ਕਿਸੇ ਵੀ ਵਿਸ਼ੇ ਜਾਂ ਵਸਤ ਸਬੰਧੀ ਉਸਾਰੂ ਤੇ ਜਾਇਜ਼ ਨੁਕਤਾਚੀਨੀ ਕਰਨੀ ਹਰ ਸੋਚਵਾਨ/ਸੂਝਵਾਨ ਦਾ ਹੱਕ ਸਮਝਿਆ ਜਾਂਦਾ ਹੈ। ਪਰ ਸਿਆਣੇ ਇਹ ਵੀ ਆਖਦੇ ਹਨ ਕਿ ਅਜਿਹੇ ਸਮੇਂ ਜੇ ਤੁਸੀਂ ਇਕ ਉਂਗਲ ਕਿਸੇ ਦੂਸਰੇ ਵੱਲ ਉਠਾ ਰਹੇ ਹੋ ਤਾਂ ਤੁਹਾਡੀਆਂ ਆਪਣੀਆਂ ਹੀ ਤਿੰਨ ਉਂਗਲਾਂ ਤੁਹਾਡੇ ਆਪਣੇ ਵਲ ਉੱਠ ਰਹੀਆਂ ਹੁੰਦੀਆਂ ਹਨ। ਇਹ ਦੇਖ/ਸੁਣ ਕੇ ਬਾਬਾ ਸ਼ੇਖ ਫਰੀਦ ਦੀ ‘ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖ ਨ ਲੇਖੁ.....’ ਵਾਲੀ ਨਸੀਹਤ ਯਾਦ ਆਉਂਦੀ ਹੈ, ਜੀਹਦੇ ਵਿਚੋਂ ਜਿ਼ੰਦਗੀ ਦਾ ਫਲਸਫਾ ਤੇ ਤਜ਼ੁਰਬਾ ਦੋਵੇਂ ਹੀ ਬੋਲਦੇ ਹਨ। ਲੋੜ ਪੈਂਦੀ ਹੈ ਅਜਿਹੇ ਨੁਕਤਿਆਂ ਨੂੰ ਸਮਝਣ ਵਾਲਿਆਂ ਦੀ ਜਿਹੜੇ ਅਜਿਹੇ ਸੁਨੇਹਿਆਂ ਦੀ ਭਾਵਨਾ ਨੂੰ ਫੜ ਸਕਣ। ਅੱਜ ਦੇ ਸਮੇਂ ਤਾਂ ਉਨ੍ਹਾਂ ਦੀ ਬਹੁਤੀ ਹੀ ਲੋੜ ਹੈ। ਪਰ ਕਿੱਥੇ ਤੇ ਕਿੰਨੇ ਕੁ ਹਨ ਉਹ? ਫੇਰ ਉਨ੍ਹਾਂ ਵਿਚੋਂ ਕਿੰਨੇ ਕੁ ਪੂਰੇ ਤੌਰ ’ਤੇ ਜਾਗਦੇ ਹਨ? ਲਿਖਣ ਕਾਰਜ ਮਨੁੱਖ ਦੀ ਉਤਪਤੀ ਤੋਂ ਕਿੰਨੀ ਦੇਰ ਬਾਅਦ ਹੋਂਦ ਵਿਚ ਆਇਆ? ਇਹਦੇ ਬਾਰੇ ਤਾਂ ਕਿਆਸ ਅਰਾਈਆਂ ਹੀ ਸੁਣੀਆਂ ਜਾ ਸਕਦੀਆਂ ਹਨ, ਪੱਕੀ ਤਰ੍ਹਾਂ ਕੁੱਝ ਵੀ ਨਹੀਂ ਕਿਹਾ ਜਾ ਸਕਦਾ। ਪਰ, ਲਿਖਣ ਕਾਰਜ ਹੈ ਬੜਾ ਔਖਾ। ਸੰਸਾਰ ਵਿਚ ਨਿੱਤ ਵਾਪਰਦੀਆਂ ਘਟਨਾਵਾਂ ਨੂੰ ਦੇਖਦੇ ਸੁਣਦੇ ਤਾਂ ਸਾਰੇ ਹੀ ਹਨ ਪਰ ਕੀ ਇਨ੍ਹਾਂ ਸਾਰੀਆਂ ਘਟਨਾਵਾਂ ਦਾ ਅਸਰ ਸਭ ’ਤੇ ਇੱਕੋ ਜਿਹਾ ਹੁੰਦਾ ਹੈ ਜਾਂ ਉਸਦੇ ਪ੍ਰਤੀਕ੍ਰਮ ਵਜੋਂ ਸਾਰੇ ਲੋਕ ਇਕੋ ਜਿਹਾ ਹੀ ਸੋਚਦੇ ਹਨ, ਇਕੋ ਜਿਹਾ ਹੀ ਰੁਖ ਅਪਣਾਉਂਦੇ ਹਨ?
ਅਜੇ ਤੱਕ ਤਾਂ ਅਜਿਹਾ ਸੰਭਵ ਨਹੀਂ ਹੋ ਸਕਿਆ। ਜਨਮ ਤੋਂ ਬਾਅਦ ਹਰ ਮਨੁੱਖ ਹੀ ਕਿਸੇ ਨਾ ਕਿਸੇ ਰੂਪ ਵਿਚ ਆਪਣੇ ਆਲੇ-ਦੁਆਲੇ ਦਾ ਪ੍ਰਭਾਵ ਕਬੂਲਦਾ ਹੈ ਕਿਉਂਕਿ ਉਹਨੂੰ ਅਜੇ ਇੱਥੋਂ ਕੁ ਤੱਕ ਦੀ ਹੀ ਸੋਝੀ ਹੁੰਦੀ ਹੈ। ਜਿਵੇਂ ਆਦਿ-ਕਾਲ ਦੇ ਸਮੇਂ ਮਨੁੱਖ ਜੰਗਲਾਂ ਵਿਚ ਰਹਿੰਦਿਆਂ ਆਪਣੇ ਕਬੀਲੇ ਬਾਰੇ ਸੋਚਦਾ ਸੀ। ਸਮਾਂ ਅੱਗੇ ਤੁਰਦਾ ਹੈ ਤਾਂ ਵਿਕਾਸ ਦੇ ਰਾਹੇ ਅੱਗੇ ਵਧਦਿਆਂ ਹੋਰ ਬਹੁਤ ਕੁੱਝ ਉਸਦੇ ਕੰਨੀਂ ਪੈਣ ਲਗਦਾ ਹੈ। ਇਸੇ ਰਾਹੇ ਅੱਗੇ ਤੁਰਦਿਆਂ ਉਹ ਬੋਲੀ, ਭਾਸ਼ਾ, ਧਰਮ, ਜਾਤ-ਪਾਤ, ਕੌਮ ਤੇ ਸਮਾਜ ਆਦਿ ਦੀ ਗੱਲ ਫੜਨ ਲਗਦਾ ਹੈ। ਕਈ ਲੋਕ ਇਸ ਨੂੰ ਆਮ ਜਾਂ ਸਾਧਾਰਨ ਵਰਤਾਰਾ ਸਮਝਦੇ ਹਨ ਪਰ ਸੂਝਵਾਨ ਲੋਕ ਇਸ ਦਾ ਨਿਰੀਖਣ ਕਰਦੇ ਹਨ। ਅਜਿਹਾ ਕਿਉਂ ਹੈ? ਅੱਗੇ ਕੀ ਤੇ ਕਿਵੇਂ ਹੋਵੇ? ਅਜਿਹੇ ਬਹੁਤ ਸਾਰੇ ਸਵਾਲ ਸਿਆਣੇ ਮਨਾਂ/ਸਿਰਾਂ ਵਿਚ ਹੋਰ ਸਵਾਲ ਪੈਦਾ ਕਰਦੇ ਹਨ। ਫੇਰ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦਾ ਕਾਰਜ ਸ਼਼ੁਰੂ ਹੁੰਦਾ ਹੈ। ਪਿੱਛੇ ਸ਼ੈਤਾਨ ਵੀ ਨਹੀਂ ਰਹਿੰਦਾ ਉਹ ਆਪਣੀ ਲਾਲਸਾ ਭਰੀ ਬਿਰਤੀ ਅਨੁਸਾਰ ਕਬਜ਼ੇ ਦੀ ਭਾਵਨਾ ਲੈ ਕੇ ਅੱਗੇ ਆਉਣ ਲਗਦਾ ਹੈ, ਸਮਾਜ ’ਤੇ ਕਬਜ਼ੇ ਦੀ ਭਾਵਨਾ। ਆਪਣੀ ਪੂਰਵ ਨਿਰਧਾਰਤ ਸੋਚ ਮੁਤਾਬਕ ਲੋਕ ਸਮੂਹਾਂ ਨੂੰ ਢਾਲਣਾਂ। ਆਪਣੇ ਆਲੇ-ਦੁਆਲੇ ਅਜਿਹੇ ਲੋਕ ਇਕੱਠੇ ਕਰਨੇ ਜੋ ਉਸਦੀ ਕਾਰਜ ਪੂਰਤੀ ਦੇ ਸਾਧਨਾ ਦਾ ਅੰਗ ਬਣਕੇ ਕਿਸੇ ਮਸ਼ੀਨੀ ਪੁਰਜੇ ਜਾਂ ਧਾਗਿਆਂ ਨਾਲ ਬੱਝੀ ਕਠਪੁਤਲੀ ਵਾਂਗ ਕੰਮ ਕਰ ਸਕਣ। ਇਤਿਹਾਸ ਨੂੰ ਫੋਲਦਿਆਂ ਅਜਿਹੀਆਂ ਨਾ ਮੁੱਕਣ ਵਾਲੀਆਂ ਮਿਸਾਲਾਂ ਮਿਲਦੀਆਂ ਹਨ। ਵਰਣ ਵੰਡ ਵਰਗੀ ਸਮਾਜੀ ਵਿਵਸਥਾ ਬਾਰੇ ਢੋਲ ਪਿੱਟਣਾ ਇਸੇ ਹਰਾਮੀ ਸੋਚ ਦਾ ਨਤੀਜਾ ਹੋ ਨਿੱਬੜਿਆ। ਇਹ ਉਨ੍ਹਾਂ ਲੋਕਾਂ ਨੇ ਪੈਦਾ ਕੀਤੀ ਜੋ ਮਨੁੱਖੀ ਨਿਰਾਦਰੀ ਦੇ ਸਭ ਤੋਂ ਵੱਡੇ ਠੇਕੇਦਾਰ ਬਣੇ ਪਰ ਪਤਾ ਨਹੀਂ ਕਿਵੇਂ ਫੇਰ ਵੀ ਦੇਵਤੇ ਕਹਾਏ। ਇਹ ਆਪਾ ਵਿਰੋਧੀ ਤਾਂ ਹੈ ਹੀ ਅਸਲੋਂ ਨਿੰਦਣਯੋਗ ਤੇ ਰੱਦ ਕਰਨ ਯੋਗ ਵੀ ਹੈ। ਇਨ੍ਹਾਂ ਦੇ ਪਿੱਛੇ ਲੱਗ ਕਾਬਜ਼ ਜਮਾਤ ਨੇ ਇਸ ਵਿਵਸਥਾ ਨੂੰ ਹੋਰ ਪੱਕਿਆਂ ਕੀਤਾ ਜਿਸ ਦੇ ਸਿੱਟੇ ਵਜੋਂ ਸਮਾਜ ਅੰਦਰ ਨਾ ਬਰਾਬਰੀ, ਨਫ਼ਰਤ ਤੇ ਲੁੱਟ ਨੇ ਜਨਮ ਲਿਆ।ਗੁਲਾਮਦਾਰੀ ਦਾ ਯੁੱਗ ਵੀ ਇਸੇ ਤਰ੍ਹਾਂ ਦੀ ਗਲੀ-ਸੜੀ ਤੇ ਮਾੜੀ ਸੋਚ ਵਿਚੋਂ ਨਿਕਲਦਾ ਹੈ। ਗੁਲਾਮ ਤੇ ਬਾਦਸ਼ਾਹ (ਮਾਲਕ) ਦੋਵੇਂ ਹੀ ਔਰਤ ਦੇ ਪੇਟੋਂ ਜਨਮ ਲੈਂਦੇ ਹਨ। ਪਰ ਝੂਠ ਦੇ ਪੁੱਤਰ “ਵਿਦਵਾਨ” ਕਹਾਉਣ ਵਾਲੇ “ਹਿੰਦੂ ਮਹਾਂਪੁਰਸ਼” ਇੱਥੋਂ ਤੱਕ ਕਹਿਣ ਚਲੇ ਗਏ ਕਿ ‘ਸ਼਼ੂਦਰ, ਢੋਰ, ਪਸ਼਼ੂ, ਔਰ ਨਾਰੀ–ਚਾਰੋਂ ਤਾੜਨ ਕੇ ਅਧਿਕਾਰੀ...’ ਅਜਿਹੀ ਪੁੱਠੀ ਖੋਪਰੀ ਵਾਲਿਆਂ ਨੇ ਪਸ਼਼ੂ ਤੇ ਆਪਣੀ ਹੀ ਮਾਂ ਨੂੰ (ਮਾਂ, ਜੋ ਜਗਤ ਦੀ ਜਣਨੀ ਹੈ) ਬਰਾਬਰ ਹੀ ਲਿਖ ਧਰਿਆ। ਕੀ ਪਾਗਲ ਤੋਂ ਬਿਨਾ ਹੋਰ ਕੋਈ ਮਨੁੱਖ ਅਜਿਹੇ “ਪ੍ਰਵਚਨ” ਮੂਹੋਂ ਕੱਢ ਸਕਦਾ ਹੈ? ਬਹੁਤ ਸਾਰੇ ਲੋਕ ਅਜੇ ਤੱਕ ਵੀ ਚਲਾਕੀ ਭਰੀ ਅਜਿਹੀ ਹੇਰਾਫੇਰੀ ਸਮਝਣ ਤੋਂ ਅਸਮਰਥ ਹਨ। ਉਨ੍ਹਾਂ ਨੂੰ ਪਸ਼਼ੂਆਂ ਵਾਲੀ ਗੂੰਗੀ ਜ਼ੁਬਾਨ ਲੱਗੀ ਹੈ। ਉਹ ਬੇਚਾਰੇ ਅਸਲੋਂ ਹੀ ਤਰਸ ਦੇ ਪਾਤਰ ਹਨ। ਇੱਥੇ ਇਹ ਵੀ ਸਮਝਣਾ ਚਾਹੀਦਾ ਹੈ ਕਿ ਸਮਾਜ ਅੰਦਰ ਚੱਲਦੇ ਮਾੜੇ ਵਰਤਾਰਿਆਂ ਬਾਰੇ ਵੀ ਬਹੁਤੇ ਲੋਕ ਚੁੱਪ ਹੀ ਰਹਿੰਦੇ ਹਨ। ਸੂਝ ਤੇ ਸੋਚਣ, ਸਮਝਣ ਵਾਲੇ ਮੈਦਾਨੇ ਨਿੱਤਰਦੇ ਹਨ। ਆਪੋ ਆਪਣੇ ਢੰਗ ਨਾਲ ਲੋਕ ਸਮੂਹਾਂ ਨੂੰ ਜਾਗ੍ਰਿਤ ਕਰਨ ਦੇ ਰਾਹੇ ਪੈਂਦੇ ਹਨ। ਸ਼ੈਤਾਨੀ ਭਰੀ ਮਾੜੀ ਸੋਚ ਵਾਲਿਆਂ ਵਲੋਂ ਔਰਤ ਨੂੰ ਪਸ਼਼ੂ ਨਾਲ ਤੁਲਨਾ ਦੇਣ ਦਾ ਵਿਰੋਧ ਬਾਬਾ ਨਾਨਕ “ ਸੋ ਕਿਓਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ......” ਦੇ ਸ਼ਬਦਾਂ ਨਾਲ ਕਰਦੇ ਹਨ। ਭਾਵੇ਼ ਕਿ ਅੱਜ ਦੀ ਸਿੱਖੀ ਦੇ ਠੇਕੇਦਾਰ ਬਾਬੇ ਨਾਨਕ ਵਾਲੀ ਸੁੱਚੀ ਭਾਵਨਾ ਨੂੰ ਨਿੱਤ ਦਿਨ ਨਕਾਰਦੇ ਹੀ ਨਜ਼ਰ ਆਉਂਦੇ ਹਨ। ਉਂਝ ਅਜਿਹੇ ਮਸਲਿਆਂ ਵਿਚ ਕਿਸੇ ਵੀ ਧਰਮ ਦੇ ਪੈਰੋਕਾਰਾਂ ਦਾ ਹੀ ਹਾਲ ਮਾਣ ਯੋਗ ਨਹੀਂ ਕਿਹਾ ਜਾ ਸਕਦਾ।
ਲੋਕ ਮਨਾਂ ’ਤੇ ਸਮਾਜਕ ਪ੍ਰਵਿਰਤੀਆਂ ਦਾ ਅਸਰ ਹੁੰਦਾ ਹੈ। ਇੱਥੇ ਹਾਂਅ ਪੱਖੀ ਤੇ ਨਾਂਹ ਪੱਖੀ ਵਿਚਾਰਾਂ ਦਾ ਭੇੜ ਹੁੰਦਾ ਹੈ। ਪਰ, ਜਿਵੇਂ ਇਹ ਦੇਖਿਆ ਜਾਂਦਾ ਹੈ ਕਿ ਸਮਾਜੀ ਰਿਸ਼ਤਿਆਂ ਦੀ ਬਹੁਤੀ ਨਿਰਭਰਤਾ ਆਰਥਿਕਤਾ ’ਤੇ ਹੁੰਦੀ ਹੈ ਅਤੇ ਆਰਥਿਕ ਨਿਜ਼ਾਮ ਦੀ ਡੋਰ ਸਿਆਸੀ ਤਾਕਤ ਦੇ ਕਿੱਲੇ ਨਾਲ ਬੱਝੀ ਹੁੰਦੀ ਹੈ। ਇਨ੍ਹਾਂ ਪੇਚੀਦਗੀਆਂ ਨੂੰ ਸਮਝਣਾ ਅਤੇ ਲੋਕ ਸਮੂਹਾਂ ਨੂੰ ਇਸ ਤੋਂ ਜਾਣੂ ਕਰਵਾ ਕੇ ਉਨ੍ਹਾਂ ਨੂੰ ਮੋਹ ਭਰੀ ਸੁੱਚੀ/ ਖਰੀ ਜਿ਼ੰਦਗੀ ਜੀਊਣ ਦਾ ਹੋਕਾ ਦੇਣਾ ਕੋਈ ਸੌਖਾ ਕਾਰਜ ਨਹੀਂ। ਕਿਉਂਕਿ ਸਮੇਂ ਨੇ ਅੱਗੇ ਵਲ ਹੀ ਤੁਰਨਾ ਹੁੰਦਾ ਹੈ। ਇਸ ਕਰਕੇ ਪਿਛਾਂਹ ਵਲ ਤੱਕਣਾ ਅੱਗੇ ਵਧਦੀ ਤੋਰ ਨੂੰ ਮੱਠਿਆਂ ਕਰਨ ਦਾ ਸਬੱਬ ਹੀ ਬਣ ਸਕਦਾ ਹੈ ਹੋਰ ਕੁੱਝ ਨਹੀਂ। ਇਸ ਤੋਂ ਬਚਿਆ ਜਾਣਾ ਬਹੁਤ ਜ਼ਰੂਰੀ ਹੈ। ਇੱਥੇ ਵੀ ਲਿਖਣ ਕਾਰਜ ਵਾਲੇ ਲੋਕ ਆਪਣੀ ਸਰਗਰਮੀ ਰਾਹੀਂ ਲੋਕ ਮਨਾਂ ਦੇ ਖੜ੍ਹੇ ਪਾਣੀ ਵਿਚ ਹਲਚਲ ਭਰੀਆਂ ਲਹਿਰਾਂ ਪੈਦਾ ਕਰਦੇ ਹਨ ਅਤੇ ਇਨ੍ਹਾਂ ਲਹਿਰਾਂ ਵਲੋਂ ਤੂਫਾਨ ਦਾ ਰੂਪ ਧਾਰ ਲੈਣ ਤੱਕ ਇਹ ਕਾਰਜ ਜਾਰੀ ਰਹਿੰਦਾ ਹੈ।
ਸ਼ੈਤਾਨ ਮਨ ਵੀ ਹੁਣ ਪਹਿਲਾਂ ਵਰਗਾ ਨਹੀਂ। ਇਸ ਕਰਕੇ ਹੀ ‘ਉਹ’ ਇਨ੍ਹਾਂ ਸੂਝਵਾਨਾਂ ਵਿਚੋਂ ਕੁੱਝ ਲੋਕਾਂ ਨੂੰ ਚੁਣਦੇ ਹਨ। ਆਪਣਾ ਹਥਿਆਰ ਬਣਾਉਂਦੇ ਹਨ ਉਨ੍ਹਾਂ ਨੂੰ (ਬਾਦਸ਼ਾਹ ਵੀ ਇੰਝ ਹੀ ਕਰਿਆ ਕਰਦੇ ਸਨ) ਅਤੇ ਚੰਗੀ ਜਿ਼ੰਦਗੀ ਜੀਊਣ ਦੀ ਚਾਹਤ ਲਈ ਲੜ ਰਹੇ ਅਵਾਮ ਦੇ ਰਾਹ ਵਿਚ ਕੰਡੇ ਖਿਲਾਰਨ, ਮੁਸ਼ਕਲਾਂ ਪੈਦਾ ਕਰਨ ਵਾਲਾ ਕੰਮ ਹੁਸਿ਼ਆਰੀ ਨਾਲ ਕਰਨ ਦਾ ‘ਠੇਕਾ’ ਦਿੰਦੇ ਹਨ। ਐਸ਼-ਅਰਾਮ, ਸੁਖ, ਧਨ-ਦੌਲਤ ਅਤੇ ਕਈ ਹੋਰ ਵੱਡੇ ਅਹੁਦਿਆਂ ਦੇ ਲਾਲਚ ਨਾਲ ਭਰਮਾਏ ਜਾਂਦੇ ਹਨ। ਇਸ ਤਰ੍ਹਾਂ ਕਈ ਕਲਮਾਂ ਭਾੜੇ ’ਤੇ ਵਿਕ ਜਾਂਦੀਆਂ ਹਨ। ਅਜਿਹੇ ਕਲਮਕਾਰ ਆਪਣੇ ਹੀ ਦੀਨ-ਈਮਾਨ ਨਾਲ ਧੋਖਾ ਕਰ ਜਾਂਦੇ ਹਨ। ਇਹੋ ਜਹੀਆਂ ਕਲਮਾਂ ਆਪਣੇ ਕੋਝ੍ਹੇ ਅਮਲ ਨਾਲ ਆਪਣੇ ਹੀ ਲੋਕਾਂ ਦੀ ਪਿੱਠ ਵਿਚ ਖੰਜਰ ਖੋਭ੍ਹਦੀਆਂ ਹਨ। ਇਹ ਤਾਂ ਹਰ ਸਮੇਂ ਅਤੇ ਹਰ ਯੁੱਗ ਵਿਚ ਹੁੰਦਾ ਰਿਹਾ ਹੈ। ਪਰ ਫੇਰ ਵੀ, ਲੋਕ ਸਮੂਹ ਹਾਰਨ ਵਾਲੀ ਸ਼ਕਤੀ ਹੁੰਦੇ ਹੀ ਨਹੀਂ। ਉਹ ਲੜਦੇ ਹਨ, ਸੰਘਰਸ਼ ਕਰਦੇ ਹਨ ਆਪਣੇ ਚੰਗੇ ਤੇ ਉਜਲੇ ਭਵਿੱਖ ਵਾਸਤੇ। ਇਤਿਹਾਸ ਇਸਦਾ ਸਦਾ ਹੀ ਗਵਾਹ ਰਿਹਾ ਹੈ। ਆਮ ਕਹੇ ਜਾਂਦੇ ਲੋਕਾਂ ਜਾਂ ਅਣਹੋਇਆਂ ਨੂੰ ਜੀਊਣ ਜੋਗਿਆਂ ਵਿਚ ਕਰਨਾ, ਉਨ੍ਹਾਂ ਨੂੰ ਉਨ੍ਹਾਂ ਦੀ ਹੋਂਦ ਦਾ ਡੂੰਘਾ ਅਹਿਸਾਸ ਕਰਵਾਉਣਾ ਕਲਮਾਂ ਵਾਲਿਆਂ ਦਾ ਮੁੱਖ ਕਾਰਜ ਹੁੰਦਾ ਹੈ। ਜਦੋਂ ਕਿਸੇ ਨੂੰ ਇਹ ਅਹਿਸਾਸ ਹੋ ਜਾਵੇ ਕਿ ਮੈਂ ਵੀ ਕੁੱਝ ਹਾਂ ਤਾਂ ਉਹ ਸੋਚਣ ਵੀ ਲੱਗ ਪੈਂਦਾ ਹੈ। ਮੈਂ ਕੀ ਹਾਂ? ਮੈਂ ਕਿਉਂ ਹਾਂ? ਮੈਂ ਕੀ ਕਰਨਾ ਹੈ? ਕੀ ਹੋਣਾ ਚਾਹੀਦਾ ਹੈ? ਜਾਂ ਇਹ ਕਿਵੇਂ ਹੋਵੇ? ਜਦੋਂ ਕਿਸੇ ਦੇ ਅੰਦਰ ਅਜਿਹੇ ਸਵਾਲ ਪੈਦਾ ਹੋਣ ਲੱਗ ਪੈਣ ਤਾਂ ਉਹ ਜਵਾਬ ਢੂੰਡਣ ਦੇ ਰਾਹੇ ਤੁਰਦਾ ਹੈ। ਆਪਣੇ ਵਰਗੇ ਹੋਰ ਸੁਹਜ ਤੇ ਸੁਹੱਪਣ ਭਰੀ ਜਿ਼ੰਦਗੀ ਦੀ ਭਾਲ ਕਰਨ ਵਾਲਿਆਂ ਦਾ ਸੰਗ ਕਰਨ ਵਲ ਤੁਰਦਾ ਹੈ। ਜਦੋਂ ਅਜਿਹੇ ਕਾਫਲੇ ਜੋਸ਼ ਅਤੇ ਹੋਸ਼ ਨਾਲ ਬੇਖੌ਼ਫ ਹੋ ਕੇ ਅੱਗੇ ਵਲ ਵਧਣਾ ਸ਼ੁਰੂ ਕਰਦੇ ਹਨ ਤਾਂ ਨਿਰਾਦਰੀ ਦੇ ਠੇਕੇਦਾਰ ਮੂੰਹ ਵਿਚ ਉਂਗਲਾਂ ਪਾਈ ਡੈਂਬਰੇ ਜਹੇ ਖੜ੍ਹੇ ਹੀ ਦੇਖਦੇ ਰਹਿ ਜਾਂਦੇ ਹਨ-ਆਪਣੇ ਆਪ ਨੂੰ ਕੋਸਦੇ ਹੋਏ। ਪਰ ਖਰੀ ਜਿ਼ੰਦਗੀ ਦੀ ਭਾਲ ਵਿਚ ਤੁਰੇ ਕਾਫਲਿਆਂ ਦੇ ਕਦਮ ਅੱਗੇ ਵਧਦੇ ਹਨ। ਇਸ ਤਰ੍ਹਾਂ ਚੰਗੀ ਤੇ ਸੁਹਜਮਈ ਜਿ਼ੰਦਗੀ ਜੀਊਣ ਦਾ ਅਹਿਸਾਸ ਤੇਜ ਤੋਰ ਦੇ ਰਾਹੇ ਪੈ ਜਾਂਦਾ ਹੈ।
****
No comments:
Post a Comment