ਜਿੱਤ ਦਾ ਰਾਜ਼

ਦੁਨੀਆਂ ਦਾ ਕੋਈ ਵੀ ਇਨਸਾਨ ਅਜਿਹਾ ਨਹੀਂ ਜਿਸ ਦੇ ਮਨ ਵਿਚ ਕੁੱਝ ਨਾ ਕੁੱਝ ਜਿੱਤਣ ਦੀ ਰੀਝ ਨਾ ਪਲਦੀ ਹੋਵੇ। ਜਿੱਤ ਸ਼ਬਦ ਮਨੁੱਖ ਦੇ ਅੰਦਰ ਕੁੱਝ ਕਰ ਸਕਣ ਦੀ ਤਾਂਘ ਵਾਲੀ ਚਿੰਗਾਰੀ ਧਰ ਦਿੰਦਾ ਹੈ ਅਤੇ ਫੇਰ ਇਨਸਾਨ ਇਸ ਨੂੰ ਮਘਦੀ ਰੱਖਣ ਦਾ ਜਤਨ ਵੀ ਕਰਦਾ ਰਹਿੰਦਾ ਹੈ। ਇਹ ਹੁਲਾਸ ਜਿੱਤ ਦੀ ਮਨਸ਼ਾ ਵਲ ਵਧਦੀ ਤੋਰ ਦੀ ਰਵਾਨੀ ਨੂੰ ਸਹਿਜ ਅਤੇ ਤਿੱਖਿਆਂ ਕਰਨ ਵਿੱਚ ਸਹਾਈ ਹੁੰਦਾ ਹੈ। ਜਦੋਂ ਕਿਸੇ ਤਰ੍ਹਾਂ ਦੀ ਜਿੱਤ ਮਿਹਨਤ ਸਦਕਾ, ਸੱਚ ਦੇ ਰਾਹੀਂ ਤੁਰਕੇ ਈਮਾਨਦਾਰੀ ਨਾਲ ਪ੍ਰਾਪਤ ਕੀਤੀ ਜਾਵੇ ਤਾਂ ਮਨੁੱਖ ਨੂੰ ਬੇਹੱਦ ਖੁਸ਼ੀ ਅਤੇ ਅਥਾਹ ਮਾਨਸਿਕ ਤਸੱਲੀ ਹੀ ਨਹੀਂ ਹੁੰਦੀ ਸਗੋਂ ਅਗਲੀਆਂ ਮੰਜਿ਼ਲਾਂ, ਜਿੱਤਾਂ ਤੱਕ ਪਹੁੰਚਣ ਵਾਸਤੇ ਹੁਲਾਰਾ ਵੀ ਮਿਲਦਾ ਹੈ ਅਤੇ ਹੌਸਲਾ ਵੀ। ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਮਨੁੱਖ ਆਪਣੇ ਦਾਈਏ, ਆਸ਼ੇ ਪ੍ਰਤੀ ਦ੍ਰਿੜ ਹੋਣ ਲਗਦਾ ਹੈ। ਉਸਦੇ ਅੰਦਰ ਵਿਸ਼ਵਾਸ ਵਧਣ ਲਗਦਾ ਹੈ। ਜਿੱਥੇ ਮਨੁੱਖ ਦੇ ਅੰਦਰਲੀ ਕਿਸੇ ਤਰ੍ਹਾਂ ਦੀ ਵੀ ਬੇਵਿਸ਼ਵਾਸੀ ਉਸ ਨੂੰ ਕਮਜ਼ੋਰ ਕਰਦੀ ਹੈ, ਇਸ ਦੇ ਉਲਟ ਆਪਣੇ ਆਪ ਉੱਤੇ ਵਿਸ਼ਵਾਸ ਕਿਸੇ ਵੀ ਜਿੱਤ ਦਾ ਸਭ ਤੋਂ ਵੱਡਾ ਜ਼ਾਮਨ ਹੁੰਦਾ ਹੈ।

