ਆਮ ਤੌਰ ਤੇ ਘੱਟ ਅਕਲ ਵਾਲੇ ਲੋਕ ਕਿਸੇ ਦੂਜੇ ਨੂੰ ਐਵੇਂ ਹੀ ਠਿੱਠ ਕਰਦਿਆਂ ਆਪਣੀ ਵਡੱਤਣ ਸਮਝਣ ਲੱਗ ਪੈਂਦੇ ਹਨ। ਉਹ ਇਹ ਬਿਲਕੁੱਲ ਨਹੀਂ ਸੋਚਦੇ ਕਿ ਉਨ੍ਹਾਂ ਵਲੋਂ ਇੰਜ ਕੀਤਿਆਂ ਦੂਜੇ ਦੇ ਮਨ ’ਤੇ ਕੀ ਬੀਤਦੀ ਹੈ? ਸੁਚੇਤ ਹੋ ਕੇ ਨਾ ਸੋਚਣ ਵਾਲੇ ਜਦੋਂ ਕੋਈ ਅਜਿਹੀ ਗੱਲ ਦਿਲ ਨੂੰ ਲਾ ਲੈਂਦੇ ਹਨ ਜਿਸ ਦੀ ਉਨ੍ਹਾਂ ਨੂੰ ਪੂਰੀ ਸਮਝ ਨਾ ਪਈ ਹੋਵੇ ਕਿ ਗੱਲ ਕਰਨ ਵਾਲੇ ਦਾ ਅਸਲ ਇਰਾਦਾ ਕੀ ਸੀ ਤਾਂ ਉਹ ਅੰਦਰੋ- ਅੰਦਰੀਂ ਨਿਘਰਨ ਲੱਗ ਪੈਂਦੇ ਹਨ। ਅਜਿਹੇ ਵਿਅਕਤੀ ਦੇ ਸਵੈਮਾਣ ਨੂੰ ਸੱਟ ਲਗਦੀ ਹੈ ਸਿੱਟੇ ਵਜੋਂ ਉਸਦੀ ਮਾਨਸਿਕਤਾ ਜ਼ਖ਼ਮੀ ਹੋਣ ਲੱਗ ਪੈਂਦੀ ਹੈ। ਸਵੈ-ਵਿਸ਼ਵਾਸ ਗੁਆਚਣ ਲਗਦਾ ਹੈ। ਭਾਵ ਕਿ ਉਸ ਮਨੁੱਖ ਦੀ ਸ਼ਖਸੀਅਤ ਨੂੰ ਖੋਰਾ ਲੱਗਣ ਲੱਗ ਪੈਂਦਾ ਹੈ ਮਨ ਤਣਾਉ ਦੇ ਰੋਗ ਦੀ ਪੀੜ ਸਹਿੰਦਾ ਹੈ ਜਿਸ ਨਾਲ ਉਹ ਐਵੇਂ ਹੀ ਹੀਣ ਭਾਵਨਾ ਦਾ ਸਿ਼ਕਾਰ ਹੋ ਜਾਂਦਾ ਹੈ।
ਅਜਿਹੇ ਲੋਕ ਵੀ ਮਿਲਦੇ ਹਨ ਜਿਨ੍ਹਾਂ ਨੂੰ ਜਿ਼ੰਦਗੀ ਦੇ ਸਫਰ ਨੇ ਸਖਤ ਮਿਹਨਤ ਦੇ ਰਾਹੇ ਪਾਇਆ ਹੁੰਦਾ ਹੈ ਅਤੇ ਅਜਿਹੇ ਦ੍ਰਿੜਤਾ ਭਰੇ ਆਪਣੇ ਅਨੁਭਵ ਜਾਂ ਤਜ਼ੁਰਬੇ ਵਿਚੋਂ ਹੀ ਉਨ੍ਹਾਂ ਨੇ ਆਪਣੇ ਆਪ ਤੇ ਵਿਸ਼ਵਾਸ ਕਰਨਾ ਸਿੱਖਿਆ ਹੁੰਦਾ ਹੈ ਅਤੇ ਸੱਚ ਦਾ ਰਾਹ ਫੜਿਆ ਹੁੰਦਾ ਹੈ। ਅਜਿਹੇ ਲੋਕ ਜਦੋਂ ਵੀ ਕਿਸੇ ਕੰਮ ਨੂੰ ਹੱਥ ਪਾਉਂਦੇ ਹਨ ਤਾਂ ਨਿਸ਼ਾਨਾ ਮਿੱਥ ਕੇ ਸਹੀ ਸੇਧ ਨਾਲ ਤੁਰਨ ਲਗਦੇ ਹਨ। ਦਿਸ਼ਾ ਸਹੀ ਹੋਵੇ ਤਾਂ ਦਸ਼ਾ ਬਦਲਣ ਲਈ ਘੋਲ਼ ਦਾ ਰਾਹ ਸੌਖਾ ਕੀਤਾ ਜਾ ਸਕਦਾ ਹੈ। ਕਈ ਵਾਰ ਹਾਲਤ ਹੀ ਅਜਿਹੇ ਕਠੋਰ ਹੁੰਦੇ ਹਨ ਕਿ ਉਹ ਮਿੱਥੇ ਨਿਸ਼ਾਨੇ ਵਿਚ ਸਫਲ ਨਹੀਂ ਹੁੰਦੇ। ਪਰ ਇਸ ਦਾ ਮਤਲਬ ਇਹ ਤਾਂ ਨਹੀਂ ਹੋਇਆ ਕਿ ਉਹ ਹਾਰ ਮੰਨ ਲੈਣ। ਸਫਲ ਨਾ ਹੋਣ ਦੇ ਬਾਵਜੂਦ ਉਹ ਅਸਫਲਤਾ ਨੂੰ ਪ੍ਰਵਾਨ ਨਹੀਂ ਕਰਦੇ । ਹੀਣ ਭਾਵਨਾ ਨੂੰ ਨੇੜੇ ਨਹੀਂ ਫਟਕਣ ਦਿੰਦੇ। ਅਜਿਹੀ ਸਥਿਤੀ ਵਿਚ ਉਹ ਫੇਰ ਮੁੱਢੋਂ ਆਪਣਾ ਘੋਲ਼ ਸ਼ੁਰੂ ਕਰਦੇ ਹਨ।ਨਵੇਂ ਖਿਆਲ, ਨਵੇਂ ਹੋਸ਼ ਤੇ ਨਵੇਂ ਜੋਸ਼ ਨਾਲ ਪੈਰੋ-ਪੈਰ ਅੱਗੇ ਵਧਦੇ ਹਨ। ਹਾਰ ਨਾ ਮੰਨਣਾ ਹੀ ਉਨ੍ਹਾਂ ਦੀ ਹੀਣ ਭਾਵਨਾ ’ਤੇ ਜਿੱਤ ਹੁੰਦੀ ਹੈ। ਇਹੋ ਸਥਿਤੀ ਹੀ ਮਨੁੱਖ ਨੂੰ ਤਣਾਉ ਮੁਕਤ ਕਰਨ ਦਾ ਸੁਚੱਜਾ ਕਾਰਜ ਕਰਦੀ ਹੈ। ਆਪਣੇ ਆਪ ਤੋਂ ਬੇਗਾਨੇ ਨਾ ਹੋਣ ਵਾਲੀ ਹਾਂਅ ਪੱਖੀ ਸੋਚ ਹੀ ਮਨੁੱਖ ਲਈ ਸਫਲਤਾ ਪ੍ਰਾਪਤੀ ਵਾਸਤੇ ਪ੍ਰੇਰਨਾ ਸ਼ਕਤੀ ਬਣਦੀ ਹੈ। ਉਂਜ ਵੀ ਦੋ-ਚਿਤੀ ਵਾਲਾ ਮਨੁੱਖ ਕਦੋਂ ਪਾਰ ਲੰਘਿਆ ਹੈ?
ਅੱਜ ਦਾ ਸਮਾਜ ਪੈਸੇ ਵਾਲੇ ਨੂੰ ਝੁਕ ਕੇ ਸਲਾਮ ਕਰਦਾ ਹੈ। ਇੱਥੇ ਗਰੀਬ ਨੂੰ ਇਮਾਨਦਾਰ ਤੇ ਸੂਝਵਾਨ ਹੋਣ ਦੇ ਬਾਵਜੂਦ ਬਹੁਤਾ ਇੱਜਤ-ਮਾਣ ਨਹੀਂ ਦਿੱਤਾ ਜਾਂਦਾ। ਪਰ ਜਦੋਂ ਕੋਈ ਗਰੀਬ ਕਿਸੇ ਅਮੀਰ ਨੂੰ ਉਹਦੀ ਅਮੀਰੀ ਦਾ ਭੇਤ/ਰਾਜ਼ ਪੁੱਛ ਲਵੇ ਤਾਂ ਅਜਿਹੇ ਢੁੱਠ ਵਾਲੇ ਅਮੀਰਜਾਦੇ ਨੂੰ ਉੱਥੋਂ ਭੱਜਣ ਦਾ ਰਾਹ ਨਹੀਂ ਲੱਭਦਾ, ਅਜਿਹੇ ਸਮੇਂ ਧਰਤੀ ਉਹਨੂੰ ਗਰਕਣ ਲਈ ਥਾਂ ਨਹੀਂ ਦਿੰਦੀ। ਜਵਾਬ ਦੇਣ ਜੋਗਾ ਉਹ ਹੁੰਦਾ ਹੀ ਨਹੀਂ। ਉਹਨੂੰ ਖੁਦ ਨੂੰ ਤਾਂ ਪਤਾ ਹੀ ਹੁੰਦਾ ਹੈ ਕਿ ਇਹ ਮਾਇਆ (ਅਮੀਰੀ) ਕਿਹੜੇ ‘ਮਹਾਰਾਜ’ ਨੇ ‘ਕਿਹੜੇ ਰਸਤੇ’ ਘੱਲੀ ਐ? ਬਾਬਾ ਨਾਨਕ ਦਾ ਕਥਨ ਝੂਠਾ ਕਰਨ ਜੋਗੇ ਅਜੇ ਉਹ ਹੋਏ ਨਹੀਂ ਉਹ ਕਥਨ ਅਜੇ ਵੀ ਸੱਚ ਐ ਕਿ :
ਪਾਪਾਂ ਬਾਝਹੁ ਹੋਇ ਨਾਹਿ ਮੋਇਆਂ ਸਾਥ ਨਾ ਜਾਈ......
ਇਸ ਦੁਨੀਆਂ ਵਿਚ ਕੌਣ ਚਾਹੁੰਦਾ ਹੈ ਕਿ ਉਹਨੂੰ ਗਰੀਬੀ ਮਿਲੇ? ਸਾਡਾ ਸਮਾਜਕ ਤੇ ਆਰਥਕ ਢਾਂਚਾ ਹੀ ਇਹੋ ਜਿਹਾ ਹੈ ਕਿ ਜਿੱਥੇ ਕਿਸੇ ਮਾਇਆਧਾਰੀ, ਜਗੀਰਦਾਰ ਤੇ ਕਾਰਖਾਨੇਦਾਰ ਦਾ ਨਲ਼ੀਚੋਚੋ ਜਿਹਾ ‘ਸਾਹਿਬਜਾਦਾ’ ਜਿਸ ਨੂੰ ਇੱਲ੍ਹ ਤੇ ਕੋਕੋ ਦੇ ਫਰਕ ਦਾ ਵੀ ਪਤਾ ਨਹੀਂ ਹੁੰਦਾ, ਸੌ ਤੱਕ ਗਿਣਤੀ ਵੀ ਟੁੱਟ-ਭੱਜ ਕੇ ਹੀ ਆਉਂਦੀ ਹੁੰਦੀ ਐ ਉਹਨੂੰ ਹੀ ਗਰਜਾਂ ਬੱਝੇ ਲੋਕ ‘ਛੋਟਾ ਸਰਦਾਰ’, ‘ਛੋਟਾ ਚੌਧਰੀ’, ‘ਨਿੱਕਾ ਮੀਆਂ’ ਆਦਿ ਆਖ ਕੇ ਵਡਿਆਈ ਕਰਦੇ ਹਨ। ਭਲਾਂ ਕਿਉਂ? ਕਿਉਂਕਿ ਪਿਉ ਦੀ ਜਾਇਦਾਦ ਉਹਦੇ ਨਾਂ ਨਾਲ ਕਲਗੀ ਲਾ ਦਿੰਦੀ ਐ ਅਤੇ ਗਰਦਨ ਵਿਚ ਆਕੜ ਤੇ ਘੁਮੰਡ ਦਾ ਕਿੱਲ ਠੋਕ ਦਿੰਦੀ ਹੈ। ਗਰੀਬ ਦੇ ਪੁੱਤਰ ਦਾ ਕਿੱਡਾ ਵੱਡਾ ਨਾਮ ਹੋਵੇ ਆਪਣੇ ਆਪ ਨੂੰ ਵੱਡੇ ਅਖਵਾਉਣ ਵਾਲੇ ਲੋਕ ਉਹਨੂੰ ਅੱਧਾ ਕਰਨ ਦੀ ਜਿਦ ਫੜ ਲੈਣਗੇ। ਇਸ ਸਬੰਧ ਵਿਚ ਪੁਰਾਣੀ ਕਹਾਵਤ ਅਜੇ ਵੀ ਸੱਚ ਐ ਕਿ ਪਰਸੂ, ਪਰਸਾ, ਪਰਸ ਰਾਮ। ਵਿਚਾਰੇ ਲੋਕ। ਸਮਾਜ ਦੇ ਆਰਥਕ ਢਾਂਚੇ ਵਿਚਲੀਆਂ ਚੋਰ ਮੋਰੀਆਂ ਵਿਚੀਂ ਲੰਘ ਕੇ ਨੀਚ ਸੋਚਣੀ ਵਾਲਾ ਬੰਦਾ ਵੀ ਜਦੋਂ ‘ਵੱਡਾ’ (ਦਰਅਸਲ ਅਜਿਹੇ ਬੰਦੇ ਕਦੇ ਵੀ ਵੱਡੇ ਮਨੁੱਖ ਨਹੀਂ ਬਣਦੇ ਸਿਰਫ ਉਰਲ-ਪਰਲ ਕਰਕੇ ਪੈਸੇ ਇਕੱਠੇ ਕਰ ਲੈਂਦੇ ਹਨ) ਹੋ ਜਾਂਦਾ ਹੈ ਤਾਂ ਦੂਜਿਆਂ ਨੂੰ ਆਪਣੇ ਆਪ ਤੋਂ ਹੀਣੇ ਦੱਸਣ ਲੱਗ ਪੈਂਦਾ ਹੈ। ਕਿਸੇ ਦੂਸਰੇ ਵਾਸਤੇ ਇਹ ਜ਼ਹਿਰੀ ਡੰਗ ਹੋ ਜਾਂਦਾ ਹੈ। ਉਸਦੇ ਦਿਲ-ਦਿਮਾਗ ਉੱਤੇ ਇਸ ਦਾ ਭੈੜਾ ਅਸਰ ਹੁੰਦਾ ਹੈ। ਇਹ ਸਮਾਜੀ, ਆਰਥਕ ਢਾਂਚੇ ਤੇ ਕਾਬਜ ਸ਼ੈਤਾਨ ਬਿਰਤੀ ਵਾਲਿਆ ਵਲੋਂ ਆਪਣਾ ਭਾਰ/ਦੁੱਖ ਘੱਟ ਕਰਨ ਦੇ ਨੁਸਖੇ ਤਹਿਤ ਆਮ ਮਨੁੱਖ ਦੇ ਮੋਢੇ ਧਰਿਆ ਕੋਝਾ ‘ਸਰਾਪ’ ਹੁੰਦਾ ਹੈ। ਗਰੀਬ ਨੂੰ ਆਪਣੀ ਗਰੀਬੀ ’ਤੇ ਝੂਰਨ ਦੀ ਥਾਵੇਂ ਇਹਦੇ ਕਾਰਨਾਂ ਨੂੰ ਜਾਨਣ ਦੀ ਤੇ ਉਨ੍ਹਾਂ ਦੇ ਖਾਤਮੇ ਦੀ ਸਬੀਲ ਸੋਚਣੀ, ਬਨਾਉਣੀ ਚਾਹੀਦੀ ਹੈ। ਆਪਣੇ ਵਰਗੇ ਹੋਰ ਲੋਕਾਂ ਨਾਲ ਰਲ ਕੇ ਸਾਂਝੇ ਉਪਰਾਲਿਆਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਤਾਂ ਕਿ ਉਹ ਆਪਣੇ ਗਰੀਬ ਹੋਣ ਵਾਲੀ ਹੀਣ ਭਾਵਨਾ ਤੋਂ ਛੁਟਕਾਰਾ ਪਾ ਸਕੇ। ਜਿ਼ੰਦਗੀ ਦੀ ਸਫਲਤਾ ਵਲ ਜਾਣ ਵਾਲਾ, ਭਰਪੂਰ ਤੇ ਸੁਹਣੀ-ਸੁਚੱਜੀ ਜਿ਼ੰਦਗੀ ਜੀਊਣ ਦਾ ਇਹ ਵੀ ਇਕ ਰਾਹ ਹੈ। ਲੋੜ, ਜਿਗਰੇ ਨਾਲ ਇਸ ’ਤੇ ਪੈਰ ਧਰ ਕੇ ਲਗਾਤਾਰ ਅੱਗੇ ਵਧਣ ਦੀ ਹੈ।
ਭਾਰਤੀ ਸਮਾਜ ਅੰਦਰ ਸਿਰੇ ਦਾ ਨਸਲਵਾਦ ਸਦੀਆਂ ਤੋਂ ਪਲ ਰਿਹਾ ਹੈ। ਜਾਤ-ਪਾਤ ਸਮਾਜੀ ਕੋਹੜ ਹੈ। ਮਨੁੱਖਾਂ ਵਿਚ ਦਲੀਲ ਰਹਿਤ ਵੰਡੀਆਂ ਪਾਉਣ ਵਾਲਾ। ਜਿੱਥੇ ਅਖੌਤੀ ਉੱਚੀਆਂ ਜਾਤਾਂ ਵਾਲੇ ਅਖੌਤੀ ਨੀਵੀਆਂ ਜਾਤਾਂ ਨੂੰ ਆਪਣੇ ਆਪ ਤੋਂ ਹੀਣਾਂ ਅਤੇ ਘਟੀਆਂ ਸਮਝਦੇ ਹਨ। ਇਸ ਮਿਣਤੀ ਦਾ ਗਜ਼ ਉਨ੍ਹਾਂ ਨੇ ਭਲਾਂ ਕਿੱਥੋਂ ਲਿਆ? ਕੋਈ ਨਹੀਂ ਜਾਣਦਾ। ਜਾਤ-ਪਾਤ ਦੀ ਘੋਖ ਕੀਤੀ ਜਾਵੇ ਤਾਂ ਸ਼ਰਮਿੰਦਗੀ ਉਪਜਦੀ ਹੈ। ਆਪਣੇ ਆਪ ਨੂੰ ਉੱਚੀ ਜਾਤ ਕਹਾਉਣ ਵਾਲੇ ਬ੍ਰਾਹਮਣਾਂ ਵਿਚ ਹੀ ਨੌਤੀ ਸੌ ‘ਕਿਸਮਾਂ’ ਦੇ ਬ੍ਰਾਹਮਣ ਪਾਏ ਜਾਂਦੇ ਹਨ। ਉਨ੍ਹਾਂ ਵਿਚੋਂ ਕਈ ਦੂਜਿਆਂ ਨੂੰ ਆਪਣੇ ਆਪ ਤੋਂ ਘਟੀਆ ਸਮਝਦੇ ਹਨ। ਕੀ ਇਹ ਜ਼ਰੂਰੀ ਹੈ ਕਿ ਬ੍ਰਾਹਮਣ ਦੇ ਘਰ ਜੰਮਿਆਂ ਬੱਚਾ ਕਿਸੇ ਛੋਟੀ ਕਹੀ ਜਾਂਦੀ ਜਾਤ ਦੇ ਬੱਚੇ ਨਾਲੋਂ ਹੁਸਿ਼ਆਰ ਤੇ ਅਕਲਮੰਦ ਹੋਵੇਗਾ? ਇਹ ਦਲੀਲ ਬੇ ਸਿਰ ਵਿਚ ਬੇ-ਅਕਲੀ ਦਾ ਸੋਟਾ ਮਾਰਨ ਵਾਲੀ ਗੱਲ ਨਹੀਂ ਤਾਂ ਹੋਰ ਕੀ ਹੈ? ਕਿਸੇ ਛੋਟੀ ਕਹੀ ਜਾਂਦੀ ਜਾਤ ਵਿਚ ਜਨਮ ਲੈਣ ਵਾਲੇ ਬੱਚੇ ਨੂੰ ਵੱਡੇ ਹੁੰਦਿਆਂ ਆਪਣੇ ਅੰਦਰ ਅਜਿਹੀ ਹੀਣ ਭਾਵਨਾ ਪੈਦਾ ਕਰਨ ਦੀ ਕੀ ਲੋੜ ਹੈ? ਲੋੜ ਹੈ ਤਾਂ ਆਪਣੀ ਸਿਆਣਪ ਨਾਲ ਅੱਗੇ ਵਧਦਿਆਂ ਮਨੁੱਖਾਂ ਅੰਦਰ ਵੰਡੀਆਂ ਪਾਉਣ ਵਾਲੇ ਸਮਾਜਿਕ ਢਾਂਚੇ ਨੂੰ ਤੋੜਨ ਦੀ ਅਤੇ ਉਸਨੂੰ ਬਲ ਬਖਸ਼ਦੇ ਰਾਜਨੀਤਕ ਅਤੇ ਆਰਥਕ ਪ੍ਰਬੰਧ ਦੇ ਖਿਲਾਫ ਬੇਕਿਰਕ ਲੜਾਈ ਲੜਨ ਦੀ। ਸਮਾਜੀ, ਸਿਆਸੀ ਅਤੇ ਆਰਥਕ ਵਿਤਕਰੇ ਅਧੀਨ ਹੀਣ ਭਾਵਨਾ ਹੰਢਾਉਂਦੇ ਲੋਕਾਂ ਨੂੰ ਲੋੜ ਹੈ ਸ਼ੈਤਾਨਾਂ ਦੇ ਲੁੱਟ ਅਧਾਰਤ ਸਿਰਜੇ ਹੋਏ ਸਰਮਾਏਦਾਰੀ ਪ੍ਰਬੰਧ ਅਤੇ ਉਸਨੂੰ ਹੱਕਣ (ਚਲਾਉਣ) ਵਾਲੇ ਛਟੇ ਹੋਏ ਹਾਕਮਾਂ ਤੇ ਉਨ੍ਹਾਂ ਦੇ ਅਫਸਰਸ਼ਾਹਾਂ ਨੂੰ ਨੰਗਿਆਂ ਕਰਨ ਦੀ ਤਾਂ ਕਿ ਲੋਕ ਇਸ ਅਸਲੀਅਤ ਨੂੰ ਜਾਣ ਸਕਣ। ਧਰਮਾਂ ਵਾਲੇ ਵੀ
ਝੂਠ ਨੂੰ ‘ਦਲੀਲ’ ਬਣਾ ਕੇ ਇਹਨੂੰ ਮਨੁੱਖ ਦੇ ਕਰਮਾਂ ਦਾ ਫਲ ਆਖ ਕੇ ਸਿੱਧੀ ਗੱਲ ਨੂੰ ਵੀ ਗੋਲ਼-ਮੋਲ਼ ਕਰਕੇ ਸਿਰਫ ਆਪਣੇ ਹਲਵੇ-ਮੰਡੇ ਦੀ ਪੂਰਤੀ ਦੇ ਲੋਭ ਵਿਚ ਇਸ ਸ਼ੈਤਾਨੀ ਪ੍ਰਬੰਧ ਦੀ ਭਰਪੂਰ ਸੇਵਾ ਕਰਦੇ ਹਨ। ਸਿਆਸਤਦਾਨ ਇਸ ਬਾਂਦਰ ਵੰਡ ਨੂੰ ਕਾਇਮ ਰੱਖਣ ਵਿਚ ਸਹਾਈ ਹੁੰਦੇ ਹਨ। ਆਪਣੀਆਂ ਕੋਝੀਆਂ ਗਰਜ਼ਾਂ ਖਾਤਰ ਉਹ ਵੀ ਇਸ ਹੀਣ ਭਾਵਨਾ ਦੇ ਡੰਗ ਨਾਲ ਸਮਾਜ ਦੇ ਲਤਾੜੇ ਜਾ ਰਹੇ ਵਰਗਾਂ ਨੂੰ ਵਾਰ ਵਾਰ ਜ਼ਖ਼ਮੀ ਵੀ ਕਰਦੇ ਹਨ ਅਤੇ ਨਾਲ ਹੀ ਆਪਣੇ ਆਪ ਨੂੰ ਉਨ੍ਹਾਂ ਦੇ ਹਮਦਰਦ ਬਣਾ ਕੇ ਪੇਸ਼ ਕਰਦੇ ਹਨ। ਸ਼ਾਇਦ ਇਸੇ ਕਰਮ ਨੂੰ ਹੀ ਚਲਿੱਤਰ ਆਖਿਆ ਜਾਂਦਾ ਹੈ।
ਜ਼ਮਾਨਾ ਬਹੁਤ ਅੱਗੇ ਵਧ ਗਿਆ ਹੈ, ਸਮਾਂ ਲਗਾਤਾਰ ਤੁਰ ਰਿਹਾ ਹੈ। ਸੁਚੱਜੀ ਸੋਚ ਦੇ ਮਾਲਕਾਂ ਨੂੰ ਬੌਣੀ ਸੋਚ ਦਾ ਖਹਿੜਾ ਛੱਡ ਕੇ ਪੂਰੇ-ਸੂਰੇ ਮਨੁੱਖ ਬਣਨ ਦਾ ਜਤਨ ਕਰਨਾ ਪਵੇਗਾ। ਹਰ ਵਿਤਕਰੇ ਨੂੰ ਲਲਕਾਰਨਾ ਪਵੇਗਾ ਤਾਂ ਕਿ ਇਹ ਲਲਕਾਰ ਇਕ ਰਾਹ ਬਣਕੇ ਲੁੱਟ, ਵਿਤਕਰਿਆ ਅਤੇ ਵੰਡਾਂ ਤੋਂ ਮੁਕਤ ਸਮਾਜ ਦੀ ਸਿਰਜਣਾ ਵਲ ਵਧ ਸਕੇ ਜਿੱਥੇ ਕਿਸੇ ਨੂੰ ਵੀ ਆਪਣੇ ਆਪ ਨੂੰ ਹੀਣਾ ਨਾ ਸਮਝਣਾ ਪਵੇ। ਉਹ ਸਮਾਜ ਦਾ ਮਾਣ ਭਰਿਆ ਅੰਗ ਹੋਵੇ ਅਤੇ ਉਸ ਨੂੰ ਸਮਾਜ ਅੰਦਰ ਵਿਚਰਦਿਆਂ ਖੁਸ਼ੀ ਭਰੇ ਪਲਾਂ ਦਾ ਸੰਗ-ਸਾਥ ਨਿਭਾਉਣ ਦਾ ਅਤੇ ਹਰ ਕਿਸੇ ਦੇ ਬਰਾਬਰ ਦਾ ਮੌਕਾ ਮਿਲੇ। ਜਦੋਂ ਕੋਈ ਵੀ ਮਨੁੱਖ ਦੂਜਿਆਂ ਵਲੋਂ ਆਪਣੇ ’ਤੇ ਬਿਨਾ ਕਿਸੇ ਕਾਰਨ ਤੋਂ ਲੱਦਿਆ ਹੀਣ ਭਾਵ ਦਾ ‘ਭਾਰ’ ਤਿਆਗ ਦੇਵੇਗਾ ਤਾਂ ਉਹ ਸਮਾਜ ਅੰਦਰ ਪੂਰੇ ਮਨੁੱਖ ਤੇ ਤੌਰ ’ਤੇ ਵਿਚਰੇਗਾ। ਇਹ ਕਾਰਜ ਔਖਾ ਤਾਂ ਜ਼ਰੂਰ ਹੈ ਪਰ ਅਸੰਭਵ ਨਹੀਂ।
****
No comments:
Post a Comment