ਸ਼ਬਦ ਦੀ ਦਾਤ

ਆਪਣੀਆਂ ਗੈਰ-ਹਕੀਕੀ ਖਾਹਿਸ਼ਾਂ ਨੂੰ ਹਰ ਹੀਲੇ ਪੂਰਿਆਂ ਕਰਨ ਵਾਲੀ ਜਿ਼ਦ ਕਰਨ ਦੀ ਹਓਮੈ ਇਕ ਅਜਿਹਾ ਰੋਗ ਹੈ ਕਿ ਇਹ ਜਿਸਨੂੰ ਵੀ ਚਿੰਬੜ ਜਾਵੇ ਉਹ ਇਨਸਾਨ ਦੇ ਜਾਮੇ ਵਿਚ ਵਿਚਰਦਿਆਂ ਹੋਇਆਂ ਵੀ ਕੁੱਝ ਓਪਰਾ ਜਿਹਾ ਲਗਦਾ ਹੈ। ਉਸ ਦੇ ਅੰਦਰ ਗੈਰ-ਜ਼ਰੂਰੀ, ਗੈਰ-ਕੁਦਰਤੀ ਅਤੇ ਅਣਮਨੁੱਖੀ ਅਲਾਮਤਾਂ ਪਲਦੀਆਂ ਹਨ। ਜਿਨ੍ਹਾਂ ਦੀ ਪੂਰਤੀ ਹੀ ਉਸ ਦੇ ਕਰਮ ਦਾ ਕੇਂਦਰ-ਬਿੰਦੂ ਬਣ ਜਾਂਦਾ ਹੈ, ਜੋ ਸਦਾ ਹੀ ਨਿਆਂ ਅਧਾਰਤ ਨਹੀਂ ਹੁੰਦਾ। ਅਸੀਂ ਆਮ ਕਰਕੇ ਬਹਾਨਿਆਂ ਰਾਹੀਂ ਕਿਸੇ ਢੁੱਕਵੇਂ ਮੌਕੇ ਕਿਸੇ ਦੂਸਰੇ ਨੂੰ ਕੁੱਝ ਦੇਣ ਦਾ ਜਤਨ ਕਰਦੇ ਹਾਂ। ਬਹੁਤ ਵਾਰ ਇਹ ਸਮਾਜੀ ਰਹੁ-ਰੀਤਾਂ ਦੇ ਅਸਰ ਵਾਲੇ ਦਬਾਅ ਹੇਠ ਹੀ ਕੀਤਾ ਜਾਂਦਾ ਹੈ। ਪਰ ਖੁੱਲੇ ਮਨ/ਦਿਲ ਨਾਲ ਕੀਤਾ ਗਿਆ ਇਹ ਹੀ ਕਾਰਜ ਜਿੱਥੇ ਉਸ ਵਿਅਕਤੀ ਪ੍ਰਤੀ ਚੰਗੀ ਭਾਵਨਾ ਦਾ ਪ੍ਰਤੀਕ ਬਣਦਾ ਹੈ। ਇਸ ਦੇ ਨਾਲ ਹੀ ਉਹ ਦੁਨੀਆਂ ਨੂੰ ਦੇਖਣ, ਪਰਖਣ ਦੀ ਨਵੀਂ ਸ਼ੁਰੂਆਤ ਕਰਦਾ ਹੈ ਅਤੇ ਸ਼ਬਦਾਂ ਦੇ ਆਸਰੇ ਮਨੁੱਖ ਦੇ ਅੰਦਰਲੀ ਸੰਵੇਦਨਸ਼ੀਲਤਾ ਗੂੜ੍ਹ-ਗਿਆਨ ਦੀ ਪ੍ਰਾਪਤੀ ਦੇ ਰਾਹੇ ਪੈਂਦੀ ਹੈ। ਇਤਿਹਾਸ ਵਿਚ ਦੇਖਦੇ ਹਾਂ ਕਿ ਬੋਲੀਆਂ ਦਾ ਭਾਸ਼ਾਵਾਂ ਬਣਨ ਤੱਕ ਦਾ ਸਫਰ ਬਹੁਤ ਲੰਬਾ ਹੈ-ਸਦੀਆਂ ਲੰਬਾਂ। ਕਦੇ ਪੱਤਲ਼ਾਂ ਤੇ ਲਿਖੀਆਂ ਜਾਂਦੀਆਂ ਲਿਖਤਾਂ ਅੱਜ ਕਿੱਥੇ ਪਹੁੰਚ ਚੁੱਕੀਆਂ ਹਨ, ਦੇਖ ਕੇ ਅਚੰਭਾ ਹੁੰਦਾ ਹੈ। ਸ਼ਬਦ ਦਾ ਪ੍ਰਚਾਰ-ਪਰਸਾਰ ਸਿੱਧਾ ਨਹੀਂ ਹੋਇਆ। ਕਾਫੀ ਦੇਰ ਪਹਿਲਾਂ ਈਸਾਈ ਮਿਸ਼ਨਰੀਆਂ ਨੇ ਆਪਣੇ ਅਕੀਦੇ ਦੇ ਪ੍ਰਚਾਰ ਹਿਤ ਸ਼ਬਦ ਦਾ ਆਸਰਾ ਲਿਆ ਅਤੇ ਆਪਣੇ ਵਿਚਾਰਾਂ ਨੂੰ ਧਾਰਮਕ ਸਥਾਨਾਂ ਤੋਂ
ਬਾਹਰ ਨਿਕਲ ਕੇ ਛਾਪੇਖਾਨੇ ਦੀ ਮੱਦਦ ਨਾਲ ਲੋਕਾਂ ਤੱਕ ਪਹੁੰਚਾਉਣ ਦਾ ਜਤਨ ਅਰੰਭਿਆ। ਇਸ ਤੋਂ ਬਾਅਦ ਹੋਰ ਛੋਟੀਆਂ-ਵੱਡੀਆਂ ਧਾਰਮਕ, ਸਮਾਜੀ ਤੇ ਸਿਆਸੀ ਲਹਿਰਾਂ ਨੇ ਵੀ ਇਸ ਰਾਹੇ ਤੁਰਨ ਦੀ ਕੋਸਿ਼ਸ਼ ਕੀਤੀ, ਇਸ ਰਾਹੀਂ ਉਹ ਆਪਣੇ ਮਕਸਦ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਕਾਫੀ ਹੱਦ ਤੱਕ ਕਾਮਯਾਬ ਹੋਏ। ਇਸ ਨਾਲ ਲੋਕਾਂ ਅੰਦਰ ਹੋਰ ਜਾਨਣ ਦੀ ਖਿੱਚ ਵਧੀ ਸਿੱਟੇ ਵਜੋਂ ਛਾਪੇਖਾਨੇ ਦਾ ਵੀ ਵਿਕਾਸ ਹੋਇਆ। ਮਗਰੋਂ ਨਵੀਂ ਤਕਨੀਕ ਨੇ ਇਸ ਖੇਤਰ ਵਿਚ ਨਵੀਆਂ ਪ੍ਰਾਪਤੀਆਂ ਦੇ ਦਰ ਖੋਲ੍ਹੇ। ਇੰਨਾ ਕੁੱਝ ਚੰਗਾ ਹੋਣ ਦੇ ਬਾਵਜੂਦ ਗੱਲ ਤਾਂ ਫੇਰ ਝਾੜੀਆਂ ਵਿਚ ਫਸਕੇ ਰਹਿ ਜਾਂਦੀ ਹੈ। ਜਦੋਂ ਦੇਖਦੇ ਹਾਂ ਕਿ ਅੱਜ ਦੀਆਂ ਧਾਰਮਕ, ਸਮਾਜਕ ਲਹਿਰਾਂ ਸ਼ਬਦ ਦਾਤ ਦੀ ਮਹੱਤਤਾ ਤੋਂ ਨਾ ਮੁਨਕਰ ਹੁੰਦੇ ਹੋਏ ਵੀ ਪ੍ਰਚਾਰ ਕਰਦੇ ਹੋਇਆਂ ਵੀ ਇਸ ਦੇ ਅਸਲ ਮਕਸਦ ਤੋਂ ਆਮ ਕਰਕੇ ਸੱਖਣੇ ਜਾਪਦੇ ਹਨ ਜਾਂ ਆਪਣੇ ਮੁੱਖ ਮਕਸਦ ਤੋਂ ਬਾਹਰਲੀਆਂ ਗਰਜ਼ਾਂ ਦੇ ਮਾਰੇ ਇਸ ਤੋਂ ਕੰਨੀਂ ਕਤਰਾਉਂਦੇ ਹਨ , ਭਾਵ ਬਿੱਲੀ ਦੇਖਕੇ ਚੂਹਾ ਅੱਖਾਂ ਮੀਟ ਰਿਹਾ ਹੈ। ਸਰਕਾਰਾਂ ਵਲੋਂ ਤਾਂ ਅਜਿਹੇ ਮਿਸ਼ਨਾਂ ਦੀ ਭੰਨ-ਤੋੜ ਸਮਝ ਪੈਂਦੀ ਹੈ। ਜਦੋਂ ਉਹ ਲੋਕਾਂ ਅੰਦਰ ਨਵੀਂ ਸੂਝ ਪੈਦਾ ਕਰਨ ਦੇ ਦਮਗਜ਼ੇ ਮਾਰਦੇ ਹਨ। ਉਸ ਝੂਠੇ ਪ੍ਰਚਾਰ ਦੇ ਆਸਰੇ ਲਾਮਬੰਦ ਕੀਤੀ ਥੋੜੀ-ਬਹੁਤੀ ਲੋਕ ਰਾਇ ਨੂੰ ਆਪਣੀਆਂ ਫੌੜ੍ਹੀਆਂ ਬਨਾਉਣਾ ਚਾਹੁੰਦੇ ਹਨ, ਕਿਉਂਕਿ ਸਿਆਸਤ ਨੇ ਜ਼ਮਾਨੇ ਦੇ ਰੰਗਾਂ ਅਤੇ ਢੰਗਾਂ ਨੂੰ ਆਪਣੀ ਧੌਂਸ ਹੇਠ ਰੱਖਣ ਦੇ ‘ਅਧਿਕਾਰ’ ਰਾਖਵੇਂ ਰੱਖੇ ਹੋਏ ਹਨ, ਅਤੇ ਸ਼ੈਤਾਨ ਬਿਰਤੀ ਹਰ ਹੀਲੇ ਉਹਦੇ ’ਤੇ ਆਪਣਾ ਕਬਜ਼ਾ ਜਾਰੀ ਰੱਖਣਾ ਚਾਹੁੰਦੀ ਹੈ। ਅਫਸੋਸ ਕਿ ਅਜੇ ਤੱਕ ਸਮਾਜ ਅੰਦਰ ਉਨ੍ਹਾਂ ਦੀ ਇਸ ‘ਕਾਮਯਾਬੀ’ ਨੂੰ ਮਾਨਤਾ ਪ੍ਰਾਪਤ ਹੈ। ਈਸਾਈ ਪ੍ਰਚਾਰਕਾਂ ਸਮੇਤ ਹੋਰ ਵੀ ਬਹੁਤ ਸਾਰੇ ਲੋਕ ਸ਼ਬਦ ਦਾ ਆਸਰਾ ਲੈਂਦੇ ਹਨ। ਉਹ ਆਪਣੇ ਹੱਕ ਵਿਚ ਪ੍ਰਚਾਰ ਕਰਨ ਵਾਸਤੇ ਆਪਣੇ ਖਜ਼ਾਨੇ ਵਿਚੋਂ (ਜੋ ਉਨ੍ਹਾਂ ਦੇ ਸ਼ਰਧਾਲੂਆਂ ਵਲੋਂ ਹੀ ਭਰਿਆ ਹੁੰਦਾ ਹੈ) ਖੁੱਲ੍ਹੇ ਦਿਲ ਨਾਲ ਧਨ ਖਰਚ ਕੇ ਕਿਤਾਬਾਂ/ਕਿਤਾਬਚੇ ਛਾਪਕੇ ਵੰਡਦੇ/ਵੇਚਦੇ ਹਨ। ਇਹਦੇ ਵਿਚੋਂ ਬਹੁਤ ਸਾਰੀ ਸਮਗਰੀ ਵਹਿਮਾਂ ਭਰੀਆਂ ਸਾਖੀਆਂ ਰਾਹੀਂ ਧੁੰਦ ਖਿਲਾਰਨ ਦਾ ਕਾਰਨ ਵੀ ਬਣਦੀ ਹੈ। ਇਸ ਲਈ ਉਹ ‘ਪ੍ਰਚਾਰਕ’ ਖੁਦ ਲੋਕਾਂ ਦੇ ਘਰਾਂ ਤੱਕ ਵੀ ਪਹੁੰਚ ਕਰਦੇ ਹਨ। ਕਾਫੀ ਗਿਣਤੀ ਵਿਚ ਵੱਡੀਆਂ ਵੱਡੀਆਂ ਕਿਤਾਬਾਂ ਮੁਫਤ ਜਾਂ ਨਿਗੂਣੀ ਜਹੀ ਕੀਮਤ ਬਦਲੇ ਦਿੰਦੇ ਹਨ। ਇਹ ਵੀ ਕੋਸਿ਼ਸ਼ ਕਰਦੇ ਹਨ ਕਿ ਵੱਧ ਤੋਂ ਵੱਧ ਜ਼ੁਬਾਨਾਂ ਰਾਹੀਂ ਉਨ੍ਹਾਂ ਦਾ ਪ੍ਰਚਾਰ ਬਹੁਤੇ ਲੋਕਾਂ ਤੱਕ ਪਹੁੰਚੇ। ਇਹਦੇ ਪਿੱਛੇ ਲੋਭ ਤਾਂ ਉਨ੍ਹਾਂ ਦਾ ਆਪਣਾ ਹੀ ਹੁੰਦਾ ਹੈ ਪਰ ਇਹ ਸਾਰਾ ਕੁੱਝ ਸ਼ਬਦ ਦੀ ਦਾਤ ਦੇ ਆਸਰੇ ਹੀ ਕੀਤਾ ਜਾਂਦਾ ਹੈ। ਸਾਡੇ ਭਲਾਂ ਇਸ ਦੇ ਉਲਟ ਕਿਉਂ ਹੁੰਦਾ ਹੈ। ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ( ਹਾਲ ਹੋਰ ਧਰਮਾਂ ਅਤੇ ਉਨ੍ਹਾਂ ਉੱਤੇ ਕਾਬਜ਼ “ਕਮੇਟੀਆਂ” ਦਾ ਵੀ ਇਹੋ-ਜਿਹਾ ਹੀ ਹੈ) ਇਸਦਾ ਸਾਲਾਨਾ ਬੱਜਟ ਵੀ ਕਾਫੀ ਵੱਡਾ ਸੁਣੀਂਦਾ ਹੈ। ਕਰੋੜਾਂ (?) ਰੁਪਏ ਇਸਦੀ ਚੋਣ ’ਤੇ ਖਰਚ ਕੀਤੇ ਜਾਂਦੇ ਸੁਣੀਂਦੇ ਹਨ। ਪਰ ਕਦੇ ਕਿਸੇ ਨਹੀਂ ਸੁਣਿਆਂ ਕਿ ਸ਼੍ਰੋਮਣੀ ਕਮੇਟੀ ਦੇ ਬੱਜਟ ਦਾ ਪੰਜ ਫੀਸਦੀ ਵੀ
ਲੋਕਾਂ ਅੰਦਰ ਸ਼ਬਦ ਦਾਤ ਦਾ ਪ੍ਰਚਾਰ ਕਰਨ ਵਾਸਤੇ ਖਰਚ ਕੀਤਾ ਜਾਂਦਾ ਹੋਵੇ। ਕਦੇ ਦੇਖਿਆ ਹੈ ਕਿਸੇ ਨੇ ਕਿ ਹਰ ਗੁਰਦੁਆਰੇ ਅੰਦਰ ਕਿਤਾਬਾਂ ਦੀ ਵੱਡੀ ਅਲਮਾਰੀ ਜਾਂ ਸ਼ੈਲਫ ਹੋਵੇ ਜਾਂ ਸਾਰੇ ਵੱਡੇ ਧਾਰਮਕ ਸਥਾਨਾਂ ਵਿਚ ਆਪਣੀ ਲਾਇਬ੍ਰੇਰੀ ਹੋਵੇ। ਜਿੱਥੋਂ ਇਤਿਹਾਸ, ਗੁਰਮਤਿ ਅਤੇ ਗੁਰੂ ਸਾਹਿਬਾਨ ਦੇ ਜੀਵਨ ਅਤੇ ਫਲਸਫੇ ਸਬੰਧੀ ਸਹੀ ਜਾਣਕਾਰੀ ਅਤੇ ਸਾਹਿਤ ਅਸਾਨੀ ਨਾਲ ਘੱਟ ਕੀਮਤ ’ਤੇ (ਜਾਂ ਮੁਫਤ) ਪ੍ਰਾਪਤ ਹੋ ਸਕੇ ਉਂਜ ਤਾਂ ਸਾਹਿਤ ਸਮੁਚੇ ਸੱਭਿਆਚਾਰ ਨਾਲ ਸਬੰਧਤ ਰੱਖਿਆ ਜਾਣਾ ਚਾਹੀਦਾ ਹੈ, ਕਿਉਂਕਿ ਧਰਮ ਸੱਭਿਆਚਾਰ ਦਾ ਹੀ ਅੰਗ ਹੈ) ਇਨ੍ਹਾਂ ਧਾਰਮਕ ਸਥਾਨਾਂ ਅੰਦਰ ਚਾਨਣੀਆਂ, ਕਨਾਤਾਂ, ਕੜਾਹੀਆਂ, ਪਰਾਤਾਂ, ਥਾਲ਼-ਥਾਲ਼ੀਆਂ ਤੇ ਬਾਟਿਆਂ ਆਦਿ ਦੀ ਤਾਂ ਬਥੇਰੀ ਭਰਮਾਰ ਹੈ। ਸਟੋਰ ਭਰੇ ਪਏ ਹਨ, ਜੇ ਇਹ ਕੁੱਝ ਹੈ ਤਾਂ ਸਾਹਿਤ ਕਿਉਂ ਨਹੀਂ? ਸ਼ਬਦ ਕਿਉਂ ਨਹੀਂ? ਇਹ ਸੋਚਣਾਂ ਤਾਂ ਬਣਦਾ ਹੀ ਹੈ। ਇਸ ਕਰਕੇ ਅੱਜ ਸੋਚਣ ਵਾਲੇ ਸਿਰਾਂ ਦੀ ਵੀ ਲੋੜ ਹੈ। ਸਿੱਖ ਧਰਮ ਦੀ ਭਾਵਨਾਂ ਹਰ ਵਿਅਕਤੀ ਨੂੰ ਸ਼ਬਦ ਦੇ ਲੜ ਲੱਗਣ ਦਾ ਸੱਦਾ ਦਿੰਦੀ ਹੈ। ਸ਼ਬਦ ਸਿਰਫ ਧਰਮ ਨਾਲ ਹੀ ਨਹੀਂ ਜੀਵਨ ਦੇ ਹਰ ਖੇਤਰ ਨਾਲ ਸਬੰਧਤ ਹਨ ਤੇ ਸੂਝ ਦਾ ਵਿਕਾਸ ਕਰਦੇ ਹਨ। ਪਰ ਜਿਨ੍ਹਾਂ ਧਰਮ ਪ੍ਰਚਾਰਕਾਂ ’ਤੇ ਵੱਡੀਆਂ ਰਕਮਾਂ ਖਰਚੀਆਂ ਜਾਂਦੀਆਂ ਹਨ ਉਨ੍ਹਾਂ ਨੇ ਆਪਣੇ ਪ੍ਰਚਾਰ ਨਾਲ ਕਿੰਨੇ ਕੁ ਲੋਕਾਂ ਨੂੰ ਸ਼ਬਦ ਦੇ ਲੜ ਲਾਇਆ ਹੈ? ਗੱਲ ਸਮਾਜੀ, ਸਿਆਸੀ ਤੇ ਸਾਹਿਤਕ ਪੱਧਰ ’ਤੇ ਵਿਚਰਦੀਆਂ ਲਹਿਰਾਂ ਬਾਰੇ ਵੀ ਹੋ ਸਕਦੀ ਹੈ। ਪਿਛਲੇ ਸਮੇਂ ਅੰਦਰ ਜਿਨ੍ਹਾਂ ਕੁੱਝ ਵਿਦਵਾਨਾਂ ਨੇ ਖੋਜ ਰਾਹੀਂ ਲੋਕਾਂ ਨੂੰ ਸ਼ਬਦ ਦੇ ਨੇੜੇ ਲਿਆਉਣ ਦਾ ਜਤਨ ਕੀਤਾ ਉਨ੍ਹਾਂ ਨੂੰ ‘ਧਰਮ’ ਤੇ ਕਾਬਜ਼, ਧਰਮੋਂ ਸੱਖਣੇ ਟੋਲੇ ਨੇ ਜ਼ਲੀਲ ਹੀ ਕੀਤਾ। ਗੱਲ ਇੱਥੇ ਮੰਗਤਿਆਂ ਦੀ ਵੀ ਕੀਤੀ ਜਾਣੀ ਚਾਹੀਦੀ ਹੈ। ਮਾਫ ਕਰਨਾ ਇਹ ਸੜਕਾਂ ਦੇ ਕੰਢੇ ਬੈਠੇ ਮੰਗਤੇ ਨਹੀਂ ਸਗੋਂ ਇਹ ਉਹ ਹਨ ਜੋ ‘ਵੱਡੇ ਲੋਕ’ ‘ਇੱਜ਼ਤਦਾਰ’ ‘ਮਾਣ-ਸਤਿਕਾਰ’ ਰੱਖਦੇ ਆਪਣੇ ਆਪ ਨੂੰ ‘ਚੌਧਰੀ ਸਾਹਿਬ’ ਜਾਂ ‘ਸਰਦਾਰ ਸਾਹਿਬ’ ਅਖਵਾਉਂਦੇ ਹਨ। ਜੋ ਸਮਾਜ ਅੰਦਰਲੇ ਹਰ ਧਰਮ, ਜਾਤ ਅਤੇ ਫਿਰਕੇ ਵਿਚ ਮਿਲਦੇ ਹਨ। ਉਹ ਵੱਡੇ ਅਹੁਦਿਆਂ ਤੇ ਬੈਠੇ ਛੋਟੇ-ਵੱਡੇ ਅਫਸਰ ਵੀ ਹੋ ਸਕਦੇ ਹਨ। ਵੱਡੀਆਂ ਵੱਡੀਆਂ ਕੋਠੀਆਂ, ਜਾਇਦਾਦਾਂ ਤੇ ਕਾਰਖਾਨਿਆਂ ਦੇ ਮਾਲਕ ਵੀ ਹੋ ਸਕਦੇ ਹਨ। ਇਨ੍ਹਾਂ ਮੰਗਤਿਆਂ ਦੀਆਂ ਕਰਤੂਤਾਂ ਉੱਤੇ ਹਰ ਕਿਸੇ ਨੂੰ ਸ਼ਰਮ ਆਉਂਦੀ ਹੈ ਅਤੇ ਤਰਸ ਵੀ। ਇਨ੍ਹਾਂ ਨੂੰ ਦੇਖ ਕੇ ਹਰ ਕਿਸੇ ਨੂੰ ਕਹਿਣਾ ਹੀ ਪੈਂਦਾ ਹੈ ਕਿ ਕਿੰਨੇ ਕਮੀਨੇ ਹੁੰਦੇ ਹਨ ਖਚਰੇ ਹਾਸੇ ਵਾਲੇ ਬੀਬੇ ਚਿਹਰੇ। ਬੇਸ਼ਰਮ, ਬੇਰਹਿਮ ਅਤੇ ਇਖ਼ਲਾਕੋਂ ਸੱਖਣੇ। ਧੀਆਂ-ਪੁੱਤਰਾਂ ਨੂੰ ਹਰ ਕੋਈ ਆਪਣਾ ਭਵਿੱਖ ਆਖਦਾ ਹੈ। ਚੰਗਾ ਪਾਲਣ-ਪੋਸ਼ਣ ਤੇ ਉੱਚ ਵਿੱਦਿਆ ਦਾ ਵਿਚਾਰ ਇੱਥੋਂ ਹੀ ਪੈਦਾ ਹੁੰਦੇ ਹਨ। ਪੁੱਤਰਾਂ ਨੂੰ ਉੱਚ ਵਿੱਦਿਆ ਤਾਂ ਆਪਣੇ ਬੁਢਾਪੇ ਨੂੰ ਆਸਰਾ ਦੇਣ ਦਾ ਵਿਚਾਰ ਅੱਗੇ ਰੱਖ ਕੇ ਹੀ ਦਿਵਾਈ ਜਾਂਦੀ ਹੈ- ਆਪਣੇ ਸੁਖ ਵਾਸਤੇ। ਜਦੋਂ ਲੋਕ ਧੀਆਂ ਨੂੰ ਉੱਚ ਵਿੱਦਿਆ ਦਿਵਾਉਂਦੇ ਹਨ ਤਾਂ ਧੀਆਂ ਦੇ ਭਵਿੱਖ ਨੂੰ ਸੁਖ ਨਾਲ ਭਰਨ ਦਾ ਵਿਚਾਰ ਵੀ ਹੁੰਦਾ ਹੈ ਅਤੇ ਉਨ੍ਹਾਂ ਦੇ ਅੰਦਰ ਸਵੈਮਾਣ ਪੈਦਾ ਕਰਨ ਦਾ ਵੀ। ਸਮਾਜਕ ਅਤੇ ਆਰਥਕ ਬਰਾਬਰੀ ਦਾ ਨੁਕਤਾ ਵੀ ਸਾਹਮਣੇ ਹੁੰਦਾ ਹੈ। ਚੰਗੇ ਸਮਾਜ ਦੀ ਸਿਰਜਣਾ ਵੀ ਚੰਗੀਆਂ ਮਾਵਾਂ ਹੀ ਕਰ ਸਕਦੀਆਂ ਹਨ। ਧੀਆਂ ਡਾਕਟਰ, ਅਧਿਆਪਕ, ਵਕੀਲ, ਇੰਜਨੀਅਰ ਤੇ ਸਫਲ ਘਰੇਲੂ ਔਰਤਾਂ ਵੀ ਬਣਦੀਆਂ ਹਨ, ਗੱਲ ਕੀ ਹਰ ਖੇਤਰ ਵਿਚ ਧੀਆਂ ਦੀ ਕਾਮਯਾਬੀ ਸਮਾਜ ਦੀ ਬਹੁਪੱਖੀ ਤਰੱਕੀ ਦੀ ਬੁਨਿਆਦ ਬਣਦੀ ਹੈ। ਜਦੋਂ ਧੀ ਦੀ ਸ਼ਾਦੀ ਦਾ ਵਕਤ ਆਉਂਦਾ ਹੈ ਤਾਂ ਆਮ ਕਰਕੇ ਧੀ ਦੇ ਬਾਪ ਦੇ ਘਰ ਛੋਟੇ-ਵੱਡੇ ਮੰਗਤੇ ਆਉਣ ਲਗਦੇ ਹਨ। ਰਿਸ਼ਤੇ ਵੇਲੇ ਕੁੜੀ ਦੀ ਵਿੱਦਿਆ, ਜੀਵਨ ਵਿਚ ਇਕੱਠੀ ਕੀਤੀ ਸ਼ਬਦ ਦਾਤ, ਗਿਆਨ-ਸੂਝ ਦੀ ਗੱਲ ਘੱਟ ਕੀਤੀ ਜਾਂਦੀ ਹੈ, ਪਰ ਕਾਰਾਂ, ਕੋਠੀਆਂ ਤੇ ਬੈਂਕ ਖਾਤਿਆਂ ਦੀ ਗੱਲ ਵੱਧ, ਮੰਗਤੇ ਜੁ ਹੋਏ। ਅਜਿਹੀਆਂ ਗੱਲਾਂ ਕਰਦਿਆਂ ਲੋਕ ਸ਼ਰਮ-ਹਯਾ ਦੀ ਪ੍ਰਵਾਹ ਨਹੀਂ ਕਰਦੇ। ਆਪਣੇ ਆਪ ਨੂੰ ਪੂਰੀ ਬੇਸ਼ਰਮੀ, ਬੇਹਯਾਈ ਅਤੇ ਢੀਠਤਾਈ ਨਾਲ ਪੇਸ਼ ਕਰਦੇ ਹਨ। ਕੁੜੀ ਦੇ ਬਾਪ ਨੇ ਆਪਣੀ ਧੀ ਨੂੰ ਉੱਚ ਵਿੱਦਿਆਂ ਦਿਵਾ ਕੇ ਸਮਾਜ ਅੰਦਰ ਉਹਦੇ ਮਾਣ ਤੇ ਸਵੈਮਾਣ ਦੀ ਧਰਤ ਤਿਆਰ ਕੀਤੀ ਹੁੰਦੀ ਹੈ। ਪਰ, ਦੂਜੇ ਬੰਨਿਉਂ ਗੱਲ ਹੀ ਹੋਰ ਹੁੰਦੀ ਹੈ। ਚਾਹੀਦਾ ਤਾਂ ਇਹ ਹੈ ਕਿ ਮੁੰਡੇ ਵਾਲੇ ਕੁੜੀ ਦੇ ਵਿਆਹ ਵੇਲੇ ਜੇ ਉਸਦੀ ਵਿੱਦਿਆ ਪ੍ਰਾਪਤੀ ’ਤੇ ਹੋਇਆ ਖਰਚ ਨਾ ਵੀ ਦੇਣ ਤਾਂ ਕੁੜੀ ਦੇ ਪਿਉ ਦਾ ਲੱਖ ਵਾਰ ਧੰਨਵਾਦ ਕਰਨ, ਜਿਨ੍ਹਾਂ ਨੇ ਸ਼ਬਦ ਦਾਤ ਨਾਲ ਉਨ੍ਹਾਂ ਦਾ ਘਰ ਭਰਿਆ ਹੁੰਦਾ ਹੈ। ਸ਼ਬਦਾਂ ਦੀ ਦਿੱਤੀ ਦਾਤ ਗੌਲ਼ੀ ਨਹੀਂ ਜਾਂਦੀ, ਦਾਜ ਘੱਟ ਲਿਆਉਣ ਕਰਕੇ ਕਈ ਵਾਰ ਜਾਨ ਜ਼ਰੂਰ ਲੈ ਲਈ ਜਾਂਦੀ ਹੈ ਜਾਂ ਫੇਰ ਰਾਤ-ਦਿਨ ਮਿਹਣਿਆਂ ਆਦਿ ਨਾਲ ਉਹਨੂੰ ਜ਼ਲੀਲ ਕੀਤਾ ਜਾਂਦਾ ਹੈ। ਪੁੱਛਿਆ ਜਾਣਾ ਚਾਹੀਦਾ ਹੈ ਕਿ ਛੋਟੇ-ਵੱਡੇ ਅਹੁਦਿਆਂ ’ਤੇ ਬੈਠੀਆਂ ਇਹ ਧੀਆਂ (ਨੂਹਾਂ ਬਣ ਜਾਣ ਤੋਂ ਬਾਅਦ ਵੀ) ਜੋ ਹਰ ਮਹੀਨੇ ਆਪਣੇ ਪਤੀ ਦੇ ਘਰ ਵਾਸਤੇ ਕਮਾਉਂਦੀਆਂ ਹਨ, ਉਹ ਉਸੇ ਸ਼ਬਦ-ਦਾਤ ਦੀ ਬਦੌਲਤ ਹੈ ਜੋ ਉਹ ਆਪਣੇ ਪਿਉ ਦੇ ਘਰੋਂ ਲੈ ਕੇ ਆਈਆਂ ਹੁੰਦੀਆਂ ਹਨ। ਕਈ ਵਾਰ ਸੂਝਹੀਣ ਲੋਕ ਆਪਣੀਆਂ ਸਿਆਣੀਆਂ ਧੀਆਂ ਨੂੰ ਅਹੁਦਿਆਂ, ਜਾਇਦਾਦਾਂ ਦੇ ਲਾਲਚਵਸ ਖੋਤਿਆਂ ਵਰਗੀ ਬੁੱਧੀ ਵਾਲੇ ਮੁੰਡਿਆਂ ਦੇ ਲੜ ਲਾ ਦਿੰਦੇ ਹਨ। ਫੇਰ ਲਾਲ ਨੂੰ ਖੋਤੇ ਦੇ ਲੜ ਬੰਨਣ ਦੀ ਕਹਾਵਤ ਸਾਰਾ ਜੱਗ ਦੇਖਦਾ ਹੈ। ਇਸ ਸਭ ਕੁੱਝ ਦੇ ਸੁਧਾਰ ਵਾਸਤੇ ਤਾਂ ਵੱਡੇ ਸਮਾਜੀ ਅੰਦੋਲਨ ਦੀ ਲੋੜ ਹੈ। ਸ਼ਬਦ ਦੀ ਦਾਤ ਨੂੰ ਨਕਾਰਨ ਵਾਲੇ ਤੋਂ ਵੱਡਾ ਮੂਰਖ ਤੇ ਉਜੱਡ ਹੋਰ ਕੋਈ ਨਹੀਂ ਹੁੰਦਾ।

****

1 comment: