀ ਦੇ ਉੱਗ ਆਉਣ ਨੂੰ ਪੜ੍ਹਿਆ ਜਾਣਾ ਕੀ ਸੌਖਾ ਹੋ ਸਕਦਾ ਹੈ? ਪਹਿਲੀ ਵਾਰ ਜਦੋਂ ਉਸਨੇ ਕਿਸੇ ਵਸਤ (ਖਾਣਾ) ਨੂੰ ਅੱਗ ਦੇ ਸੇਕ ਉੱਤੇ ਪਕਾ ਕੇ ਜਾਂ ਰਿੰਨ੍ਹ ਕੇ ਖਾਧਾ ਹੋਵੇਗਾ ਤਾਂ ਭਲਾਂ ਕਿੰਝ ਮਹਿਸੂਸ ਕੀਤਾ ਹੋਵੇਗਾ? ਇਸਦੇ ਗਵਾਹ ਤਾਂ ਉਹ ਹੁਸੀਨ ਪਲ ਹੀ ਹੋ ਸਕਦੇ ਹਨ ਜੋ ਉਸਦੇ ਦੁਆਲੇ/ਅੰਗ ਸੰਗ ਗੁਜ਼ਰੇ ਹੋਣਗੇ। ਉਂਜ ਮਨੁੱਖ ਦੀ ਦੂਰ-ਦੁਰਾਡੇ ਤੱਕ ਮਾਰ/ਪਹੁੰਚ ਹੈ। ਜੇ ਕੋਈ ਕਸਰ ਸੀ ਤਾਂ ਸੈਟੇਲਾਈਟ ਨੇ ਪੂਰੀ ਕਰ ਦਿੱਤੀ ਹੈ। ਦੁਨੀਆਂ ਦੇ ਜਿਸ ਹਿੱਸੇ ਤੇ ਜਦੋਂ ਮਰਜ਼ੀ ਝਾਤੀ ਮਾਰੋ, ਇਸ ਵਾਸਤੇ ਵੀ ਸੰਭਾਵਨਾਵਾਂ ਮੌਜੂਦ ਹਨ। ਭਾਵੇਂ ਕਿ ਅਜਿਹੀ ਤਕਨੀਕ ਦੀ ਦੁਰਵਰਤੋਂ ਵਾਲੇ ਵੀ ਪਿੱਛੇ ਨਹੀਂ ਰਹਿੰਦੇ। ਕੀ ਕੋਈ ਫੜ ਸਕਦਾ ਹੈ ਉਨ੍ਹਾਂ ਪਲਾਂ ਨੂੰ ਜਦੋਂ ਕੋਲੰਬਸ ਨੇ ਅਮਰੀਕਾ ਲੱਭੀ ਹੋਵੇਗੀ? ਤਾਂ ਰੇਤ ਦੇ ਕਣਾਂ ਵਿਚ ਸੋਨਾ ਦਿਸਣ/ ਲੱਭਣ ਵਰਗਾ ਅਚੰਭਾ ਹੀ ਹੋਇਆ ਹੋਣਾ ਉਸਨੂੰ ਤੇ ਉਸਦੇ ਸਾਥੀਆਂ ਨੂੰ। ਉਂਜ ਵੀ ਅਚੰਭੇ ਵਰਗੀਆਂ ਲੱਭਤਾਂ ਖੋਜੀਆਂ ਦੀ ਝੋਲ਼ੀ ਹੀ ਪੈਂਦੀਆਂ ਹਨ, ਕਿਉਂਕਿ ਉਹ ਸਮੇਂ ਨੂੰ ਫੜਨ ਦੀ ਨਿਮਰਤਾ ਭਰੀ ਜਿਦ ਕਦੇ ਨਹੀਂ ਛੱਡਦੇ। ਇਸ ਸਿਰੜ ਭਰੀ ਜਿਦ ਅੱਗੇ ਸਮੇਂ ਨੂੰ ਹਾਰ ਹੀ ਜਾਣ ਪੈਂਦਾ ਹੈ।