ਸਾਰੇ ਹੀ ਲੋਕ ਜਿੱਤ ਪ੍ਰਾਪਤ ਕਰਨ ਵਾਸਤੇ ਸੱਚ ਦਾ ਰਾਹ ਨਹੀਂ ਫੜਦੇ ਸਗੋਂ ਕਾਫੀ ਸਾਰੇ ਲੋਕ ਕੋਝੇ ਢੰਗ-ਤਰੀਕੇ ਵਰਤ ਕੇ ਆਪਣੇ ਦੁਆਲ਼ੇ ਦੇ ਵਾਤਾਵਰਣ ਨੂੰ ਪ੍ਰਦੂਸ਼ਤ ਅਤੇ ਭ੍ਰਿਸ਼ਟ ਕਰ ਦਿੰਦੇ ਹਨ। ਭ੍ਰਿਸ਼ਟ ਹੋਏ ਮਹੌਲ ਵਿਚੋਂ ਕਿਹੋ ਜਹੀ ਜਿੱਤ ਹੱਥ ਲੱਗ ਸਕਦੀ ਹੈ? ਇਸ ਦੇ ਵਾਸਤੇ ਗਰੀਬਾਂ ਦੀਆਂ ਝੁੱਗੀਆਂ ਵੀ ਢਾਹੀਆਂ ਜਾ ਸਕਦੀਆਂ ਹਨ। ਨਿਹੱਥਿਆਂ ਦੇ ਖੂਨ ਨਾਲ ਹੱਥ ਵੀ ਰੰਗੇ ਜਾ ਸਕਦੇ ਹਨ। ਬੇਦੋਸਿ਼ਆਂ ਨੂੰ ਦੋਸ਼ੀ ਦੱਸ ਕੇ ਲੁੱਚੇ–ਬਦਮਾਸ਼ ਆਪ ਭਲਮਾਣਸੀ ਦਾ ਬਾਣਾ ਪਾ ਲੈਂਦੇ ਹਨ। ਅੱਜ ਦੇ ਜ਼ਮਾਨੇ ਵਿਚ ਇਹੋ ਜਹੀਆਂ ਜਿੱਤਾਂ ਜਿੱਤਣ ਵਾਲੇ ਜਾਂ ਤਾਂ ਸਾਧ-ਬਾਬਿਆਂ ਦੇ ਬੋਰਡ ਲਾਈ ਬੈਠੇ ਗੁੰਡਿਆਂ ਦੇ ਟੋਲਿਆਂ (ਬੇਸ਼ਰਮੀ ਦੀ ਹੱਦ ਟੱਪਦਿਆਂ ਉਹ ਆਪਣੇ ਆਪ ਨੂੰ ਧਰਮੀ ਵੀ ਆਖਦੇ ਹਨ) ਕੋਲ ਪਹੁੰਚਦੇ ਹਨ ਜਾਂ ਫੇਰ ਸਿੱਧੇ ਹੀ ਸਿਆਸਤ ਦੀ ਸ਼ਰਣ ਵਿਚ ਚਲੇ ਜਾਂਦੇ ਹਨ। ਉਂਜ ਵੀ ਪੁੱਠੇ ਕੰਮਾਂ ਵਾਸਤੇ ਪਿੱਠ ਉੱਤੇ ਕਿਸੇ ‘ਨਾਮ ਵਾਲੇ’ ਦਾ ਹੱਥ ਹੋਣਾ ਜਰੂਰੀ ਹੈ। ਐਹੋ ਜਹੇ ਮਹੌਲ ਵਿਚੋਂ ਪ੍ਰਾਪਤ ਕੀਤੀ ਜਿੱਤ ਸਦਕਾ ਅਜਿਹੇ ਮਨੁੱਖ ਉੱਪਰੋਂ ਜੋ ਮਰਜ਼ੀ ਕਹੀ ਜਾਣ, ਅੰਦਰੋਂ ਝੰਜੋੜੇ ਜਾਂਦੇ ਹਨ ਅਤੇ ਆਪਣੇ ਆਪ ਨੂੰ ਲਾਅਨਤਾਂ ਵੀ ਪਾਉਂਦੇ ਹਨ। ਉਨ੍ਹਾਂ ਦੀ ਆਤਮਾਂ ਸੋਗੀ ਹੋ ਕੇ ਵਿਲਕਦੀ ਹੈ। ਸੋਗ ਨੂੰ ਮਨ-ਮਸਤਕ ਵਿਚ ਰੱਖਕੇ ਮਨੁੱਖ ਕਿਵੇਂ ਖੁਸ਼ੀ ਮਨਾ ਸਕਦਾ ਹੈ? ਹਾਂ, ਪਸ਼ੂਆਂ ਜਾਂ ਪਸ਼ੂ ਬਿਰਤੀ ਵਾਲਿਆਂ ਦੀ ਗੱਲ ਹੋਰ ਹੈ। ਕਿਸੇ ਇਕ ਥਾਂ, ਇਕ ਖੇਤਰ ਦੀ ਗੱਲ ਹੋਵੇ ਤਾਂ ਮਨੁੱਖ ਹੋਰ ਤਰ੍ਹਾਂ ਸੋਚਦਾ ਹੈ। ਸਿਆਸਤ ਦੇ ਅੰਦਰਲੇ ਨਿਘਾਰ ਨੇ ਮਨੁੱਖੀ ਮਨ ਦੀ ਸੁੱਚਮਤਾ ਨੂੰਗੰਧਲ਼ਾ ਕਰ ਦਿੱਤਾ ਹੈ। ਧਰਮ ’ਤੇ ਕਾਬਜ਼ ਲੋਕ ਵੀ ਇਨ੍ਹਾਂ ਸਾਜਸ਼ਾਂ ਵਿਚ ਆਮ ਕਰਕੇ ਸ਼ਾਮਲ ਦੇਖੇ ਜਾ ਸਕਦੇ ਹਨ। ਇਥੇ ਤਾਂ ਤਾਸ਼ ਖੇਡਦੀਆਂ ਛੋਟੀਆਂ ਛੋਟੀਆਂ ਢਾਣੀਆਂ ਅਤੇ ਪਿੰਡ ਪੱਧਰ ਦੀ ਸਿਆਸਤ ਤੋਂ ਕੌਮਾਂਤਰੀ ਪੱਧਰ ਤੱਕ ਇਹ ਵਰਤਾਰਾ ਆਮ ਦੇਖਿਆ ਜਾ ਸਕਦਾ ਹੈ। ਪਿੰਡਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਸਮੇਂ ਕਿਵੇਂ ਲੋਕ ਬੇਈਮਾਨੀ ਭਰੀਆਂ ਈਰਖਾਲੂ ਚਾਲਾਂ ਖੇਡਦੇ ਹਨ, ਜਿਸ ਜਿੱਤ ਨਾਲ ਜੱਗ ਨਹੀਂ ਜਿੱਤਿਆ ਜਾਣਾ ਹੁੰਦਾ ਉੱਥੇ ਵੀ ਧੜੇਬੰਦੀਆਂ, ਚੁਗਲਖੋਰੀਆਂ ਤੇ ਦੁਸ਼ਮਣੀਆਂ ਦਾ ਬੀਜ ਬੀਜਿਆ ਜਾਂਦਾ ਹੈ। ਬਦਮਾਸ਼ੀ ਭਰੀਆਂ ਕੁਚਾਲਾਂ ਚੱਲੀਆਂ ਜਾਂਦੀਆਂ ਹਨ। ਪਰ ਇਸ ਸਭ ਦੇ ਹੁੰਦੇ ਹੋਏ ਅਜੇ ਵੀ ਕਈ ਬੀਬੇ ਲੋਕਾਂ ਨੂੰ ਜਿੱਤ ਨਸੀਬ ਹੋ ਜਾਂਦੀ ਹੈ। ਮਨੁੱਖੀ ਮਨ ਅੰਦਰਲੀ ਚੰਗਿਆਈ ਅਜੇ ਪੂਰੇ ਤੌਰ ਤੇ ਮਰੀ ਨਾ ਹੋਣ ਦਾ ਇਹ ਹੀ ਸਬੂਤ ਹੈ। 

ਉੱਪਰ ਵੱਲ ਨਿਗਾਹ ਮਾਰੀਏ ਤਾਂ ਦੇਖਦੇ ਹਾਂ ਕਿਵੇਂ ਨਿੱਕੇ ਜਹੇ ਕੋਸੋਵੋ ਨੂੰ ਢਾਹੁਣ ਵਾਸਤੇ ਦੁਨੀਆਂ ਭਰ ਦੇ ਨਵੀਨ, ਮਾਰੂ ਹਥਿਆਰਾਂ ਨਾਲ ਜੇਬਾਂ ਭਰਕੇ ਸਾਰੀ ਨਾਟੋ ਜੁੰਡਲ਼ੀ ਤੁਰ ਪੈਂਦੀ ਹੈ। ਇਕ ਚੂਹੇ ਦੇ ਸਿ਼ਕਾਰ ਵਾਸਤੇ ਬਿਨਾਂ ਸ਼ਰਮ-ਹਯਾ ਤੋਂ ਟੈਂਕਾਂ ਤੱਕ ਦੀ ਸ਼ਰੇਆਮ ਵਰਤੋਂ ਕੀਤੀ ਜਾਂਦੀ ਹੈ। ਛੋਟੇ ਛੋਟੇ ਮੁਲਕਾਂ ਨੂੰ ਡਰਾਉਣ ਧਮਕਾਉਣ ਬਾਰੇ ਤਾਂ ਸੁਣਦੇ ਹੀ ਰਹਿੰਦੇ ਹਾਂ। ਅਮੀਰ ਮੁਲਕਾਂ ਤੇ ਬਹੁ ਕੌਮੀ ਕੰਪਨੀਆਂ ਵਲੋਂ ਨਵੀਆਂ ਮੰਡੀਆਂ ਦੀ ਭਾਲ਼ ਕਿੱਥੋਂ ਤੱਕ ਨਿੱਘਰ ਜਾਂਦੀ ਹੈ ਕਿ ਸ਼ਰੀਕੇ ਬਾਜ਼ੀ ਦੇ ਡੰਗੇ ਇਹ ਸਿਆਸੀ ਸ਼ਰੀਕ ਆਰਥਕ ਵੰਡ-ਵੰਡਾਰੇ ਖਾਤਰ ਇਕ ਦੂਜੇ ਪ੍ਰਤੀ “ਸਦਭਾਵਨਾਂ” ਦੀਆਂ ਡਾਗਾਂ ਮੇਜ ’ਤੇ ਰੱਖਕੇ ‘ਦੋਸਤਾਨਾ’ ਭਰੀ ਗੱਲਬਾਤ ਕਰਨ ਬੈਠਦੇ ਹਨ। ਹਰ ਕਿਸੇ ਨੂੰ ਆਪਣੀ ਹੀ ਜਿੱਤ ਦੀ ਆਸ ਹੁੰਦੀ ਹੈ।

