ਪਹਿਰੇਦਾਰੀ

ਮਨੁਖੀ ਸੁਭਾਅ ਬਹੁ-ਪਰਤੀ ਹੈ, ਇਹ ਸਦਾ ਹੀ ਟਿਕਾਅ ਦੀ ਸਥਿਤੀ ਵਿੱਚ ਨਹੀਂ ਰਹਿੰਦਾ ਅਕਸਰ ਲੋਕਾਂ ਵਿੱਚ ਹੁੰਦੀਆਂ ਤਬਦੀਲੀਆਂ ਦੇਖੀਆਂ ਜਾ ਸਕਦੀਆਂ ਹਨ, ਪਰ ਜਿਹੜਾ ਮਨੁੱਖੀ ਵਤੀਰਾ ਹਾਂ-ਪੱਖੀ ਰੁਝਾਨਾਂ ਵੱਲ ਕਦਮ ਲੈ ਕੇ ਤੁਰਦਾ ਹੈ, ੳਹ ਸਖਤ ਇਰਾਦੇ ਤੇ ਨੈਤਿਕਤਾ ਦੀ ਮੰਗ ਕਰਦਾ ਹੈ । ਇਸ ਨੈਤਿਕਤਾ ਦੇ ਮਿਆਰ ਕੀ ਹੋਣ, ਕੌਣ ਇਸ ਦੀ ਪਰਵਾਹ ਕਰੇ ਤੇ ਕਿਉਂ ? ਸਿਆਣੇ ਲੋਕ ਇਸ ਉੱਤੇ ਅਕਸਰ ਵਿਚਾਰ ਕਰਦੇ ਹਨ, ਇਸ ਕਾਰਜ ਵਾਸਤੇ ਛੋਟੇ-ਵੱਡੇ ਇਕੱਠਾਂ ਦਾ ਪ੍ਰਬੰਧ ਕੀਤਾ ਜਾਦਾ ਹੈ ।

ਜਰਮਨੀ ਦੇ ਸ਼ਹਿਰ ਫਰੈਂਕਫਰਟ ਵਿੱਚ ਹਰ ਸਾਲ ਅਕਤੂਬਰ ਦੇ ਮਹੀਨੇ ਪੁਸਤਕ ਮੇਲਾ ਲੱਗਦਾ ਹੈ, ਇਸ ਵਿੱਚ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਵਿੱਚੋ ਹਜ਼ਾਰਾਂ ਹੀ ਪ੍ਰਕਾਸ਼ਕ ਭਾਗ ਲੈਦੇ ਹਨ । ਨਵੀਆਂ ਛਪੀਆਂ ਪੁਸਤਕਾਂ ਅਤੇ ੳਹਨਾਂ ਦੇ ਰਚਣਹਾਰਿਆਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾਂ ਜਾਂਦਾ ਹੈ । ਪੁਸਤਕਾਂ ਦੇ ਤਬਾਦਲੇ ਭਾਵ ਅਨੁਵਾਦ ਆਦਿ ਦੇ ਸਮਝੌਤੇ (ਸੌਦੇ) ਹੁੰਦੇ ਹਨ, ਲਿਖਤਾਂ ਦਾ ਪਸਾਰ ਹੁੰਦਾ ਹੈ, ਦੁਨੀਆਂ ਅੰਦਰ ਸਮਝਦਾਰੀ ਦਾ ਘੇਰਾ ਵਧਦਾ ਹੈ । ਛਾਪੇ ਖਾਨੇ ਵਿਚ ਨਵੀਂ ਵਿਕਾਸ ਕਰ ਰਹੀ ਤਕਨੀਕ ਉੱਤੇ ਚਾਨਣਾ ਪਾਇਆ ਜਾਂਦਾਂ ਹੈ। ਇਕ ਮੁਲਕ ਨੂੰ ਇਸ ਮੇਲੇ ਦੇ ਵਿਸ਼ੇ ਵਜੋ ਮਹਿਮਾਨ ਬਣਾ ਕੇ ਉਸ ਦੇ ਸਾਹਿਤ, ਸੱਭਿਆਚਾਰ ਨੂੰ ਖਾਸ ਤੌਰ ’ਤੇ ਪੇਸ਼ ਕੀਤਾ ਜਾਂਦਾ ਹੈ ਅਤੇ ਉਸਦਾ ਪਰਚਾਰ ਕੀਤਾ ਜਾਂਦਾ ਹੈ ।

ਇਸ ਦੇ ਨਾਲ ਹੀ ਇਸ ਮੇਲੇ ਦੇ ਪ੍ਰਬੰਧਕ, ਪਬਲਿਸ਼ਰਾ ਦੀ ਜਥਬੰਦੀ ਵਜੋ ਹਰ ਸਾਲ ਕਿਸੇ ਜਾਣੇ-ਪਹਿਚਾਣੇ, ਮਨੱਖੀ ਕਦਰਾ-ਕੀਮਤਾਂ ਦੀ ਰਾਖੀ ਕਰਨ ਵਾਲੇ, ਮਨੁੱਖਤਾ ਦੀ ਭਲਾਈ ਦਾ ਹੋਕਾ ਦੇਣ ਵਾਲੇ, ਉੱਚੇ ਕੱਦ ਵਾਲੇ ਲੇਖਕ ਅਤੇ ਉਸਦੇ ਹੌਸਲੇ ਨੂੰ ਥਾਪੀ ਦੇਣ ਲਈ ਅਤੇ ਉਸਦੀ ਸਿਦਕਦਿਲੀ ਤੇ ਦ੍ਰਿੜਤਾ ਨੂੰ ਸਲਾਮ ਕਰਨ ਵਾਸਤੇ ਸ਼ਾਂਤੀ ਪੁਰਸਕਾਰ ਦਿੱਤਾ ਜਾਂਦਾ ਹੈ । ਜਿਸ ਨਾਲ ਦੁਨੀਆ ਦੇ ਸਾਹਿਤਕ ਹਲਕਿਆਂ ਅੰਦਰ ੳਸ ਦਾ ਕੱਦ ਹੋਰ ਉੱਚਾ ਹੋ ਜਾਂਦਾਂ ਹੈ । ਇਹ ਇਨਾਮ ਬੁਕਰ ਇਨਾਮ ਜਿੰਨਾ ਕੱਦ ਰੱਖਦਾ ਹੈ। ਕੁੱਝ ਸਾਲ ਹੋਏ ਇਹ ਸ਼ਾਂਤੀ ਪੁਰਸਕਾਰ ਤੁਰਕੀ ਦੇ ਕੁਰਦ ਪਿਛੋਕੜ ਵਾਲੇ ਉੱਘੇ ਲੇਖਕ ਯਾਸਰ ਕੇਮਾਲ (74) ਨੂੰ ਦਿੱਤਾ ਗਿਆ ਸੀ। ਅਨਾਤੋਲੀਆਂ ਇਲਾਕੇ ਅੰਦਰ ਖਾਂਦੇ-ਪੀਦੇ ਘਰ ਦਾ ਜੰਮਿਆ ਕੇਮਾਲ ਆਪਣੀ 17 ਸਾਲਾਂ ਦੀ ਉਮਰ ਤੋ ਸਾਹਿਤ ਵਾਲੇ ਪਾਸੇ ਪੈ ਗਿਆ ਸੀ । ਅੱਜ ਉਹ ਤੁਰਕੀ ਦਾ ਸਭ ਤੋਂ ਵੱਧ ਪੜ੍ਹਿਅ ਜਾਣ ਵਾਲਾ ਲੇਖਕ ਹੈ। ਜੋ ਆਪਣੀ ਸਾਰੀ ਜ਼ਿੰਦਗੀ ਹੀ ਆਪਣੇ ਲੋਂਕਾ ਦੇ ਸੰਗ ਖੜ੍ਹਿਆ, ਉਹਨੇ ਲੋਕਾਈ ਦੇ ਦਰਦ ਨੂੰ ਆਪਣੇ ਦਿਲ ਦਿਮਾਗ ਅਤੇ ਪਿੰਡੇ ਤੇ ਹੰਢਾਇਆ ਜਿਸ ਖਾਤਰ ਉਹਨੂੰ ਭਾਰੀ ਕੀਮਤ ਵੀ ਤਾਰਨੀ ਪਈ, ਹਕੂਮਤੀ (ਪੁਲਸੀ) ਜਬਰ, ਜੇਲ੍ਹ ਬੰਦੀਆ ਤੇ ਅਦਾਲਤਾਂ ਵਿੱਚ ਵਰ੍ਹਿਆ ਬੱਧੀ ਧੱਕੇ ਖਾਣੇ ਪਏ, ਖੱਜਲ਼ ਹੋਣਾ ਪਿਆ ਪਰ ਉਹ ਡਰਿਆ ਬਿਲਕੁੱਲ ਨਹੀਂ, ਉਸਨੇ ਕਲਮ ਨਾਲ ਹਨੇਰਿਆਂ ਨੂੰ ਪਾੜਨ ਦਾ ਕਾਰਜ ਜਾਰੀ  ਰੱਖਿਆ ਅਤੇ ਸਿਦਕ ਪਾਲਦਾ ਰਿਹਾ । ਲੇਖਕ ਦੀਆਂ ਉੱਚੀਆਂ ਕਦਰਾਂ ਕੀਮਤਾਂ ਦੀ ਰਾਖੀ ਉਸ ਦਾ ਆਦਰਸ਼ ਰਿਹਾ ।

ਯਾਸਰ ਕੇਮਾਲ ਦੀਆਂ ਲਿਖਤਾ ਲੁੱਟੇ–ਪੁੱਟੇ ਜਾਂਦੇ ਗਰੀਬਾਂ ਦੇ ਹੱਕ ਵਿੱਚ ਭੁਗਤਦੀਆਂ ਹਨ। ੳਸ ਦੀਆਂ ਲਿਖਤਾ ਵਿੱਚ ਜੰਗ ਦੀ ਵਿਰੋਧਤਾ ਅਤੇ ਅਮਨ ਦਾ ਪ੍ਰਚਾਰ ਉੱਚੀਆਂ ਸੁਰਾਂ ਵਿੱਚ ਬੋਲਦਾ ਹੈ। ਉਸ ਦੀਆਂ ਲਿਖਤਾਂ ਮਨੁੱਖਤਾ ਅੰਦਰਲੇ ਭਰੱਪਣ ਦਾ ਦਮ ਭਰਦੀਆਂ ਹਨ। ਇਨਾਮ ਦੇਣ ਵਾਲਿਆ ਨੇ ੳਹਨੂੰ ਮਨੁੱਖੀ ਅਧਿਕਾਰਾਂ ਦਾ ਝੰਡਾ ਬਰਦਾਰ ਗਰਦਾਨਦਿਆਂ ਉਹਦੇ ਵਲੋਂ ਲੋਕ ਸਮੂਹਾਂ ਵੱਲ ਖੜ੍ਹਨ ਦੀ ਪ੍ਰਸੰਸਾ ਕੀਤੀ । ਇਸ ਤੋ ਵੱਡੀ ਥਾਪੀ ਉਸ ਦੀ ਕਲਮ ਲਈ ਕੀ ਹੋ ਸਕਦੀ ਹੈ ? ਇਹ ਇਨਾਮ ਦੇਣ ਦੀ ਰਸਮ ਆਪਣੇ ਹੀ ਢੰਗ ਨਾਲ ਚੱਲਦੀ ਹੈ, ਲੇਖਕ ਦੇ ਮਾਣ ਵਿੱਚ ਦਿੱਤੇ ਜਾਣ ਵਾਲੇ ਸਵਾਗਤੀ ਭਾਸ਼ਣ ਲਈ ਕਿਸੇ ਉੱਘੇ ਕਲਮਕਾਰ ਨੂੰ ਚੁਣਿਆ ਜਾਂਦਾ ਹੈ। ਯਾਸਰ ਕੇਮਾਲ ਦੇ ਮਾਣ ਵਿੱਚ ਸਵਾਗਤੀ ਭਾਸ਼ਣ ਜਰਮਨੀ ਦੇ ਨੋਬਲ ਪੁਰਸਕਾਰ ਜੇਤੂ ਉੱਘੇ ਲੇਖਕ ਗੁੰਟਰ ਗਰਾਸ ਨੇ ਦਿੱਤਾ, ਜੋ ਹਾਇਨਰਿਖਬੋਲ (ਨੋਬਲ ਇਨਾਮ ਜੇਤੂ) ਤੋਂ ਬਾਅਦ ਲੋਕਾਂ ਸੰਗ ਖੜਨ ਵਾਲਾ ਉੱਚੇ ਤੇ ਸੁੱਚੇ ਕਿਰਦਾਰ ਵਾਲਾ ਜਰਮਨ ਲੇਖਕ ਹੈ। ਉਹ ਖੁਦ ਮਨੁੱਖ ਨੂੰ ਕਦੇ ਵੀ ਆਪਣੀਆਂ ਲਿਖਤਾਂ ਵਿੱਚੋ ਖਾਰਜ ਨਹੀਂ ਹੋਣ ਦਿੰਦਾ ਹੈ ਤੇ ਨਾ ਹੀ ਨਿੱਤ ਦੇ ਕਰਮ ਵਿੱਚੋਂ। ਮਸਲਾ ਕਿਧਰੇ ਦਾ ਵੀ ਹੋਵੇ, ਲੇਖਕ ਕਿਧਰੇ ਵੀ ਤੰਗ ਕੀਤੇ ਜਾਣ, ੳਹ ਬਾਂਹ ਫੜਨ ਲਈ ਬਹੁੜਦਾ ਹੈ। ਗੱਲ ਭਾਵੇਂ ਅਮਰੀਕਾ ਦੀ ਹੋਵੇ, ਨਾਇਜੀਰੀਆ, ਅਲਜੀਰੀਆ, ਜਾਂ ਈਰਾਨੀ ਮੁੱਲਿਆ ਵੱਲੋ ਮੌਤ ਦੇ ਦੰਡ ਨਾਲ ਸਲਮਾਨ ਰਸ਼ਦੀ ਨੂੰ ਮਾਰ ਮੁਕਾੳਣ ਦੀ ਹੋਵੇ ਜਾਂ ਫੇਰ ਤਸਲੀਮਾ ਨਸਰੀਨ ਨੂੰ ਖੱਜਲ ਖੁਆਰ ਕਰਕੇ ਮੁਲਕੋ ਬਾਹਰ ਧੱਕਣ ਦੀ ਹੋਵੇ, ਗੁੰਟਰ ਗਰਾਸ ਸਦਾ ਹੀ ਉਚੀ ਸੁਰ ਵਿੱਚ ਬੇਇਨਸਾਫੀ ਦੇ ਖਿਲਾਫ ਬੋਲਿਆ ।

