ਪੰਜਾਬੀ ਦੀ ਖੱਟੀ

ਅੱਜ ਦਾ ਜ਼ਮਾਨਾ ਉਸ ਪੜਾਅ ’ਤੇ ਪਹੁੰਚ ਗਿਆ ਹੈ ਜਿੱਥੇ ਨਵੀਆਂ ਕਦਰਾਂ - ਕੀਮਤਾਂ ਦਾ ਅਧਾਰ ਆਮ ਕਰਕੇ ਮੁਨਾਫਾ ਹੀ ਮਿੱਥਿਆ ਜਾ ਰਿਹਾ ਹੈ। ਭਾਵੇਂ ਕੁੱਝ ਲੋਕ ਇਸ ਪ੍ਰਵਿਰਤੀ ਤੋਂ ਸਦਾ ਹੀ ਦੂਰ ਰਹਿਣਗੇ, ਪਰ ਆਮ ਸੋਚ ਦੀ ਗੱਲ ਕਰਨੀ ਹੋਵੇ ਤਾਂ ਉਹ ਆਪਣੇ ਆਪੇ ਦੁਆਲੇ ਹੀ ਘੁੰਮਦੀ ਨਜ਼ਰ ਆਵੇਗੀ। ਗੱਲ ਜਿਵੇਂ ਕਿਵੇਂ ਅੱਗਾ ਸੁਆਰਨ ਦੀ ਹੋਵੇ, ਵੱਧ ਕਮਾਈ ਵਾਲੇ ਕੰਮ-ਕਾਰ ਜਾਂ ਧੰਦੇ ਅਪਨਾਉਣ ਦੀ ਹੋਵੇ, ਕਿਸੇ ਦਾ ਹੱਕ ਮਾਰ ਕੇ ਧਨ ਦੇ ਉੱਚੇ ਅੰਬਾਰ ਲਾਉਣ ਦੀ ਹੋਵੇ, ਮਾੜੇ ਕੰਮਾਂ ਦੇ ਆਸਰੇ ਵੀ ਸਮਾਜ ਅੰਦਰ ਨਾਂ ਬਨਾਉਣ ਦਾ ਭਰਮ ਪਾਲਣ ਦੀ ਹੋਵੇ ਆਦਿ। ਜਿਹੜਾ ਅੱਜ ਵੀ ਉੱਚੇ-ਸੁੱਚੇ ਇਖਲਾਕ ਅਤੇ ਵਿਰਸੇ ਵਿਚੋਂ ਮਿਲੇ ਚੰਗੇਪਨ ਨੂੰ ਅਪਨਾਉਣ ਅਤੇ ਸੁਥਰਾ ਜੀਵਨ ਜੀਊਣ ਦੀ ਗੱਲ/ਖਾਹਿਸ਼ ਕਰਦਾ ਹੈ ਜਾਂ ਉਸ ਉੱਤੇ ਅਮਲ ਕਰਦਾ ਹੈ ਉਸਨੂੰ ਬੇਗਾਨਿਆਂ ਵਲੋਂ ਹੀ ਨਹੀਂ ਸਗੋਂ ਆਪਣਿਆਂ ਹੱਥੋਂ ਹੀ ਨਿੱਤ ਸ਼ਰੇਆਮ ਖੱਜਲ-ਖੁਆਰ ਅਤੇ ਜ਼ਲੀਲ ਹੁੰਦੇ ਦੇਖਿਆ ਜਾ ਸਕਦਾ ਹੈ। ਇਹ ਆਧੁਨਿਕ ਯੁੱਗ ਅੰਦਰ ਸਿਰਜੇ ਜਾ ਰਹੇ ਨਵੇਂ ਮੁਨਾਫਾਖੋਰ “ਸੱਭਿਆਚਾਰ” ਦਾ ਹੀ ਅਟੁੱਟ ਅੰਗ ਕਿਹਾ ਜਾ ਸਕਦਾ ਹੈ। ਜਿੱਥੇ ਹਰ ਕਿਸਮ ਦੀ ਧੌਂਸ/ਧੱਕੇ ਨੂੰ ‘ਲਿਆਕਤ’ ਵਜੋਂ ਲਿਆ ਜਾਂਦਾ ਹੈ। ਜਿੱਥੇ ਕਈ ਵਾਰ ਗਊ ਨਾਲੋਂ ਗਧਾ ਵਧੀਆ ਗਿਣਿਆ ਜਾਂਦਾ ਹੈ। ਹਾਲਾਂਕਿ ਇਹ ਵਰਤਾਰਾ ਪੰਜਾਬੀ ਸੱਭਿਆਚਾਰਕ ਰਹੁ-ਰੀਤਾਂ ਅਤੇ ਪੰਜਾਬੀ ਜੀਊਣ ਢੰਗ ਦੇ ਵਿਰੋਧ ਵਿਚ ਜਾਂਦਾ ਹੈ।