ਵਿਸ਼ਵੀਕਰਨ ਅਜਕੱਲ ਬੜਾ ਚਾਲੂ ਸ਼ਬਦ ਹੈ। ਸਾਰੇ ਸੰਸਾਰ ਨੂੰ ਇਕ ਪਿੰਡ ਦੀ ਇਕਾਈ ਆਖਿਆ ਜਾ ਰਿਹਾ ਹੈ। ਜੇ ਸੱਚਮੁੱਚ ਹੀ ਇੰਜ ਹੈ ਤਾਂ ਫੇਰ ਭਲਾਂ ਦੁਨੀਆਂ ਅੰਦਰ ਅਸਾਵਾਂਪਨ ਕਿਉਂ ਵਧ ਰਿਹਾ ਹੈ? ਜਦੋਂ ਵੱਖੋ-ਵੱਖ ਟੱਬਰਾਂ ਨੇ ਰਲ਼-ਮਿਲ਼ ਕੇ ਇਕ ਵੱਡਾ ਟੱਬਰ ਬਣਨਾ ਹੈ ਤਾਂ ਟੱਬਰ ਵਿਚ ਹੀ ‘ਊਚ-ਨੀਚ’ ਕਿਉਂ? ਕੀ ਇਸ ਦੇ ਜੁੰਮੇਵਾਰ ਝੂਠੇ ਵਿਸ਼ਵੀਕਰਨ ਦੇ ਧੋਖੇਬਾਜ਼ ਪ੍ਰਚਾਰਕ ਨਹੀਂ? ਕੀ ਉਨ੍ਹਾਂ ਵਲੋਂ ਇੱਥੇ ਵੀ ਕਿਸੇ ਜਿੱਤ ਦੀ ਆਸ ਕੀਤੀ ਜਾ ਰਹੀ ਹੈ? ਜਾਂ ਫੇਰ ਇਹ ਮਤਲਬਪ੍ਰਸਤੀ ਵਾਲੀ ਸਿਆਸਤ ਦੇ ਨਿਘਾਰ ਨਾਲ ਝੰਬੇ ਮਨੁੱਖ ਨੂੰ ਹੋਰ ਛੋਟਾ ਤੇ ਜ਼ਲੀਲ ਕਰਨ ਦਾ ਰਾਹ ਹੈ? ਸਿਆਸਦਾਨਾਂ ਵਾਸਤੇ ਜੰਗ, ਪਿਆਰ ਤੇ ਸਿਆਸਤ ਵਿਚ ਹਰ ਘਟੀਆ ਦਾਅ-ਪੇਚ ਵੀ ਜਾਇਜ਼ ਹੁੰਦਾ ਜਾ ਰਿਹਾ ਹੈ? ‘ਫਾਊਲ’ ਨੂੰ ਵੀ ਉਹ ਨਵੀਂ ‘ਤਕਨੀਕ’ ਦੱਸੀ ਜਾ ਰਹੇ ਹਨ। ਇੱਥੋਂ ਹੀ ਮਨੁੱਖ ਨੀਵਾਣਾਂ ਵੱਲ ਵਹਿ ਜਾਂਦਾ ਹੈ, ਜਿੱਥੇ ਪਹੁੰਚ ਕੇ ਸੱਭਿਆ ਤੇ ਅਸੱਭਿਆ ਸ਼ਬਦਾਂ ਅੰਦਰ ਗੰਢੇ ਦੇ ਛਿਲਕੇ ਤੋਂ ਵੀ ਘੱਟ ਫਰਕ ਰਹਿ ਜਾਂਦਾ ਹੈ। ਸ਼ਾਇਦ ਇਹ ਹੀ ਨਵੇਂ ਯੁੱਗ ਦੀ ਸਿਰਜੀ ਜਾ ਰਹੀ ਨਵੀਂ ਕਥਾ ਦਾ ਨਵਾਂ ਬੋਧ ਹੈ। ਜਦੋਂ ਮਨੁੱਖ ਅਭਿਮਾਨੀ ਹੋ ਜਾਵੇ ਤਾਂ ਵੱਡੀ ਜਿੱਤ ਵੀ ਛੋਟੀ ਹੋ ਜਾਂਦੀ ਹੈ। ਇਤਿਹਾਸ ਦੇ ਜਾਣਕਾਰ ਜਾਣਦੇ ਹਨ ਕਿ ਸਿਕੰਦਰ ਮਹਾਨ ਨੇ ਆਪਣੀ ਜਿੱਤ ਤੋਂ ਬਾਅਦ ਜਦੋਂ ਹਾਰੇ ਹੋਏ ਰਾਜੇ ਪੋਰਸ ਨੂੰ ਪੁੱਛਿਆ ਸੀ ਕਿ ਦੱਸ ਤੇਰੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਵੇ ਤਾਂ ਪੋਰਸ ਦਾ ਜਵਾਬ ਸੀ ਕਿ ਜਿਹੋ ਜਿਹਾ ਇਕ ਜਿੱਤੇ ਹੋਏ ਰਾਜੇ ਨੂੰ ਹਾਰੇ ਹੋਏ ਰਾਜੇ ਨਾਲ ਕਰਨਾ ਚਾਹੀਦਾ ਹੈ। ਇਹ ਰਾਜਾ ਪੋਰਸ ਦਾ ਸਵੈਮਾਣ ਤੇ ਸਵੈ ਵਿਸ਼ਵਾਸ ਸੀ ਕਿ ਉਹਦੀ ਹਾਰ ਵੀ ਸਿਕੰਦਰ ਮਹਾਨ ਦੀ ਜਿੱਤ ਤੋਂ ਵੱਡੀ ਸਾਬਤ ਹੋਈ। ਮਹਾਨ ਸਿਕੰਦਰ ਨੂੰ ਉਨ੍ਹਾਂ ਪਲਾਂ ਨੇ ਮਾਤ ਦਿੱਤੀ ਜਦੋਂ ਕਿਸੇ ਸਵੈ-ਵਿਸ਼ਵਾਸੀ ਦਾ ਅਜਿਹਾ ਜਵਾਬ ਉਸਨੂੰ ਸੁਣਨਾ ਪਿਆ। ਉਸ ਸਮੇਂ ਭਲਾਂ ਕਿੰਨਾ ਛੋਟਾ ਤੇ ਬਲਹੀਣ ਹੋ ਗਿਆ ਹੋਵੇਗਾ ਸਿਕੰਦਰ ਮਹਾਨ ਜਦੋਂ ਅਜਿਹੀ ਅਵਾਜ਼ ਉਸਦੇ ਕੰਨੀਂ ਪਈ ਹੋਵੇਗੀ? ਰਾਜਾ ਪੋਰਸ ਅੱਜ ਵੀ ਲੱਖਾਂ ਦਿਲਾਂ ਦੀਆਂ ਧੜਕਣਾਂ ਨੂੰ ਜਿੱਤ ਵਲ ਤੋਰਨ ਦਾ ਨਿਭਾਅ ਰਿਹਾ ਹੈ। ਆਸ ਕੀਤੀ ਜਾਂਦੀ ਹੈ ਇਹ ਹੌਸਲਾਮਈ ਭਾਵਨਾ ਭਵਿੱਖ ਵਿਚ ਵੀ ਜਾਰੀ ਰਹੇਗੀ।
ਇਹੋ ਜਹੀ ਇਤਿਹਾਸਕ ਘਟਨਾ ਹੀ ਵਾਪਰੀ ਸੀ ਜਦੋਂ ਵੱਧੋ-ਵੱਧ ਇਲਾਕੇ ਜਿੱਤਣ ਦੇ ਲਾਲਚ ਵਸ ਰਾਜਾ ਅਸ਼ੋਕ ਨੇ ਆਪਣੇ ਆਪ ਨੂੰ ਮਹਾਨ ਸਾਬਤ ਕਰਨ ਵਾਸਤੇ ਬੇਦੋਸਿ਼ਆਂ ਦੇ ਲਹੂ ਦੀਆਂ ਨਦੀਆਂ ਵਹਾਈਆਂ ਤੇ ਵਹਿਸ਼ੀਪੁਣੇ ਦਾ ਨੰਗਾ ਨਾਚ ਨੱਚਿਆ ਗਿਆ। ਆਖਰ ਸਿੱਟਾ ਕੀ ਨਿਕਲਿਆਂ? ਇੰਨਾ ਕੁੱਝ ਕਰਨ ਦੇ ਬਾਵਜੂਦ ਉਹ ਆਪਣੇ ਆਪ ਅੱਗੇ ਹੀ ਹਾਰ ਗਿਆ। ਇਕ ਵਹਿਸ਼ੀ ਤੇ ਹਿੰਸਾ ਨੂੰ ਬਲ ਦੇਣ ਵਾਲਾ ਉੱਧਰੋਂ ਮੂੰਹ ਹੀ ਮੋੜ ਗਿਆ। ਉਹਦੀ ਮਾਰ-ਧਾੜ ਤੋਂ ਤੋਬਾ ਅਤੇ ਬੁੱਧ ਧਰਮ ਦੀ ਸ਼ਰਨ ਲੈ ਕੇ ਸ਼ਾਂਤੀ ਦਾ ਪੁਜਾਰੀ ਬਣ ਬਹਿਣਾ। ਲੜਾਈ ਤੇ ਕਤਲੇਆਮ ਨਾਲ ਉਹ ਲੋਕਾਂ ਦੇ ਮਨ ਨਾ ਜਿੱਤ ਸਕਿਆ, ਪਰ ਜਦੋਂ ਤਲਵਾਰ ਨੂੰ ਡੂੰਘੇ ਟੋਏ ’ਚ ਵਗਾਹ ਮਾਰਿਆ ਤਾਂ ਲੋਕਾਂ ਦੇ ਮਨ ਜਿੱਤੇ ਗਏ। ਉਹ ਕੁੱਲ ਸੰਸਾਰ ਵਾਸਤੇ ਅਮਨ ਦਾ ਹੋਕਾ/ਸੁਨੇਹਾ ਬਣ ਗਿਆ। ਅਜਾਦ ਭਾਰਤ ਦੇ ਆਪਣੇ ਝੰਡੇ ਵਿਚ ਅਸ਼ੋਕ ਦਾ ਚੱਕਰ ਸ਼ਾਂਤੀ ਦਾ ਸੁਨੇਹਾ ਬਣ ਗਿਆ। ਉਂਜ ਭਾਰਤੀ ਹਾਕਮਾਂ ਨੇ ਇਸ ਚੱਕਰ ਨਾਲ ਬਥੇਰੀ ਵਾਰ ਖਿਲਵਾੜ ਕੀਤਾ ਹੈ, ਪਰ ਇਹ ਚੱਕਰ ਫੇਰ ਵੀ ਸ਼ਾਂਤੀ ਦਾ ਪ੍ਰਚਾਰਕ ਹੈ।

ਮਨ ਦੀ ਨਿਮਰਤਾ ਤੇ ਸੋਚ ਦਾ ਉਸਾਰੂ ਪਾਸੇ ਤੁਰਨਾ ਆਪਣੇ-ਆਪ ਨੂੰ ਜਿੱਤਣ ਵਾਸਤੇ ਜਰੂਰੀ ਹੈ। ਆਪਣੇ ਆਪ ਨੂੰ ਜਿੱਤਣ ਤੋਂ ਵੱਡਾ ਇਸ ਦੁਨੀਆਂ ਅੰਦਰ ਹੋਰ ਕੋਈ ਕਾਰਜ ਨਹੀਂ। ਗੁਰਬਾਣੀ ਦਾ ਫੁਰਮਾਨ ਹੈ “ਮਨ ਜੀਤੈ ਜਗੁ ਜੀਤ” ਲੋੜ ਇਸ ਗੁਣ ਨੂੰ ਪੱਲੇ ਬੰਨ੍ਹ ਕੇ ਨਿਮਰਤਾ ਭਰਿਆ ਜੀਵਨ ਜੀਊਣ ਵਾਲੀ ਜਾਚ ਸਿੱਖਣ ਦੀ ਹੈ।
***

No comments:

Post a Comment