ਪੜ੍ਹਨ ਦੀ ਚੇਟਕ

ਕੰਮ ਕੋਈ ਵੀ ਹੋਵੇ ਇਨਸਾਨ ਤਦ ਹੀ ਉਸਨੂੰ ਕਰਦਾ ਹੈ ਜੇ ਉਸਦੀ ਲੋੜ ਜਾਂ ਆਦਤ ਬਣ ਜਾਵੇ। ਚੰਗੀ ਆਦਤ ਪਾਉਣੀ ਕੋਈ ਸੌਖਾ ਕਾਰਜ ਨਹੀਂ ਸਗੋਂ ਇਹ ਬਹੁਤ ਹੀ ਔਖਾ ਹੈ ਪਰ ਹੈ ਬਹੁਤ ਜ਼ਰੂਰੀ। ਇਸਤੋਂ ਬਿਨਾ ਮਨੁੱਖ ਭਰਪੂਰ ਜਿ਼ੰਦਗੀ ਜੀਊਣ ਵਲੋਂ ਸੱਖਣਾ ਰਹਿ ਜਾਂਦਾ ਹੈ। ਸ਼ਰੀਕੇ ਭਾਈਚਾਰੇ ਅੰਦਰ ਪੈਦਾ ਹੋਈ ਬਦਮਗਜ਼ੀ ਦੀਆਂ ਕਿੜਾਂ ਕੱਢਣ ਲਈ ਕਈ ਵਾਰ ਲੋਕ ਮਿੱਠੇ ਹੋ ਕੇ ਕਿਸੇ ਦੂਸਰੇ ਨੂੰ ਥੱਲੇ ਲਾਉਣ ਵਾਸਤੇ ਉਨ੍ਹਾਂ ਦੀ ਔਲਾਦ ਨੂੰ ਮਾੜੀਆਂ ਆਦਤਾਂ ਜਾਂ ਨਸਿ਼ਆਂ ਆਦਿ ਦੇ ਵਸ ਪਾ ਕੇ ਭੈੜੇ ਰਾਹ ਪਾ ਦਿੰਦੇ ਹਨ ਜਿਸ ਦੇ ਸਿੱਟੇ ਵਜੋਂ ਉਸ ਮਨੁੱਖ ਦੀ ਜਿ਼ੰਦਗੀ ਤਬਾਹੀ ਵਲ ਵਧਦੀ ਹੈ। ਪਰ ਕਦੇ ਕਦੇ ਸ਼ਰੀਕੇ-ਭਾਈਚਾਰੇ ਵਿਚਲੇ ਲੋਕਾਂ ਦੇ ਦਿਲਾਂ ਵਿਚ ਜਾਗੀ ਅਪਣੱਤ ਸ਼ਰੀਕੇ ਵਿਚਲੀਆਂ ਮੋਹ ਦੀਆਂ ਤੰਦਾਂ ਨੂੰ ਪੱਕਿਆਂ ਕਰਨ ਦਾ ਕਾਰਜ ਨਿਭਾਉਂਦੀ ਹੈ। ਫੇਰ ਤਾਂ ਜੇ ਕਿਸੇ ਨੂੰ ਮਾੜੀ ਆਦਤ ਹੋਵੇ ਵੀ ਤਾਂ ਸ਼ਰੀਕੇ ਭਾਈਚਾਰੇ ਦੇ ਲੋਕ ਉਸ ਮਾੜੇ ਰਾਹ ਤੁਰੇ ਜਾਂਦੇ ਨੂੰ ਦੇਖਕੇ ਆਪਣਾ ਸਮਝ ਕੇ ਉੱਧਰੋਂ ਵਰਜਣਗੇ ਕਿ ਕਿਉਂ ਜਿ਼ੰਦਗੀ ਖਰਾਬ ਕਰਦੈਂ? ਅਕਲ ਕਰ ਬਈ, ਰਾਹ ਚੰਗੇ ਪਾਸੇ ਵੀ ਜਾਂਦਾ ਹੈ ਭਾਵ ਪਿਆਰ ਨਾਲ ਸਮਝਾਉਂਦੇ ਹਨ। ਇਸ ਤਰ੍ਹਾਂ ਦੇ ਅਪਣੱਤ ਭਰਪੂਰ ਵਿਹਾਰ ਨਾਲ ਪੁੱਠੇ ਰਾਹ ਤੁਰੇ ਜਾਂਦੇ ਮਨੁੱਖ ਦੇ ਚੰਗੇ ਪਾਸੇ ਤੁਰ ਪੈਣ ਦੀ ਆਸ ਕੀਤੀ ਜਾ ਸਕਦੀ ਹੈ। ਬਹੁਤ ਵਾਰ ਅਜਿਹਾ ਵਾਪਰ ਵੀ ਜਾਂਦਾ ਹੈ ਤੇ ਕਿਸੇ ਦੀ ਜਿ਼ੰਦਗੀ ਸੁਧਰ ਜਾਂਦੀ ਹੈ। ਪੜ੍ਹਨ ਦਾ ਸਬੰਧ ਆਮ ਤੌਰ ’ਤੇ ਜਮਾਤਾਂ ਪਾਸ ਕਰਨ ਨਾਲ ਹੀ ਗਿਣਿਆਂ ਜਾਂਦਾ ਹੈ ਜਾਂ ਡਿਗਰੀਆਂ ਲੈਣਾਂ ਹੀ ਗਿਣਿਆ ਜਾਂਦਾ ਹੈ। ਪਰ, ਇਹ ਪੂਰਾ ਸੱਚ ਨਹੀਂ ਸਗੋਂ ਅੱਧਾ ਸੱਚ ਹੈ। ਬੱਚਾ ਜੇ ਸਕੂਲ ਪੜ੍ਹਦਿਆਂ ਆਪਣੇ ਸਕੂਲੀ ਪਾਠ ਪੁਸਤਕਾਂ ਤੋਂ ਬਾਹਰਲੀ ਕੋਈ ਪੁਸਤਕ ਪੜ੍ਹਨੀ ਚਾਹੇ ਤਾਂ ਤਾਂ ਸਭ ਤੋਂ ਪਹਿਲੀ ਨਾਂਹ ਵੀ ਘਰੋਂ ਹੀ ਹੁੰਦੀ ਹੈ। ਜਿਨ੍ਹਾਂ ਘਰਾਂ ਵਿਚ ਅਜਿਹੀ ਫੁਰਸਤ ਨਾ ਹੋਵੇ ਤਾਂ ਗੱਲ ਸਮਝ ਆਉਂਦੀ ਹੈ। ਉਨ੍ਹਾਂ ਘਰਾਂ ਵਿਚ ਤਾਂ ਇਹਨੂੰ ਪੈਸੇ ਖੂਹ ਵਿਚ ਸੁੱਟਣਾ ਹੀ ਆਖਿਆ ਜਾਂਦਾ ਹੈ। ਜਿਨ੍ਹਾਂ ਘਰਾਂ ਵਿਚ ਮਾਇਕ ਪੱਖੋਂ ਸਥਿਤੀ ਠੀਕ ਹੋਵੇ ਉੱਥੇ ਨਾਂਹ ਕਰਨ ਦਾ ਕਾਰਨ ਅਗਿਆਨਤਾ ਹੀ ਹੋ ਸਕਦੀ ਹੈ। ਆਪਣੀ ਆਉਣ ਵਾਲੀ ਪੀੜ੍ਹੀ ਨੂੰ ਅਗਿਆਨਤਾ ਦੇ ਵਸ ਪਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।

ਪੜ੍ਹਨ ਦੀ ਆਦਤ ਜੇ ਬਚਪਨ ਤੋਂ ਪੈ ਜਾਵੇ ਤਦ ਹੀ ਇਸਦੇ ਅੱਗੇ ਵਧਣ ਦੇ ਸਬੱਬ ਪੈਦਾ ਹੁੰਦੇ ਹਨ। ਮਾਪੇ ਅਤੇ ਅਧਿਆਪਕ ਬੱਚੇ ਦੀ ਇਸ ਬੌਧਿਕ ਰੁਚੀ ਨੂੰ ਅੱਗੇ ਵਧਾਉਣ ਦਾ ਧੁਰਾ ਬਣਦੇ ਹਨ। ਮਾਪੇ ਆਪਣੇ ਬੱਚਿਆਂ ਵਾਸਤੇ ਬਹੁਤ ਸਾਰੀਆਂ ਲੋੜ ਦੀਆਂ ਚੀਜ਼ਾਂ ਖਰੀਦਦੇ ਹੀ ਰਹਿੰਦੇ ਹਨ। ਪਰ, ਅਜੇ ਤੱਕ ਵੀ ਬੱਚਿਆਂ ਵਾਸਤੇ ਸਕੂਲੀ ਸਲੇਬਸ ਤੋਂ ਬਾਹਰਲੀਆਂ ਭਾਵ ਸਹਿਤਕ ਰੁਚੀ ਪੈਦਾ ਕਰਨ ਵਾਲੀਆਂ ਪੁਸਤਕਾਂ ਖਰੀਦਣ ਦਾ ਰਿਵਾਜ ਆਮ ਨਹੀਂ ਹੈ। ਜਦੋਂ ਤੱਕ ਇਹ ਆਮ ਨਹੀਂ ਬਣਦਾ ਉਦੋਂ ਤੱਕ ਇਹ ਬੱਚਿਆਂ ਦੇ ਬਹੁ-ਪੱਖੀ ਬੌਧਿਕ ਵਿਕਾਸ ਰੋਕਣ ਵਾਲਾ ਅਮਲ ਹੀ ਰਹੇਗਾ। ਜਨਮ ਦਿਨ ਮਨਾਉਣ ਦੀ ਰੀਸ ਤਾਂ ਦਿਨੋਂ-ਦਿਨ ਵਧ ਰਹੀ ਹੈ। ਜਿੱਥੇ ਨਵੀਆਂ ਪੌਸ਼ਾਕਾਂ, ਖਾਣਿਆਂ, ਕੇਕਾਂ ਅਤੇ ਮੀਟ-ਸ਼ਰਾਬਾਂ ਵਾਲੀਆਂ ਪਾਰਟੀਆਂ ਉੱਤੇ ਦੂਜਿਆਂ ਨੂੰ ਦਿਖਾਉਣ ਜਾਂ ਧੌਂਸ ਜਮਾਉਣ ਵਾਸਤੇ ਦਿਲ ਖੋਲ੍ਹ ਕੇ ਪੈਸੇ ਖਰਚੇ ਜਾਂ ਰੋੜ੍ਹੇ ਜਾਂਦੇ ਹਨ। (ਜਿਨ੍ਹਾਂ ਕੋਲ ਹਰਾਮਦਾ ਪੈਸਾ ਹੈ ਉਨ੍ਹਾਂ ਦਾ ਇਸ ਪੱਖੋਂ ਹੋਰ ਵੀ ਮਾੜਾ ਹਾਲ ਹੈ) ਅਜਿਹੇ ਮੌਕੇ ਬੱਚੇ ਨੂੰ ਗੈਰ-ਜ਼ਰੂਰੀ ਤੇ ਉਹਦੀ ਨਾਪਸੰਦ ਵਾਲੇ ਤੋਹਫੇ ਵੀ ਬਥੇਰੇ ਦਿੱਤੇ ਜਾਂਦੇ ਹਨ। ਕੋਈ ਵਿਰਲਾ-ਟਾਵਾਂ ਹੀ ਹੁੰਦਾ ਹੈ ਜੋ ਬੱਚੇ ਨੂੰ ਪੁਸਤਕ/ਪੁਸਤਕਾਂ ਦੇਵੇ। ਤੋਹਫੇ ਵਿਚ ਪੁਸਤਕਾਂ ਦੇਣ ਵਲੋਂ ਬੱਚਿਆਂ ਨੂੰ ਭਲਾਂ ਵਾਂਝਿਆਂ ਕਿਉਂ ਰੱਖਿਆ ਜਾਂਦਾ ਹੈ? ਕੀ ਅਜਿਹੇ ਮੌਕੇ ਇਹ ਸਾਰਥਕ ਨਹੀਂ ਹੋ ਸਕਦਾ ਕਿ ਤੋਹਫੇ ਵਜੋਂ ਬੱਚੇ ਨੂੰ ਬੱਚਿਆਂ ਦੇ ਪੜ੍ਹਨ ਵਾਲੇ ਇਕ-ਦੋ ਮੈਗਜ਼ੀਨ/ਸਾਹਿਤਕ ਰਸਾਲੇ (ਉਹਦੀ ਉਮਰ ਅਨੁਸਾਰ) ਸਾਲ ਭਰ ਵਾਸਤੇ ਲੁਆ ਦਿੱਤੇ ਜਾਣ ਤਾਂ ਕਿ ਅਗਲੇ ਜਨਮ ਦਿਨ ਤੱਕ ਜਨਮ ਦਿਨ ਦਾ ਜਸ਼ਨ ਜਾਰੀ ਰਹੇ। ਸਕੂਲ ਜਾਣ ਸਮੇਂ ਬੱਚੇ ਉੱਤੇ ਬਹੁਤਾ ਪ੍ਰਭਾਵ ਜਾਂ ਅਸਰ ਅਧਿਆਪਕ ਦਾ ਹੁੰਦਾ ਹੈ। ਅਧਿਆਪਕ ਸੂਝਵਾਨ ਅਤੇ ਸਮਾਜ ਜਾਂ ਸਮਾਜਕ ਮਸਲਿਆਂ ਪ੍ਰਤੀ ਸੁਚੇਤ ਹੋਵੇ ਤਾਂ ਉਹ ਆਪਣੇ ਵਿਦਿਆਰਥੀਆਂ ਦਾ ਭਵਿੱਖ ਵਲ ਜਾਂਦਾ ਰਾਹ ਸੌਖਾ ਕਰਨ ਵਿਚ ਬਹੁਤ ਸਹਾਈ ਹੋ ਸਕਦਾ ਹੈ। ਉਹ ਆਪਣੇ ਵਿਦਿਆਰਥੀਆਂ ਦੇ ਪੱਲੇ ਜਿ਼ੰਦਗੀ ਦੀ ਸਾਰਥਕਤਾ ਪਾਵੇਗਾ। ਜੇ ਕੋਈ ਅਧਿਆਪਕ ਸਿਰਫ ਤਨਖਾਹ ਵਾਸਤੇ ਹੀ ਨੌਕਰੀ ਕਰ ਰਿਹਾ ਹੈ ਤਾਂ ਉਹ ਬੱਚਿਆਂ ਨੂੰ ਜਮਾਤਾਂ ਤਾਂ ਪਾਸ ਕਰਵਾ ਸਕਦਾ ਹੈ ਪਰ ਚਾਰੇ ਪਾਸੇ ਕੀ ਹੋ ਰਿਹਾ ਹੈ? ਕੀ ਗਲਤ ਕੀ ਠੀਕ? ਕੀ ਹੋਣਾ ਚਾਹੀਦਾ ਆਦਿ ਦੀ ਜਾਂ ਸਮਾਜ ਬਾਰੇ ਸਰਵਪੱਖੀ ਸੋਝੀ ਦੇਣ ਤੋਂ ਅਸਮਰਥ ਰਹੇਗਾ। ਇੰਜ ਸਵਾਲ ਤਾਂ ਸਵਾਲ ਹੀ ਰਹਿ ਜਾਣਗੇ। ਜਿਸ ਦੇ ਸਿੱਟੇ ਵਜੋਂ ਅੱਜ ਦਾ ਉਹ ਵਿਦਿਆਰਥੀ ਆਉਣ ਵਾਲੇ ਕੱਲ੍ਹ ਦਾ ਨਾਲਾਇਕ ਸਮਾਜੀ, ਧਾਰਮਕ, ਰਾਜਸੀ ਨੇਤਾ ਵੀ ਹੋ ਸਕਦਾ ਹੈ ਅਤੇ ਅਫਸਰਸ਼ਾਹ ਵੀ। ਫੇਰ ਸਮਾਜ ਕਿਹੜੇ ਪਾਸੇ ਜਾਵੇਗਾ? ਜੇ ਸਬੂਤ ਦੀ ਲੋੜ ਹੋਵੇ ਤਾਂ ਆਪਣੇ ਸਮਾਜ ਵਲ ਨਿਗਾਹ ਮਾਰ ਲੈਣੀ ਹੀ ਕਾਫੀ ਹੋਵੇਗੀ। ਬਹੁਤੇ, ਖਾਸ ਕਰਕੇ ਪੇਂਡੂ ਸਕੂਲਾਂ ਵਿਚ ਲਾਇਬ੍ਰੇਰੀ ਹੁੰਦੀ ਹੀ ਨਹੀਂ ਜਾਂ ਬਹੁਤੇ ਵਿਦਿਆਰਥੀਆਂ ਨੂੰ ਇਸ ਬਾਰੇ ਪਤਾ ਹੀ ਨਹੀਂ ਹੁੰਦਾ। ਜੇ ਲਾਇਬ੍ਰੇਰੀ ਹੋਵੇ ਵੀ ਜਦੋਂ ਤੱਕ ਛੋਟੇ ਹੁੰਦੇ ਕਿਸੇ ਬੱਚੇ ਨੂੰ ਪੜ੍ਹਨ ਦੀ ਆਦਤ ਨਾ ਪਾਈ ਹੋਵੇ ਤਾਂ ਉਹ ਪੜ੍ਹੇਗਾ ਕਿਵੇਂ? ਅਧਿਆਪਕ ਦਾ ਫ਼ਰਜ਼ ਬਣਦਾ ਹੈ ਇਸ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਏ। ਇਸੇ ਤਰ੍ਹਾਂ ਕਾਲਜਾਂ/ਯੂਨੀਵਰਸਟੀਆਂ ਅੰਦਰ ਵੀ ਹੈ। ਉੱਥੇ ਲਾਇਬ੍ਰੇਰੀਆਂ ਵੀ ਹਨ ਤੇ ਲਾਇਬ੍ਰੇਰੀਅਨ ਵੀ ਪਰ ਕੀ ਨਵੀਆਂ ਛਪੀਆਂ ਪੁਸਤਕਾਂ ਵੀ ਉੱਥੇ ਪਹੁੰਚਦੀਆਂ ਹਨ? ਫੰਡਾਂ ਦੀ ਘਾਟ ਜਾਂ ਫੇਰ ਬੱਜਟ ਦੇ ਘਾਟੇ ਦੀ ਮਜਬੂਰੀ ਹੇਠ ਆ ਕੇ ਪੁਸਤਕਾਂ ਵਾਲੇ ਹਿੱਸੇ ਨੂੰ ਲਕਵਾ ਮਾਰ ਜਾਂਦਾ ਹੈ?

