Showing posts with label ਕੁਝ ਲੋਕ. Show all posts
Showing posts with label ਕੁਝ ਲੋਕ. Show all posts

ਕੁਝ ਲੋਕ

ਸਮਾਂ ਬਹੁਤ ਕੀਮਤੀ ਹੈ, ਦੁਨੀਆਂ ਬਹੁਤ ਵੱਡੀ ਹੈ, ਲੋਕ ਵੀ ਇੱਕ ਸੁਰ ਨਹੀਂ ਤੇ ਹੋ ਵੀ ਨਹੀਂ ਸਕਦੇ। ਕਿੳਂੁਕਿ ਵੱਖੋ ਵੱਖ ਥਾਵੀਂ ਰਹਿੰਦੇ ਲੋਕਾਂ ਦੇ ਰਹਿਣ-ਸਹਿਣ ਅਤੇ ਜ਼ਿੰਦਗੀ ਜੀਊਣ ਦੇ ਤੌਰ ਤਰੀਕੇ ਆਪੋ ਆਪਣੀਆਂ ਸਥਿਤੀਆਂ ਅਤੇ ਰਹੁ-ਰੀਤਾਂ ਅਨੁਸਾਰ ਹੀ ਹੋ ਸਕਦੇ ਹਨ। ਕੁਦਰਤੀ ਸੋਮੇਂ ਮਨੁੱਖੀ ਜ਼ਿੰਦਗੀ ਦਾ ਹੁਲਾਰਾ ਬਣਕੇ ਉਸਾਰੂ ਤਬਦੀਲੀਆਂ ਦਾ ਅਧਾਰ ਬਣਦੇ ਹਨ। ਇਸ ਅਧਾਰ ਦੀ ਪਾਰਦਰਸ਼ਤਾ ਵਿਚੋ ਲੰਘਦਿਆਂ ਹੀ ਅਸਲ ਜ਼ਿੰਦਗੀ ਦਾ ਸੁੱਚਾ ਗੀਤ ਗਾਇਆ ਜਾ ਸਕਦਾ ਹੈ, ਭਾਵੇਂ ਕਿ ਸਮੇਂ ਅਨੁਸਾਰ ਉੱਠਦੇ ਮਸਲੇ ਪ੍ਰਸ਼ਨ ਬਣ ਕੇ ਸਦਾ ਹੀ ਮਨੁੱਖ ਦੇ ਅੱਗੇ ਖੜ੍ਹਦੇ ਹੀ ਰਹਿਣਗੇ। ਕਿਧਰੇ ਹੋਂਦ ਦਾ ਸਵਾਲ ਮੁੱਖ ਹੈ। ਕਿਧਰੇ ਦੂਸਰਿਆਂ ਨੂੰ ਦੁੱਖ ਦੇ ਕੇ ਖੱਟੇ (ਜਾਂ ਲੁੱਟੇ) ਗੈਰ ਜ਼ਰੂਰੀ ਮੁਨਾਫਿਆਂ ਰਾਹੀ ਧੰਨ ਦੇ ਅੰਬਾਰ ਖੜ੍ਹੇ ਕਰਨ ਦਾ। ਕਿਧਰੇ ਮਨੁੱਖ ਦੀ ਹੋਣੀ/ਹੋਂਦ ਹੀ ਦਾਅ ਤੇ ਲੱਗ ਜਾਂਦੀ ਹੈ ਅਤੇ ਕਿਧਰੇ ਇਨਸਾਨ ਖੁਦ ਆਪਣੇ ਹੱਥੀਂ ਕੁਦਰਤੀ ਸਾਧਨਾ ਦਾ ਸੱਤਿਆਨਾਸ ਕਰੀ ਜਾ ਰਿਹਾ ਹੈ। ਮੁਨਾਫੇਖੋਰ ਮਨੁੱਖ ਵਲੋਂ ਜ਼ਿੰਦਗੀ ਦੇ ਕੁਦਰਤੀ ਸੁਹਜ/ਸੁਹੱਪਣ ਨੂੰ ਮਨੁੱਖਤਾ ਤੋ ਖੋਹਣ ਦਾ ਇਹ ਪਹਿਲਾ ਪਰ ਸਭ ਤੋਂ ਕੋਝ੍ਹਾ ਜਤਨ ਆਖਿਆ ਜਾ ਸਕਦਾ ਹੈ। ਜਿਸ ਦੇ ਸਿੱਟੇ ਵਜੋਂ ਮਨੁੱਖ ਦੇ ਆਉਣ ਵਾਲੇ ਸੁਹਣੇ ਸਮੇਂ ਅੱਗੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਇਸ ਸਭ ਕੁੱਝ ਦੇ ਬਾਵਜੂਦ ਆਮ ਕਰਕੇ ਵਿਚਾਰ ਅਧੀਨ ਸਵਾਲ ਫੇਰ ਵੀ ਭਵਿੱਖ ਦਾ ਹੀ ਸੁਣਨ ਨੂੰ ਮਿਲਦਾ ਹੈ। ਕੁਝ ਲੋਕ ਸਦਾ ਹੀ ਇਸ ਪਾਸਿਉ ਬੇ-ਧਿਆਨੇ/ਅਵੇਸਲੇ ਰਹਿੰਦੇ ਹਨ। ਕਦੀਂ ਇਹ ਇਸ ਕਰਕੇ ਹੁੰਦਾ ਹੈ ਕਿ ਉਨ੍ਹਾਂ ਦੀਆਂ ਡੋਰੀਆਂ ਉੱਪਰ ਵਾਲੇ ਦੇ ਹੱਥ ਸੁਣੀਆਂ ਜਾਂਦੀਆਂ ਹਨ (ਜਾਂ ਉਹ ਇੰਝ ਸਮਝਦੇ ਹਨ) ਇਹ ਕੁੱਝ ਉਹ ਜਾਣ ਬੁੱਝ ਕੇ ਕਰਦੇ ਹਨ ਜਾਂ ਅਨਜਾਣਪੁਣੇ ਵਿਚ ਇਹ ਤਾਂ ਉਨ੍ਹਾਂ ਵਿਚੋਂ ਸ਼ਾਇਦ ਬਹੁਤੇ ਖੁਦ ਵੀ ਨਾ ਜਾਣਦੇ ਹੋਣ। ਸਮੇਂ ਦੀ ਕਦਰ ਕਰਨ ਵਾਲੇ ਤੁਰਦੇ ਸਮੇਂ ਵਲ ਨੀਝ ਭਰੀ ਅੱਖ ਰੱਖਦੇ ਹਨ। ਜਿਨ੍ਹਾ ਦੀ ਅੱਖ ਸਮਂੇਂ ਤੇ ਹੋਵੇ ਸਮਾਂ ਉਨ੍ਹਾਂ ਨੂੰ ਝਕਾਨੀ ਦੇ ਕੇ ਅੱਗੇ ਲੰਘ ਜਾਣ ਵਿਚ ਕਾਮਯਾਬ ਨਹੀਂ ਹੋ ਸਕਦਾ। ਇਸ ਤਰਾਂ ਦੇ ਜਾਗਦੇ ਮਨੁੱਖ ਆਪਣੀ ਮਿਹਨਤ ਦੇ ਸਦਕਾ ਹੀ ਵੱਡੀਆਂ ਪ੍ਰਾਪਤੀਆਂ ਕਰ ਲੈਂਦੇ ਹਨ। ਪਰ ਸਮੇਂ ਨਾਲ ਲੁਕਣਮੀਟੀ ਖੇਡਣ ਵਾਲੇ ਬਹੁਤੀ ਵਾਰ ਹਨੇਰੇ ਵਿਚ ਹੀ ਲੁਕੇ ਰਹਿ ਜਾਂਦੇ ਹਨ, ਚਾਨਣ ਉਨ੍ਹਾਂ ਦੀਆਂ ਅੱਖਾਂ ਮੂਹਰਿਉ ਹੁੰਦਾ ਹੋਇਆ ਲੰਘ ਜਾਂਦਾ ਹੈ ਪਰ ਉਨ੍ਹਾਂ ਨੁੰ ਪਤਾ ਹੀ ਨਹੀਂ ਲਗਦਾ।

ਅਗਿਆਨਤਾ ਭਰੇ ਆਲਸ ਵਿਚੋਂ ਜਾਗਣ ਤੋ ਬਾਅਦ ਜਦੋਂ ਉਨ੍ਹਾਂ ਨੂੰ ਅਸਲੀਅਤ ਦਾ ਪਤਾ ਲਗਦਾ ਹੈ ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਹੱਥਾਂ ਵਿਚੋ ਕਿਰ ਗਏ ਵਕਤ ਨੂੰ ਮੁੜ ਫੜ ਸਕਣਾ ਕੋਈ ਸੌਖਾ ਤਾਂ ਨਹੀ ਹੁੰਦਾ। ਪਛਤਾਵੇ ਨੂੰ ਫੜ ਕੇ ਬਹਿ ਜਾਣਾ ਇਸ ਦਾ ਇਲਾਜ ਬਿਲਕੁੱਲ ਨਹੀਂ ਆਖਿਆ ਜਾ ਸਕਦਾ। ਵਕਤ ਅਜਾਈਂ ਲੰਘ ਜਾਣ ਤੋ ਬਾਅਦ ਫੇਰ ਉਹ ਚਾਨਣ ਦੀਆਂ ਰਿਸ਼ਮਾਂ ਫੜਨ ਵਾਸਤੇ ਉਮਰ ਭਰ ਘੋਲ ਕਰਦੇ ਹਨ। ਕਦੀ ਘੋਲ ਮੁੱਕ ਜਾਂਦਾ ਹੈ ਕਦੀ ਉਮਰ, ਪਰ ਚਾਨਣ ਤੇ ਰਿਸ਼ਮਾਂ ਵਿਚੋਂ ਕੋਈ ਵੀ ਉਨ੍ਹਾਂ ਦੇ ਹੱਥ ਨਹੀਂ ਆੳਂੁਦਾ। ਬਸ! ਫੇਰ ਉਹ ਹੱਥ ਮਲਣ ਜੋਗੇ ਹੀ ਰਹਿ ਜਾਂਦੇ ਹਨ। ਹਕੀਕਤਾਂ ਸਾਹਮਣੇ ਹੁੰਦੇ ਹੋਏ ਵੀ ਕਈ ਭਰਮ ਪਾਲਣ ਵਲ ਸਰਗਰਮ ਰਹਿੰਦੇ ਹਨ। ਇਸ ਤਰਾਂ ਕਰਕੇ ਉਹ ਹੋਰ ਕਿਸੇ ਨਾਲ ਨਹੀਂ ਸਗੋਂ ਆਪਣੇ ਆਪ ਨਾਲ ਹੀ ਧੋਖਾ ਕਰ ਰਹੇ ਹੁੰਦੇ ਹਨ। ਧੋਖੇ ਵਿਚ ਵਿਚਰਦੇ ਮਨੁੱਖ ਵਲੋਂ ਢਾਹੂ ਰੁਚੀਆਂ ਵਲ ਤੁਰ ਜਾਣ ਦਾ ਖਦਸ਼ਾ ਸਦਾ ਹੀ ਬਣਿਆ ਰਹਿੰਦਾ ਹੈ, ਕਿਉਕਿ ਸੁਚੇਤ ਤੌਰ ’ਤੇ (ਭਾਵਂੇ ਪਰਦੇ ਹੇਠ ਹੀ ਹੋਵੇ) ਝੂਠ ਜੀੳਂੂਦੇ ਲੋਕ ਸੱਚ ਦੇ ਦਾਅਵੇਦਾਰ ਹੋਣ ਵਾਲਾ ਆਪਣਾ ਨੈਤਿਕ ਅਧਾਰ ਗੁਆ ਬੈਠਦੇ ਹਨ।
ਹਉਮੈ ਅੰਦਰ ਗ੍ਰਸੇ ਹੋਣਾ ਮਨੁੱਖ ਦੀ ਤਰਾਸਦੀ ਦਾ ਸਿਖਰ ਹੁੰਦਾ ਹੈ, ਜਿੱਥੋਂ ਉਸ ਦੇ ਚੰਗੇ ਰਾਹੇ ਅੱਗੇ ਵਧਣ ਦੇ ਆਸਾਰ ਘਟ ਜਾਂਦੇ ਹਨ। ਕਿੳਂਕਿ ਇਹ ਹੰਕਾਰ ਮਨ ਅੰਦਰ ਪਲਦੀ ਮੈਲ਼ (ਪ੍ਰਦੂਸ਼ਣ) ਦਾ ਬਾਹਰੀ ਅਕਸ ਹੁੰਦਾ ਹੈ। ਨਿਮਰਤਾ, ਮਿੱਠ ਬੋਲੜਾ ਤੇ ਗਿਆਨਵਾਨ ਹੋਣਾ ਮਨੁੱਖ ਦਾ ਗਹਿਣਾ ਹੈ, ਜੋ ਸਾਫ ਅਤੇ ਨਿਰਮਲ ਮਨ ਅੰਦਰ ਹੀ ਪੈਦਾ ਹੋ ਸਕਦੇ ਹਨ। ਪਰ ਇਸਦੇ ਵਾਸਤੇ ਗਿਆਨ ਦੀ ਪੌੜੀ ਦਾ ਅਗਲਾ ਡੰਡਾ (ਸਥਾਨ) ਫੜਨਾ ਪੈਂਦਾ ਹੈ। ਹਰ ਕੋਈ ਹੀ ਇਸ ਮੁਕਾਮ ਤੇ ਪਹੁੰਚਣ ਦਾ ਦਾਅਵਾ ਨਹੀਂ ਕਰ ਸਕਦਾ। ਇਹ ਰਾਹ ਕਰੜੀ ਅਤੇ ਈਮਾਨਦਾਰ ਸਾਧਨਾ ਦੀ ਮੰਗ ਕਰਦਾ ਹੈ। ਜਦੋਂ ਮਨੁੱਖ ਉੱਚੀ ਅਵਸਥਾ ਵਿਚ ਪਹੁੰਚ ਜਾਵੇ ਤਾਂ ਬਾਬਾ ਬੁੱਲੇ ਸ਼ਾਹ ਦੇ ਬੋਲ ਗੂੰਜਦੇ ਹਨ : 

‘ਬੁੱਲਿਆ ਕੀ ਜਾਣਾਂ ਮੈਂ ਕੌਣ’

ਇੱਥੇ ਪਹੁੰਚ ਕੇ ਵੈਰ-ਵਿਰੋਧ, ਦੂਜ-ਤੀਜ ਤੇ ਬੇਗਾਨਗੀ ਦੇ ਹੱਦਾਂ-ਬੰਨੇ ਸਭ ਮੁੱਕ ਜਾਂਦੇ ਹਨ। ਕਿਸੇ ਦੇ ਪਿਆਰ, ਸਤਿਕਾਰ ਵਜੋਂ ਝੁਕ ਕੇ, ਨੀਵਾਂ ਹੋ ਕੇ ਲੰਘਣਾਂ, ਕਿਸੇ ਦੂਸਰੇ ਮਨੁੱਖ ਦੀ ਮਹਾਨਤਾ ਆਖੀ ਜਾ ਸਕਦੀ ਹੈ। ਆਕੜਖੋਰ ਮਨੁੱਖ ਸਿਰਫ ਪਸ਼ੂ ਬਿਰਤੀ ਦਾ ਮਾਲਕ ਹੀ ਹੋ ਸਕਦਾ ਹੈ ਜਾਂ ਇਸ ਪਾਸੇ ਵਲ ਵਧ ਸਕਦਾ ਹੈ। ਚੰਗਾ ਮਨੁੱਖ ਬਣਨ ਵਾਸਤੇ ਹਰ ਕਿਸੇ ਨੂੰ ਪਹਿਲਾਂ ਗਿਆਨ ਦੇ ਲੜ ਤਾਂ ਲੱਗਣਾ ਹੀ ਪੈਂਦਾ ਹੈ। ਇਸ ਵਾਸਤੇ ਧੋਖੇਬਾਜ਼ੀ, ਝੂਠ-ਫਰੇਬ, ਮੱਕਾਰੀ ਤੇ ਅੱਖੀਂ ਘੱਟਾ ਪਾਉਣ ਵਾਲੀ ਬੇਈਮਾਨੀ ਭਰੀ ਚਤਰਾਈ ਆਦਿ ਸਭ ਨੂੰ ਛੱਡਣਾ ਪਹਿਲੀ ਸ਼ਰਤ ਹੁੰਦੀ ਹੈ। ਬਹੁਤੇ ਧਾਰਮਿਕ ਕਹੇ ਜਾਂਦੇ ਵਿਅਕਤੀਆਂ ਬਾਰੇ ਬੜਾ ਕੁੱਝ ਰੰਗ-ਬਰੰਗਾ ਸੁਣਨ ਨੂੰ ਮਿਲਦਾ ਹੈ। ਉਨ੍ਹਾਂ ਦੇ ਆਪੇ ਸਜਾਏ ‘ਪ੍ਰਚਾਰਕ’, ‘ਬਾਬਿਆਂ ਦੀ ਮਹਿਮਾਂ’ ਨੂੰ ਧੋਖੇ ਭਰੇ ਲਫ਼ਜ਼ਾਂ ਵਾਲੀਆਂ ‘ਸ਼ਹਿਦ ਦੀਆਂ ਪੁੜੀਆਂ’ ਵਿਚ ਪਾ ਕੇ ਵੇਚਦੇ (ਵੰਡਦੇ ਨਹੀਂ) ਹਨ। ਪਰ ਰੱਬ ਦੇ ਭਗਤਾਂ ਨੇ ਜੇ ਅਸਲ ਗੱਲ ਸਮਝਣੀ ਹੋਵੇ ਤਾਂ ਬਾਬਾ ਬੁੱਲੇ ਸ਼ਾਹ ਨੂੰ ਲਾਜ਼ਮੀ ਹੀ ਸੁਣਨਾ ਪਵੇਗਾ। ਉਹ ਆਖਦੇ ਹਨ :-
‘ਗੱਲ ਸਮਝ ਲਈ ਤਾਂ ਰੌਲ਼ਾ ਕੀ
ਇਹ ਰਾਮ, ਰਹੀਮ ਤੇ ਮੌਲਾ ਕੀ ?’
ਇਸ ਤਰਾਂ ਦੇ ਬੋਲ ਜਦੋਂ ਕੰਨੀਂ ਪੈਂਦੇ ਹਨ ਤਾਂ ਸੰਵੇਦਨਸ਼ੀਲ ਮਨੁੱਖ ਦੇ ਅੰਦਰ ਇਕ ਰੀਝ ਪੈਦਾ ਹੁੰਦੀ ਹੈ, ਚਾਨਣ ਦੀ ਕੰਨੀ ਫੜਨ ਦੀ, ਕਿੳਂੁਕਿ ਹਰ ਮਨੁੱਖ ਦੇ ਅੰਦਰ ਭਰਪੂਰ ਜ਼ਿੰਦਗੀ ਨੂੰ ਜੀਊਣ ਦੀ ਤਾਂਘ ਸਦਾ ਬਣੀ ਹੀ ਰਹਿੰਦੀ ਹੈ। ਇਸ ਦੀ ਪੂਰਤੀ ਕਿਵਂੇ ਹੋਵੇ, ਬਸ! ਇਹ ਹੀ ਨੁਕਤਾ ਉਹਨਾ ਦੇ ਹੱਥ ਨਹੀਂ ਆੳਂਦਾ। ਅੱਜ ਦੇ ਸਮਾਜ ਦੀ ਸਮਾਜੀ ਬਣਤਰ ਬੜੀ ਹੀ ਉਲਝਣਾਂ ਭਰੀ ਹੈ, ਜਿਸ ਵਿਚ ਅਸੀਂ ਵਿਚਰ ਰਹੇ ਹਾਂ ਉੱਥੇ ਕੁੱਝ ਲੋਕ ਅਕਸਰ ਹੀ ਇਸ ਯਤਨ ਵਿਚ ਰਹਿੰਦੇ ਹਨ ਕਿ ਕਿਸੇ ਦੂਸਰੇ ਨੂੰ ਛੋਟਾ ਕਿਵੇਂ ਕੀਤਾ ਜਾਵੇ। ਇਹ ਸਿਰਫ ਛੋਟੀ ਸੋਚ ਵਾਲੇ ਵਿਅਕਤੀ ਹੀ ਸੋਚ/ਕਰ ਸਕਦੇ ਹਨ। ਜਤਨ ਤਾਂ ਇਹ ਹੋਣਾ ਚਾਹੀਦਾ ਹੈ ਕਿ ਆਪ ਵੱਡੇ, ਸਿਆਣੇ (ਗਿਆਨ ਦੇ ਖੇਤਰ ਵਿਚ) ਕਿਵੇਂ ਬਣਿਆਂ ਜਾਵੇ। ਇਸ ਵਾਸਤੇ ਕਿਸੇ ਵੈਦ/ਹਕੀਮ, ਡਾਕਟਰ ਤੋਂ ਗੋਲੀਆਂ ਜਾਂ ਪੁੜੀਆਂ ਤਾਂ ਮਿਲਣੋਂ ਰਹੀਆਂ। ਇਸ ਵਾਸਤੇ ਤਾਂ ਸਾਧਨਾਂ, ਕਰੜੀ ਮਿਹਨਤ, ਸੱਚ ਅਤੇ ਉੱਚੀ ਨੈਤਿਕਤਾ ਹੀ ਇਸ ਦਾ ਅਧਾਰ ਬਣ ਸਕਦੇ ਹਨ। ਜਿੱਥੋਂ ਗਿਆਨ ਦੇ ਤਿਹਾਏ ਨੂੰ ਕੁੱਝ ਬੂੰਦਾਂ ਮਿਲ ਸਕਦੀਆਂ ਹੋਣ ਤਾਂ ਉਹ ਔਖੇ ਰਸਤਿਆਂ ਵਿਚੋ ਲੰਘਦਾ ਹੋਇਆ ਵੀ ਜ਼ਿੰਦਗੀ ਦਾ ਹਾਸਲ ਫੜਨ ਵਾਸਤੇ ਸਦਾ ਜਤਨਸ਼ੀਲ ਰਹੇਗਾ। ਇਹੋ ਹੀ ਗਤੀਸ਼ੀਲਤਾ ਮਨੁੱਖੀ ਜਿ਼ੰਦਗੀ ਦੀ ਸਾਰਥਿਕਤਾ ਬਣ ਜਾਂਦੀ ਹੈ। ਸਮੇਂ ਨਾਲ ਜੁੜੇ ਬਿਨਾ ਹਰ ਵਿਖਿਆਨ ਵਿਅਰਥ ਹੈ। ਕਿਸੇ ਦੂਜੇ ਨੂੰ ਜਿੱਤਣ ਵਾਸਤੇ ਮੋਹ ਭਰੇ ਬੋਲਾਂ ਦੀ ਲੋੜ ਪੈਂਦੀ ਹੈ। ਮੋਹ ਹੀ ਸੰਸਾਰ ਦਾ ਮੂਲ਼ ਹੈ, ਜਿਸ ਨਾਲ ਰਿਸ਼ਤਿਆਂ ਦੀ ਮੈਲ਼ ਧੋਤੀ ਜਾ ਸਕਦੀ ਹੈ। ਚੰਗੇ ਮਨੁੱਖ ਦੇ ਮਨ ਅੰਦਰਲਾ ਮੋਹ ਹੀ ਨਿਮਰਤਾ ਬਣਕੇ ਲਿਫਦਾ ਹੈ। ਇਹ ਆਪਣੇ ਮਨ ਤੇ ਕਾਬੂ ਪਾ ਲੈਣ ਅਤੇ ਸਮੇਂ ਦਾ ਸੰਗੀ ਹੋ ਜਾਣ ਦਾ ਰਸਤਾ ਵੀ ਹੋ ਸਕਦਾ ਹੈ। ਸਮੇਂ ਦੇ ਨਾਲ ਤੁਰਦਿਆਂ ਕਦਮ ਅੱਗੇ ਵਲ ਹੀ ਵਧਦੇ ਹਨ। ਮਨ ਅੰਦਰ ਪਲਦੇ ਖੋਟ ਤੋਂ ਛੁਟਕਾਰਾ ਪਾਉਣਾ ਬਹੁਤ ਔਖਾ ਤਾਂ ਹੈ, ਅਸੰਭਵ ਬਿਲਕੁੱਲ ਨਹੀਂ। ਪਰ ਚੰਗੀ, ਸੁਚੱਜੀ, ਸਾਊ, ਮਨੁੱਖਵਾਦੀ ਅਤੇ ਸੁਹਜਮਈ ਸਲੀਕੇ ਵਾਲੀ ਭਰਪੂਰ ਜ਼ਿੰਦਗੀ ਜੀਊਣ ਵਾਲੇ ਰਾਹ ਪੈਣ ਵਾਸਤੇ ਇਹ ਬਹੁਤ ਜਰੂਰੀ ਹੈ।


****