ਛੋਟੀਆਂ, ਵੱਡੀਆਂ ਘਟਨਾਵਾਂ ਆਪਣਾ ਮਹੱਤਵ ਰਖਦੀਆਂ ਹਨ। ਵੱਖੋ-ਵੱਖਰੇ ਗ੍ਰਹਿਆਂ ਦਾ ਸਜਿਆ ਇਹ ਸੰਸਾਰ ਅਤੇ ਮਨੁੱਖ ਵਲੋਂ ਬ੍ਰਿਹਮੰਡ ਤੱਕ ਦੀ ਪਹੁੰਚ, ਇਹ ਸਭ ਮਨੁੱਖ ਦੀ ਸੋਚਣ ਅਤੇ ਸਿਰਜਣ ਸ਼ਕਤੀ ਦਾ ਹੀ ਕਮਾਲ ਆਖਿਆ ਜਾਣਾ ਚਾਹੀਦਾ ਹੈ। ਆਧੁਨਿਕ ਨਵੀਂ ਤਕਨੀਕ ਅਤੇ ਉਸਦੀ ਵਰਤੋਂ ਮਨੁੱਖੀ ਸ਼ਕਤੀ ਨੂੰ ਹੋਰ ਤਾਕਤ ਦੇਣ ਅਤੇ ਬਲ ਬਖਸ਼ਣ ਵਾਲੇ ਸਾਧਨ ਆਖੇ ਜਾ ਸਕਦੇ ਹਨ। ਸ਼ਰਤ ਇੱਥੇ ਇਹ ਵੀ ਹੈ ਕਿ ਤਕਨੀਕ ਸਿਰਜਦੇ ਅਤੇ ਵਰਤਦੇ ਹੱਥ ਭਵਿੱਖ ਵਿਚੋਂ ਮਨੁੱਖ ਨੂੰ ਮਨਫੀ ਕਰਨ ਦਾ ਕੋਝਾ ਯਤਨ ਨਾ ਕਰਦੇ ਹੋਣ। ਮਨੁੱਖ ਵਲੋਂ ਕੱਢੀਆਂ ਕਾਢਾਂ/ਲੱਭਤਾਂ ਲੋਕਾਈ/ਸਮਾਜ ਦੀ ਸੂਝ ਸਮਝ ਨੂੰ ਹੋਰ ਤਿੱਖਿਆਂ ਅਤੇ ਜਿੰਦ ਨੂੰ ਸੌਖਿਆਂ ਕਰਨ ਦਾ ਰਾਹ ਦਸਦੀਆਂ ਹੋਣ। ਆਧੁਨਿਕ ਸਮੇਂ ਹਰ ਪਾਸੇ ਦੌੜ ਲੱਗੀ ਹੋਈ ਹੈ। ਤੇਜ-ਤਰਾਰ ਜਹਾਜ਼ਾਂ ਦੀ ਗੱਲ ਤੁਰਦੀ ਹੈ, ਹਜਾਰਾਂ ਮੀਟਰ ਉੱਚੇ ਉਡਦੇ ਜਹਾਜ਼ਾਂ ਦੀ। ਪਾਣੀਆਂ ਦੀ ਡੂੰਘੀ ਥਲੜੀ ਤਹਿ ਤੱਕ ਤੁਰੀਆਂ ਫਿਰਦੀਆਂ ਪਣਡੁਬੀਆਂ ਦੀ। ਅਸਲੋਂ ਤੇਜੀ ਨਾਲ ਸੰਸਾਰ ਨੂੰ ਜੋੜਦੇ ਇਲੈਕਟਰਾਨਕ/ਸੈਟੇਲਾਈਟ ਮੀਡੀਏ ਦੀ ਅਤੇ ਅਜਿਹਾ ਹੀ ਜਿ਼ੰਦਗੀ ਨੂੰ ਹੁਲਾਰੇ ਦੇਣ ਵਾਲਾ ਹੋਰ ਬਹੁਤ ਕੁੱਝ ਹੈ ਜਿਸਦਾ ਜਿ਼ਕਰ ਕੀਤਾ ਜਾ ਸਕਦਾ ਹੈ। ਸਵਾਲ ਫੇਰ ਉੱਠ ਖੜ੍ਹਾ ਹੁੰਦਾ ਹੈ ਕਿ ਭਲਾਂ ਕਿਸਨੇ ਸਿਰਜਿਆ ਇਹ ਸਭ ਕੁੱਝ? ਜਵਾਬ ਸਿਰਫ ਇਕ ਹੀ ਹੈ - ਮਨੁੱਖ ਨੇ, ਮਨੁੱਖ ਦੀ ਸਿਰਜਣ ਸ਼ਕਤੀ ਨੇ। ਚਾਨਣੇ ਮੱਥਿਆਂ ਵਾਲੇ ਕਿਰਤ ਦੇ ਉਪਾਸ਼ਕ ਹੱਥਾਂ ਨੇ। ਇਹ ਕੋਈ ਕਰਾਮਾਤਾਂ ਨਹੀਂ, ਨਾ ਹੀ ਕਿਸੇ ਗੈਬੀ ਤਾਕਤ ਦੇ ਝੁਰਲੂ ਨੇ ਕਿਸੇ ਜਾਦੂ ਵਾਲੇ ਥੈਲੇ ਵਿਚੋਂ ਸਭ ਕੁੱਝ ਕੱਢਿਆ ਹੈ। ਨਾ ਹੀ ਅਜਿਹਾ ਥੈਲਾ ਕਿਧਰੇ ਮਿਲਦਾ ਹੀ ਹੈ। ਇਹ ਤਾਂ ਇਨਸਾਨੀ ਸਿਆਣਪ ਅਤੇ ਮਨੁੱਖੀ ਸ਼ਕਤੀ ਦੁਆਰਾ ਸਹਿਜ ਨਾਲ ਹੋਇਆ ਮਹੱਤਵਪੂਰਨ ਵਿਕਾਸ ਹੈ। ਸੱਚ ਤਾਂ ਇਹ ਹੈ ਕਿ ਵਿਕਾਸ ਲਗਾਤਾਰ ਤੁਰਨ ਵਾਲਾ ਵਰਤਾਰਾ ਹੈ ਇਹ ਕਦੇ ਵੀ ਰੁਕਦਾ ਨਹੀਂ। ਛੋਟੀਆਂ ਪ੍ਰਾਪਤੀਆਂ ਕਰ ਲੈਣ ਤੋਂ ਬਾਅਦ ਮਨੁੱਖ ਅਗਲੀਆਂ ਤੋਂ ਅਗਲੇਰੀਆਂ ਮੰਜਿ਼ਲਾਂ ਸਰ ਕਰਨ ਵਲ ਸਦਾ ਰੁਚਿਤ ਰਹਿੰਦਾ ਹੈ। ਰੁਚਿਤ ਰਹਿਣਾ ਅਤੇ ਇਹਦੇ ਵਾਸਤੇ ਯਤਨਸ਼ੀਲ ਹੋ ਕੇ ਅੱਗੇ ਵਧਦੇ ਜਾਣਾ ਹੀ ਪ੍ਰਾਪਤੀਆਂ ਦੀ ਬੁਨਿਆਦ ਬਣ ਜਾਦਾ ਹੈ। ਹਿੰਮਤ ਹੋਵੇ ਤਾਂ ਮਨੁੱਖ ਕਰ ਕੀ ਨਹੀਂ ਸਕਦਾ?

