ਹਿੰਸਾ ਤੇ ਬੱਚੇ

ਜੱਗ ਤੇ ਆਏ ਹਰ ਪ੍ਰਾਣੀ ਨੂੰ ਜੀਊਣ ਦਾ ਹੱਕ ਹੈ, ਪਰ ਬਹੁਤ ਸਾਰੇ ਜੀਊਂਦੇ ਨਹੀਂ, ਸਿਰਫ ਦਿਨ-ਕਟੀ ਕਰਨ ਲਈ ਮਜਬੂਰ ਕਰ ਦਿੱਤੇ ਜਾਂਦੇ ਹਨ, ਉਨ੍ਹਾਂ ਵਿੱਚੋਂ ਬਹੁਤ ਵੱਡੀ ਗਿਣਤੀ ਬੱਚਿਆਂ ਦੀ ਹੈ। ਜਿਨ੍ਹਾਂ ਦੇ ਬਚਪਨ ਨੂੰ ਵਧਣ-ਫੁਲਣ ਦੇ ਮੌਕੇ ਹੀ ਨਹੀਂ ਦਿੱਤੇ ਜਾਂਦੇ, ਸਗੋਂ ਉਨ੍ਹਾਂ ਦੇ ਅਰਮਾਨ ਕੁਚਲ ਦਿੱਤੇ ਜਾਂਦੇ ਹਨ। ਉਨ੍ਹਾਂ ਦੀ ਸ਼ਖਸੀਅਤ ਦੇ ਵਿਕਾਸ ਵਾਲੇ ਰਾਹ ਵਿੱਚ ਕੰਡੇ ਖਿਲਾਰ ਦਿੱਤੇ ਜਾਂਦੇ ਹਨ। ਦੁਨੀਆਂ ਅੰਦਰ ਬੱਚਿਆਂ ਵੱਲੋ ਜੁਰਮਾਂ ਦੇ ਰਾਹੇ ਪੈਣ ਦਾ ਬਹੁਤ ਰੌਲ਼ਾ ਪੈਂਦਾ ਹੈ, ਪਰ ਅਜਿਹਾ ਕਿਉਂ ਹੁੰਦਾ ਹੈ? ਕੌਣ ਹੈ ਇਸ ਦਾ ਜੁੰਮੇਵਾਰ? ਹੱਲ ਕੀ ਹੋਵੇ? ਆਦਿ ਸਵਾਲਾਂ ਨੂੰ ਵਿਗਾੜਨ ਜਾਂ ਦਬਾਉਣ ਦਾ ਸੁਚੇਤ ਜਤਨ ਵੀ ਕੀਤਾ ਜਾਂਦਾ ਹੈ। ਲੋਕਾਂ ਨੂੰ ਬੁੱਧੂ ਬਨਾਉਣ ਵਾਸਤੇ ਤਿਕੜਮ ਵਾਲੀਆਂ, ਬੇਸ਼ਰਮੀ ਭਰੀਆਂ ਕੁਚਾਲਾਂ ਚੱਲੀਆਂ ਜਾਂਦੀਆਂ ਹਨ। ਸਿਆਣੇ ਤੇ ਬੁੱਧੀਮਾਨ ਅਖਵਾਉਣ ਵਾਲੇ ‘ਮਹਾਂਪੁਰਸ਼’ ਵੀ ਇਸ ਕੰਮ ਲਈ ਵਰਤੇ ਜਾਂਦੇ ਹਨ। ਮੀਡੀਏ ਅੰਦਰ ਕੰਮ ਕਰਦੇ ਬਹੁਤ ਸਾਰੇ ਪੜ੍ਹੇ-ਲਿਖੇ ਤੇ ਉੱਚੇ ਅਹੁਦਿਆਂ ’ਤੇ ਬੈਠੇ ਆਪਣੇ ਇਨਸਾਨੀ ਤੇ ਕਾਨੂੰਨੀ ਫਰਜ਼ ਭੁੱਲ ਕੇ ਚਗਲ਼ ਸਿਆਸਤਦਾਨਾਂ ਤੇ ਭਾੜਚੀ ਬਣ ਕੇ ਕੰਮ ਕਰਦੇ ਹਨ। ਉਨ੍ਹਾਂ ਦੀਆਂ ਭੁੱਖੀਆਂ ਨਜ਼ਰਾਂ (ਰੂਹਾਂ) ਸੱਚ ਨੂੰ ਲੱਤ ਮਾਰ ਕੇ ਟੁਕੜਬੋਚ ਬਣ ਬੈਠਦੀਆਂ ਹਨ। ਦੱਲਿਆਂ ਵਾਲੀ ਅਉਧ ਹੰਢਾਂਉਣ ਦੇ ਰਾਹੇ ਪੈ ਜਾਂਦੇ ਹਨ, ਇਹ ਜੀਊੜੇ। ਜੇ ਬਹੁਤ ਕੁਝ ਨਾ ਕਹਿਣਾ ਹੋਵੇ ਤਾਂ ਇਹ ਹੀ ਕਿਹਾ ਜਾ ਸਕਦਾ ਹੈ ਕਿ ਉਹ ਖੁਦ ਆਪਣੀ ਜ਼ਮੀਰ ਦਾ ਹੱਥੀਂ ਕਤਲ ਕਰਕੇ ਫੇਰ ਆਪਣੀ ਮਾਨਸਿਕਤਾ ਨਾਲ ਵਾਰ ਵਾਰ ‘ਬਲਾਤਕਾਰ’ ਕਰਦੇ ਹਨ ।

ਪਛੜੇ ਤੇ ਗਰੀਬ ਮੁਲਕਾਂ ਦੀ ਗੱਲ ਹੀ ਨਿਆਰੀ ਹੈ, ਬੱਚੇ ਰੱਬ ਦੀ ਦਾਤ ਵਜੋਂ ਆਈ ਜਾਂਦੇ ਹਨ ਜਾਂ ਫਿਰ ਬਹੁਤ ਸਾਰਿਆਂ ਨੇ ਅਣ-ਜੰਮਿਆਂ (ਖਾਸ ਕਰਕੇ ਲੜਕੀਆਂ) ਦੇ ਕਤਲਾਂ ਦਾ ਰਾਹ ਫੜਿਆ ਹੋਇਆ ਹੈ। ਸਰਕਾਰ ਦੇ ਮੋਹਰੀ ਅੱਖਾਂ ਮੀਟ ਕੇ ਇਸ ਪੱਖੋਂ ਘੇਸਲ ਮਾਰੀ ਬੈਠੇ ਰਹਿੰਦੇ ਹਨ। ਪੈਸੇ ਦੇ ਭੁੱਖੇ ਜਿਹੜੇ ਕਿਸੇ ਦੀ ਜਾਨ ਦੀ ਪ੍ਰਵਾਹ ਵੀ ਨਹੀਂ ਕਰਦੇ ਵੱਡੇ ਮੁਨਾਫੇ ਕਮਾ ਰਹੇ ਹਨ । ਧਾਰਮਕ ਆਗੂ ਲੋਕਾਂ ਦੀਆਂ ਅਸਲ ਸਮੱਸਿਆਵਾਂ ਤੋਂ ਪਾਸਾ ਵੱਟਦਿਆਂ ਰੱਬ ਦੇ ਨਾਂ ਦਾ ਚੂਸਾ ਲੋਕਾਂ ਦੇ ਹੱਥ ਫੜਾ ਕੇ ਉਨ੍ਹਾਂ ਦਾ ਦਿਲ ਪ੍ਰਚਾਇਆ ਚਾਹੁੰਦੇ ਹਨ। ਬਹੁ-ਗਿਣਤੀ ਗਰੀਬ ਲੋਕਾਂ ਨੂੰ ਪੇਟ ਭਰ ਕੇ ਰੋਟੀ ਦੇ ਸੰਸੇ ਲੱਗੇ ਰਹਿੰਦੇ ਹਨ ਇਸ ਕਰਕੇ ਬੱਚਿਆਂ ਨੂੰ ਖੇਡਣ–ਮੱਲ੍ਹਣ ਦੀ ਉਮਰੇ ਹੀ ਘਰ ਦੇ ਜੀਆਂ ਵਾਸਤੇ ਰੋਟੀ-ਟੁੱਕ ਇੱਕਠਾ ਕਰਨ ਦੇ ਰਾਹੇ ਪਾ ਦਿੰਦੇ ਹਨ। ਕੋਈ ਬੂਟ ਪਾਲਿਸ਼ ਕਰੇ, ਕੋਈ ਹੋਟਲਾਂ-ਢਾਬਿਆਂ ’ਤੇ ਝੂਠੇ ਭਾਂਡੇ ਮਾਂਜੇ, ਕੋਈ ਕਿਸੇ ਨਾਲ ਸੀਰੀ/ਸਾਂਝੀ ਰਲਕੇ ਉਸ ਦੇ ਡੰਗਰ-ਪਸ਼ੂ ਚਾਰੇ, ਕੋਲੇ ਦੀਆਂ ਖਾਣਾਂ ਵਿੱਚੋਂ ਹੱਥੀਂ ਰੇਹੜੀ ਰੋੜ੍ਹ ਕੇ ਕੋਲਾ ਬਾਹਰ ਕੱਢੇ, ਇੱਟਾਂ ਦੇ ਭੱਠਿਆਂ ਤੇ ਪਥੇਰ ਦਾ ਕੰਮ ਕਰੇ, ਜਾਂ ਥੋੜਾ ਜਿਹਾ ਵੱਡਾ ਹੋਵੇ ਰਿਕਸ਼ਾ ਚਲਾਵੇ, ਪੱਲੇਦਾਰੀ ਕਰੇ ਜਾਂ ਹੋਰ ਕਿਸੇ ਅਜਿਹੇ ਧੰਦੇ ਦੇ ਭਾਰ ਹੇਠ ਆਇਆ ਹੋਵੇ। ਅਜਿਹੇ ਹੋਰ ਵੀ ਬਹੁਤ ਸਾਰੇ ਧੰਦੇ ਗਿਣਵਾਏ ਜਾ ਸਕਦੇ ਹਨ, ਜੋ ਸਿਹਤ ਲਈ ਅੱਤ ਦੇ ਹਾਨੀਕਾਰਕ ਹਨ। ਟੈਕਸਟਾਈਲ ਦੇ ਖੇਤਰ ਵਿੱਚ ਕਤਾਈ ਮਿੱਲਾਂ, ਧਾਗਾ ਰੰਗਣ, ਜੂਟ ਜਾਂ ਰਬੜ ਆਦਿ ਦੀਆਂ ਫੈਕਟਰੀਆਂ, ਲੋਹੇ ਦਾ ਤੇ ਲਕੜ ਦਾ ਬੂਰਾ ਆਦਿ ਵਾਲੇ ਥਾਵੀਂ ਕੰਮ ਕਰਨ ਵਾਲੇ ਬੱਚੇ ਟੀ. ਬੀ ਅਤੇ ਕੈਂਸਰ ਦੇ ਮਰੀਜ਼ ਹੋ ਜਾਂਦੇ ਹਨ ਜਾਂ ਫੇਰ ਹੋ ਜਾਣ ਦਾ ਡਰ ਬਣਿਆ ਰਹਿੰਦਾ ਹੈ। ਤਣਾਉ (ਸਟਰੈਸ), ਡਰ ਹੇਠ ਜੀਊਣਾ ਉਂਜ ਵੀ ਬੀਮਾਰੀ ਤੋ ਘੱਟ ਨਹੀਂ ਹੁੰਦਾ। ਮਨੁੱਖ ਦੇ ਅੰਦਰਲੇ ਤਣਾਉ ਨੂੰ ਬਹੁਤ ਸਾਰੀਆਂ ਬੀਮਾਰੀਆਂ ਦੇ ਲੱਗ ਜਾਣ ਦਾ ਕਾਰਨ ਗਿਣਿਆ ਜਾਂਦਾ ਹੈ। ਧਾਗਾ ਆਦਿ ਰੰਗਣ ਵਾਸਤੇ ਵਰਤੇ ਜਾਂਦੇ ਘਟੀਆਂ ਰੰਗਾਂ ਵਿੱਚੋ ਅਜਿਹੇ ਖਤਰਨਾਕ ਤੱਤ ਮਿਲਣ ਬਾਰੇ ਸੁਣਿਆ ਜਾਂਦਾ ਹੈ, ਜਿਸ ਨਾਲ ਕੈਂਸਰ ਆਦਿ ਹੋ ਜਾਣ ਦਾ ਡਰ ਹੁੰਦਾ ਹੈ। ਕੀ ਇਹ ਬੱਚਿਆਂ ’ਤੇ ਹਿੰਸਾ ਨਹੀਂ ? ਜਾਂ ਫੇਰ ਅੱਖਾਂ ਵਾਲੇ ਅੰਨ੍ਹੇ, ਪੜ੍ਹੇ ਲਿਖੇ ‘ਸਿਆਣੇ’, ਬੁੱਧੀਜੀਵੀ ਅਤੇ ਹਰਾਮੀ ਮਾਨਸਿਕਤਾ ਰੱਖਣ/ਹੰਢਾਉਣ ਵਾਲੇ ਸਿਆਸੀ ਲੀਡਰ ਇਸ ਨੂੰ ਕੀ ਨਾਂ ਦੇਣਗੇ?

ਜਦੋਂ ਗੱਲ ਜੁਰਮਾਂ ਦੀ ਤੁਰਦੀ ਹੈ ਤਾਂ ਇਹ ਨਹੀਂ ਭੁੱਲਣਾ ਚਾਹੀਦਾ ਕਿ ਦੁਨੀਆਂ ਦੇ ਪੱਧਰ ਤੇ ਅੱਜ ਮਾਫੀਆਂ ਹਰ ਥਾਵੇਂ ਮੋਹਰੀ ਹੈ (ਸਮੇਤ ਸਿਆਸਤ ਦੇ) ਫੇਰ ਤਾਂ ਉਹ ਹੀ ਹੋਊ ਜੋ ਉਹ ਚਾਹੁਣਗੇ। ਪੱਛਮੀ ਸਮਾਜ ਦੇ ਸੱਭਿਆ ਹੋਣ ਦੀਆਂ ਡੀਗਾਂ ਮਾਰਨ ਵਾਲਿਆਂ ਨੂੰ ਇਸ ਗੱਲ ਦਾ ਜਵਾਬ ਦੇਹ ਹੋਣਾ ਪੈਂਦਾ ਹੈ, ਦੇਹ ਵਪਾਰ (ਪੋਰਨੋਗਰਾਫੀ) ਦੇ ਧੰਦੇ ਵਿੱਚ ਬੱਚਿਆਂ ਦੁਆਰਾ ਬੇਥਾਹ ਡਾਲਰਾਂ ਦੀ ਕਮਾਈ, ਕੀ ਹਿੰਸਾ ਨਹੀਂ ਹੈ? ਕਿੱਡੀ ਵੱਡੀ ਗਿਣਤੀ ਹੈ ਉਨ੍ਹਾਂ ਪੱਛਮੀ ਲੋਕਾਂ ਦੀ ਜੋ ਜਿਨਸੀ ਭੁੱਖ ਤ੍ਰਿਪਤ ਕਰਨ ਲਈ ਥਾਈਲੈਂਡ, ਹਾਂਗਕਾਂਗ, ਫਿਲਪਾਈਨਜ਼ ਤੇ ਇੱਥੋਂ ਤੱਕ ਕਿ ਚੀਨ ਵੱਲ ਦੀ ‘ਸੈਰ’ ਕਰਨ ਨਿਕਲਦੇ ਹਨ। ਇਹ ਬੀਮਾਰ ਪਰ ਹਰਾਮੀ ਸੋਚ ਵਾਲੇ ਇੰਨੇ ਨਿਘਰੇ ਹੋਏ ਹਨ ਕਿ ਆਪਣੇ ਨਾਲ ‘ਸੌਣ’ ਵਾਸਤੇ ਘੱਟ ਤੋ ਘੱਟ ਉਮਰ ਦੇ ਬੱਚਿਆਂ ਦੀ ਮੰਗ ਕਰਦੇ ਹਨ। ਦੱਲਿਆਂ ਦੇ ਗਰੋਹ (ਸਰਪ੍ਰਸਤੀ ਇੱਥੇ ਵੀ ਮਾਫੀਏ ਦੀ ਹੈ, ਮਾਫੀਏ ਦੇ ਸਿਰ ’ਤੇ ਹੱਥ ਆਮ ਕਰਕੇ ਹਕੂਮਤੀ ਸਿਆਸਤਦਾਨਾਂ ਦਾ ਹੀ ਹੁੰਦਾ ਹੈ) ਇੰਟਰਨੈਟ ਤੱਕ ਨੂੰ ਇਸ ਵਾਸਤੇ ਵਰਤ ਰਹੇ ਹਨ। ਉਹ ਆਪਣੇ ਮੁਲਕ ਬੈਠੇ ਹੀ ਇਨ੍ਹਾਂ ਹਰਾਮੀਆਂ ਨਾਲ ਹਮਬਿਸਤਰ ਹੋਣ ਵਾਲੇ ਬੱਚੇ ਦੀ ਚੋਣ ਤੇ ਸੌਦਾ ਤੈਅ ਕਰਦੇ ਹਨ। ਇਨ੍ਹਾਂ ‘ਅੰਕਲ’ ਕਹਾਉਣ ਵਾਲੇ ਹਰਾਮੀ/ਬਦਮਾਸ਼ਾਂ ਵਲੋਂ ਬੱਚਿਆਂ ਨੂੰ ਸਰੀਰਕ ਪੱਖੋਂ ਰੱਜ ਕੇ ਕੋਹਿਆ ਜਾਂਦਾ ਹੈ। ਮਾਨਸਿਕ ਪੱਖੋਂ ਗਲੀਆਂ ਤੇ ਕੱਖਾਂ ਤੋ ਵੀ ਹੌਲ਼ਾ ਕਰ ਦਿੱਤਾ ਜਾਂਦਾ ਹੈ ਉਨ੍ਹਾਂ ਦੇ ਬਚਪਨ ਨੂੰ।

ਸਾਇੰਸ ਦੀਆਂ ਮਨੁੱਖ ਦੀ ਭਲਾਈ ਵਾਸਤੇ ਕੱਢੀਆਂ ਕਾਢਾਂ ਅੱਜ ਬਦਮਾਸ਼ਾ ਦੀ ਮਾਰ ਹੇਠੋਂ ਬਚੀਆ ਹੋਈਆਂ ਨਹੀਂ ਸਗੋ ਖੱਜਲ ਖੁਆਰ ਹੋ ਰਹੀਆਂ ਹਨ। ਪੈਸੇ ਦੀ ਹਵਸ ਵਿੱਚ ਗੁੰਮਿਆਂ ਗੁਆਚਿਆ ਮਨੁੱਖ ਆਪਣੇ ਤੇ ਆਪਣੇ ਬੱਚਿਆਂ ਦੇ ਭਵਿੱਖ ਤੋਂ ਬਹੁਤ ਹੀ ਬੇਖਬਰ ਹੈ । ਸਵਾਲ ਇਹ ਹੈ ਕਿ ਬੱਚਿਆਂ ਨੂੰ ਸੇਧ ਕਿਵਂੇ ਦਿੱਤੀ ਜਾਵੇ? ਅਨਹੋਣੀਆਂ ਤੋਂ ਕਿਵੇਂ ਬਚਿਆ/ਬਚਾਇਆ ਜਾਵੇ? ਸਰਕਾਰਾਂ ਵਿਚ ਬੈਠੇ ਲੋਕ ਆਪਣੇ ਆਪ ਨੂੰ ਅਤੇ ਆਪਣੇ ਫਰਜ਼ਾਂ ਨੂੰ ਪਹਿਚਾਨਣ। ਅੰਤਰਰਾਸ਼ਟਰੀ ਪੱਧਰ ਤੇ ਬੱਚਿਆਂ ਦੇ ਭਲੇ ਵਾਸਤੇ ਕੰਮ ਕਰਦੀਆਂ ਜੱਥੇਬੰਦੀਆਂ ਸਰਕਾਰਾਂ ਨੂੰ ਬੱਚਿਆ ਦੇ ਭਲੇ ਵਾਸਤੇ ਅਤੇ ਬੱਚਿਆਂ ਦੀ ਸੁਰੱਖਿਆ ਦੇ ਸਾਰੇ ਸਾਧਨ ਵਰਤਣ ਲਈ ਮਜਬੂਰ ਕਰਨ । ਸਿਆਣੇ ਲੋਕਾਂ ਦੀ ਅਗਵਾਈ ਸਮਾਜ ਨੂੰ ਸਿਹਤਮੰਦ ਭਵਿੱਖ ਦੇ ਸਕਦੀ ਹੈ। ਵਿੱਦਿਅਕ ਢਾਂਚੇ ਨੂੰ ਸੋਧਣਾ ਅਤੇ ਆਮ ਲੋਕਾਂ ਦੀ ਪਹੁੰਚ ਵਿਦਿਆ ਤੱਕ ਸੌਖੀ ਕਰਨੀ
ਲੋੜਾਂ ਦੀ ਲੋੜ। ਲੋਕਾਂ ਨੂੰ ਸਿਆਸਤ ਵਲੋਂ ਉਦਾਸੀਨਤਾ ਛੱਡ ਕੇ ਇਸ ਵਿੱਚ ਸਰਗਰਮ ਸ਼ਮੂਲੀਅਤ ਦੇ ਜਤਨ ਕਰਨੇ ਚਾਹੀਦੇ ਹਨ। ਜਿਸ ਰਾਹੀਂ ਆਉਣ ਵਾਲਾ ਕੱਲ੍ਹ ਭਾਵ ਅੱਜ ਦੇ ਬੱਚੇ ਖੁਸ਼ਗਵਾਰ ਮਹੌਲ ਵਿੱਚੋ ਲੰਘ ਕੇ ਆਪਣੇ ਤੇ ਸਮਾਜ ਉੱਤੇ ਮਾਣ ਕਰਨ ਦੇ ਯੋਗ ਹੋ ਸਕਣ ।

ਕੁੱਝ ਸਾਲ ਹੋਏ ਬੱਚਿਆਂ ਦੇ ਦਿਹਾੜੇ ਤੋਂ ਕੁਝ ਦਿਨ ਪਹਿਲਾਂ ਪੰਜਾਬ ਦੀ ਉਸ ਵੇਲੇ ਦੀ ਸਰਕਾਰ ਵਲੋਂ ਸਿਆਣੇ, ਬੁੱਧੀਮਾਨਾਂ ਅਤੇ ਅਕਲ ਵਾਲੇ ਲੋਕਾਂ, ਵਿਦਵਾਨਾਂ ਵਲੋਂ ਦਲੀਲ ਨਾਲ ਵਰਜਣ ਦੇ ਬਾਵਜੂਦ ਪੰਜਾਬ ਦੇ ਬੱਚਿਆਂ ਉੱਤੇ ਉਨ੍ਹਾਂ ਦੀ ਮਾਂ ਬੋਲੀ ਵੱਲੋ ਮੋਹ ਤੋੜਨ ਵਾਸਤੇ ਅੰਗਰੇਜੀ ਲਾਗੂ ਕਰਕੇ ਹਿੰਸਾ ਭਰਪੂਰ ਹਮਲਾ ਕੀਤਾ ਗਿਆ ਸੀ। ਆਪਣੇ ਹੀ ਆਉਣ ਵਾਲੇ ਕੱਲ੍ਹ ਨੂੰ ਕਲੰਕਿਤ ਕਰਨ ਦਾ ਸਭ ਤੋਂ ਵੱਡਾ ਜਤਨ ਸੀ ਇਹ। ਆਪਣੀ ਹੀ ਮਾਂ/ਮਾਂ ਬੋਲੀ ਨਾਲ ਧਰੋਹ ਕਮਾਉਣ ਵਾਲੀ ਅਕ੍ਰਿਤਘਣਤਾ। ਜਿਸ ਦੇ ਸਿੱਟੇ ਹੁਣ ਦੇਖਣ ਨੂੰ ਮਿਲ ਰਹੇ ਹਨ, ਪ੍ਰਾਇਮਰੀ ਸਕੂਲਾਂ ਵਿਚ ਅੰਗਰੇਜ਼ੀ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਖੁਦ ਅੰਗਰੇਜ਼ੀ ਨਹੀਂ ਆਉਂਦੀ ਨਾ ਹੀ ਉਨ੍ਹਾਂ ਨੂੰ ਅੰਗਰੇਜ਼ੀ ਪੜ੍ਹਾਉਣ ਦਾ ਗਿਆਨ ਹੈ, ਫੇਰ ਉਹ ਕਿਹੜੇ ‘ਚੰਦ’ ਚਾੜ੍ਹਨਗੇ? ਇਹ ਕਿਸੇ ਵਿਆਖਿਆ ਦੇ ਮੁਥਾਜ ਨਹੀਂ। ਬੱਚਿਆਂ ਨੂੰ ਨਾ ਅੰਗਰੇਜ਼ੀ ਆਉਂਦੀ ਹੈ ਨਾ ਪੰਜਾਬੀ। ਇਸਦਾ ਜੰਮੇਵਾਰ ਕੌਣ ਹੈ? ਉਹ ਲੋਕ ਜਿਨ੍ਹਾਂ ਨੇ ਪੰਜਾਬੀ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਵਾਲਾ ਅਕਲ ਵਿਹੂਣਾ ਫੈਸਲਾ ਕੀਤਾ ਸੀ। ਅੰਗਰੇਜ਼ੀ ਪੜ੍ਹੀ ਜਾਣੀ ਚਾਹੀਦੀ ਹੈ, ਦੁਨੀਆਂ ਦੀਆਂ ਹੋਰ ਜ਼ੁਬਾਨਾ ਵੀ ਪੜ੍ਹੀਆਂ ਜਾਣੀਆਂ ਚਾਹੀਦੀਆਂ ਹਨ, ਪਰ ਪਹਿਲੀ ਤੋਂ ਕਿਉਂ? ਪਹਿਲਾਂ ਪੰਜਾਬ ਦੇ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਬੋਲੀ ਦੇ ਆਸਰੇ ਆਪਣੀ ਪਹਿਚਾਣ ਤਾਂ ਹੋ ਲੈਣ ਦਿਉ। ਜਿਸ ਦੇ ਕੋਲ ਆਪਣਾ ਕੁਝ ਨਾ ਹੋਵੇ, ਉਹ ਬੇਗਾਨਾ ਹੋ ਜਾਂਦਾਂ ਹੈ, ਪੰਜਾਬ ਦੇ ਆਉਣ ਵਾਲੇ ਕੱਲ ਨੂੰ ਆਪਣੇ ਤੋਂ ਬੇਗਾਨਾ ਕਰਨਾ ਹਿੰਸਾ ਨਹੀਂ ਤਾਂ ਹੋਰ ਕੀ ਹੈ?

ਬੱਚਿਆਂ ਦੇ ਦਿਹਾੜੇ ਮਨਾੳਣ ਦਾ ਮਕਸਦ ਲੋਕਾਂ ਦੇ ਮਨਾਂ ਤੱਕ ਜਾਵੇ, ਇਸ ਕਾਰਜ ਲਈ ਸਿਆਣੇ ਲੋਕਾਂ ਨੂੰ ਜਾਗਣ ਦੀ ਲੋੜ ਹੈ। ਬੱਚਿਆਂ ਨੂੰ ਉਨ੍ਹਾਂ ਦਾ ਸੁਰੱਖਿਅਤ, ਮਕਸਦ ਭਰਪੂਰ ਭਵਿੱਖ ਦੇਣਾ ਸਿਰਫ ਸਰਕਾਰਾਂ ਦੀ ਹੀ ਨਹੀਂ ਸਗੋਂ ਸਮੁੱਚੇ ਸਮਾਜ ਦੀ ਜੁੰਮੇਵਾਰੀ ਹੈ। ਬੱਚਿਆਂ ਨੂੰ ਹਿੰਸਾ ਰਾਹੀਂ ਹਿੰਸਾ ਵੱਲ ਤੋਰਨ ਦੀਆਂ ਕੋਸਿ਼ਸ਼ਾਂ ਬੰਦ ਹੋਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਹੀ ਅਮਨ ਭਰੇ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੈ।

****

No comments:

Post a Comment