ਭਾਈਚਾਰਿਆਂ ਅੰਦਰਲੀ ਸਾਂਝ, ਸਮਾਜ ਦੇ ਬਹੁਪੱਖੀ ਵਿਕਾਸ ਦੀ ਬੁਨਿਆਦ ਆਖੀ ਜਾ ਸਕਦੀ ਹੈ। ਪੰਜਾਬੀ ਵੀ ਹੋਰ ਲੋਕਾਂ ਵਾਂਗ ਵਧਣਾ-ਫੁਲਣਾ ਚਾਹੁੰਦੇ ਹਨ, ਅੱਗੇ ਵਧਣ ਦੀ ਤਾਂਘ ਰਖਦੇ ਹਨ। ਨਿੱਤ ਦਿਨ ਪੰਜਾਂ ਪਾਣੀਆਂ ਵਾਲੇ ਪੰਜਾਬ ਨੂੰ ਹਰ ਥਾਵੇਂ ਯਾਦ ਕੀਤਾ ਜਾਂਦਾ ਹੈ। ਇੱਥੇ ਦੇ ਲੋਕ ਗੀਤ, ਲੋਕ ਕਥਾਵਾਂ ਅਤੇ ਪਿਆਰ ਕਥਾਵਾਂ ਨੂੰ ਵੰਡਿਆ ਨਹੀਂ ਜਾ ਸਕਦਾ। ਸਵਾਲ ਤਾਂ ਹੋਰ ਵੀ ਬਹੁਤ ਹਨ, ਕਿ ਸੂਫੀ ਕਿਹੜੇ ਪਾਸੇ ਦੇ ਹਨ? ਵਾਰਸ, ਬੁੱਲ੍ਹੇ ਤੇ ਹਾਸ਼ਮ ਦੇ ਵਾਰਿਸ ਕੌਣ ਹਨ? ਸੁਲਤਾਨ ਬਾਹੂ ਕਿਨ੍ਹਾਂ ਦੀ ਸੱਦ ਲਾਉਂਦਾ ਹੈ? ਦੁੱਲੇ ਦੀ ਵਾਰ ਦੋਹੀਂ ਪਾਸੀਂ ਲੋਕ ਮਨਾਂ ਦਾ ਢਾਰਸ ਬਣਦੀ ਹੈ । ਅਤੇ ਉੱਚੇ ਕੱਦ ਵਾਲੇ ਅਣਖੀ ਇਨਸਾਨ ਤੇ ਪੰਜਾਬੀ ਅਦੀਬ ਉਸਤਾਦ ਦਾਮਨ ਦਾ ਨਾਂ ਸੁਣਦਿਆਂ ਕਿਸ ਦਾ ਸਿਰ ਸਤਿਕਾਰ ਵਿੱਚ ਨਹੀਂ ਝੁਕਦਾ। ਅਮ੍ਰਿਤਾ ਪ੍ਰੀਤਮ ਚੜ੍ਹਦੇ-ਲਹਿੰਦੇ ਜਾਂ ਬਾਹਰਲੇ ਪੰਜਾਬਾਂ ਵਿੱਚ ਕਿੱਥੇ ਵੱਧ ਸਤਿਕਾਰੀ ਜਾਂਦੀ ਹੈ? ਹੀਰ ਰਾਂਝਾ, ਸੱਸੀ ਪੁਨੂੰ, ਮਿਰਜ਼ਾ ਸਾਹਿਬਾਂ, ਕੀਮਾਂ ਮਲਕੀ ਤੇ ਹੋਰ ਅਜਿਹੀਆਂ ਪ੍ਰੀਤ ਕਹਾਣੀਆਂ ਕਿਵੇਂ ਪੰਜਾਬੀਆਂ ਦੀ ਰੂਹ ਦਾ ਰੱਜ ਬਣਦੀਆਂ ਹਨ। ਪੰਜਾਬੀਅਤ ਦਾ ਘੇਰਾ ਸਾਰੀ ਦੁਨੀਆਂ ਅੰਦਰ ਫੈਲਿਆ ਹੋਇਆ ਹੈ। ਹੁਣ ਪੰਜਾਬੀਅਤ ਦੀ ਗੱਲ ਕਰਦਿਆਂ ਗਲੋਬਲ ਪੱਧਰ ਤੇ ਸੋਚਣ ਤੇ ਸਿੱਝਣ ਦੀ ਲੋੜ ਹੈ। ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਉੱਤੇ ਗੰਭੀਰ ਤੌਰ ’ਤੇ ਸਰਗਰਮ ਜਤਨ ਹੋਣੇ ਚਾਹੀਦੇ ਹਨ ਤਾਂ ਹੀ ਪੰਜਾਬੀ ਦੁਨੀਆਂ ਅੰਦਰਲੀ ਸਥਿਤੀ ਦੇ ਹਾਣੀ ਹੋਣ ਵਾਲੇ ਕਦਮ ਪੁੱਟ ਸਕਦੇ ਹਨ।
ਸਿਆਸਤ ਪੰਜਾਬੀਅਤ ਦੇ ਘੇਰੇ ਨੂੰ ਸਰਹੱਦਾਂ ਅੰਦਰ ਕੈਦ ਰੱਖਣਾ ਚਾਹੁੰਦੀ ਹੈ। ਇਹ ਤਾਂ ਸੱਭਿਆਚਾਰਕ, ਸਾਹਿਤ ਤੇ ਕਲਾ ਦੇ ਖੇਤਰ ਅੰਦਰ ਸਰਗਰਮ ਕਾਮੇ ਹੀ ਹਨ ਜੋ ਪੰਜਾਬੀਅਤ ਦੇ ਬੂਟੇ ਨੂੰ ਵਧਦਾ-ਫੁਲਦਾ ਕਰ ਸਕਦੇ ਹਨ। ਪਰ ਇੱਥੋਂ ਤੱਕ ਪਹੁੰਚਣ ਲਈ ਵੱਡੀ ਲੋਕ ਲਹਿਰ ਦੀ ਉਸਾਰੀ ਲੋੜਾਂ ਦੀ ਲੋੜ ਹੈ ।
ਪੰਜਾਬੀ ਚੜ੍ਹਦੇ-ਲਹਿੰਦੇ ਪੰਜਾਬ ਵਿੱਚ ਹੀ ਨਹੀਂ ਦੁਨੀਆਂ ਦੇ ਹੋਰ ਵੀ 112 ਤੋਂ ਵੱਧ ਮੁਲਕਾਂ ਵਿੱਚ ਰਹਿੰਦੇ ਹਨ। ਇਹਨਾਂ ਮੁਲਕਾਂ ਵਿੱਚ ਵੀ ਵਖਰੇਵਾਂ ਹੈ। ਕਈ ਮੁਲਕਾਂ ਵਿੱਚ ਜਿਵੇਂ ਅਮਰੀਕਾ, ਕੈਨੇਡਾ ਤੇ ਇੰਗਲੈਂਡ ਆਦਿ ਆਪਣੇ ਲੋਕ ਬਹੁਤ ਵੱਡੀ ਗਿਣਤੀ ਵਿੱਚ ਰਹਿ ਰਹੇ ਹਨ। ਹੋਰ ਵੀ ਬਹੁਤ ਸਾਰੇ ਮੁਲਕ ਹਨ, ਜਿੱਥੇ ਆਪਣੇ ਲੋਕਾਂ ਦੀ ਕਾਫੀ ਘੱਟ ਗਿਣਤੀ ਹੈ। ਪਰ ਉਹ ਥੋੜੇ ਜਿਹੇ, ਉਦਾਸ ਬਿਰਤੀ ਨਾਲ ਵਿਚਰਦੇ ਹੋਏ ਵੀ ਆਪਣੇਪਨ ਲਈ ਤਾਂਘਦੇ ਹਨ। ਇਹ ਤਾਂਘ ਹੀ ਤਾਂ ਪੰਜਾਬੀਅਤ ਦਾ ਅਸਲੀ ਰੂਪ ਹੈ। ਇੱਥੇ ਲੋਕ ਸਾਰਥਕ ਜਤਨ ਕਰਦੇ ਹਨ ਅਤੇ ਪੰਜਾਬੀਅਤ ਵਧਦੀ-ਫੁਲਦੀ ਹੈ । ਨਵੇਂ ਦਿਸਹੱਦਿਆਂ ਤੱਕ ਪਹੁੰਚਣ ਜਾਂ ਉਨ੍ਹਾਂ ਨੂੰ ਫੜਨ ਦਾ ਹੌਸਲਾ ਰੱਖਣ ਵਾਲੇ ਵਖਰੇਵੇਂ ਵਾਲੀਆਂ ਹਾਲਤਾਂ, ਵੱਖਰੇ ਸਮਾਜਕ, ਧਾਰਮਕ ਪਿਛੋਕੜ ਅਤੇ ਨਵੀਆਂ ਆਰਥਕ ਹਾਲਤਾਂ ਨਾਲ ਜਿਵੇਂ ਹੀ ਸਮਝੌਤਾ ਕਰਨ ਲਈ ਤਿਆਰ ਹੁੰਦੇ, ਇਹੀ ਤਾਂ ਉਨ੍ਹਾਂ ਵਲੋਂ ਸਮੇਂ ਦੇ ਹਾਣ ਦਾ ਹੋਣ ਵਾਸਤੇ ਜਤਨ ਹੁੰਦਾ ਹੈ। ਫੇਰ ਆਪਣੇ ਤਜ਼ਰਬੇ ਵਿੱਚੋਂ ਲੰਘਦਿਆਂ ਉਹ ਆਪਣੇ ਸੰਸਕਾਰਾਂ/ਰਹੁ-ਰੀਤਾਂ/ਰਵਾਇਤਾਂ ਨੂੰ ਨਵਿਆਉਂਦੇ ਹਨ। ਸਮੇਂ ਦੇ ਹਾਣ ਅਤੇ ਮੇਚ ਦਾ ਹੋਣ ਵਾਸਤੇ ਇਹ ਜਰੂਰੀ ਹੁੰਦਾ ਹੈ ਕਿ ਸਮੇਂ ਦੀ ਧਾਰਾ ਵਿਚਲੇ ਹਾਂਅ ਪੱਖੀ ਰੁਝ੍ਹਾਨਾਂ ਦਾ ਸਰਗਰਮ ਸਾਥ ਦਿੱਤਾ ਜਾਵੇ। ਜਿਹੜਾ ਇਸ ਤਰਾਂ ਨਹੀਂ ਕਰਦਾ ਉਹ ਪਛੜ ਜਾਂਦਾ ਹੈ। ਪਛੜੇ ਲੋਕ ਕਿਹੜੇ ਪਾਸੇ ਜਾ ਸਕਦੇ ਹਨ, ਇਸ ਦੀ ਵਿਆਖਿਆ ਕਰਨ ਦੀ ਲੋੜ ਨਹੀਂ ।
ਪੰਜਾਬੀ ਜਿੱਥੇ ਵੀ ਵਸਦੇ ਹਨ ਉਨ੍ਹਾਂ ਦੀ ਸਾਂਝੀ ਤੰਦ ਪੰਜਾਬੀ ਬੋਲੀ/ਭਾਸ਼ਾ, ਪੰਜਾਬੀ ਸੱਭਿਆਚਾਰ ਹੈ। ਅੱਜ ਇਸਦੇ ਪਸਾਰ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਧਰਮਾਂ-ਮਜ੍ਹਬਾਂ ਤੇ ਆਪੋ ਆਪਣੇ ਵਿਸ਼ਵਾਸ਼ਾਂ ਦੀ ਝੂਠੀ ਕੰਧ ਨੂੰ ਇਸ ਦੇ ਦਰਮਿਆਨ ਖੜ੍ਹੀ ਕਰਕੇ ਪੰਜਾਬੀਅਤ ਦੇ ਵਿਕਾਸ ਅੰਦਰ ਰੋੜੇ ਨਹੀਂ ਅਟਕਾਉਣੇ ਚਾਹੀਦੇ ਸਗੋਂ ਭਾਈਚਾਰਿਆਂ ਅੰਦਰ ਉਠਦੇ ਵਿਰੋਧ ਜਾਂ ਮਸਲੇ ਗੱਲਬਾਤ ਨਾਲ ਸੁਲ਼ਝਾਏ ਜਾਣ ਤਾਂ ਕਿ ਪੰਜਾਬੀਅਤ ਦੀ ਬੁਲੰਦੀ ਵਾਸਤੇ ਸਾਂਝੀ ਸਰਗਰਮੀ ਮੱਠੀ ਨਾ ਪਵੇ । ਦੋਹਾਂ ਪੰਜਾਬਾਂ (ਚੜ੍ਹਦੇ-ਲਹਿੰਦੇ) ਵਿੱਚ 1947 ਦੀ ਵੰਡ ਤੋ ਬਾਅਦ ਪੰਜਾਬੀ ਭਾਸ਼ਾ ਲਈ ਵਰਤੀ ਜਾਣ ਵਾਲੀ ਲਿੱਪੀ ਦਾ ਮਸਲਾ ਵੀ ਕਾਫੀ ਪੇਚੀਦਾ ਹੈ। ਕਿਉਂਕਿ ਚੜ੍ਹਦੇ ਪਾਸੇ ਗੁਰਮੁਖੀ ਅਤੇ ਲਹਿੰਦੇ ਪਾਸੇ ਸ਼ਾਹਮੁਖੀ (ਫਾਰਸੀ) ਇਸ ਲਈ ਵਰਤੋਂ ਵਿੱਚ ਆਈਆ। ਅਜਾਦੀ ਤੋ ਬਾਅਦ ਦੋਹਾਂ ਪੰਜਾਬਾਂ ਵਿੱਚ ਅੱਧੇ-ਅੱਧੇ ਪੰਜਾਬੀ ਹੀ ਪੈਦਾ ਹੋਏ। ਅੱਧ ਨਾਲੋ ਹਮੇਸ਼ਾ ਹੀ ਕੱਟੇ ਰਹੇ। ਹੋਣਾ ਤਾਂ ਇਹ ਨਹੀਂ ਸੀ ਚਾਹੀਦਾ, ਪਰ ਇਤਿਹਾਸ ਇਸ ਦਾ ਗਵਾਹ ਹੈ ਕਿ ਇੰਜ ਹੋਇਆ। ਜਤਨ ਹੋਣੇ ਚਾਹੀਦੇ ਹਨ ਕਿ ਜਦੋਂ ਤੱਕ ਲਿੱਪੀ ਦਾ ਮਸਲਾ ਹੱਲ ਨਹੀ ਹੁੰਦਾ ਉਦੋਂ ਤੱਕ ਪੰਜਾਬੀ ਸਾਹਿਤ (ਅਤੇ ਹੋਰ ਵਿਸ਼ਿਆਂ ਸਬੰਧੀ ਵੀ) ਦੀਆਂ ਚੰਗੀਆਂ ਕਿਤਾਬਾਂ ਦਾ ਲਿੱਪੀ ਅੰਤਰ ਹੋਵੇ। ਇਸ ਨਾਲ ਪੰਜਾਬੀ ਸਾਹਿਤ/ਸੱਭਿਆਚਾਰ ਅਮੀਰ ਹੋਵੇਗਾ। ਲੋਕ ਇੱਕ ਦੂਜੇ ਵਾਲੇ ਪਾਸੇ ਵਾਪਰ ਰਹੇ ਚੰਗੇ-ਮਾੜੇ ਤੋਂ ਜਾਣੂ ਰਹਿਣਗੇ । ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇ ਸਰਕਾਰਾਂ ਇਹੋ ਜਿਹੇ ਕਾਰਜਾਂ ਵਾਸਤੇ ਵੱਡੇ ਫੰਡ ਰੱਖਣ ਅਤੇ ਇਸ ਸਬੰਧ ’ਚ ਜਿਹੜੇ ਮਹਿਕਮੇ ਕੰਮ ਕਰਨ ਦੇ ਯੋਗ ਸਮਝੇ ਜਾਣ ਲਿਪੀਅੰਤਰ ਕਰਨ-ਕਰਵਾੳਣ ਦਾ ਜਤਨ ਕਰਨ ਮਿਸਾਲ ਵਜੋਂ (ਚੜ੍ਹਦੇ ਪਾਸੇ) ਇਹ ਕੰਮ ਭਾਸ਼ਾ ਵਿਭਾਗ ਪੰਜਾਬ, ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਪੰਜਾਬੀ ਦੇ ਵਿਕਾਸ ਲਈ ਕੰਮ ਕਰ ਰਹੇ ਹੋਰ ਅਦਾਰਿਆਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਜੇ ਇਹ ਅਦਾਰੇ ਇਸ ਪਾਸੇ ਸਰਗਰਮ ਹੋਣ ਤਾਂ ਮਸਲਾ ਬਹੁਤ ਵੱਡਾ ਨਹੀਂ ਰਹਿ ਜਾਂਦਾ ।
ਦੋਹਾਂ ਪੰਜਾਬਾਂ ਦੇ ਅਦੀਬਾਂ ਦੀਆ ਪੰਜਾਬੀ ਬੋਲੀ/ਭਾਸ਼ਾ, ਸਾਹਿਤ, ਸੱਭਿਆਚਾਰ ਦੇ ਮਸਲਿਆ ਤੇ ਸਾਂਝੀਆਂ ਬੈਠਕਾਂ, ਗੋਸ਼ਟੀਆਂ, ਕਾਨਫਰੰਸਾਂ ਹੋਣੀਆ ਚਾਹੀਦੀਆ ਹਨ। ਜਿੱਥੇ ਸਾਹਿਤ, ਸੱਭਿਆਚਾਰ ਨਾਲ ਜੁੜੇ ਮਸਲਿਆਂ ਨੂੰ ਦੁਨੀਆਂ ਅੰਦਰਲੀ ਸਥਿਤੀ ਤਹਿਤ ਹੀ ਵਿਚਾਰਿਆ ਜਾਣਾ ਚਾਹੀਦਾ ਹੈ। ਹੋਰ ਬੋਲੀਆਂ ਭਾਸ਼ਾਵਾ ਨੂੰ ਸਾਹਮਣੇ ਰੱਖ ਕੇ ਪੰਜਾਬੀ ਦਾ ਕਦ ਮਿਣਿਆ ਜਾਵੇ ਤਾਂ ਹੀ ਅਸੀਂ ਆਪਣੇ ਆਪ ਨੂੰ ਗਲੋਬਲ ਪੱਧਰ ਤੇ ਪਰਖਣ ਦੇ ਯੋਗ ਹੋ ਸਕਦੇ ਹਾਂ ।
ਕਿਤਾਬਾਂ, ਰਸਾਲਿਆਂ, ਅਖਬਾਰਾਂ ਪ੍ਰਕਾਸ਼ਤ ਜਾਂ ਗੈਰ ਪ੍ਰਕਾਸ਼ਤ ਸਮੱਗਰੀ ਇਕ-ਦੂਜੇ ਮੁਲਕ ਨੂੰ ਭੇਜਣ–ਮੰਗਵਾੳਣ ਲਈ ਦੋਹਾਂ ਪੰਜਾਬਾਂ ਦਰਮਿਆਨ ਕੋਈ ਪਾਬੰਦੀ ਨਾ ਹੋਵੇ। ਲੇਖਕਾਂ, ਸਾਹਿਤਕਾਰਾਂ, ਸੱਭਿਆਚਾਰਕ ਕਾਮਿਆਂ, ਨਾਟ ਮੰਡਲੀਆ, ਸੰਗੀਤ ਮੰਡਲੀਆਂ ਅਤੇ ਹਰ ਕਿਸਮ ਦੇ ਕਲਾਕਾਰਾਂ ਦੇ ਦੋਹੀ ਪਾਸੀਂ ਆਉਣ-ਜਾਣ ਦੀ ਬਿਨਾਂ ਰੋਕ-ਟੋਕ ਖੁੱਲ੍ਹ ਹੋਵੇ । (ਇਨ੍ਹਾਂ ਨੂੰ ਵੀਜ਼ੇ ਤੋਂ ਛੋਟ ਜ਼ਰੂਰੀ ਹੈ) ਇੱਥੇ ਮੁਲਕਾਂ ਦੀਆਂ ਸਰਹੱਦਾਂ ਦੇ ਨਿਯਮਾਂ ਨੂੰ ਦੋਸਤੀ, ਮੋਹ ਤੇ ਲੋਕਾਂ ਅੰਦਰਲੇ ਪਣਪਦੇ ਨਿੱਘ ਅਤੇ ਪੰਜਾਬੀਅਤ ਦੇ ਵਿਕਾਸ ਨੂੰ ਰੋਕਣ ਲਈ ਕਦਾਚਿਤ ਨਹੀਂ ਵਰਤਿਆ ਜਾਣਾ ਚਾਹੀਦਾ, ਸਗੋਂ ਅਜਿਹੇ ਦੋਸਤੀ, ਮੋਹ ਤੇ ਭਰੱਪਣ ਭਰੇ ਕਦਮਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਹ ਪੰਜਾਬੀਅਤ ਦੀ ਹੀ ਨਹੀਂ ਸਗੋਂ ਇਨਸਾਨੀਅਤ ਦੀ ਵੀ ਸੇਵਾ ਹੋਵੇਗੀ। ਇਸ ਨਾਲ ਜ਼ਖ਼ਮੀ ਅਤੀਤ ਨੂੰ ਭੁੱਲ ਕੇ ਆਉਣ ਵਾਲੇ ਕੱਲ੍ਹ ਨੂੰ ਖੁਸ਼ਗਵਾਰ ਬਣਾਇਆ ਜਾ ਸਕਦਾ ਹੈ। ਘੂਰਦੀਆਂ ਨਜ਼ਰਾਂ ਨੂੰ ਇਸ ਤਰ੍ਹਾਂ ਹੀ ਗਲਵਕੜੀਆਂ ਵਿਚ ਬਦਲਿਆ ਜਾ ਸਕਦਾ ਹੈ।
ਸ਼ਹਿਰਾਂ, ਕਸਬਿਆਂ ਤੇ ਨਾਲ ਨਾਲ ਪਿੰਡਾਂ ਵਿੱਚ ਵੀ ਲਾਇਬ੍ਰੇਰੀਆਂ ਖੋਲ੍ਹਣ ਦੇ ਜਤਨ ਹੋਣੇ ਚਾਹੀਦੇ ਹਨ। ਜਿਸ ਨਾਲ ਲੋਕ ਕਿਤਾਬਾਂ ਨਾਲ ਜੁੜਨ ਅਤੇ ਨਵੀਂ ਸੂਝ ਦਾ ਪੱਲਾ ਫੜਨ। ਇਹੋ ਜਿਹੇ ਕਾਰਜਾਂ ਖਾਤਰ ਤਾਂ ਵੱਧ ਖਰਚ ਅਤੇ ਵੱਧ ਸਰਗਰਮੀ ਦੇ ਜਤਨ ਕਰਨੇ ਚਾਹੀਦੇ ਹਨ। ਇਹ ਸੱਭਿਆ ਸਮਾਜ ਵੱਲ ਜਾਂਦਾ ਸੂਝ ਭਰਿਆ ਰਸਤਾ ਹੈ। ਇਸ ਨੂੰ ਇਖ਼ਤਿਆਰ ਕੀਤੇ ਬਿਨਾਂ ਕੋਈ ਵੀ ਸਮਾਜ ਤਰੱਕੀ ਨਹੀਂ ਕਰ ਸਕਦਾ। ਪੰਜਾਬ ਦੇ ਵਿਦਵਾਨ ਪੰਜਾਬੀਅਤ ਖਾਤਰ ਗੱਲੀਂ-ਬਾਤੀਂ ਬੁੱਤਾ ਸਾਰਿਆ ਚਾਹੁੰਦੇ ਹਨ। ਇਹ ਭਾਵਕ ਕਿਸਮ ਦੀ ਜ਼ਹਿਨੀਅਤ ਦੇ ਸ਼ਿਕਾਰ ਹਨ। ਦੇਰ-ਸਵੇਰ ਇਨ੍ਹਾਂ ਨੂੰ ਭਾਵਕਤਾ ਤੋ ਮੁਕਤ ਹੋ ਕੇ ਗੰਭੀਰਤਾ ਵੱਲ ਤੁਰਨ ਦੇ ਜਤਨ ਕਰਨੇ ਹੀ ਪੈਣੇ ਹਨ। ਇਨ੍ਹਾਂ ਵਿਦਵਾਨਾਂ ਨੂੰ ਬਹੁਤ ਚਿੰਤਾ ਰਹਿੰਦੀ ਹੈ ਕਿ ਪਰਦੇਸਾਂ ਵਿੱਚ ਪੰਜਾਬੀਅਤ ਵਧੇ-ਫੁਲੇ। ਉਨ੍ਹਾਂ ਦੀ ਇਹ ਚਿੰਤਾ ਜਾਇਜ਼ ਹੈ। ਪਰ ਉਹ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਤੋ ਅੱਖਾਂ ਕਿਉਂ ਮੀਟ ਲੈਂਦੇ ਹਨ? ਕਿਹੜੀਆਂ ਕੋਸਿ਼ਸ਼ਾਂ ਕਰਦੇ ਹਨ ਉਹ ਦੋਵਾਂ ਪੰਜਾਬਾਂ ਵਿੱਚ ਡੁਬਦੀ ਜਾਂਦੀ ਪੰਜਾਬੀਅਤ (ਇਸ ਦੀ ਬੁਨਿਆਦ ਪੰਜਾਬੀ) ਨੂੰ ਬਚਾੳਣ ਦੀਆਂ? ਉਹ ਬਾਹਰ ਵਸਦੇ ਪੰਜਾਬੀਆਂ ਨੂੰ ‘ਨੇਕ’ ਸਲਾਹਾਂ ਦੇਣ ਆਉਂਦੇ ਹਨ। ਉਨ੍ਹਾਂ ਮਸਲਿਆ ਬਾਰੇ ਜਿਨਾਂ ਬਾਰੇ ਉਨ੍ਹਾਂ ਨੂੰ ਮਾੜਾ ਮੋਟਾ ਹੀ ਗਿਆਨ ਹੁੰਦਾ ਹੈ। ਸੁਣੀਆਂ-ਸੁਣਾਈਆਂ ਗੱਲਾਂ ਜਾਂ ਘੜੇ-ਘੜਾਏ ਫਾਰਮੂਲੇ ਕੱਛ ਹੇਠ ਦੇ ਕੇ ਨਿਕਲ ਤੁਰਦੇ ਹਨ ‘ਮੱਤਾਂ’ ਵੰਡਣ। ਰੌਲਾ ਬਾਹਰਲਾ ਗੇੜਾ ਜਾਂ ਵਲੈਤੀ ਦਾਰੂ-ਵੱਤਾ ਅਤੇ ਸੈਰ ਕਰਨ ਦਾ ਹੁੰਦਾ ਹੈ, ਪੰਜਾਬੀਅਤ ਦੇ ਬਹਾਨੇ। ਬੱਸ ਜਿਵੇਂ ਆਉਂਦੇ ਹਨ ਉਵੇਂ ਹੀ ਮੁੜ ਜਾਂਦੇ ਹਨ। ਉਨ੍ਹਾ ਨੂੰ ਦੇਖਿਆ, ਸੁਣਿਆ (ਸਿੱਖਿਆ ਹੋਇਆ ਨਹੀਂ ਕਿਉਂਕਿ ਸਿੱਖਣ ਦੀ ਤਾਂ ਉਨ੍ਹਾਂ ਨੂੰ ਲੋੜ ਹੀ ਕੋਈ ਨਹੀਂ, ਬਹੁਤਿਆਂ ਕੋਲ ਸਿੱਖਣ ਦੀ ਸਮਰੱਥਾ ਵੀ ਨਹੀਂ) ਦੇਸ਼ ਨੁੰ ਜਾਣ ਵੇਲੇ ਨਾਲ ਲੈ ਕੇ ਜਾਣਾ ਚਾਹੀਦਾ ਹੈ। ਉਸ ਦੇ ਆਸਰੇ ਆਪਣੇ ਲੋਕਾਂ, ਅਦਬੀ ਅਤੇ ਬੌਧਕ ਹਲਕਿਆਂ ਅੰਦਰ ਬਹਿਸ ਛੇੜਨੀ ਚਾਹੀਦੀ ਹੈ । ਪਰ ਅਜੇ ਤੱਕ ਇੰਜ ਘੱਟ ਹੀ ਦੇਖਣ ਨੂੰ ਮਿਲਿਆ ਹੈ ।
ਪੰਜਾਬੀ ਖਾਤਰ ਕਾਨਫੰਰਸਾਂ ਵੀ ਹੁੰਦੀਆਂ ਹਨ। ਵਿਚਾਰੇ ਜਾਂਦੇ/ਗਏ ਮਸਲਿਆ ’ਤੇ ਅਮਲ ਕਰਵਾੳਣ ਵਾਸਤੇ ਤਾਂ ਲੋਕ ਲਹਿਰ ਨੂੰ ਉਸਾਰਨਾ ਹੁੰਦਾ ਹੈ। ਪਰ, ਅਜਿਹਾ ਅਜੇ ਤੱਕ ਨਹੀਂ ਹੋਇਆ। ਵਿਦਵਾਨ ਤਾਂ ਆਪਣੀਆਂ ਕੁਰਸੀਆਂ ਉੱਚੀਆਂ ਚੁੱਕਣ ਦੇ ਆਹਰ ਵਿਚ ਹਨ। ਇਹ ਮਾੜੀ ਬਿਰਤੀ ਹੈ। ਪੰਜਾਬੀਅਤ ਦੇ ਭਲੇ ਵਾਸਤੇ ਇਸ ਰੋਗ ਦੇ ‘ਮਰੀਜ਼ਾਂ’ ਲਈ ਇਸ ਤੋ ਛੁਟਕਾਰਾ ਪਾਉਣਾ ਬਹੁਤ ਜ਼ਰੂਰੀ ਹੈ। ਪੰਜਾਬੀਆਂ ਦੀ ਅਜੋਕੀ ਪੀੜ੍ਹੀ ਨੂੰ ਪੰਜਾਬ ਦੇ ਬੀਤੇ ਦਾ ਬਹੁਤਾ ਸਹੀ ਗਿਆਨ ਨਹੀਂ। ਇਸ ਵਾਸਤੇ ਪੰਜਾਬੀ ਸਾਹਿਤ ਦਾ ਸਾਂਝਾ ਇਤਿਹਾਸ ਛਾਪਿਆ ਜਾਣਾ ਸਮੇਂ ਦੀ ਸਭ ਤੋ ਵੱਡੀ ਲੋੜ ਹੈ । ਜੋ ਇੱਕੋ ਸਮੇਂ ਦੋਹੀਂ ਪਾਸੀਂ ਦੋਹਾਂ ਲਿੱਪੀਆਂ ਵਿੱਚ ਪ੍ਰਕਾਸ਼ਿਤ ਹੋਵੇ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਵਿਦਵਾਨਾਂ, ਅਦੀਬਾਂ ਤੋਂ ਲੇਖ ਲਿਖਵਾ ਕੇ ਇਸ ਵਿੱਚ ਸ਼ਾਮਲ ਕੀਤੇ ਜਾਣ। ਹੁਣ ਤੱਕ ਜਦੋਂ ਵੀ ਪੰਜਾਬੀ ਸਾਹਿਤ ਦਾ ਇਤਿਹਾਸ ਪੜ੍ਹਦੇ ਹਾਂ ਤਾਂ 12-14 ਲੇਖ ਇੱਕ ਪਾਸੇ ਦੇ ਵਿਦਵਾਨਾਂ ਦੇ ਹੁੰਦੇ ਹਨ ਤੇ ਇੱਕ ਅੱਧਾ ਲੇਖ ਦੂਜੇ ਪਾਸੇ ਵਾਲੇ ਅੱਧ ਦੇ ਕਿਸੇ ਵਿਦਵਾਨ ਦਾ। ਇਹ ਗਲਤ ਰਾਹ ਹੀ ਨਹੀਂ ਇਹ ਤਾਂ ਸਰਾਸਰ ਧੋਖਾ ਹੈ, ਆਪਣੇ ਨਾਲ, ਪੰਜਾਬੀ ਸਾਹਿਤ/ਅਦਬ ਨਾਲ ਅਤੇ ਪੰਜਾਬੀਅਤ ਨਾਲ। ਇਸ ਪਾਸੇ ਸਰਗਰਮੀ ਭਰੇ ਸੁੱਚਜੇ ਤੇ ਸਾਰਥਕ ਜਤਨ ਬਹੁਤ ਜ਼ਰੂਰੀ ਹਨ। ਇਸ ਵਿੱਚ ਪਰਦੇਸੀਂ ਵਸਦੇ ਪੰਜਾਬੀ ਭਾਈਚਾਰੇ (ਸਾਹਿਤਕ) ਨੂੰ ਸ਼ਾਮਲ ਕਰਨਾ ਵੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਅਧੂਰਾ ਕਾਰਜ ਹੀ ਹੋਵੇਗਾ। ਇਸ ਤਰਾਂ ਦੀ ਬਹੁਮੁੱਲੀ ਰਚਨਾ ਨੂੰ ਵੱਧੋ ਵੱਧ ਲੋਕਾਂ ਤੱਕ ਪਹੁੰਚਾ ਕੇ ਮਨਾਂ ਵਿੱਚ ਦੋਸਤੀ ਦਾ ਨਿੱਘ ਪੈਦਾ ਕੀਤਾ ਜਾਵੇ, ਨਵੀਂ ਲੋਅ ਵਾਲੇ ਦੀਵੇ ਉਨ੍ਹਾਂ ਦੇ ਮੱਥਿਆਂ ਵਿੱਚ ਚਮਕਣ। ਜਿਸ ਦੇ ਆਸਰੇ ਪੰਜਾਬੀਅਤ ਵਧੇ-ਫੁਲੇ ਤੇ ਇਸ ਦਾ ਪਸਾਰ ਹੋਵੇ। ਇਸ ਸਭ ਤੋਂ ਬਿਨਾ ਪੰਜਾਬੀਅਤ ਦੀਆਂ ਗੱਲਾ ਚਲ਼ੇ ਵਿੱਚ ਲਾਠੀ ਫੇਰਨ ਤੋ ਵਾਧੂ ਕੁੱਝ ਵੀ ਨਹੀਂ। ਭਲਾਂ ਅਸੀਂ ਹੋਰ ਕਦੋਂ ਕੁ ਤੱਕ ਚਲ਼ੇ ਵਿੱਚ ਲਾਠੀ ਹੀ ਫੇਰੀ ਜਾਂਵਾਂਗੇ? ਹੁਣ ਵੇਲਾ ਗੱਲਾਂ-ਬਾਤਾਂ ਹੀ ਕਰੀ ਜਾਣ ਦਾ ਨਹੀਂ ਸਗੋਂ ਅਮਲ ਕਰਨ ਦਾ ਹੈ।
****
No comments:
Post a Comment