ਇਨਾਮ ਦੀ ਰਸਮ ਸਮੇ ਗਰਾਸ ਨੇ ਕੇਮਾਲ ਦੀਆਂ ਲਿਖਤਾ ਦੀ ਰੱਜ ਕੇ ਪ੍ਰਸੰਸਾ ਕੀਤੀ, ੳਹਨੂੰ ਮਨੁੱਖੀ ਹੱਕਾਂ ਦੀ ਰਾਖੀ ਕਰਦਾ ਜਿਗਰੇ ਵਾਲਾ ਲੇਖਕ ਕਿਹਾ ਅਤੇ ਉਹਨੇ ਜਰਮਨ ਸਰਕਾਰ ਦੀ ਤੁਰਕੀ ਨੂੰ ਹਥਿਆਰ ਵੇਚਣ ਦੇ ਅਮਲ ਦੀ ਨਿੰਦਾ ਕਰਦਿਆਂ ਇਸ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ। ਇਹਨਾਂ ਹਥਿਆਰਾਂ (ਜਿਹਨਾਂ ਵਿੱਚ ਟੈਂਕ ਤੱਕ ਸ਼ਾਮਿਲ ਹਨ) ਨਾਲ ਕੁਰਦਾਂ ਦਾ ਘਾਣ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਗਰਾਸ ਨੇ ਸਰਕਾਰ ਵੱਲੋ ਸਿਆਸੀ ਪਨਾਹ ਦੇ ਕਾਨੂੰਨ ਅੰਦਰ ਕੀਤੀਆਂ ਤਬਦੀਲੀਆਂ ਵੱਲ ਵੀ ਤਿੱਖੀ ਟਿੱਪਣੀ ਕੀਤੀ । ਜਿਸ ਨਾਲ ਸਰਕਾਰੀ ਹਲਕਿਆਂ ਅੰਦਰ ਤਿੱਖੀ ਪ੍ਰਤੀਕ੍ਰਿਆ ਹੋਈ । ਉਸ ਦੀ ਤਕਰੀਰ ਨੇ ਮੁਲਕ ਦੇ ਲੋਕਾਂ ਖਾਸ ਕਰਕੇ ਬੁੱਧੀਜੀਵੀਆਂ ਨੂੰ ਟੁੰਬਿਆਂ ਪਰਵਾਸੀ ਤਾਂ ੳਸ ਤੋ ਬਹੁਤ ਖੁਸ਼ ਹੋਏ। ਯਾਸਰ ਕੇਮਾਲ ਨੇ ਆਪਣੇ ਭਾਸ਼ਣ ਵਿੱਚ ਆਪਣੇ ਲੇਖਕ ਬਣਨ ਦੀ ਪ੍ਰਤੀਕ੍ਰਿਆ ਬਾਰੇ ਗੱਲ ਸ਼ੁਰੂ ਕਰਦਿਆਂ ਆਖਿਆ ਕਿ ਕਈ ਵਾਰ ਉੱਥੇ ਤਾਨਾਸ਼ਾਹੀ ਤੇ ਜਮਹੂਰੀਅਤ ਦੇ ਫਰਕ ਦਾ ਪਤਾ ਹੀ ਨਹੀਂ ਲੱਗਦਾ ਉਨ੍ਹੇ ਕਿਹਾ ਕਿ ਤੁਰਕੀ ਤੇ ਕੁਰਦ ਬੁੱਧੀਜੀਵੀ ਇਸ ਬਰਬਰੀਅਤ ਭਰਪੂਰ ਜੰਗ ਨੂੰ ਛੇਤੀ ਖਤਮ ਹੋਇਆ ਦੇਖਣਾ ਚਾਹੁੰਦੇ ਹਨ। ਉਸ ਨੇ ਫਿਰ ਤੁਰਕੀ ਤੇ ਜਰਮਨ ਸਰਕਾਰ ਦੀ ਅਲੋਚਨਾ ਕੀਤੀ । ਤੁਰਕੀਆਂ ਨੂੰ ਤੀਜੇ ਦਰਜੇ ਦੇ ਸ਼ਹਿਰੀ ਸਮਝਣ ਵਾਲੀ ਨਾਸਮਝੀ ਦਾ ਜਿ਼ਕਰ ਵੀ ਕੀਤਾ। ਇਸ ਸਮਾਗਮ ਵਿੱਚ ਤੁਰਕੀ ਦਾ ਸੱਭਿਆਚਾਰਕ ਮੰਤਰੀ ਵੀ ਹਾਜ਼ਰ ਸੀ । ਸਮਾਗਮ ਅੰਦਰ ਜਰਮਨ ਦਾ ਸਾਬਕਾ ਰਾਸ਼ਟਰਪਤੀ, ਪਰਲੀਮੈਂਟ ਦਾ ਚੇਅਰਮੈਨ ਤੇ ਕਈ ਵਜ਼ੀਰ ਸ਼ਾਮਲ ਹੋਏ।