ਪੰਜਾਬੀਆਂ (ਚੜ੍ਹਦੇ-ਲਹਿੰਦੇ) ਦੀ ਮਾਂ ਬੋਲੀ ਪੰਜਾਬੀ ਹੈ ਅਤੇ ਪੰਜਾਬੀਆਂ ਦੀ ਕਾਫੀ ਗਿਣਤੀ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਅੰਦਰ ਵੀ ਵਸਦੀ ਹੈ। ਇਸ ਜ਼ੁਬਾਨ ਦੇ ਮੁਦਈ, ਇਸ ਦੇ ਵਿਕਾਸ ਵਾਸਤੇ ਕੰਮ ਕਰਨ ਵਾਲੇ, ਇਸ ਦੀ ਕਲਮਾਂ ਨਾਲ ਸੇਵਾ ਕਰਨ ਵਾਲੇ ਹਰ ਹੀਲੇ ਜਤਨ ਕਰਦੇ ਹਨ ਕਿ ਉਨ੍ਹਾਂ ਦੀ ਜ਼ੁਬਾਨ ਦੁਨੀਆਂ ਦੀਆਂ ਹੋਰ ਵਿਕਸਤ ਜ਼ੁਬਾਨਾਂ ਨਾਲ ਕਦਮ ਮਿਲਾ ਕੇ ਤੁਰੇ ਅਤੇ ਉਨ੍ਹਾਂ ਦੀ ਬੋਲੀ ਤੇ ਭਾਸ਼ਾ ਦਾ ਹਰ ਥਾਵੇਂ ਸਤਿਕਾਰ ਹੋਵੇ।

ਬਹੁਤ ਸਾਰੇ ਆਪਣੇ ਵਿਤੋਂ ਬਾਹਰੇ ਹੋ ਕੇ ਬਿਨਾਂ ਕਿਸੇ ਲੋਭ/ਲਾਲਚ ਤੋਂ, ਸਾਧਨ ਵਿਹੂਣੇ ਹੋਣ ਦੇ ਬਾਵਜੂਦ ਹਰ ਹੀਲੇ ਕੋਸਿ਼ਸ਼ ਕਰਦੇ ਹਨ ਕਿ ਉਹ ਆਪਣੀ ਮਾਂ ਬੋਲੀ ਦੀ ਸੇਵਾ ਖਾਤਿਰ ਜੋ ਕੁੱਝ ਵੀ ਕਰ ਸਕਦੇ ਹੋਣ ਕਰਨ ਅਤੇ ਉਹ ਕਰਦੇ ਵੀ ਹਨ। ਇਸ ਤਰ੍ਹਾਂ ਉਹ ਮਾਂ ਬੋਲੀ ਪ੍ਰਤੀ ਆਪਣੇ ਵਲੋਂ ਪੁੱਤਾਂ ਵਾਲੇ/ਜਮਾਂਦਰੂ ਫ਼ਰਜ਼ ਦੀ ਪਾਲਣਾ ਕਰਦੇ ਹਨ। ਪੰਜਾਬੀ ਲੇਖਕਾਂ, ਪਾਠਕਾਂ ਜਾਂ ਅਦਬੀ ਪੱਖੋਂ ਕਿਸੇ ਤਰ੍ਹਾਂ ਵੀ ਇਸ ਦੀ ਸੇਵਾ ਕਰਨ ਵਾਲਿਆਂ ਨੂੰ ਨਕਾਰਿਆ ਨਹੀਂ ਜਾ ਸਕਦਾ। ਭਾਵੇਂ ਕਿ ਸਰਕਾਰੀ ਪੱਧਰ ਉੱਤੇ ਅਜਿਹਾ ਨਹੀਂ ਹੁੰਦਾ, ਉੱਥੇ ਕਾਰਨ ਕੁੱਝ ਹੋਰ ਹੁੰਦੇ ਹਨ। ਬਸਤੀਵਾਦੀ ਗੁਲਾਮੀ ਦੀ ਮਾਨਸਿਕਤਾ ਵਾਲੀ ਰਹਿੰਦ-ਖੂੰਹਦ ਦੇ ਸਿ਼ਕਾਰ, ਬੌਣੀ ਸੋਚ ਵਾਲੇ ਵੱਡੇ ਅਹੁਦਿਆਂ ਉੱਤੇ ਉੱਚੀਆਂ ਕੁਰਸੀਆਂ ਵਿਚ ਫਸੇ ਬੈਠੇ ਬੋਲੀ/ਭਾਸ਼ਾ ਦੇ ਮਹੱਤਵ ਨੂੰ ਜਾਣਬੁੱਝ ਕੇ ਨਕਾਰਨ ਵਾਲੇ ਅਫਸਰਸ਼ਾਹੀ ਦੇ ਤਗਮਿਆਂ ਵਾਲਿਆ ਤੋਂ ਅਜਿਹੀ ਆਸ ਕੀਤੀ ਵੀ ਨਹੀਂ ਜਾ ਸਕਦੀ। ਇਨ੍ਹਾਂ ਵਿਚੋਂ ਬਹੁਤੇ ਆਪਣੀ ਲਿਆਕਤ ਨਾਲ ਨਹੀਂ ਸਗੋਂ ਇਹ ਉਹ ਹੀ ਲੋਕ ਹੁੰਦੇ ਹਨ ਜੋ ਅਪਣਾ ਬੇਅਕਲੀ ਵਾਲਾ ਲੰਙ ਢਕਣ ਦੇ ਕਾਰਜ ਵਜੋਂ ਸਿਆਸਤ ਦਾ ਵਪਾਰ ਕਰ ਰਹੇ ਦੱਲੇ ਕਿਸਮ ਦੇ ‘ਸਿਆਸਤਦਾਨਾਂ’ ਦੇ ਗੋਡੇ ਘੁੱਟ ਕੇ ਜਾਂ ਸੋਨੇ ਦੀ ਜੁੱਤੀ ਮਾਰ ਕੇ ਇਸ ਕੁਰਸੀ ਤੱਕ ਅੱਪੜੇ ਹੁੰਦੇ ਹਨ। ਆਮ ਲੋਕਾਂ ਦੇ ਦਿਲਾਂ ਵਿਚ ਉਨ੍ਹਾਂ ਦੀ ਕਦਰ ਤਾਸ਼ ਵਾਲੀ ਬਦਰੰਗ ਦੀ ਦੁੱਕੀ ਜਿੰਨੀ ਹੁੰਦੀ ਹੈ। ਪਰ ਉਨ੍ਹਾਂ ਦੀ ਰਾਜਸੀ ਤੇ ਪ੍ਰਸ਼ਾਸਕੀ ਤਾਕਤ ਵਾਲੀ ਨਾਗ ਕੁੰਡਲੀ ਮਸਲਿਆਂ ਨੂੰ ਉਲਝਾਉਣ ਵਿਚ ਹੀ ਰੁੱਝੀ ਰਹਿੰਦੀ ਹੈ। ਇਸੇ ਧਾਰਨਾ ਅਧੀਨ ਉਨ੍ਹਾਂ ਨੇ ਪੰਜਾਬੀ ਨੂੰ ਵੀ ਹੁਣ ਤੱਕ ਉਲਝਾਇਆ ਹੀ ਹੋਇਆ ਹੈ। ਉਹ ਆਪਣੇ ਆਪ ਨੂੰ ਫੰਨੇ ਖਾਂ ਹੋਣ ਦੇ ਨਾਲ ਹੀ ਗਿਆਨਵਾਨ ਵੀ ਸਮਝਦੇ ਹਨ ਤੇ ਇੱਜਤਦਾਰ ਵੀ ਅਤੇ ਬਾਕੀਆਂ ਨੂੰ ਲੱਲੂ-ਪੰਜੂ। ਆਪਣੀਆਂ ਇਨ੍ਹਾਂ ਕਰਤੂਤਾਂ ਕਰਕੇ ਹੀ ਉਹ ਪੰਜਾਬੀ ਦੇ ਕਪੁੱਤ ਕਹਾਉਣ ਦੇ ਹੱਕਦਾਰ ਬਣਦੇ ਹਨ।