‘ਚੰਦ ਮਾਮਾ’ ਸਮਝੇ ਜਾਂਦੇ ਚੰਦਰਮਾਂ ਉੱਤੇ ਜਦੋਂ ਤਕਨੀਕ ਦੀ ਪੌੜੀ ’ਤੇ ਚੜ੍ਹਕੇ ਨੀਲ ਆਰਮ ਸਟਰਾਂਗ ਅਤੇ ਉਹਦੇ ਸਾਥੀਆਂ ਨੇ ਪੈਰ ਧਰੇ ਸਨ ਤਾਂ ਉਹ ਖੁਸ਼ੀ ਨਾਲ ਹੁੱਬਿਆ ਨਹੀਂ ਸੀ ਸਮਾਉਂਦਾ। ਖੁਸ਼ੀ ਨਾਲ ਝੂਮਦਾ, ਬੱਚਿਆਂ ਵਾਂਗ ਟਪੂਸੀਆਂ ਮਾਰਦਾ ਸਭ ਨੇ ਦੇਖਿਆ ਸੀ, ਜਿਵੇਂ ਭਾਣਜੇ ਦੇ ਵਿਆਹ ਵਿਚ ਖੀਵਾ ਹੋਇਆ ਮਾਮਾ ਨੱਚਦਾ ਹੋਵੇ। ਉਹ ਕਿਹੜੀ ਤੇ ਕਿੰਨੀ ਸੁਹਣੀ ਘੜੀ ਰਹੀ ਹੋਵੇਗੀ ਜਦੋਂ ਮੌਤ ਵਰਗੀਆਂ ਠੰਡੀਆਂ-ਯਖ ਸਥਿਤੀਆਂ ਤੇ ਔਕੜਾਂ ਭਰੇ ਖਤਰਨਾਕ ਰਾਹਾਂ ਨੂੰ ਸਰ (ਜਿੱਤ) ਕਰ ਲੈਣ ਤੋਂ ਬਾਅਦ ਤੇਨ ਸਿੰਘ ਅਤੇ ਹਿਲੇਰੀ ਨੇ ਦੁਨੀਆਂ ਦੀ ਸਭ ਤੋਂ ਉੱਚੀ ਟੀੱਸੀ ਐਵਰੈਸਟ ਉੱਤੇ ਝੰਡਾ ਗੱਡ ਕੇ ਆਪਣੇ ਸੁਪਨੇ ਨੂੰ ਪੈਰਾਂ ਹੇਠ ਵਿਛਿਆ ਤੱਕਿਆ ਸੀ। ਇਸ ਤਰ੍ਹਾਂ ਦੀ ਪ੍ਰਾਪਤੀ ਭਰੀ ਖੁਸ਼ੀ ਦੇ ਮੁਕਾਮ ਤੱਕ ਪਹੁੰਚਣ ਦਾ ਸਫਰ ਬੜਾ ਲੰਬਾ ਅਤੇ ਮੁਸੀਬਤਾਂ ਭਰਿਆ ਹੁੰਦਾ ਹੈ, ਅਕਾ ਦੇਣ ਵਾਲਾ, ਥਕਾ ਦੇਣ ਵਾਲਾ। ਇਨ੍ਹਾਂ ਰਾਹਾਂ ਦੇ ਰਾਹੀਆਂ ਵਾਸਤੇ ਹਰ ਪਲ ਹੀ ਇਕ ਨਵਾਂ ਇਮਤਿਹਾਨ ਹੁੰਦਾ ਹੈ। ਪਰ ਹਿੰਮਤਾਂ ਵਾਲੇ ਵੀ ਕਦੇ ਹਾਰੇ ਹਨ? ਨਹੀਂ, ਕਦੇ ਵੀ ਨਹੀਂ।

ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਵਸਦੇ ਬਹੁਤ ਸਾਰੇ ਅੱਖਾਂ ਵਾਲੇ ਅੰਨ੍ਹੇ, ਅੰਧਵਿਸ਼ਵਾਸੀ ਕਿਸੇ ਤਰਕ/ਅਧਾਰ ਤੋਂ ਬਿਨਾ ਜਿੱਦੀ ਕਿਸਮ ਦੀ ਹਓਮੈ ਦੇ ਡੰਗੇ ਲੋਕ ਕਿਸੇ ਲੱਭਤ ਦੇ ਹਾਣੀ ਨਹੀਂ ਹੋ ਸਕਦੇ। ਬਹੁਤ ਦੇਰ ਤੋਂ ਰੱਬ ਦਾ ਸੰਕਲਪ ਵਿਵਾਦ ਦਾ ਵਿਸ਼ਾ ਚਲਿਆ ਆ ਰਿਹਾ ਹੈ। ਇਹ ਸੰਕਲਪ ਵੀ ਖੁਦ ਇਨਸਾਨ ਦੀ ਹੀ ਦੇਣ ਹੈ। ਵਿਸ਼ਵਾਸੀ ਇਸ ਸੰਕਲਪ/ਵਿਚਾਰ ਨੂੰ ਸਭ ਕੁੱਝ ਸਮਝਦੇ ਹਨ। ਪਰ ਵਿਗਿਆਨਕ ਸੋਚ ਨੂੰ ਪ੍ਰਣਾਏ ਲੋਕ ਇਸ ਵਿਚਾਰ ਉੱਤੇ ਕਿੰਤੂ ਕਰਦੇ ਹਨ ( ਕਿਸੇ ਵੀ ਵਿਚਾਰ/ਵਿਚਾਰਧਾਰਾ ਉੱਤੇ ਕਿੰਤੂ ਕਰਨਾ ਹਰ ਕਿਸੇ ਦਾ ਹੱਕ ਹੈ) । ਹਰ ਕੋਈ ਆਪੋ-ਆਪਣੇ ਤਰਕ ਉੱਤੇ ਡਟਿਆ ਹੋਇਆ ਹੈ। ਇਸ ਸਵਾਲ ਨੂੰ ਵਾਰ ਵਾਰ ਰਿੜਕਿਆ, ਵਿਚਾਰਿਆ ਗਿਆ ਪਰ ਸਵਾਲ ਹੱਲ ਹੋਣ ਦੀ ਥਾਂ ਸਦਾ ਰੇੜਕਾ ਹੀ ਵਧਿਆ। ਵਿਸ਼ਵਾਸੀ ਵੀ ਸਾਰੇ ਇਕ ਮੱਤ ਨਹੀਂ। ਉਨ੍ਹਾਂ ਦੇ ਆਪਣੇ ਹੀ ਧੜਿਆਂ ਤੇ ਵਿਸ਼ਵਾਸਾਂ ਦੇ ਢੰਗ ਤਰੀਕਿਆਂ ਵਿਚ ਅਲਹਿਦਗੀ ਸਦਾ ਹੀ ਜੋਰ ਫੜਦੀ ਰਹੀ ਹੈ। ਇਸ ਵਿਚਾਰ ਦਾ ਸਹੀ ਫੈਸਲਾ ਸ਼ਾਇਦ ਕਦੇ ਵੀ ਨਾ ਹੋ ਸਕੇ। ਇਹ ਨੁਕਤਾ ਸਦਾ ਹੀ ਵਿਰੋਧ ਦੀ ਚਰਚਾ (ਜਾਂ ਚੁੰਝ ਚਰਚਾ) ਦਾ ਵਿਸ਼ਾ ਬਣਿਆ ਰਹੇਗਾ। ਇਕ ਗੱਲ ਵਿਚਾਰਨ ਦੀ ਹੈ ਕਿ ਹਰ ਵਿਅਕਤੀ ਨੂੰ ਆਪਣੇ ਵਿਚਾਰਾਂ ਉੱਤੇ ਪਹਿਰਾ ਦੇਣ ਦਾ ਹੱਕ ਹੈ, ਪਰ ਜਿਸ ਨੁਕਤੇ ਦਾ ਨਿਤਾਰਾ ਹੋ ਹੀ ਨਹੀਂ ਸਕਣਾ ਉਸ ਬਾਰੇ ਇੰਨੀ ਜਿ਼ਆਦਾ ਬੇਅਰਥੀ ਬਹਿਸ ਦੀ ਕੀ ਲੋੜ? ਕੀਮਤੀ ਸਮੇਂ ਨੂੰ ਅਜਾਈਂ ਗਵਾਉਣ ਦਾ ਕੀ ਲਾਭ? ਇਹ ਤਾਂ ਮਨ ਮੰਨੇ ਦਾ ਮੇਲਾ ਹੈ । ਜਿਸਨੂੰ ਪੁੱਗਦਾ ਹੈ ਉਹ ਵੀ ਠੀਕ, ਜਿਸਨੂੰ ਨਹੀਂ ਪੁੱਗਦਾ ਉਸਦੀ ਵੀ ਕਦਰ ਕਰਨੀ ਚਾਹੀਦੀ ਹੈ। ਕਿਸੇ ਵੀ ਵਿਰੋਧ ਦੇ ਨੁਕਤੇ ਨੂੰ ਲੈ ਕੇ ਬੇਮਤਲਦੀ ਕੁੜੱਤਣ ਪੈਦਾ ਕਰਨੀ ਤਾਂ ਸਿਰਫ ਮੂਰਖਾਂ ਦਾ ਕੰਮ ਹੀ ਹੋ ਸਕਦਾ ਹੈ। ਫੇਰ ਮੂਰਖਾਂ ਦੇ ਮਗਰ ਕਿਉਂ ਲੱਗਿਆ ਜਾਵੇ?

ਕੋਈ ਵੀ ਸਿਆਣਾ ਇਨਸਾਨ ਕਿਸੇ ਦੂਸਰੇ ਦੀ ਨਿਰਾਦਰੀ ਨਹੀਂ ਕਰ ਸਕਦਾ। ਕਿਸੇ ਦੂਸਰੇ ਨੂੰ ਬੁਰਾ-ਭਲਾ ਕਹਿਣ ਵਾਲੇ ਦਰਅਸਲ ਆਪਣਾ ਹੀ ਨਿਰਾਦਰ ਕਰ ਰਹੇ ਹੁੰਦੇ ਹਨ। ਕਿਉਂਕਿ ਜਿਸ ਕਿਸੇ ਨੂੰ ਵੀ ਉਹ ਬੇਇਜੱਤ ਕਰਨ ਦੇ ਯਤਨ ਵਜੋਂ ਜਿਹੜੇ ਭੈੜੇ ਬੋਲਾਂ/ਸ਼ਬਦਾਂ ਦਾ ਪ੍ਰਯੋਗ ਕਰਦੇ ਹਨ ਦੂਸਰਾ ਉਸ ਨੂੰ ਕਬੂਲ ਹੀ ਨਹੀਂ ਕਰਦਾ। ਇਸ ਤਰ੍ਹਾਂ ਨਿਰਾਦਰੀ ਲਈ ਵਰਤਿਆ ਹਰ ਹੀਲਾ ਉਨ੍ਹਾਂ ਦੇ ਆਪਣੇ ਪੱਲੇ ਵਿਚ ਹੀ ਰਹਿ ਜਾਂਦਾ ਹੈ, ਕਿਸੇ ਦੂਸਰੇ ਤੱਕ ਪਹੁੰਚਦਾ ਹੀ ਨਹੀਂ। ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਸਿਰਫ ਹੀਣਤਾ ਹੀ ਪ੍ਰਾਪਤ ਹੁੰਦੀ ਹੈ। ਕੀ ਹੀਣਤਾ ਵੀ ਕਿਸੇ ਦਾ ਸਰਮਾਇਆ ਹੋ ਸਕਦੀ ਹੈ? 

ਛੋਟੀਆਂ ਵਸਤਾਂ, ਛੋਟੇ ਕਾਰਜ ਦਰਅਸਲ ਕਦੇ ਵੀ ਛੋਟੇ ਨਹੀਂ ਹੁੰਦੇ। ਸ਼ਰਤ ਸਿਰਫ ਇਹ ਹੈ ਕਿ ਇਨ੍ਹਾਂ ਨੂੰ ਜਾਣ-ਬੁੱਝ ਕੇ ਛੋਟਾ ਨਾ ਕੀਤਾ ਜਾਵੇ। ਇਕ ਛੋਟੀ ਜਹੀ ਗਿਟਕ (ਬੀਜ) ਤੋਂ ਦਰੱਖਤ ਉੱਗਦਾ ਹੈ, ਇਕ ਕਰੂੰਬਲ ਦੀ ਸ਼ਕਲ ਵਿਚ। ਰੌਸ਼ਨੀ, ਧੁੱਪ, ਗਰਮੀ, ਸਰਦੀ, ਮੀਂਹ, ’ਨੇਰ੍ਹੀ ਨਾਲ ਤੁਰਦਿਆਂ ਕੱਦ ਫੜਨ ਲਗਦਾ ਹੈ। ਨਿੱਤ ਦਿਹਾੜੇ ਵਧਣ ਦੇ ਰਾਹੇ ਪੈਂਦਾ ਹੈ। ਉਹ ਹੀ ਮਾਮੂਲੀ ਜਹੀ ਕਰੂੰਬਲ ਮਜ਼ਬੂਤ ਤਣਾ ਬਣਨ ਲਗਦੀ ਹੈ। ਵਿਚੋਂ ਟਾਹਣੀਆਂ ਨਿਕਲਦੀਆਂ ਹਨ ਅਤੇ ਉਹ ਵੀ ਵੱਡੇ ਟਾਹਣੇ ਬਣ ਜਾਂਦੀਆਂ ਹਨ, ਉਨ੍ਹਾਂ ਵਿਚੋਂ ਨਵੀਆਂ ਕਰੂੰਬਲਾਂ। ਫੇਰ ਟਾਹਣੀਆਂ ............ਆਦਿ। ਇਹ ਵਾਰ ਵਾਰ ਦੁਹਰਾਇਆ ਜਾਣ ਵਾਲਾ ਕਰਮ ਹੈ। ਉਹ ਛੋਟਾ ਜਿਹਾ ਬੀਜ ਭਾਵ ਗਿਟਕ, ਲੰਬੀਆਂ ਜੜ੍ਹਾਂ ਬਣ ਫੈਲਣ ਲਗਦਾ ਹੈ, ਉਸ ਵੱਡੇ ਦਰੱਖਤ ਦੀ ਮਜਬੂਤੀ ਬਣਦਾ ਹੈ।

ਜਿਹੜਾ ਵੀ ਨਿੱਕੀਆਂ/ਛੋਟੀਆਂ ਚੀਜ਼ਾਂ ਦੀ ਕਦਰ ਕਰਨੀ ਸਿੱਖ ਜਾਵੇ, ਉਨ੍ਹਾਂ ਦਾ ਮਹੱਤਵ ਸਮਝ ਜਾਵੇ ਉਸਨੂੰ ਕਦੇ ਵੀ, ਕਿਧਰੇ ਵੀ ਯਥਾਰਥ ਵਿਹੂਣੇ ਖੋਖਲ਼ੇ ਦਾਅਵੇ ਕਰਨ ਦੀ ਲੋੜ ਨਹੀਂ ਪੈਂਦੀ, ਅਤੇ ਨਾ ਹੀ ਬੇਸ਼ਰਮੀ ਦੇ ਮੰਚ ’ਤੇ ਖੜ੍ਹਕੇ ਝੂਠ, ਫਰੇਬ ਤੇ ਮੱਕਾਰੀ ਦੇ ਵੱਡੇ ਵੱਡੇ ਫੋਕੇ ਦਾਇਰੇ ਵਾਹੁਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਕਿਉਂਕਿ ਉਹ ਤਾਂ ਸੱਚ ਦੇ ਨੁਕਤੇ ਦਾ ਖੋਜੀ ਹੁੰਦਾ ਹੈ, ਉਸਦੇ ਪਸਾਰ ਵਾਸਤੇ ਯਤਨਸ਼ੀਲ ਰਹਿੰਦਾ ਹੈ। ਛੋਟੇ ਛੋਟੇ ਨੁਕਤਿਆਂ ਦਾ ਪਸਾਰ ਹੀ ਉਸਦੀ ਜਿ਼ੰਦਗੀ ਹੋ ਜਾਂਦੀ ਹੈ। ਫੇਰ ਤੁਰਦੇ ਰਹਿਣਾ ਹੀ ਉਸਦਾ ਸੱਚਾ-ਸੁੱਚਾ ਕਰਮ ਹੋ ਨਿੱਬੜਦਾ ਹੈ।

****

No comments:

Post a Comment