ਬਾਹਰਲੇ ਮੁਲਕੀਂ ਜੋ ਇਸ ਖੇਤਰ ਵਿਚ ਹੁੰਦਾ ਹੈ ਉਸ ਵਲ ਦੇਖ ਕੇ ਹੈਰਾਨੀ ਵੀ ਹੁੰਦੀ ਹੇ ਤੇ ਖੁਸ਼ੀ ਵੀ। ਬੱਚਾ ਜੰਮਣ ਤੋਂ ਬਾਅਦ ਅਜੇ ਰੁੜ੍ਹਨਾ ਹੀ ਸ਼ੁਰੂ ਕਰਦਾ ਹੈ ਉਸ ਵਾਸਤੇ ਘਰ ਵਿਚ ਪੁਸਤਕਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਗੂੜ੍ਹੇ ਰੰਗਾਂ (ਗੂੜ੍ਹੇ ਰੰਗ ਬੱਚੇ ਦੀ ਨਜ਼ਰ ਵਾਸਤੇ ਵੀ ਠੀਕ ਹੁੰਦੇ ਹਨ) ਤੇ ਤਸਵੀਰਾਂ ਵਾਲੀਆਂ ਜੋ ਚੰਗੇ ਗੱਤੇ ਤੇ ਛਪੀਆਂ ਹੁੰਦੀਆਂ ਹਨ। ਜੇ ਬੱਚਾ ਉਸਨੂੰ ਮੂਹ ਵਿਚ ਪਾ ਲਵੇ ਤਾਂ ਉਹ ਸਿਹਤ ਵਾਸਤੇ ਨੁਕਸਾਨਦੇਹ ਨਹੀਂ ਹੁੰਦਾ, ਲੋਕ ਇਨ੍ਹਾਂ ਨੂੰ ਆਮ ਖਰੀਦਦੇ ਹਨ। ਜਦੋਂ ਬੱਚਾ ਕਿੰਡਰਗਾਰਟਨ (ਨਰਸਰੀ ਜਾਂ ਬਾਲਕੇਂਦਰ) ਵਲ ਦਾ ਰੁਖ ਕਰਦਾ ਹੈ ਤਾਂ ਉਸਨੂੰ ਅੱਖਰਾਂ ਤੇ ਹਿਣਸਿਆਂ ਨਾਲ ਜਾਣਕਾਰੀ ਕਰਵਾਉਂਦੀਆਂ ਤਸਵੀਰਾਂ ਵਾਲੀਆਂ ਪੁਸਤਕਾਂ ਖਰੀਦ ਕੇ ਦਿੱਤੀਆਂ ਜਾਂਦੀਆਂ ਹਨ। ਅਜਿਹਾ ਸਾਰਾ ਸਮਾਨ ਬਾਲ ਕੇਂਦਰ ਵਿਚ ਵੀ ਹੁੰਦਾ ਹੈ। ਇੱਥੇ ਇਹ ਵੀ ਯਾਦ ਰਹੇ ਕਿ ਛੋਟੀ ਉਮਰ ਦੇ ਬੱਚਿਆਂ ਵਾਸਤੇ ਤਸਵੀਰਾਂ ਤੋਂ ਬਿਨਾਂ ਪੁਸਤਕਾਂ ਬੱਚੇ ਦੀ ਕਿਤਾਬਾਂ ਵਲ ਵਧਦੀ ਰੁਚੀ ਨੂੰ ਉਦਾਸ ਕਰ ਸਕਦੀਆਂ ਹਨ। ਫੇਰ ਸਕੂਲ ਜਾਣ ਸਮੇਂ ਪਹਿਲੀ ਜਮਾਤ ਤੋਂ ਹੀ ਅਧਿਆਪਕਾਵਾਂ/ਅਧਿਆਪਕ ਬੱਚਿਆਂ ਨੂੰ ਉਨ੍ਹਾਂ ਦੇ ਸਲੇਬਸ ਦੀ ਪੜਾਈ ਕਰਵਾਉਣ ਦੇ ਨਾਲ ਨਾਲ ਸ਼ਹਿਰ ਅੰਦਰ ਪੁਸਤਕਾਂ ਦੀਆਂ ਦੁਕਾਨਾਂ ਅਤੇ ਲਾਇਬ੍ਰੇਰੀਆਂ ਵਿਚ ਲੈ ਕੇ ਜਾਂਦੇ ਹਨ, ਜਿੱਥੇ ਉਨ੍ਹਾਂ ਨੂੰ ਪੁਸਤਕਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਕਈ ਵਾਰ ਛੋਟੇ-ਮੋਟੇ ਤੋਹਫੇ ਵੀ। ਲਾਇਬ੍ਰੇਰੀ ਦੇ ਜੁੰਮੇਵਾਰ ਕਾਮੇ ਬੱਚਿਆਂ ਨਾਲ ਬੱਚਿਆਂ ਵਰਗੇ ਹੋ ਕੇ ਉਨ੍ਹਾ ਨੂੰ ਪੁਸਤਕਾਂ ਵਿਖਾਉਂਦੇ ਹਨ ਅਤੇ ਵੱਖੋ-ਵੱਖ ਵਿਸਿ਼ਆਂ ਤੇ ਛਪੀਆਂ ਪੁਸਤਕਾਂ ਬਾਰੇ ਜਾਣਕਾਰੀ ਦਿੰਦੇ ਅਤੇ ਬੱਚਿਆਂ ਵਲੋਂ ਪੁੱਛੇ ਹਰ ਸਵਾਲ ਦਾ ਜਵਾਬ ਦਿੰਦੇ ਹਨ। ਇਸੇ ਤਰ੍ਹਾਂ ਹੀ ਲਾਇਬ੍ਰੇਰੀਆਂ ਵਾਲੇ ਬਾਲ ਸਾਹਿਤ ਲਿਖਣ ਵਾਲੇ ਲੇਖਕਾਂ ਨੂੰ ਸੱਦ ਕੇ ਬੱਚਿਆਂ ਨਾਲ ਮਿਲਾਉਂਦੇ ਹਨ, ਉਹ ਬੱਚਿਆਂ ਨਾਲ ਆਪਣੇ ਜਹੇ ਹੋ ਕੇ ਵਿਚਰਦੇ ਹਨ। ਇਸ ਤਰ੍ਹਾਂ ਦੇ ਕਾਰਜ ਬੱਚਿਆਂ ਅੰਦਰ ਪੜ੍ਹਨ ਦੀ ਰੁਚੀ ਪੈਦਾ ਕਰਦੇ ਹਨ। ਲਾਇਬ੍ਰੇਰੀਆਂ ਅੰਦਰ ਜਿੱਥੇ ਹਰ ਵਿਸ਼ੇ ਨਾਲ ਸਬੰਧਤ ਪੁਸਤਕਾਂ ਮਿਲਦੀਆਂ ਹਨ ਉੱਥੇ ਹੀ ਬੱਚਿਆਂ ਵਾਸਤੇ ਵੀ ਭਾਰੀ ਗਿਣਤੀ ਵਿਚ ਪੁਸਤਕਾਂ ਰੱਖੀਆਂ ਜਾਂਦੀਆਂ ਹਨ। ਬੱਚਿਆਂ ਦੇ ਗੀਤਾਂ ਆਦਿ ਦੀਆਂ ਆਡੀਉ-ਵੀਡੀਉ ਕੈਸਿਟਾਂ ਵੀ ਰੱਖੀਆਂ ਜਾਂਦੀਆਂ ਹਨ।
ਲਾਇਬ੍ਰੇਰੀਆਂ ਵਾਲੇ ਲੋਕਾਂ ਨੂੰ ਆਪਣੇ ਮੈਂਬਰ ਬਣਾਉਂਦੇ ਹਨ। ਸਾਲ ਦਾ ਕਾਰਡ ਦਿੰਦੇ ਹਨ ਥੋੜੀ ਜਹੀ ਮੈਂਬਰਸਿ਼ੱਪ ਫੀਸ ਲਈ ਜਾਂਦੀ ਹੈ। ਸਕੂਲੀ ਵਿਦਿਆਰਥੀਆਂ ਤੋਂ 
ਉਨ੍ਹਾਂ ਦੇ ਨਾਂ ਤੇ ਦਿੱਤੇ ਕਾਰਡ ਦੇ ਬਦਲੇ ਕੋਈ ਮੈਂਬਰਸਿ਼ੱਪ ਫੀਸ ਨਹੀਂ ਲਈ ਜਾਂਦੀ। ਇਸ ਤਰ੍ਹਾਂ ਬੱਚੇ ਉੱਥੋਂ ਆਪਣੀ ਲੋੜ/ਸ਼ੌਕ ਵਾਲੀਆਂ ਪੁਸਤਕਾਂ ਲੈ ਜਾਂਦੇ ਹਨ ਅਤੇ ਪੜ੍ਹਨ ਤੋਂ ਬਾਅਦ ਮਿੱਥੀ ਮਿਆਦ (ਲੱਗਭੱਗ ਚਾਰ ਕੁ ਹਫਤੇ) ਦੇ ਅੰਦਰ ਹੀ ਵਾਪਸ ਕਰ ਜਾਂਦੇ ਹਨ। ਇਸੇ ਤਰ੍ਹਾਂ ਜਦੋਂ ਕਿਧਰੇ ਪੁਸਤਕ ਮੇਲੇ ਲਗਦੇ ਹਨ ਤਾਂ ਬੱਚਿਆਂ ਦਾ ਖਿਆਲ ਕਰਦਿਆਂ ਮੇਲੇ ਵਿਚ ਬਹੁਤ ਸਾਰੇ ਸਟਾਲ ਬਾਲ ਸਾਹਿਤ ਦੇ ਵੀ ਹੁੰਦੇ ਹਨ। ਪ੍ਰਕਾਸ਼ਕ ਆਪਣੇ ਸਟਾਲਾਂ ’ਤੇ ਬਾਲ ਸਾਹਿਤ ਲਿਖਣ ਵਾਲੇ ਲੇਖਕਾਂ ਨੂੰ ਸੱਦਦੇ ਹਨ , ਬੱਚਿਆਂ ਨਾਲ ਮਿਲਾਉਂਦੇ ਹਨ। ਮਾਪੇ ਵੀ ਪੁਸਤਕ ਮੇਲੇ ’ਤੇ ਜਾਣ ਸਮੇਂ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਹਨ।
ਤੁਸੀਂ ਕਿਧਰੇ ਵੀ ਜਾਉ ਡਾਕਟਰ ਦੇ, ਵਕੀਲ ਦੇ ਜਾਂ ਹਜਾਮਤਾਂ ( ਵਾਲ ਕੱਟਣ ਦੀ ਦੁਕਾਨ) ਵਾਲਿਆਂ ਦੇ ਜਿੱਥੇ ਕੁੱਝ ਸਮਾਂ ਉਡੀਕ ਕਰਨੀ ਪਵੇ ਤਾਂ ਉਡੀਕ ਵਾਲੇ ਕਮਰੇ ਵਿਚ ਵੱਖੋ-ਵੱਖ ਵਿਸਿ਼ਆਂ ਨਾਲ ਸਬੰਧਤ ਦਸ-ਪੰਦਰਾਂ ਮੈਗਜ਼ੀਨ ਪੜ੍ਹਨ ਵਾਸਤੇ ਮਿਲ ਹੀ ਜਾਣਗੇ। ਇਹ ਐਵੇਂ ਜਹੇ ਨਹੀਂ ਹੁੰਦੇ। ਅੰਦਾਜਾ ਤਾਂ ਇੱਥੋਂ ਹੀ ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਵਿਚ ‘ਡੇਅਰ ਸ਼ਪੀਗਲ’ (ਜੋ ਅੰਗਰੇਜ਼ੀ ਦੇ ਕੌਮਾਂਤਰੀ ਹਫਤਾਵਾਰੀ ‘ਨਿਊਜ਼ਵੀਕ’ ਜਾਂ ‘ਟਾਈਮ’ ਦੇ ਪੱਧਰ ਦਾ ਹੈ) ਤੇ ਇਸ ਵਰਗੇ ਹੋਰ ਹਫਤਾਵਾਰੀ ਵੀ ਹੁੰਦੇ ਹਨ। ਇਹ ਸਿਰਫ ਵੱਡਿਆਂ ਵਾਸਤੇ ਹੀ ਨਹੀਂ ਹੁੰਦੇ ਇਨ੍ਹਾਂ ਵਿਚ ਬੱਚਿਆਂ ਵਾਸਤੇ ਬਾਲ ਸਾਹਿਤ ਨਾਲ ਸਬੰਧਤ ਪਰਚੇ ਵੀ ਹੁੰਦੇ ਹਨ। ਸਗੋਂ ਛੋਟੇ ਬੱਚਿਆਂ ਵਾਸਤੇ ਤਾਂ ਖਿਡੌਣੇ ਵੀ ਹੁੰਦੇ ਹਨ। ਪੇਟਿੰਗ ਕਰਨ ਵਾਸਤੇ ਰੰਗਦਾਰ ਪੈਨਸਿਲਾਂ ਅਤੇ ਸਫੈਦ ਕਾਗਜ਼ ਵੀ ਬੱਚਿਆਂ ਵਾਸਤੇ ਰੱਖੇ ਹੁੰਦੇ ਹਨ। ਇਸ ਸਬੰਧ ਵਿਚ ਬੱਚਿਆਂ ਦੀ ਉਮਰ ਦੇ ਲਿਹਾਜ਼ ਨਾਲ ਖਿਆਲ ਰੱਖਿਆ ਜਾਂਦਾ ਹੈ। ਪੁਸਤਕ ਤੇ ਖਿਡੌਣਾ ਬੱਚੇ ਦੀ ਉਮਰ ਮੁਤਾਬਕ ਹੀ ਠੀਕ ਹੁੰਦੇ ਹਨ। ਲੋਕ ਜਦੋਂ ਛੋਟੇ ਸਫਰ ਤੇ ਵੀ ਕਿਧਰੇ ਜਾਂਦੇ ਹਨ (ਰੇਲ ਗੱਡੀਆਂ, ਬੱਸਾਂ ਆਦਿ ਰਾਹੀਂ) ਤਾਂ ਜਿੱਥੇ ਖਾਣ-ਪੀਣ ਵਾਲੇ ਸਮਾਨ ਦਾ ਖਿਆਲ ਰੱਖਿਆ ਜਾਂਦਾ ਹੈ ਨਾਲ ਹੀ ਆਪਣੇ ਤੇ ਬੱਚਿਆਂ ਵਾਸਤੇ ਪੜ੍ਹਨ ਵਾਲੀਆਂ ਪੁਸਤਕਾਂ ਤੇ ਮੈਗਜ਼ੀਨ ਵੀ ਨਾਲ ਲੈ ਕੇ ਜਾਂਦੇ ਹਨ, ਇਹੋ ਹਾਲ ਛੁੱਟੀਆਂ ਕੱਟਣ ਵੇਲੇ ਦੂਰ-ਦੁਰਾਡੇ ਜਾਣ ਵਾਲਿਆਂ ਦਾ ਹੁੰਦਾ ਹੈ। ਇਕੱਲੇ-’ਕੈਹਰੇ ਤਾਂ ਰੇਲ, ਬੱਸ ਵਿਚ ਬਹਿੰਦਿਆਂ ਹੀ ਆਪਣੀ ਪੁਸਤਕ ਕੱਢ ਕੇ ਪੜ੍ਹਨ ਲੱਗ ਪੈਂਦੇ ਹਨ। ਗੱਡੀਆਂ, ਟਰਾਮਾਂ ਆਦਿ ਰਾਹੀਂ ਕੰਮਾਂ ਉੱਤੇ ਜਾਣ ਵੇਲੇ ਵੀ ਲੋਕ ਇਸ ਵਕਤ ਨੂੰ ਪੜ੍ਹਨ ਲਈ ਵਰਤ ਲੈਂਦੇ ਹਨ। ਬੱਚੇ, ਜਵਾਨ ਤੇ ਅੱਧਖੜ ਹੀ ਨਹੀਂ ਬੁੱਢੇ ਲੋਕ ਵੀ ਆਪਣੀ ਪਸੰਦ/ਸੁਹਜ ਵਾਲੇ ਪੁਸਤਕਾਂ ਤੇ ਮੈਗਜ਼ੀਨ ਨਾਲ ਹੀ ਰੱਖਦੇ ਹਨ ਤੇ ਆਮ ਪੜ੍ਹਦੇ ਦੇਖੇ ਜਾ ਸਕਦੇ ਹਨ। ਮਕਾਨ ਪਾਉਣ ਵਾਸਤੇ ਨੀਂਹ ਦੀ ਲੋੜ ਪੈਂਦੀ ਹੈ- ਮਜ਼ਬੂਤ ਨੀਂਹ ਦੀ। ਜਿਸ ਸਮਾਜ ਨੇ ਆਪਣੇ ਲੋਕਾਂ ਦੀ ਸੂਝ-ਸਮਝ ਦੇ ਪੱਧਰ ਨੂੰ ਉੱਚਿਆਂ ਚੁੱਕਣਾਂ ਹੈ ਉਸ ਨੂੰ ਪੁਸਤਕਾਂ ਦੀ ਹਰ ਹੀਲੇ ਲੋੜ ਪਵੇਗੀ। ਪੁਸਤਕਾਂ ਪੜ੍ਹਨ ਦੀ ਚੇਟਕ ਲਾਉਣੀ ਪੈਂਦੀ ਹੈ। ਪੜ੍ਹਨ ਦੀ ਚੇਟਕ ਲਾਉਣ ਦਾ ਕਾਰਜ ਬਚਪਨ ਤੋਂ ਹੀ ਸ਼ੁਰੂ ਕਰਨਾ ਚਾਹੀਦਾ ਹੈ। ਇਸ ਨਾਲ ਬੱਚਾ ਬੌਧਿਕ ਤੌਰ ’ਤੇ ਅਮੀਰ ਹੁੰਦਾ ਹੈ। ਨਿੱਤ-ਦਿਹਾੜੇ ਦੁਨੀਆਂ ਦੇ ਹੋਰ ਲੋਕਾਂ, ਕੌਮਾਂ, ਮੁਲਕਾਂ ਅਤੇ ਸੱਭਿਆਚਾਰਾਂ ਦੀ ਨਵੀਂ ਜਾਣਕਾਰੀ ਮਿਲਦੀ ਹੈ। ਬੱਚਿਆਂ ਦੇ ਪਾਲਣ-ਪੋਸ਼ਣ ਵਿਚ ਪੁਸਤਕਾਂ ਜ਼ਰੂਰੀ ਗਿਣਿਆਂ ਜਾਣ ਵਾਲਾ ਹਿੱਸਾ ਹਨ। ਉਨ੍ਹਾਂ ਦੇ ਬਹੁਪੱਖੀ ਅਤੇ ਮਨੋਵਿਗਿਆਨਕ ਵਿਕਾਸ ਦਾ ਸਿਹਤਮੰਦ ਤੱਤ ਹਨ। ਇਸ ਤੋਂ ਬਿਨਾਂ ਬੱਚੇ ਦੇ ਵਿਕਾਸ ਵਿਚ ਉਣਤਾਈਆਂ ਰਹਿ ਜਾਣ ਦੀ ਸੰਭਾਵਨਾਂ ਬਣੀ ਰਹੇਗੀ। ਨਵੀਂ ਜਾਣਕਾਰੀ ਨਾਲ ਬੱਚੇ ਦੇ ਅੰਦਰਲਾ ਸਵੈ-ਵਿਸ਼ਵਾਸ ਹੋਰ ਤਕੜਾ ਹੁੰਦਾ ਹੈ। ਇਹ ਸਵੈ-ਵਿਸ਼ਵਾਸ ਹੀ ਹੁੰਦਾ ਹੈ ਜੋ ਮਨੁੱਖੀ ਜਿ਼ੰਦਗੀ ਦੇ ਬੌਧਿਕ ਵਿਕਾਸ ਅਤੇ ਰੂਹਾਨੀ ਟਿਕਾਅ ਦੀ ਰੀੜ ਦੀ ਹੱਡੀ ਹੁੰਦੀ ਹੈ। ਉਸ ਨੂੰ ਤਕੜਿਆਂ ਕਰਨਾ ਹਰ ਇਨਸਾਨ ਦਾ ਫ਼ਰਜ਼ ਹੈ।

***


No comments:

Post a Comment