ਜਦੋਂ ਵੀ ਕੋਈ ਇਨਸਾਨ ਸੁਚੇਤ ਹੋ ਕੇ ਸਮਾਜ ਬਾਰੇ ਸੋਚਣ/ਸਮਝਣ ਲਗਦਾ ਹੈ ਤਾਂ ਉਸਦੀ ਰਾਤਾਂ ਦੀ ਨੀਂਦ, ਮਨ ਦਾ ਅਮਨ-ਚੈਨ ਝੋਰੇ ਦੇ ਵਸ ਪੈ ਜਾਂਦੇ ਹਨ। ਇਹ ਝੋਰਾ ਸਦਾ ਉਦਾਸੀ ਵਰਗਾ ਨਹੀਂ ਹੁੰਦਾ ਸਗੋਂ ਇਹ ਝੋਰਾ ਰੋਹ ਦਾ ਰੂਪ ਧਾਰਨ ਕਰਨ ਵਲ ਵਧ ਜਾਂਦਾ ਹੈ। ਜਾਗਦੀ ਜ਼ਮੀਰ ਵਾਲੇ ਅਨੁਭਵੀ ਉਹ ਕਰਮ ਚੁਣਨ ਲਈ ਮਜਬੂਰ ਹੋ ਜਾਂਦੇ ਹਨ ਜਿਹੜਾ ਭਾਵੇਂ ਦੁੱਖਾਂ, ਤਕਲੀਫਾਂ , ਤੰਗੀਆਂ ਅਤੇ ਕੰਡਿਆਂ ਭਰਿਆ ਹੁੰਦਾ ਹੈ। ਪਰ, ਉਸਦੇ ਅੰਦਰ ਅਵਾਮ ਦੀ ਵੱਡੀ ਗਿਣਤੀ ਅੰਦਰਲੀ ਗੁਰਬਤ, ਜੀਵਨ ਵਿਚ ਅਸਮਾਨਤਾ ਅਤੇ ਉਨ੍ਹਾਂ ਦੇ ਹੁੰਦੇ ਅਪਮਾਨ ਤੋਂ ਮੁਕਤੀ ਦਾ ਰਾਹ ਲੁਕਿਆ ਹੁੰਦਾ ਹੈ।
ਜਹਾਲਤ ਭਰੀ ਸੋਚ ਵਾਲੇ ਹਾਕਮਾਂ ਅਤੇ ਮੌਜੂਦਾ ਪ੍ਰਬੰਧ ਦੀ ਲੁੱਟ-ਖੋਹ ਵਾਲੀ ਕਮੀਨਗੀ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਅਤੇ ਉਸਤੋਂ ਸੁਚੇਤ ਕਰਨ ਵਾਲੇ ਕਲਮਕਾਰ ਆਪਣੀਆਂ ਰਚਨਾਵਾਂ ਰਾਹੀਂ ਲੋਕਾਂ ਨੂੰ ਇਸ ਸਭ ਕਾਸੇ ਬਾਰੇ ਸੋਚਣ ਵਲ ਤੁਰਨ ਦਾ ਹੋਕਾ ਦਿੰਦੇ ਹਨ ਜੀਹਦੇ ਨਾਲ ਜਿ਼ੰਦਗੀ ਖੁਬਸੂਰਤੀ ਵਲ ਵਧਣ ਦਾ ਰਾਹ ਫੜ੍ਹ ਲਵੇ। ਭਾਵੇਂ ਇਹ ਜਾਣੀ ਜਾਂਦੀ ਸਚਾਈ ਹੈ ਕਿ ਲੇਖਕ ਸਿੱਧੇ ਤੌਰ ’ਤੇ ਤਬਦੀਲੀ ਲਿਆਉਣ ਦੇ ਯੋਗ ਨਹੀਂ ਹੁੰਦੇ ਪਰ ਉਨ੍ਹਾਂ ਵਲੋਂ ਜੁੰਮੇਵਾਰੀ ਨਾਲ ਸਿਰਜੀਆਂ ਸੁਚੇਤ ਕਰਦੀਆਂ ਸੂਝ
ਭਰੀਆਂ ਈਮਾਨਦਾਰ ਅਤੇ ਸਮਰਥਾਵਾਨ ਲਿਖਤਾਂ ਅਵਾਮ ਦੇ ਮੱਥਿਆਂ ਦੀ ਲੋਅ ਨੂੰ ਤਿੱਖਿਆਂ ਕਰਨ, ਸਮਾਜ ਬਾਰੇ ਸੁਚੇਤ ਹੋ ਕੇ ਸੋਝੀ ਇਕੱਠੀ ਕਰਨ, ਸਮਾਜ ਅੰਦਰ ਪੈਂਦੇ ਵਿਗਾੜਾਂ ਨੂੰ ਸਮਝਣ/ਸਮਝਾਉਣ ਅਤੇ ਹੇਠੀ ਭਰੀ ਸਥਿਤੀ ਵਿਚੋਂ ਬਾਹਰ ਨਿਕਲਣ ਦਾ ਰਾਹ ਜ਼ਰੂਰ ਉਨ੍ਹਾਂ ਦੇ ਪੱਲੇ ਪਾਉਂਦੀਆਂ ਹਨ ਅਤੇ ਲੇਖਕ ਆਪਣੀਆਂ ਲਿਖਤਾਂ ਨਾਲ ਲੋਕਾਂ ਨੂੰ ਜੀਊਣ ਦੇ ਅਸਲ ਮਕਸਦ ਵਲ ਪ੍ਰੇਰਦੇ ਹਨ ਜਿਸ ਨਾਲ ਹੋਰ ਚੰਗਾ ਜੀਊਣ ਦੀ ਲਾਲਸਾ ਪੈਦਾ ਹੁੰਦੀ ਰਹੇ ਅਤੇ ਲੋਕ ਚੰਗੇ ਤੋਂ ਚੰਗੇਰੇ ਤੱਕ ਪਹੁੰਚਣ ਖਾਤਰ ਘੋਲ ਕਰਨ ਵਲ ਵਧਣ ਜਿਸ ਨਾਲ ਉਹ ਜਿ਼ੰਦਗੀ ਦੀ ਅਸਲੀਅਤ ਜਾਣ ਅਤੇ ਮਾਣ ਸਕਣ। ਰਚਨਾਕਾਰ ਆਮ ਲੋਕਾਈ ਦੇ ਰਾਹ ਦਸੇਰੇ ਬਣ ਜਾਂਦੇ ਹਨ। ਉਡਾਰੀ ਮਾਰਦੇ ਲੋਅ ਭਰੇ ਜੁਗਨੂਆਂ ਵਰਗੇ ਜਾਂ ਹਨੇਰੇ ਵਿਚ ਜਗਦੀ ਲਾਲਟੈਣ ਵਰਗੇ । ਲੇਖਕ ਦਰਦ ਵਿਚੋਂ ਨਪੀੜ ਹੋ ਕੇ ਰਚਨਾ ਕਰਦਾ ਹੈ। ਉਹ ਦਰਦ ਕਿਸੇ ਦਾ ਆਪਣਾ ਵੀ ਹੋ ਸਕਦਾ ਹੈ, ਲੋਕਾਈ ਦਾ ਵੀ , ਜਿਸ ਲੋਕਾਈ ਵਿਚ ਉਹ ਖੁਦ ਵੀ ਸ਼ਾਮਲ ਹੁੰਦਾ ਹੈ। ਸਮਾਜ ਦੀ ਨਬਜ਼ ’ਤੇ ਹੱਥ ਰੱਖਕੇ ਮਰਜ਼ ਟੋਹਣ ਵਾਲੇ ਵੈਦ ਵਰਗਾ ਅਤੇ ਕਦੇ ਉਸ ਮਰਜ਼ ਨੂੰ ਦੂਰ ਕਰਨ ਦੇ ਹੀਲੇ ਕਰਨ ਵਾਲੇ ਕਿਸੇ ਸਿਆਣੇ ਸਰਜਨ ਵਰਗਾ ਵੀ ਹੋ ਨਿਬੱੜਦਾ ਹੈ।ਇੰਨਾ ਕੁੱਝ ਕਰਨ ਦੇ ਬਾਵਜੂਦ ਸਾਡੇ ਸਮਾਜ ਅੰਦਰ ਲੇਖਕ ਦੀ ਨਾ ਤਾਂ ਅਜੇ ਤੱਕ ਸਨਮਾਨ ਯੋਗ ਥਾਂ ਹੈ ਅਤੇ ਨਾ ਹੀ ਉਸ ਨੂੰ ਉਸਦੀ ਮਿਹਨਤ ਦਾ ਪੂਰਾ ਕਿਰਤ ਫਲ ਮਿਲਦਾ ਹੈ। ਸੋਚਿਆ ਜਾਵੇ ਕਿ ਸੁਹਣੇ-ਸੁਨੱਖੇ ਮੌਸਮਾਂ ਵਿਚ ਜਦੋਂ ਲੋਕ ਉਸ ਰੁੱਤ ਦਾ ਅਨੰਦ ਮਾਣਦੇ ਹਨ, ਸੈਰਾਂ ਕਰਦੇ ਹਨ, ਕੁਦਰਤ ਦੇ ਸੁਹੱਪਣ ਭਰੇ ਨਜ਼ਾਰਿਆਂ ਨਾਲ ਇਕ-ਮਿਕ ਹੋ ਕੇ ਜਿ਼ੰਦਗੀ ਵਿਚ ਸੁਹਜ ਭਰ ਰਹੇ ਹੁੰਦੇ ਹਨ ਉਦੋਂ ਵੀ ਲੇਖਕ ਆਪਣੀ ਮੇਜ਼ ਦੁਆਲੇ ਬੈਠਾ ਆਪਣੀਆਂ ਲਿਖਤਾਂ ਨੂੰ ਲਿਖ ਸੋਧ ਰਿਹਾ ਹੁੰਦਾ ਹੈ। ਤੜਕੇ, ਦੁਪਿਹਰੇ ਅਤੇ ਸ਼ਾਮਾਂ ਨੂੰ ਉਹ ਲਫ਼ਜ਼ਾਂ ਸੰਗ ਵਿਚਰਦਾ ਹੈ। ੳਠਦਾ, ਬੈਠਦਾ, ਜਾਗਦਾ ਅਤੇ ਸੌਂਦਾ ਵੀ ਉਹ ਸੋਚੀਂ ਪਿਆ ਹੀ ਨਜ਼ਰ ਆਉਂਦਾ ਹੈ। ਲੋਕਾਂ ਦੇ ਦਰਦ ਨੂੰ ਆਪਣੇ ਸੀਨੇ ਰੱਖਕੇ ਆਪ ਪੀੜ ਹੰਢਾਉਂਦਾ ਹੈ। ਉਹ ਸਮਾਜ ਅੰਦਰ ਫੈਲੀ ਮਨੁੱਖ ਨੂੰ ਦੁੱਖ ਦੇਣ ਵਾਲੀ ਜ਼ਹਿਰ/ਗੰਦਗੀ ਨੂੰ ਜਿ਼ੰਦਗੀ ਦੇ ਰਾਹਾਂ ਵਿਚ ਖਿਲਰੇ ਕੰਡੇ ਸਮਝ ਕੇ ਆਪਣੇ ਪੋਟਿਆਂ ਨਾਲ ਚੁਗਣ ਦਾ ਯਤਨ ਕਰਦਾ ਹੈ। ਇਹ ਸੌਖਾ ਤਾਂ ਹੈ ਨਹੀਂ ਪਰ ਫੇਰ ਵੀ ਉਹਦਾ ਸਿਰੜ, ਸਿਦਕ ਅਤੇ ਲੋਕਾਈ ਵਾਸਤੇ ਚੰਗੇ ਦਿਨਾਂ ਦੇ ਆਉਣ ਦੀ ਆਸ ਉਸਦਾ ਮਾਰਗ ਦਰਸ਼ਨ ਕਰਦੀ ਰਹਿੰਦੀ ਹੈ । ਲੇਖਕ ਨੇ ਸਮਾਜ ਵਿਚ ਵਿਚਰਦਿਆਂ ਆਪਣੇ ਅਨੁਭਵ ਨਾਲ ਜਿੱਥੇ ਬਹੁਤ ਕੁੱਝ ਸਿੱਖਿਆ ਹੁੰਦਾ ਹੈ ਉੱਥੇ ਉਹਨੂੰ ਹੋਰ ਅਧਿਅਨ ਵਾਸਤੇ ਕਿਤਾਬਾਂ/ਅਖਬਾਰਾਂ/ਵੱਖੋ ਵੱਖ ਵਿਸਿ਼ਆਂ ਨਾਲ ਸਬੰਧਤ ਰਸਾਲਿਆਂ/ਮੈਗਜ਼ੀਨਾਂ ਦੀ ਵੀ ਲੋੜ ਪੈਂਦੀ ਹੈ ਤਾਂ ਜੋ ਉਹ ਵੱਖੋ ਵੱਖ ਵਿਸਿ਼ਆਂ ਸਬੰਧੀ ਹੋਰ ਜਾਣਕਾਰੀ ਅਤੇ ਬਹੁ ਪਰਤੀ ਗਿਆਨ ਪ੍ਰਾਪਤ ਕਰ ਸਕੇ।
ਪੇਂਡੂ ਲੇਖਕਾਂ ਦੀ ਖਾਸ ਤੌਰ ਤੇ ਇਹ ਮਜਬੂਰੀ ਹੈ ਕਿ ਉਨ੍ਹਾਂ ਵਾਸਤੇ ਨੇੜੇ ਕਿਸੇ ਲਾਇਬ੍ਰੇਰੀ ਆਦਿ ਦਾ ਪ੍ਰਬੰਧ ਨਾ ਹੋਣ ਕਰਕੇ ਚੰਗੀਆਂ ਕਿਤਾਬਾਂ ਪ੍ਰਾਪਤ ਕਰ ਸਕਣਾ ਵਸੋਂ ਬਾਹਰੀ ਜਹੀ ਗੱਲ ਲੱਗਣ ਲੱਗ ਪੈਂਦੀ ਹੈ ਅਤੇ ਇੰਨੀਆਂ ਕਿਤਾਬਾਂ ਖਰੀਦਣ ਦੇ ਉਹ ਯੋਗ ਨਹੀਂ ਹੁੰਦੇ। ਦੁੱਖਾਂ ਭਰਿਆ ਇਹ ਅਣਦਿਸਦਾ ਵਰਤਾਰਾ ਲੇਖਕ ਦੇ ਮਨ ਵਿਚ ਵਿਗੋਚਾ ਹੀ ਪੈਦਾ ਕਰਦਾ ਹੈ। ਅਤੇ ਇਸ ਰੋਸ ਵਿਚੋਂ ਕਦੇ ਕਦੇ ਰੋਹ ਵੀ ਪੈਦਾ ਹੁੰਦਾ ਹੈ। ਔਖੇ ਹੋ, ਲਿਖ ਕੇ ਆਪਣੇ ਪੱਲਿਉਂ ਪੈਸੇ ਖਰਚ ਕਿਤਾਬਾਂ ਛਪਵਾ ਕੇ ਫੇਰ ਉਨ੍ਹਾਂ ਦੇ ਨਾ ਵਿਕਣ ਦੀ ਚਰਚਾ ਨਿੱਤ ਦਿਨ ਹੁੰਦੀ ਹੀ ਰਹਿੰਦੀ ਹੈ ।ਇਸ ਮਾਮਲੇ ਵਿਚ ਲੇਖਕਾਂ ਨਾਲ ਵੱਡੀ ਪੱਧਰ ਉੱਤੇ ਵਿਤਕਰਾ ਵੀ ਹੁੰਦਾ ਹੈ ਅਤੇ ਉਨ੍ਹਾਂ ਦੀ ਲੁੱਟ ਵੀ ਹੁੰਦੀ ਹੈ। ਲੇਖਕ ਸਮਾਜ ਦੇ ਹੋਰ ਹਿੱਸਿਆਂ ਨੂੰ ਉਨ੍ਹਾਂ ਨਾਲ ਹੁੰਦੇ ਅਨਿਆਂ/ਵਿਤਕਰਿਆਂ ਦੇ ਖਿਲਾਫ ਘੋਲ਼ ਕਰਨ ਵਾਸਤੇ ਪ੍ਰੇਰਦੇ ਹਨ ,ਪਰ ਆਪਣੇ ਨਾਲ ਹੁੰਦੇ ਅਨਿਆਂ ਦੇ ਵਿਰੁੱਧ ਕੋਈ ਪਾਏਦਾਰ ਘੋਲ਼ ਨਹੀਂ ਵਿੱਢਦੇ। ਅਜਿਹਾ ਘੋਲ਼ ਜੋ ਉਨ੍ਹਾਂ ਦੇ ਪੱਲੇ ਇੱਜਤ ਮਾਣ ਅਤੇ ਕੀਤੀ ਕਿਰਤ ਦਾ ਮੁਨਾਸਬ ਮਿਹਨਤਾਨਾ ਪਾ ਸਕਦਾ ਹੈ ਅਤੇ ਉਨ੍ਹਾਂ ਨੂੰ ਇਨਸਾਫ ਦੇ ਬੂਹੇ ਤੱਕ ਵੀ ਪਹੁੰਚਾ ਸਕਦਾ ਹੈ, ਉਨ੍ਹਾਂ ਦੇ ਬੋਲ/ ਸ਼ਬਦ ਅਤੇ ਹੱਕ ਸੱਚ ਦੇ ਪਹਿਰੇ ਲਈ ਤੁਰਦੇ ਕਦਮ ਲੋਕਾਂ ਲਈ ਪ੍ਰੇਰਨਾ ਸ੍ਰੋਤ ਵੀ ਹੋ ਨਿਬੜਨਗੇ ।
ਜੇ ਇਸ ਹੀ ਮਸਲੇ ਬਾਰੇ ਮਿਸਾਲ ਵਜੋਂ ਕੁੱਝ ਕਹਿਣਾ ਹੋਵੇ ਤਾਂ ਬਾਹਰਲੇ ਸਮਾਜਾਂ ਨੂੰ ਦੇਖ ਲਿਆ ਜਾਣਾ ਚਾਹੀਦਾ ਹੈ ਜਿੱਥੇ ਵੱਡੀ ਗਿਣਤੀ ਵਿਚ ਪੇਸ਼ਾਵਰ ਲੇਖਕ ਹਨ ਅਤੇ ਉਹ ਇੱਜਤ ਮਾਣ ਨਾਲ, ਆਰਥਿਕ ਪੱਖੋਂ ਵੀ ਸੌਖੇ ਜੀਊਂਦੇ ਹਨ। ਭਾਵੇਂ ਕਿ ਇਨ੍ਹਾਂ ਸਮਾਜਾਂ ਵਿਚ ਵੀ ਨਵੇਂ ਲੇਖਕ ਨੂੰ ਬਹੁਤ ਸੰਘਰਸ਼ ਵਿਚੋਂ ਲੰਘਣਾਂ ਪੈਂਦਾ ਹੈ । ਪਰ ਆਪਣੇ ਤਾਂ ਸਥਾਪਤ ਲੇਖਕ ਵੀ ਜੇ ਉਹ ਜੁਗਾੜੀ ਨਾ ਹੋਣ ਤਾਂ ਉਹ ਸਾਰੀ ਉਮਰ ਹੀ ਧੱਕੇ-ਧੌੜੇ ਦੇ ਵਸ ਪਏ ਰਹਿੰਦੇ ਹਨ। ਲੇਖਕਾਂ ਵਿਚੋਂ ਵੱਡੇ ਅਹੁਦਿਆਂ ਉੱਤੇ ਬਿਰਾਜਮਾਨ ਸਾਧਾਰਨ ਜਹੇ ਲੇਖਕ ਵੀ ਆਪਣੇ ਆਪ ਨੂੰ ਵੱਡਾ ‘ਸਿੱਧ’ ਕਰਵਾ ਲੈਂਦੇ ਹਨ। ਇਹ ਉਨ੍ਹਾਂ ਦੀ ਵੱਡੇ ਅਹੁਦੇ ਦੀ ‘ਅਸਲੀ ਕਾਰਗੁਜ਼ਾਰੀ’ ਹੁੰਦੀ ਹੈ। ਕਈ ਵਾਰ ਇਹ ਵੱਡੇ ਅਹੁਦਿਆਂ ਵਾਲੇ ਵਿਤਕਰਾ ਵੀ ਆਪਣੀ ਹੀ ‘ਬਿਰਾਦਰੀ’ ਨਾਲ ਕਰ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਆਪਣਾ ਨੰਗ ਦਿਸਣ ਲੱਗ ਪਵੇ। ਉਦੋਂ ਉਹ ਬੇਸ਼ਰਮੀ ਦਾ ਸਹਾਰਾ ਲੈਂਦੇ ਹਨ, ਹਉਮੈਂ ਦੇ ਵਸ ਪੈਕੇ ਨਿਮਰਤਾ ਤੋਂ ਕਿਨਾਰਾ ਕਰ ਜਾਂਦੇ ਹਨ। ਆਪਣੀਆਂ ਖਰੀਦੀਆਂ “ਫੀਤੀਆਂ” ਹੀ ਉਨ੍ਹਾਂ ਨੂੰ ਆਪਣੀ ਅਸਲੀ ਯੋਗਤਾ ਦਿਸਣ ਲੱਗ ਪੈਂਦੀ ਹੈ ਭਾਵੇਂ ਕਿ ਇਹ ਸੱਚ ਬਿਲਕੁਲ ਨਹੀਂ ਹੁੰਦਾ। ਝੂਠ ਸੱਚ ਵਰਗਾ ਵੀ ਦਿਸਦਾ ਹੋਵੇ ਤਾਂ ਵੀ ਝੂਠ ਹੀ ਰਹਿੰਦਾ ਹੈ।
ਕੰਮ ਕੋਈ ਵੀ ਹੋਵੇ ਅਤੇ ਉਹਨੂੰ ਕੋਈ ਵੀ ਕਰੇ ਉਸਨੂੰ ਉਸਦੀ ਮਿਹਨਤ ਦਾ ਮੁੱਲ ਤਾਂ ਮਿਲਣਾਂ ਹੀ ਚਾਹੀਦਾ ਹੈ ਜੇ ਨਾਲ ਸ਼ਾਬਾਸ਼ ਵੀ ਮਿਲ ਜਾਵੇ ਤਾਂ ਕੰਮ ਕਰਨ ਵਾਲੇ ਅੰਦਰ ਦੋਹਰੀ ਤਕੜਾਈ, ਦੁੱਗਣਾ ਉਤਸ਼ਾਹ ਪੈਦਾ ਹੋ ਜਾਂਦਾ ਹੈ। ਉਸਦੇ ਅੰਦਰਲੀਆਂ ਸੰਭਾਵਨਾਵਾਂ ਆਪਣੇ ਨਵੇਂ ਰੂਪ ਵਿਚ ਨਜ਼ਰ ਆਉਣ ਲਗ ਪੈਂਦੀਆਂ ਹਨ। ਪਰ, ਜੇ ਉਸਨੂੰ ਆਪਣੀ ਮਿਹਨਤ ਤੋਂ ਵੀ ਸੱਖਣਾ ਹੀ ਰਹਿਣਾ ਪਵੇ ਤਾਂ ਕਿਹੜੀ ਤੋਰ ਅਤੇ ਕਿਹੜੇ ਉਤਸ਼ਾਹ, ਕਿਹੜੇ ਹੌਸਲੇ ਨਾਲ ਉਸਦੇ ਕਦਮ ਅਗਾਂਹ ਵਲ ਤੁਰਨਗੇ/ਵਧਣਗੇ ਇਸਦੀ ਵਿਆਖਿਆ ਕਰਨ ਦੀ ਲੋੜ ਨਹੀਂ। ਲੇਖਕ ਹੋਣਾ ਵੀ ਇਕ ਕਿੱਤਾ ਹੈ ਤਾਂ ਫੇਰ ਲੇਖਕ ਨੂੰ ਵੀ ਉਸਦੀ ਸਿਰਜਣਾਮਿਕ ਸੁੱਚੀ ਕਿਰਤ ਦੀ ਯੋਗ ਮਜ਼ਦੂਰੀ ਮਿਲਣੀ ਚਾਹੀਦੀ ਹੈ। ਲੇਖਕ ਕੌਮਾਂ, ਦੇਸਾਂ ਅਤੇ ਵੱਖੋ ਵੱਖ ਭਾਈਚਾਰਿਆਂ ਅੰਦਰ ਸਮਝਦਾਰੀ ਭਰੀ ਸਾਂਝ ਵਾਲੇ ਪੁਲ਼ਾਂ ਦੇ ਉਸਰੱਈਏ ਹੁੰਦੇ ਹਨ। ਇਨ੍ਹਾ ਦਾ ਮਾਣ ਕਰਨਾ ਕਿਸੇ ਵੀ ਕੌਮ ਲਈ ਆਪਣਾ ਮਾਣ ਕਰਨ ਦੇ ਬਰਾਬਰ ਹੁੰਦਾ ਹੈ। ਲੋੜ ਇਸ ਬਾਰੇ ਗੰਭੀਰਤਾ ਨਾਲ ਸੋਚਣ ਅਤੇ ਸੋਚ ਕੇ ਉਸ ਉੱਤੇ ਉਸਾਰੂ ਤੇ ਹਾਂਅ ਪੱਖੀ ਅਮਲ ਕਰਨ ਦੀ ਹੈ ।
****
No comments:
Post a Comment