ਦੋਹਾਂ ਲੇਖਕਾਂ ਦੀਆਂ ਤਕਰੀਰਾਂ ਨੇ ਕਰੋੜਾਂ ਹੀ ਲੋਕਾਂ ਅੰਦਰ ਇੱਕ ਨਵੇਂ ਖਿਆਲ ਨੂੰ ਝੰਜੋੜਿਆ, ਜਾਗਣ ਦਾ, ਤਕੜੇ ਹੋਣ ਦਾ ਉਨ੍ਹਾ ਦੇ ਕਹੇ ਦੀ ਉੱਚੀ ਸੁਰ ਕਲਮ ਦੀ ਪਹਿਰੇਦਾਰੀ ਕਰਦੀ ਹੈ । ਇਸ ਪਹਿਰੇਦਾਰੀ ਬਿਨਾਂ ਲਿਖਤ ਦਾ ਮਹੱਤਵ ਫਿੱਕਾ ਪੈ ਜਾਣਾ ਸੀ । ਯਾਸਰ ਕੇਮਾਲ ਤੇ ਗੁੰਟਰ ਗਰਾਸ ਦਿਆਂ ਬੋਲਾਂ ਅਤੇ ਲਿਖਤਾਂ ਨੇ ਕਲਮ ਦੇ ਮਾਣ ਦਾ ਮਹੱਤਵ ਵਧਾਇਆ।

****

No comments:

Post a Comment