ਕਿਸਮਤਵਾਦੀ ਲੋਕ ਆਪਣੇ ਆਪ ਨਾਲ ਬਿਨਾ-ਮਤਲਬ ਰੁੱਸੇ ਹੋਏ ਅਤੇ ਜਿ਼ੰਦਗੀ ਦੇ ਹਾਰੇ ਹੋਏ ਉਦਾਸ ਪੁੱਤਰ ਹੁੰਦੇ ਹਨ। ਪਤਾ ਨਹੀਂ ਕਿਉਂ ਉਹ ਕੁੱਝ ਕਰ-ਗੁਜ਼ਰਨ ਤੋਂ ਬਿਨਾ ਹੀ ਆਪਣੇ ਆਪ ਵਲ ਪਿੱਠ ਕਰਕੇ ਤੁਰਨ ਦੇ ਆਦੀ ਹੋ ਜਾਂਦੇ ਹਨ? ਉਨ੍ਹਾਂ ਵਿਚੋਂ ਬਹੁਤ ਸਾਰੇ ਕੁੱਝ ਵੀ ਸੋਚਣ ਤੇ ਵਿਚਾਰਨ ਤੋਂ ਪਾਸਾ ਵਟਦੇ ਹਨ, ਘਬਰਾਉਂਦੇ ਹਨ। ਆਪਣੇ ਆਪ ਤੋਂ ਡਰਦੇ ਵੀ ਹਨ ਲੁਕਦੇ ਵੀ। ਸਵਾਲ ਪੈਦਾ ਹੁੰਦਾ ਹੈ ਕਿ ਕੀ ਹੋਣਗੇ ਉਹ ਲੋਕ ਜੋ ਆਪਣਾ ਸਾਹਮਣਾ ਕਰਨੋਂ ਵੀ ਕਤਰਾਉਂਦੇ ਹਨ। ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਕਿਹੜੀ ਜਿ਼ੰਦਗੀ ਜੀਊ ਰਹੇ ਹਨ? ਅਤੇ ਅਜਿਹਾ ਕਿਉਂ ਹੈ? ਸਾਹਸ ਵਾਲੇ ਲੋਕ ਸੋਚਣ ਦਾ ਕਾਰਜ ਕਰਦੇ ਹਨ। ਦਲੀਲ ਦੀ ਕਸੌਟੀ ’ਤੇ ਹੀ ਸੱਚ ਝੂਠ ਪਰਖੇ ਜਾ ਸਕਦੇ ਹਨ ਜਿਸ ਦੇ ਸਿੱਟੇ ਵਜੋਂ ਅਸਲੀ ਸਥਿਤੀ ਸਾਹਮਣੇ ਆਉਂਦੀ ਹੈ। ਇਹ ਜਿਵੇਂ ਦੀ ਵੀ ਹੋਵੇ ਇਸ ਤੋਂ ਬਚ ਕੇ ਲੰਘਿਆ ਹੀ ਨਹੀਂ ਜਾ ਸਕਦਾ। ਸਿਆਣਪ ਭਰੀ ਬਹਾਦਰੀ ਤਾਂ ਇਸ ਵਿਚ ਹੀ ਹੈ ਕਿ ਅਣਸੁਖਾਵੀਆਂ ਸਥਿਤੀਆਂ ਨੂੰ ਵੀ ਸਮਝਿਆ, ਟੱਕਰਿਆ ਤੇ ਸੁਲਝਾਇਆ ਜਾਵੇ। ਭਾਵ, ਇਸ ਤਰ੍ਹਾਂ ਦੇ ਜਤਨ ਜ਼ਰੂਰ ਕੀਤੇ ਜਾਣ ਕਿ ਕੁੱਝ ਸਾਰਥਕ ਹੋ ਸਕੇ। ਸਿਰਫ ਇਸ ਤਰ੍ਹਾਂ ਹੀ ਅੱਗੇ ਵਧਿਆ ਜਾ ਸਕਦਾ ਹੈ, ਦੂਜਾ ਰਾਹ ਹੀ ਕੋਈ ਨਹੀਂ। ਮਨੁੱਖੀ ਜੀਵਨ ਦੇ ਅਸਲ ਦਾ ਸਵਾਲ ਭਾਵ ਜਿ਼ੰਦਗੀ ਦੇ ਅਰਥ ਢੂੰਡਣੇ। ਇਹ ਕਿਸੇ ਨਾ ਬੁੱਝੀ ਜਾਣ ਵਾਲੀ ਬੁਝਾਰਤ ਵਰਗੇ ਨਾ ਹੋਣ, ਸਗੋਂ ਕਈ ਵਾਰ ਔਕੜਾਂ ਭਰੇ ਪਲਾਂ ਵਿਚੋਂ ਲੰਘਣ ਨਾਲ ਮਨੁੱਖੀ ਮਨ ਦੀਆਂ ਹੋਰ ਤਹਿਆਂ ਖੁੱਲ੍ਹਦੀਆਂ ਹਨ, ਨਵੀਆਂ ਜੁਗਤਾਂ, ਨਵੇਂ ਵਿਚਾਰ, ਨਵਾਂ ਜੁੱਸਾ ਪੈਦਾ ਹੁੰਦਾ ਹੈ। ਇਹ ਮਨੁੱਖੀ ਮਨ ਦੀ ਜਗਿਆਸਾ ਹੀ ਹੈ ਜੋ ਜਿ਼ੰਦਗੀ ਨੂੰ ਨਵੇਂ ਅਰਥ ਪ੍ਰਦਾਨ ਕਰਨ ਵਿਚ ਅਗਵਾਈ ਤੇ ਮੱਦਦ ਕਰਦੀ ਹੈ। ਜਿ਼ੰਦਗੀ ਨੂੰ ਕਦੇ ਵੀ ਪਛਤਾਵੇ ਵਰਗੀ ਨਹੀਂ ਸਮਝਿਆ ਜਾਣਾ ਚਾਹੀਦਾ, ਸਗੋਂ ਔਖੇ-ਸੌਖੇ ਪਲਾਂ ਨੂੰ ਬਦਲਦੀਆਂ ਰੁੱਤਾਂ ਦੇ ਤਬਦੀਲ ਹੋ ਰਹੇ ਮੌਸਮਾਂ ਵਾਂਗ ਹੀ ਲਿਆ ਜਾਣਾ ਚਾਹੀਦਾ ਹੈ, ਬਿਲਕੁੱਲ ਕੁਦਰਤ ਦੇ ਨੇਮਾਂ ਵਾਂਗ। ਸ਼ਾਇਦ ਬਹੁਤ ਸਾਰੇ ਲੋਕ ਇਹ ਵੀ ਨਾ ਚਾਹੁਣ ਕਿ ਮੌਸਮ ਸਦਾ ਹੀ ਇਕਸਾਰ ਜਿਹਾ ਤੁਰਿਆ ਜਾਵੇ। ਕਿੰਨਾ ਅਜੀਬ ਤੇ ਹੁੱਲਾਸ ਭਰਪੂਰ ਹੁੰਦਾ ਹੈ ਕੁਦਰਤ ਦਾ ਅਦਭੁੱਤ ਨਜ਼ਾਰਿਆਂ ਨੂੰ ਪੇਸ਼ ਕਰਨਾ। ਕਦੇ ਬਸੰਤ ਤੇ ਕਦੇ ਪੱਤਝੜ, ਕਦੇ ਪਿੰਡਾ ਲੂੰਹਦੀ ਗਰਮੀ ਅਤੇ ਕਦੇ ਹੱਡ ਠਾਰਦੀ ਸਰਦੀ। ਕਦੇ ਲੰਮੀ ਔੜ ਤੇ ਕਦੇ ਹੱਦਾਂ ਬੰਨੇ ਤੋੜਦਾ ਮੇਘਲਾ। ਇਹ ਸਭ ਸਾਡੀ ਜਿ਼ੰਦਗੀ ਵਿਚ ਹੀ ਵਾਪਰਦਾ ਹੈ। ਇਸ ਤੋਂ ਹੈਰਾਨ ਹੋਣ ਦੀ ਭਲਾਂ ਕੀ ਤੁਕ ਹੋਈ? ਇਸ ਤੋਂ ਡਰ ਕੇ ਭੱਜਿਆ ਵੀ ਕਿੱਥੇ ਜਾ ਸਕਦਾ ਹੈ? ਤੇ ਭੱਜਣਾ ਹੋਇਆ ਵੀ ਕਿਉਂ? ਕਿਉਂਕਿ ਭੱਜਣਾਂ ਤਾਂ ਨਾਂ ਹੀ ਹਾਰ ਦਾ ਹੈ। ਬਚਪਨ, ਜੁਆਨੀ, ਬੁਢਾਪਾ, ਮਾਪਿਆਂ ਦੀ ਛਾਂ, ਭੈਣ ਭਰਾਵਾਂ ਦਾ ਮੋਹ ਤੇ ਬੱਚਿਆਂ ਦਾ ਲਾਡ-ਪਿਆਰ ਇਹ ਸਭ ਜਿ਼ੰਦਗੀ ਦੇ ਹੁਲਾਰੇ ਹਨ। ਜਾਇਦਾਦਾਂ ਦੇ ਝਗੜੇ, ਵੰਡ-ਵੰਡਾਈ, ਭੈਣਾਂ-ਭਰਾਵਾਂ, ਪਿਉ-ਪੁੱਤਰਾਂ ਵਿਚ ਤਕਰਾਰ ਆਦਿ ਪ੍ਰੀਵਾਰਾਂ ਅੰਦਰ ਦੁਖਦਾਈ ਮੌਕੇ ਵੀ ਪੈਦਾ ਕਰਦੇ ਹਨ। ਪਰ, ਮੋਹ ਭਰੇ ਰਿਸ਼ਤਿਆਂ ਵਿਚਲੀਆਂ ਤੰਦਾਂ ਆਖਰ ਇਨ੍ਹਾਂ ਨੂੰ ਸੁਲਝਾਅ ਸਕਦੀਆਂ ਹਨ ਅਤੇ ਸੰਵਾਰ ਲੈਂਦੀਆਂ ਹਨ। ਵੱਡਿਆਂ ਦਾ ਆਪਣੀ ਉਮਰ ਨੂੰ ਭੋਗ ਕੇ ਇਸ ਸੰਸਾਰ ਤੋਂ ਤੁਰ ਜਾਣਾ ਤੇ ਨਵੇਂ ਜੀਆਂ ਦੀ ਆਮਦ ਇਸ ਸੰਸਾਰ ਨੂੰ ਤੋਰੀ ਰਖਦੇ ਹਨ। ਅਸੀਂ ਕਿਸੇ ਆਪਣੇ ਦੇ ਤੁਰ ਜਾਣ ’ਤੇ ਬਹੁਤ ਹੀ ਉਦਾਸ ਹੋ ਜਾਂਦੇ ਹਾਂ। ਅੱਜ ਦੇ ਸਮੇਂ ਤਾਂ ਬਹੁਤੇ ਲੋਕ ਆਪਣੇ ਪ੍ਰੀਵਾਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਪਰ ਲੋੜ ਨੀਲੇ ਅਸਮਾਨ ਤੱਕ ਖਿਲਰ ਜਾਣ ਦੀ ਹੈ, ਜਿ਼ੰਦਗੀ ਦੇ ਸੱਤ ਰੰਗ ਫੜਨ ਦੀ। ਇਹ ਹੋਵੇ ਕਿਵੇਂ? ਬਹੁਤੇ ਲੋਕਾਂ ਦੇ ਇਹੋ ਨੁਕਤਾ ਹੱਥ ਨਹੀਂ ਆ ਰਿਹਾ। ਇੱਥੋਂ ਹੀ ਕਾਫੀ ਸਾਰੇ ਲੋਕ ਭਟਕਣ ਦੇ ਰਾਹੇ ਪੈ ਜਾਂਦੇ ਹਨ, ਤੇ ਉਹ ਭਟਕਦੇ ਹੋਏ ਹੀ ਜਿ਼ੰਦਗੀ ਗੁਜ਼ਾਰ ਦਿੰਦੇ ਹਨ।
ਸਮਾਜ ਦੀ ਅਗਵਾਈ ਕਰਨ ਵਾਲਿਆਂ ਨੇ ਇਸਨੂੰ ਬੀਮਾਰ ਕਰ ਦਿੱਤਾ ਹੈ। ਉਨ੍ਹਾਂ ਨੂੰ ਖੁਦ ਆਪਣੇ ਆਪ ’ਤੇ ਇਤਬਾਰ ਨਹੀਂ। ਭਲਾਂ ਕੋਈ ਡੋਲਿਆ ਹੋਇਆ ਕਿਸੇ ਦੂਸਰੇ ਨੂੰ ਕੀ ਢਾਰਸ, ਹੌਸਲਾ ਤੇ ਅਗਵਾਈ ਦੇ ਸਕਦਾ ਹੈ? ਛੋਟੇ ਵੱਡੇ ਨਗਰਾਂ/ਸ਼ਹਿਰਾਂ ਦੀਆਂ ਸੜਕਾਂ ਦੇ ਕੰਢੇ ਤਪੜੀ ਵਿਛਾ ਕੇ ਬੈਠੇ ਦੂਜਿਆਂ ਦਾ ‘ਭਵਿੱਖ’ ਵੇਚਣ (ਵੇਖਣ ਨਹੀਂ) ਵਾਲੇ ਆਪਣੀ ਭੁੱਖ ਦੂਰ ਕਰਨ ਵਾਸਤੇ ਹੋਰ ਲੋਕਾਂ ਨੂੰ ਨਿੱਤ ਮੂਰਖ ਬਣਾਉਂਦੇ ਦੇਖੇ ਜਾ ਸਕਦੇ ਹਨ। ਆਪਣੇ ਹੀ ਪੇਟ ਨੂੰ ਝੁਲਕਾ ਦੇਣ ਖਾਤਰ ਉਹ ਹੋਰਨਾ ਨੂੰ ‘ਲਿਸ਼ਕਦੇ ਭਵਿੱਖ’ ਦਾ ਲਾਰਾ ਵੇਚਦੇ ਹਨ। ਜੇ ਕਿਸੇ ਦਾ ਭਵਿੱਖ ਚੰਗਾ ਨਾ ਵੀ ਹੋਵੇ ( ਉਹ ਕਿਹੜਾ ਜਾਣਦੇ ਹੁੰਦੇ ਹਨ) ਤਾਂ ਉਹ ਉਸ ’ਤੇ ਭਾਰੂ ਹੋਏ ਗ੍ਰਹਿਆਂ ਨੂੰ ਟਾਲ਼ ਕੇ ਅਗਲੇ ਦੇ ਭਵਿੱਖ ਨੂੰ ਝੂਠ ਦੀ ਕਲੀ ਕਰਨ ਦਾ ਕਾਰਜ ਨਿਭਾਉਂਦੇ ਹਨ। ਲੋਭ ਦਾ ਮਾਰਿਆ ਤੇ ਡਰਿਆ ਇਨਸਾਨ ਭਵਿੱਖ ਨੂੰ ‘ਕਲੀ’ ਕਰਨ ਵਾਲੇ ਦੀ ਫੀਸ ਤਾਰ ਦਿੰਦਾ ਹੈ ਅਤੇ ਝੂਠ ਦੀ ਗੱਠ ਸਿਰ ਉੱਤੇ ਲੱਦ ਕੇ ਤੁਰਦਾ ਬਣਦਾ ਹੈ। ਇਸ ਨਾਲ ‘ਤਪੜੀ ਬਾਦਸ਼ਾਹ’ ਦਾ ਤੋਰੀ-ਫੁਲਕਾ ਰਿੜਦਾ ਰਹਿੰਦਾ ਹੈ। ਭਾਵੇਂ ਕਿ ਉਹ ਆਪਣੇ ਆਪ ਨੂੰ ਜੋਤਸ਼ੀ ਕਹਿੰਦੇ ਹਨ ਪਰ ਕਿਸੇ ਵਿਰਲੇ-ਟਾਵੇਂ ਤੋਂ ਬਿਨਾਂ ਜੋਤਸ਼ ਵਿਦਿਆ ਦੇ ਮਾਹਿਰ ਕੀਰੂ ਦਾ ਨਾਂ ਵੀ ਬਹੁਤਿਆਂ ਨੂੰ ਪਤਾ ਨਹੀਂ ਹੁੰਦਾ। ਤਰਕਹੀਣ ਮਨੁੱਖਾਂ ਦੀ ਇਹ ਹੀ ਹੋਣੀ ਹੁੰਦੀ ਹੈ।
‘ਰਾਜ ਮਹਿਲਾਂ’ ਵਿਚ ਵੱਡੇ ਲੋਕ ਵਸਦੇ ਹਨ। ਉਨ੍ਹਾਂ ਨੂੰ ਜੋਤਸ਼ੀ ਨਹੀਂ ਤਾਂਤਰਿਕ ਲੋੜੀਂਦੇ ਹਨ, ਤਾਂਤਰਿਕ ਜੋ ਝੂਠ, ਫਰੇਬ, ਠੱਗੀ ਅਤੇ ਬੇਈਮਾਨੀ ਦਾ ਸਿਰਾ ਹੁੰਦੇ ਹਨ। ਇਹ ਵੱਡੇ ਨੇਤਾ ਲੋਕ ਉਨ੍ਹਾਂ ਤਾਂਤਰਿਕਾਂ ਦੀਆਂ ਪੁਤਲੀਆਂ ਹੋ ਕੇ ਜੀਊਣ ਲਗਦੇ ਹਨ। ਇਨ੍ਹਾਂ ਦੇ ਲਾਏ ਟੇਵਿਆਂ ਵਿਚੋਂ ਲੰਘ ਕੇ ਖੁਸ਼ੀਆਂ ਪ੍ਰਾਪਤ ਕਰ ਲੈਣ ਦਾ ਭਰਮ ਪਾਲਦੇ ਹਨ। ਭਲਾਂ ਕੀ ਘੜ ਦੇਣਗੇ ਅਜਿਹੇ ਰਾਜਸੀ ਨੇਤਾ ਕਿਸੇ ਮੁਲਕ ਦੀ ਤਕਦੀਰ/ਭਵਿੱਖ ਜਿਹੜੇ ਖੁਦ ਕਿਸੇ ਉਜੱਡ ਦੀ ਖੁਰਲੀ ’ਤੇ ਬੱਝੇ ਪਸ਼ੂਆਂ ਸਮਾਨ ਹੋ ਕੇ ਵਿਚਰਦੇ ਹਨ। ਆਪਣਾ ਰੱਸਾ ਆਪਣੇ ਹੱਥੀਂ ਕਿਸੇ ਹੋਰ ਦੇ ਹੱਥ ਫੜਾ ਦਿੰਦੇ ਹਨ। ਆਪਣੇ ‘ਗ੍ਰਹਿ’(ਪੁੱਠੀਆਂ ਕਰਤੂਤਾਂ ਨਾਲ ਸਕੈਂਡਲਾਂ ਵਿਚ ਫਸ ਜਾਣ ਕਰਕੇ) ਟਾਲਣ ਵਾਸਤੇ ਥਾਲ਼ਾਂ-ਥਾਲ਼ੀਆਂ ਵਿਚ ਸੰਧੂਰ, ਲਲੇਰ ਤੇ ਹੋਰ ‘ਸਮੱਗਰੀ’ (ਖੇਹ ਸੁਆਹ) ਪਾਈ ਫਿਰਦੇ ਹਨ। ਇਕੀਵੀਂ ਸਦੀ ਵਿਚ ਇਹ ਲਲੇਰ ਮਾਰਕਾ ਲੀਡਰ ਮੂਰਖਤਾ ਤੇ ਉਜੱਡਤਾ ਦਾ ਸਿਰਾ ਵਿਖਾਈ ਦਿੰਦੇ ਹਨ। ਪਰ ਲੋਹੜਾ ਇਸ ਗੱਲ ਦਾ ਕਿ ਹੋਰ ਲੋਕਾਂ ਨੂੰ ਚੰਗੇ ਬਣਨ ਦਾ ਸਬਕ/ਪ੍ਰੇਰਨਾ ਦੇਣ ਦਾ ਢਕੌਂਜ/ਡਰਾਮੇ ਵੀ ਇਨ੍ਹਾਂ ਵਿਚੋਂ ਹੀ ਬਹੁਤੇ ਰਚਦੇ ਹਨ। ਆਪਣੇ-ਆਪ ਨੂੰ ਦੂਜਿਆਂ ਦੇ ਆਦਰਸ਼ ਵਜੋਂ ਪੇਸ਼ ਕਰਦੇ ਹਨ।
ਅੱਜ ਦੇ ਪ੍ਰਚਾਰ ਸਾਧਨ ਆਪਣੇ ਵਲੋਂ ਵਪਾਰਕ ਪੱਧਰ ’ਤੇ ਸਫਲ ਹੋਣ ਵਾਸਤੇ ਝੂਠ ਦੀ ਧੁੰਦ ਖਿਲਾਰਨ ਦੇ ਜ਼ੁੰਮੇਵਾਰ ਬਣਦੇ ਹਨ। ਇੱਥੋਂ ਤੱਕ ਕਿ ਬਹੁਤ ਸਾਰੀਆਂ ਅਖਬਾਰਾਂ ਹੀ ਨਹੀਂ ਸਗੋਂ ਟੈਲੀਵੀਜ਼ਨ ਵਰਗਾ ਵਿਸ਼ਾਲ ਤੇ ਜੋਰਦਾਰ ਪ੍ਰਚਾਰ ਸਾਧਨ ਵੀ ‘ਰਾਸ਼ੀਫਲ’ ਦਾ ਝੂਠ ਹਰ ਰੋਜ਼ ਪੇਸ਼ ਕਰਦਾ ਹੈ। ਇਹ ਲੋਕਾਂ ਨੂੰ ਡਰਾਉਣ/ਧਮਕਾਉਣ ਅਤੇ ਭੰਬਲਭੂਸੇ ਪਾਉਣ ਦਾ ਬਹੁਤ ਹੀ ਘਟੀਆਂ ਪਰ ਕਾਮਯਾਬ ਤਰੀਕਾ ਹੈ। ਇਸ ਨਾਲ ਲੋਕ ਸਿਰਫ ਬੀਮਾਰ ਸੋਚ ਦੇ ਵੱਸ ਹੀ ਪੈ ਸਕਦੇ ਹਨ। ਲੁੱਟ ਅਧਾਰਤ ਸਮਾਜੀ, ਆਰਥਿਕ, ਤੇ ਰਾਜਨੀਤਕ ਪ੍ਰਬੰਧ (ਸਿਸਟਮ) ਨੂੰ ਇਹ ਰਾਹ ਬਹੁਤ ਸੂਤ ਬੈਠਦਾ ਹੈ। ਇਹ ਰਾਹ ਘਟੀਆ ਹੀ ਨਹੀਂ ਖਤਰਨਾਕ ਵੀ ਹੈ, ਇਸਨੂੰ ਬੰਦ ਕਰਨ ਦੇ ਉਪਰਾਲੇ ਹੋਣੇ ਚਾਹੀਦੇ ਹਨ। ਮੀਡੀਏ ਅੰਦਰਲੇ ਨਰੋਏ ਅੰਸ਼ਾਂ ਨੂੰ ਇਸ ਬਾਰੇ ਸੁਚੇਤ ਹੋ ਕੇ ਸੋਚਣ ਦੀ ਲੋੜ ਹੈ ਅਤੇ ਕੁੱਝ ਉਸਾਰੂ ਕਰਨ ਦੀ ਵੀ। ਲੋੜ ਹਨੇਰਾ ਖਿਲਾਰਦੀਆਂ ਲਕੀਰਾਂ ਮਗਰ ਤੁਰਨ ਦੀ ਨਹੀਂ ਸਗੋਂ ਇਨ੍ਹਾਂ ਨੂੰ ਨਕਾਰਦਿਆਂ ਨਵੀਆਂ ਉਸਾਰੂ ਤੇ ਸਿਹਤਮੰਦ, ਨਵੀਂ ਭਾਵਨਾ, ਨਵੀਂ ਸੋਚ, ਸੂਝ ਅਤੇ ਨਵੀਂ ਸਿਰਜਣਾਂ ਦੀਆਂ ਨਰੋਈਆਂ ਲਕੀਰਾਂ ਵਾਹੁਣ ਦੀ ਹੈ। ਸਿਰਜਕ ਹੋਣ ਵਾਸਤੇ ਚਾਨਣੇ ਮੱਥੇ/ਮਨ ਅਤੇ ਸੰਤੁਲਤ ਸੋਚ ਦੀ ਲੋੜ ਪੈਂਦੀ ਹੈ। ਹਰ ਉਸ ਸੰਕਲਪ ਨੂੰ ਪਰਾਂਹ ਵਗਾਹ ਮਾਰਨ ਅਤੇ ਤਿਲਾਂਜਲੀ ਦੇਣ ਦੀ ਲੋੜ ਪੈਂਦੀ ਹੈ ਜੋ ਇਹ ਆਖੇ, “ਇਹ ਤਾਂ ਜੀ ਇਵੇਂ ਹੀ ਲਿਖਿਆ ਹੋਇਆਂ ਸੀ, ਇਵੇਂ ਹੀ ਹੋਣਾ ਸੀ” ਇਹ ਆਪਣੇ ਆਪ ਨਾਲ ਧੋਖਾ ਹੈ, ਫਰੇਬ ਹੈ, ਲੋੜ ਇਸ ਧੋਖੇ ਤੇ ਫਰੇਬ ਨੂੰ ਛੱਡਣ ਦੀ ਤੇ ਸੱਚ ਫੜਨ ਦੀ ਹੈ। ਅੱਖਾਂ ਦੇ ਹੁੰਦਿਆਂ ਕਿਸੇ ਦੇ ਆਖੇ ਲੱਗ ਕੇ ਆਪਣੇ ਆਪ ਨੂੰ ਅੰਨ੍ਹਾਂ ਅਖਵਾਉਣ ਦਾ ਭਲਾਂ ਕੀ ਮਤਲਬ?
ਕਿਸਮਤਵਾਦ ਹਨੇਰੇ ਮਨਾਂ ਦਾ ਝੂਠਾ ਤੇ ਧੋਖੇ ਭਰਿਆ ਢਾਰਸ ਹੈ। ਇਹ ਇਨਸਾਨ ਦੀ ਸੋਚ ਨੂੰ ਨਿੱਸਲ ਕਰਨ ਦਾ ਕਾਰਜ ਨਿਭਾਉਂਦਾ ਹੈ। ਹਨੇਰੇ ਮਨ ਚਾਨਣਾਂ ਦੇ ਸਿਰਜਕ ਨਹੀਂ ਹੋ ਸਕਦੇ। ਫੇਰ ਹਨੇਰੇ ਦੀਆਂ ਲਕੀਰਾਂ ਕਿਉਂ ਫੜੀਆਂ ਜਾਣ? ਸਿਰਜਕ ਬਣਨ ਵਾਸਤੇ ਹੌਸਲੇ ਤੇ ਤਰਕ ਭਰੇ ਚਾਨਣ ਦੀ ਮਿਸ਼ਾਲ ਬਾਲਣੀ ਪੈਂਦੀ ਹੈ। ਹੌਸਲਾ ਕੋਲ ਹੋਵੇ ਤਾਂ ‘ਉੱਦਮ ਅੱਗੇ ਲੱਛਮੀਂ ਪੱਖੇ ਅੱਗੇ ਪੌਣ’ ਕਹਾਵਤ ਨਾ ਰਹਿ ਕੇ ਸੱਚ ਬਣ ਜਾਂਦੀ ਹੈ। ਸੱਚ ਦੇ ਕਦਮ ਕਦੀਂ ਵੀ ਨਹੀਂ ਡੋਲਦੇ।
***
No comments:
Post a Comment