ਸਮਾਜ ਪ੍ਰਤੀ ਆਪਣਾ ਕੋਈ ਫ਼ਰਜ਼ ਸਮਝਦੇ ਹੋਏ ਸੁਚੇਤ ਬੁੱਧੀ ਵਾਲੇ ਜਦੋਂ ਕਲਮ, ਬੁਰਸ਼ ਜਾਂ ਕੋਈ ਸਾਜ਼ ਹੱਥ ਫੜਕੇ (ਲੱਚਰਤਾ ਆਸਰੇ ਪਲਦੇ ਗੰਦੇ ਕੀੜੇ ਜੋ ‘ਕਲਾਕਾਰ’ ‘ਫਨਕਾਰ’ ਹੋਣ ਦਾ ਦੰਭੀ ਭਰਮ ਪਾਲਦੇ ਹਨ ਉਹ ਇਨ੍ਹਾਂ ਵਿਚ ਸ਼ਾਮਲ ਨਹੀਂ ਹੁੰਦੇ) ਜਿ਼ੰਦਗੀ ਦੇ ਰੌਸ਼ਨ ਤੇ ਚੰਗੇਰੇ ਭਵਿੱਖ ਦਾ ਸੁੱਚਾ ਗੀਤ ਗਾਉਣ ਤੁਰਦੇ ਹਨ, ਲੋਕਾਂ ਦੇ ਮਨਾਂ ਅੰਦਰ ਨਵੀਂ ਚੇਤਨਾ ਜਗਾਉਣ ਦਾ ਹੋਕਾ ਦਿੰਦੇ ਹਨ ਅਤੇ ਆਪ ਖੁਦ ਸੁਚੇਤ ਤੌਰ ’ਤੇ ਜਿ਼ੰਦਗੀ ਲਈ ਪਿਆਰ ਪ੍ਰਗਟਾਉਂਦਿਆ ਜਿ਼ੰਦਗੀ ਦਾ ਸੁੱਚਾ ਗੀਤ ਗਾਉਂਦੇ ਲੋਕ ਕਾਫਲਿਆਂ ਦਾ ਅੰਗ ਬਣਦੇ ਹਨ। ਜਿਸ ਦੇ ਆਸਰੇ ਨਵੀਂ ਕਿਸਮ ਦਾ “ਸਭੈ ਸਾਂਝੀਵਾਲ ਸਦਾਇਣ.....” ਵਾਲਾ ਲੋਕ ਭਾਈਚਾਰਾ ਸਿਰਜਦੇ / ਉਸਾਰਦੇ ਹਨ। ਜਿਹੜਾ ਕੌਮਾਂ, ਧਰਮਾਂ, ਨਸਲਾਂ ਤੇ ਜਾਤਾਂ-ਪਾਤਾਂ ਵਾਲੇ ਝੂਠੇ ਤਾਣੇ-ਬਾਣੇ ਤੋਂ ਉੱਪਰ ਤੇ ਪਵਿੱਤਰ ਹੁੰਦਾ ਹੈ- ਲੇਖਕਾਂ ਦਾ ਭਾਈਚਾਰਾ, ਜੋ ਮੁਹੱਬਤਾਂ ਭਰੇ ਸਾਂਝੀਵਾਲਤਾ ਦੇ ਆਦਰਸ਼ਾਂ ਦਾ ਰਾਹ ਮੋਕਲ਼ਾ ਕਰਦਾ ਹੈ। ਜਿਸਦੇ ਆਸਰੇ ਜਿ਼ੰਦਗੀ ਖੁਦ ਹਾਸਿਆਂ ਦਾ ਮਨਮੋਹਣਾ ਗੀਤ ਬਣ ਜਾਂਦੀ ਹੈ।

ਸੱਚ, ਇਨਸਾਫ ਅਤੇ ਬਰਾਬਰੀ ਨੂੰ ਅਪਣਾਇਆ ਇਹ ਕਾਫਲਾ ਜਦੋਂ ਤੁਰਦਾ ਹੈ ਤਾਂ ਚਾਨਣ ਦਾ ਛੱਟਾ ਦਿੰਦਾ ਹੈ। ਫੇਰ, ਦੁਨੀਆਂ ਅੰਦਰ ਹਨੇਰ ਡੋਲਦਾ ਤੇ ਬਦੀ ਕੰਬਦੀ ਹੈ। ਜਦੋਂ ਲੋਕ ਚੇਤਨਾ ਵਿਗਸਦੀ ਹੈ ਤਾਂ ਉਨ੍ਹਾਂ ਅੰਦਰ ਚੰਗੇ ਮਾੜੇ ਦੀ ਪਰਖ ਕਰਨ ਦਾ ਰੁਝ੍ਹਾਨ ਜ਼ੋਰ ਫੜਦਾ ਹੈ। ਲੋਕ ਦਲੀਲ ਭਰੇ ਨਵੇਂ ਸੋਚ ਢੰਗ ਦੇ ਆਸਰੇ ਤਰਕਵਾਦੀ ਹੋਣ ਲਗਦੇ ਹਨ। ਇਸ ਅਮਲ ਦੇ ਸਿੱਟੇ ਵਜੋਂ ਜਿ਼ੰਦਗੀ ਉਸਾਰੀ ਵਾਲੇ ਪਾਸੇ ਕਦਮ ਪੁੱਟਦੀ ਹੈ।

ਇੰਨਾ ਕੁੱਝ ਹੋਣ ਦੇ ਬਾਵਜੂਦ ਪੰਜਾਬੀ ਦੇ ਬਹੁਤ ਸਾਰੇ ਲੇਖਕ ਇਹ ਵੀ ਆਖਦੇ ਸੁਣੀਂਦੇ ਹਨ ਕਿ ਦੱਸੋ ਜੀ ਮੈਂ ਪੰਜਾਬੀ ਵਿਚ ਲਿਖ ਕੇ ਕੀ ਖੱਟਿਆ? ਭਲਾਂ ਜੇ ਉਹ ਕਿਸੇ ਹੋਰ ਜ਼ੁਬਾਨ ਵਿਚ ਲਿਖਦੇ ਤਾਂ ਕੀ ਖੱਟਦੇ? ਜਾਂ ਫੇਰ ੳਹ ਕਿਸੇ ਹੋਰ ਜ਼ੁਬਾਨ ਵਿਚ ਲਿਖਣ ਦੇ ਯੋਗ ਵੀ ਹਨ? ਇਹ ਉਹ ਨਹੀਂ ਦੱਸਦੇ। ਇਹ ਕੁੱਝ ਕਹਿਣ ਤੋਂ ਪਹਿਲਾਂ ਉਹ ਨਹੀਂ ਸੋਚਦੇ ਕਿ ਆਪਣੀ ਮਾਂ, ਮਾਂ ਬੋਲੀ ਪ੍ਰਤੀ ਵੀ ਸੁਚੇਤ ਇਨਸਾਨ ਦਾ ਕੋਈ ਫ਼ਰਜ਼ ਵੀ ਹੁੰਦਾ ਹੈ। ਜਿਹੜਾ ਆਪਣੀ ਮਾਂ ਦੇ ਚੁੰਘੇ ਹੋਏ ਪਵਿੱਤਰ ਦੁੱਧ ਦੀ ਲਾਜ ਵੀ ਨਾ ਪਾਲੇ, ਉਹ ਕਾਹਦਾ ਇਨਸਾਨ ਤੇ ਕਾਹਦਾ ਪੁੱਤ ਹੋਇਆ, ਲੇਖਕ ਤਾਂ ਹੋਣਾ ਹੀ ਕਿੱਥੋਂ ਹੋਇਆ? ਜਿਹੜੇ ਬੁੱਧੀਮਾਨ ਲੋਕ ਆਪਣੀ ਮਾਂ ਬੋਲੀ ਵਿਚ ਲਿਖਦੇ ਹਨ ਉਹ ਜਾਣਦੇ ਹਨ ਕਿ ਜਿਹੜਾ ਇੱਜਤ-ਮਾਣ ਉਨ੍ਹਾਂ ਦਾ ਲੇਖਕ ਦੇ ਤੌਰ ਤੇ ਹੈ ਉਹ ਉਨ੍ਹਾਂ ਦੀ ਬੋਲੀ/ਭਾਸ਼ਾ (ਇਹ ਹਰ ਜ਼ੁਬਾਨ ਬਾਰੇ ਸਰਵ ਸਾਂਝਾ ਪ੍ਰਵਾਨਿਤ ਵਰਤਾਰਾ ਹੈ) ਕਰਕੇ ਹੀ ਹੈ, ਜਿਸ ਵਿਚ ਲਿਖ ਕੇ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਲੋਕਾਈ ਨੂੰ ਪ੍ਰਭਾਵਿਤ ਕੀਤਾ। ਜਿੱਥੇ ਗਰੀਬੀ-ਅਮੀਰੀ ਨਾਲੋਂ ਰਚਨਾ ਅੱਗੇ ਹੋ ਕੇ ਬੋਲਦੀ ਹੈ। ਸਰਕਾਰੀ ਪੱਧਰ ਜਾਂ ਹਲਕਿਆਂ ਬਾਰੇ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਉੱਥੇ ਤਾਂ ‘ਅੰਂਨ੍ਹੀ ਪੀਂਹਦੀ ਐ ’ਤੇ ਕੁੱਤੇ ਚੱਟਦੇ ਐ’। ਪੁੱਤੋਂ, ਕਪੁੱਤ ਹੋ ਗਏ ਮਰੀ ਨੈਤਿਕਤਾ ਵਾਲਿਆਂ ਤੋਂ ਇਸ ਨਾਲੋਂ ਵੱਖਰੇ ਅਮਲ ਦੀ ਆਸ ਵੀ ਨਹੀਂ ਕੀਤੀ ਜਾ ਸਕਦੀ। ਜਿਹੜੇ ਆਪਣੀ ਮਾਂ ਜਾਂ ਮਾਂ ਬੋਲੀ ਦੇ ਨਾਂ ਚਾਰ ਛਿੱਲੜਾਂ ਬਦਲੇ ਬੇਦਾਵਾ ਲਿਖ ਗਏ ਹੋਣ ਉਨ੍ਹਾਂ ਨੂੰ ਪੁੱਤ ਨਹੀਂ ਕਪੁੱਤ ਹੀ ਕਿਹਾ ਜਾ ਸਕਦਾ ਹੈ।

ਜਦੋਂ ਵੀ ਅਸੀਂ ਆਪਣੀ ਬੋਲੀ ਦੇ ਮਾਣ ਮੱਤੇ ਹੀਰਿਆਂ ਦਾ ਜਿ਼ਕਰ ਕਰਦੇ ਹਾਂ ਤਾਂ ਉਨ੍ਹਾਂ ਵਿਚੋਂ ਬਹੁਤ ਸਾਰੇ ਉਨ੍ਹਾਂ ਲੇਖਕਾਂ ਦਾ ਨਾਂ ਬੋਲਦਾ ਹੈ ਜੋ ਆਪਣੀਆਂ ਲਿਖਤਾਂ ਨਾਲ ਸਮਾਜ ਅੰਦਰ ਬਹੁਤ ਉੱਚਾ ਸਥਾਨ ਪ੍ਰਾਪਤ ਕਰ ਗਏ ਹਨ। ਜਿਨ੍ਹਾਂ ਉਮਰ ਭਰ ਗੁਰਬਤ ਹੰਢਾਉਣੀ ਤਾਂ ਕਬੂਲ ਕਰ ਲਈ ਪਰ ਆਪਣੀ ਮਾਂ ਦੇ ਚੁੰਘੇ ਦੁੱਧ ਦੀ ਲਾਜ ਪਾਲੀ/ਕਰਜ਼ ਉਤਾਰਿਆ। ਉਨ੍ਹਾਂ ਆਪਣੀ ਮਿਹਨਤ ਨਾਲ ਮਾਇਕ ਪੱਖੋਂ ਭਾਵੇਂ ਨਹੀਂ ਪਰ ਸਮਾਜੀ ਤੇ ਇਖ਼ਲਾਕੀ ਪੱਖੋਂ ਬਹੁਤ ਕਮਾਈ ਕੀਤੀ ਉਹ ਭਾਵੇਂ ਬਾਵਾ ਬਲਵੰਤ ਹੋਵੇ, ਨੰਦ ਲਾਲ ਨੂਰਪੁਰੀ ਹੋਵੇ, ਸੰਤੋਖ ਸਿੰਘ ਧੀਰ ਹੋਵੇ, ਗੁਰਦਾਸ ਰਾਮ ਆਲਮ ਹੋਵੇ, ਸੰਤ ਰਾਮ ਉਦਾਸੀ ਹੋਵੇ, ਲਾਲ ਸਿੰਘ ਦਿਲ ਹੋਵੇ ਆਦਿ ਨਾਵਾਂ ਦੀ ਲਾਈਨ ਲੰਬੀ ਹੈ। ਇਸੇ ਤਰ੍ਹਾਂ ਲਹਿੰਦੇ ਪੰਜਾਬ ਵਲੋਂ ਉਸਤਾਦ ਦਾਮਨ, ਫਰਜ਼ੰਦ ਅਲੀ ਤੇ ਬਾਬਾ ਨਜ਼ਮੀ ਆਦਿ ਅਤੇ ਹੋਰ ਬਹੁਤ ਸਾਰੇ ਵੀ ਹੋਣਗੇ  ਜਿਨ੍ਹਾਂ ਨੂੰ ਚੜ੍ਹਦੇ ਪੰਜਾਬ ਦੀ ਨਵੀਂ ਪੀੜ੍ਹੀ ਜਾਣਦੀ ਨਾ ਹੋਵੇ। ਪ੍ਰਦੇਸੀਂ ਵਸਦੇ ਪੰਜਾਬੀਆਂ ਨੇ ਵੀ ਆਪਣੇ ਵਿਤ ਮੁਤਾਬਿਕ ਆਪਣੀ ਮਾਂ ਬੋਲੀ ਦੇ ਵਿਕਾਸ ਅਤੇ ਸੇਵਾ ਵਿਚ ਬਣਦਾ ਹਿੱਸਾ ਪਾਇਆ ਅਤੇ ਪਾਈ ਜਾ ਰਹੇ ਹਨ। ਗੱਲ ਤਾਂ ਸਾਧਨ ਵਿਹੂਣੇ ਹੋਣ ਦੇ ਬਾਵਜੂਦ ਆਪਣੇ ਖੂਨ ਨਾਲ ਦੀਵਾ ਬਾਲ ਕੇ ਜੱਗ ਰੌਸ਼ਨ ਕਰਨ ਦੀ ਹੁੰਦੀ ਹੈ, ਇਹਦੇ ਵਾਸਤੇ ਮਨੁੱਖ ਕੋਲ ਸਭ ਤੋਂ ਪਹਿਲਾਂ ਦਿਲ-ਗੁਰਦਾ ਚਾਹੀਦਾ ਹੈ। ਇਨ੍ਹਾਂ ਸੂਝ ਵਾਲੇ ਸਿਰੜੀ ਕਲਮਕਾਰਾਂ ਦੀ ਕੀਤੀ ਸੱਚੀ ਤੇ ਸੁੱਚੀ ਕ੍ਰਿਤ-ਕਮਾਈ ਦੇ ਸਾਹਮਣੇ ਕਿਸੇ ਲੱਖਾਂਪਤੀ ਜਾਂ ਕਰੋੜਾਂਪਤੀ ਦਾ ਨਾਂ ਵੀ ਨਿਗੂਣਾ ਜਿਹਾ ਲਗਦਾ ਹੈ।

ਦੁਨੀਆਂ ਅੰਦਰ ਵਸਦੇ ਪੰਜਾਬੀ ਹਰ ਥਾਵੇਂ ਸਭਾ-ਸਭਾਵਾਂ, ਸੰਸਥਾਵਾਂ ਕਾਇਮ ਕਰਕੇ ਆਪਣੇ ਸੂਰਮਿਆਂ, ਸਿਆਣਿਆਂ ਦਾ ਮਾਣ ਵੀ ਕਰਦੇ ਹਨ। ਵੱਖੋ-ਵੱਖ ਥਾਵਾਂ ਤੋਂ ਮਿਲ ਬੈਠਣ ਦੇ ਸੱਦਾ ਪੱਤਰ ਵੀ ਮਿਲਦੇ ਹਨ। ਲੇਖਕ ਆਪਣੀ ਕਲਮ ਦੇ ਆਸਰੇ ਦੁਨੀਆਂ ਗਾਹ ਮਾਰਦਾ ਹੈ। ਜਿੱਥੇ ਵੀ ਪਹੁੰਚਦਾ ਹੈ ਲੋਕ ਹੱਥਾਂ ’ਤੇ ਚੁੱਕਦੇ ਹਨ, ਪਲਕੀਂ ਛਾਵਾਂ ਕਰਦੇ ਹਨ। ਪ੍ਰਦੇਸੀਂ ਵਸਦੇ ਵੀ ਆਪੋ-ਵਿੱਚੀਂ ਸਬੰਧਤ ਰਹਿੰਦੇ ਹਨ। ਇਕ - ਦੂਜੇ ਮੁਲਕੀਂ ਜਾਣ ਲੱਗਿਆਂ ਨਾ ਰੋਟੀ ਪਾਣੀ ਦਾ ਫਿਕਰ ਨਾ ਰਿਹਾਇਸ਼ ਦਾ। ਫੋਨ ਕੀਤਾ ਤੇ ਉੱਥੇ ਜਾ ਪਹੁੰਚੇ। ਮਹਿਫਲਾਂ ਜੁੜਦੀਆਂ ਹਨ, ਬਹਿਸਾਂ ਹੁੰਦੀਆਂ ਹਨ। ਬੇਗਾਨੇ ਮੁਲਕ ਵਿਚ ਘਰ ਵਰਗਾ ਖਾਣਾ, ਭਾਈਚਾਰੇ ਦੀ ਘਾਟ ਵੀ ਨਹੀਂ ਰੜਕਦੀ। ਉਸ ਮੁਲਕ ਬਾਰੇ ਗਿਆਨ ਪ੍ਰਾਪਤ ਕਰਨ ਦਾ ਸੌਖਾ ਸਾਧਨ।

ਆਪਣੇ ਰਿਸ਼ਤੇਦਾਰਾਂ ਦੇ ਆਇਆਂ ਤੋਂ ਤਾਂ ਭਾਵੇਂ ਕੋਈ ਤੱਤਾ-ਭੱਬਾ ਕਰੇ ਪਰ ਲੇਖਕ ਪਾਠਕ ਘੇਰੇ ਵਿਚੋਂ ਜੁੜੇ ਕਿਸੇ ਕਲਮਾਂ ਵਾਲੇ ਨੂੰ ਹੱਸ ਕੇ ਜੀ ਆਇਆਂ ਆਖਦੇ ਹਨ। ਵਿਤੋਂ ਬਾਹਰੀ ਆਉ ਭਗਤ ਕਰਦੇ ਹਨ। ਇਹ ਸਭ ਪੰਜਾਬੀ ਦੀ ਹੀ ਖੱਟੀ ਹੈ। ਬਾਬਾ ਫਰੀਦ ਜੀ ਦੀ ਜ਼ੁਬਾਨ ਨਿਗੂਣੀ ਨਹੀਂ। ਦੁਨੀਆਂ ਦੇ ਹਰ ਮੁਲਕ ਵਿਚ ਇਸਦੀ ਤੰਦ ਖਿਲਰੀ ਮਿਲਦੀ ਹੈ। ਇਸ ਜ਼ੁਬਾਨ ਵਿਚ ਲਿਖਣਾਂ ਭਾਵੇਂ ਹਾਲ ਦੀ ਘੜੀ ਤੱਕ ਮੁਨਾਫੇ ਵਾਲਾ ਕੰਮ ਨਹੀਂ (ਜਿਸਦੇ ਪੰਜਾਬੀ ਖੁਦ ਹੀ ਜੁ਼ੰਮੇਵਾਰ ਹਨ) ਪਰ ਇੱਜਤ-ਮਾਣ ਪੱਖੋਂ ਹੋਈ/ਹੁੰਦੀ ਖੱਟੀ ਨੂੰ ਨਕਾਰਨਾਂ ਵੀ ਚੰਗਾ ਨਹੀਂ। ਉਂਝ ਵੀ ਇਨ੍ਹਾਂ ਕਲਮਾਂ ਵਾਲਿਆਂ ਦੀਆਂ ਸਾਝਾਂ ਕਿਸੇ ਵੀ ਸਕੀਰੀ ਤੋਂ ਗੂੜ੍ਹੀਆਂ ਅਤੇ ਮੋਹ ਭਰੀਆਂ ਹੁੰਦੀਆਂ ਹਨ। ਮੋਹ ਦੀ ਖੱਟੀ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ।

****

No comments:

Post a Comment