ਰੁਖ਼ ਬਦਲ ਗਿਆ

ਸਾਂਝ ਇਕ ਅਜਿਹਾ ਸ਼ਬਦ ਹੈ ਜਿਸਨੂੰ ਮਨੁੱਖੀ ਭਾਵਨਾਵਾਂ ਅੰਦਰਲੀ ਸਪਸ਼ਟਤਾ, ਪਾਰਦਰਸ਼ਤਾ ਅਤੇ ਮਾਨਵਵਾਦੀ ਸੋਚ-ਸੂਝ ਦਾ ਸਹੀ ਪ੍ਰਗਟਾਵਾ ਕਿਹਾ ਜਾ ਸਕਦਾ ਹੈ। ਸਾਂਝ ਆਪਣੇ ਅਰਥਾਂ ਵਲੋਂ ਵੀ ਇਕੱਲਿਉਂ ਸਮੂਹ ਜਾਂ ਕਿਸੇ ਦੂਜੇ ਨਾਲ ਮਿਲ ਬੈਠਣ ਦਾ ਬੋਲ ਬੋਲਦੀ ਹੈ। ਸਾਂਝ ਸੱਚ, ਮੁਹੱਬਤ ਅਤੇ ਨਿਮਰਤਾ ਦੀ ਬੋਲੀ ਹੁੰਦੀ ਹੈ। ਇਸੇ ਕਰਕੇ ਸਾਡੇ ਸਮਾਜ ਅੰਦਰ ਮਰਦਾਂ ਵਲੋਂ ਪੱਗ ਵਟਾਉਣ ਦਾ ਰਿਵਾਜ ਸੀ, ਜਿਸ ਦੇ ਆਸਰੇ ਸਾਂਝ ਦੇ ਨਾ ਟੁੱਟਣ ਦਾ ਇਕਰਾਰ ਕੀਤਾ ਜਾਂਦਾ ਸੀ। ਸੱਚ ਦੇ ਬੋਲ ਪਾਲਣ ਦਾ ਅਹਿਦ ਲਿਆ ਜਾਂਦਾ ਸੀ। ਪੱਗ ਵਟੇ ਨੂੰ ਭਰਾ ਕਿਹਾ ਹੀ ਨਹੀਂ ਸਗੋਂ ਸਮਝਿਆ ਜਾਂਦਾ ਸੀ। ਸਾਂਝ ਨੂੰ ਪੱਕਿਆਂ-ਪੀਡਿਆਂ ਕਰਨ ਵਾਸਤੇ ਉਹਨੂੰ ਮਾਂ-ਪਿਉ ਜਾਏ ਅਤੇ ਖੂਨ ਦੀ ਸਾਂਝ ਵਾਲੇ ਸਕੇ ਭਰਾ ਜਿੱਡਾ ਦਰਜਾ ਤੇ ਮਾਣ ਦਿੱਤਾ ਜਾਂਦਾ ਸੀ। ਪੱਗ ਵਟੇ ਭਰਾ ਵਾਸਤੇ ਜਾਨ ਤੱਕ ਵਾਰ ਦੇਣ ਦੀਆਂ ਕਹਾਣੀਆਂ ਬਹੁਤ ਦੇਰ ਪਹਿਲਾਂ ਤੋਂ ਹੀ ਸੁਣਦੇ ਆਏ ਹਾਂ। ਪਰ ਬਹੁਤ ਸਾਰੇ ਪਾਣੀ ਦੇ ਪੁਲਾਂ ਹੇਠੋਂ ਲੰਘ ਜਾਣ ਬਾਅਦ ਸਮੇਂ ਨੇ ਆਪਣਾ ਰੰਗ ਵਟਾਉਣਾ ਹੀ ਹੁੰਦਾ ਹੈ। ਸਮੇਂ ਸਥਾਨ ਦੀ ਤਬਦੀਲੀ ਨਾਲ ਵਕਤੀ ਗੱਲਾਂ ਤਾਂ ਹੋਰ ਦੀਆਂ ਹੋਰ ਹੋ ਸਕਦੀਆਂ ਹਨ, ਵਕਤੀ ਰੁੱਸ-ਰੁਸੇਵੇਂ ਵੀ ਹੋ ਸਕਦੇ ਹਨ। ਪਰ, ਸੱਚੇ ਅਤੇ ਸੁੱਚੇ ਬੋਲਾਂ ਦੇ ਆਸਰੇ ਪਈ ਸਾਂਝ ਕਦੇ ਨਹੀਂ ਟੁੱਟਦੀ ਅਤੇ ਨਾ ਹੀ ਇਸ ਦੀ ਮੂਲ਼ ਭਾਵਨਾ ਵਿਚ ਫਰਕ ਪੈਂਦਾ ਹੈ। ਇਹ ਜਿ਼ੰਦਗੀ ਦੇ ਰੁਖ ਬਦਲਣ ਵਾਲਾ ਰਾਹ ਬਣ ਜਾਂਦਾ ਹੈ। ਜਿ਼ੰਦਗੀ ਨੂੰ ਸੰਪੂਰਨਤਾ ਵਲ ਤੋਰਨ ਵਾਲੇ ਮੁਬਾਰਕ ਕਦਮਾਂ ਦਾ ਵਸੀਲਾ ਵੀ। ਬਸ! ਇਸਦਾ ਸਲੀਕਾ ਸਿੱਖਣ ਦੀ ਲੋੜ ਹੈ।

ਔਰਤ ਮਰਦ ਦੀ ਸਾਂਝ ਜੱਗ ਜਹਾਨ ਦਾ ਅੱਗਾ ਤੁਰਦਾ ਰੱਖਦੀ ਹੈ। ਪਰਵਾਰਾਂ ਦੀਆਂ ਤੰਗੀਆਂ-ਤੁਰਸ਼ੀਆਂ ਵਿਚੋਂ ਕੌੜੇ ਬੋਲਾਂ ਦਾ ਉੱਚਾ ਹੋਣਾ ਕਈ ਵਾਰ ਚੁਭਦਾ ਵੀ ਹੈ ਕਿਉਂਕਿ ਕੌੜੇ ਬੋਲ ਕਿਸ7ੇ ਵੀ ਸਾਂਝ ਵਾਸਤੇ ਦੁੱਧ ਵਿਚ ਪਾਈ ਕਾਂਜੀ ਬਰਾਬਰ ਹੁੰਦੇ ਹਨ। ਪਰ ਉਹ ਹੀ ਪ੍ਰੀਵਾਰ ਬਾਅਦ ਵਿਚ ਜਦੋਂ ਕਲੇਸ਼ ਤੋਂ ਪਰ੍ਹੇ ਹੋ ਬੈਠ ਕੇ ਸੋਚਦੇ ਹਨ ਤਾਂ ਨਿਰੀ ਬੇਸਮਝੀ ਵਿਚ ਵਾਪਰੀਆਂ ਅਜਿਹੀਆਂ ਹੋਈਆਂ/ਵਾਪਰੀਆਂ ਘਟਨਾਵਾਂ ’ਤੇ ਪਛਤਾਉਂਦੇ ਹਨ। ਅਜਿਹੇ ਸਮੇਂ ਸਾਂਝੇ ਬੋਲਾਂ ਦਾ ਰੁਖ ਮੰਦਭਾਗੀਆਂ ਸਥਿਤੀਆਂ ਦੇ ਪੈਦਾ ਹੋਣ ਵਾਲੇ ਕਾਰਨ ਲੱਭਣ ਵਲ ਤੁਰਦਾ ਹੈ ਤਾਂ ਪ੍ਰੀਵਾਰ ਦੇ ਜੀਆਂ ਅੰਦਰ ਪਤਲੀ ਪੈ ਗਈ ਸਾਂਝ ਫੇਰ ਗੂੜ੍ਹੀ ਹੋਣ ਵਲ ਵਧਦੀ ਹੈ, ਜਦੋਂ ਉਹ ਜਾਣ ਜਾਂਦੇ ਹਨ ਕਿ ਕੁੜੱਤਣ ਪੈਦਾ ਕਰਨ ਵਾਲੇ ਕਾਰਨ ਉਨ੍ਹਾਂ ਦੇ ਆਪਣੇ ਨਹੀਂ ਸਨ ਸਗੋਂ ਜਿਸ ਸਮਾਜ ਵਿਚ ਉਹ ਰਹਿ ਰਹੇ ਹਨ ਉਸ ਵਿਚੋਂ ਹੀ ਕਿਸੇ ਗਲਤ ਕਿਸਮ ਦੇ ਭੁਲੇਖੇ ਦੀ ਪੈਦਾਵਾਰ ਹਨ। ਫੇਰ ਇਨ੍ਹਾਂ ਭੁਲੇਖਿਆਂ ਤੋਂ ਛੁਟਕਾਰਾ ਪਾ ਕੇ ਨਵੇਂ ਦਿਸਹੱਦਿਆਂ ਵਲ ਜਿ਼ੰਦਗੀ ਨੂੰ ਤੋਰਿਆ ਜਾਂਦਾ ਹੈ। ਪਛੜੇ ਸਮਾਜਾਂ ਅੰਦਰ ਹੀ ਨਹੀਂ ਲੱਗਭੱਗ ਹਰ ਪਾਸੇ ਔਰਤ ਨੂੰ ਸਦਾ ਹੀ ਦਬਾਈ ਰੱਖਣ ਦਾ ਜਤਨ ਕੀਤਾ ਜਾਂਦਾ ਰਿਹਾ ਹੈ ਅਤੇ ਲਗਾਤਾਰ ਕੀਤਾ ਜਾ ਰਿਹਾ ਹੈ। ਵਰਤਮਾਨ ਸਮੇਂ ਵਿਚ ਭਾਵੇਂ ਪੱਛਮੀ ਸਮਾਜ ਅੰਦਰ ਔਰਤਾਂ ਦੀ ਦਸ਼ਾ ਵਿਚ ਪੂਰਬ ਦੇ ਮੁਕਾਬਲੇ ਬਹੁਤ ਫਰਕ ਪਿਆ ਹੈ ਪਰ ਵਿਤਕਰੇ ਤੇ ਜਬਰ ਅਜੇ ਵੀ ਹੁੰਦਾ ਹੈ। ਪਹਿਲਾਂ ਤਾਂ ਔਰਤਾਂ ਮੰਦੇਹਾਲੀਂ ਹੀ ਜੀਊਂਦੀਆਂ ਸਨ। ਰਾਜ-ਭਾਗ ਦੀ ਹਿੱਸੇਦਾਰੀ ਤੋਂ ਤਾਂ ਅਸਲੋਂ ਹੀ ਵਿਰਵੀਆਂ ਸਨ। ਇੱਥੋਂ ਹੀ ਔਰਤ ਨਾਲ ਵਿਚਾਰੀ ਵਰਗਾ ਵਿਸ਼ੇਸ਼ਣ ਆ ਜੁੜਿਆ ਹੋਵੇਗਾ। ਸਿਆਸੀ ਖੇਤਰ ਦੀ ਗੱਲ ਕਰੀਏ ਤਾਂ ਦੇਖਦੇ ਹਾਂ ਕਿ ਔਰਤਾਂ ਨੂੰ ਵੋਟ ਦਾ ਹੱਕ ਮਿਲਿਆਂ ਅਜੇ ਪੌਣੀ ਕੁ ਸਦੀ ਹੀ ਹੋਈ ਹੈ। ਪੁੱਛਿਆ ਤਾਂ ਇਹ ਵੀ ਜਾ ਸਕਦਾ ਹੈ ਕਿ ਕੀ ਜਮਹੂਰੀਅਤ ਸਿਰਫ ਇੰਨੀ ਹੀ ਪੁਰਾਣੀ ਹੈ? ਅਜੇ ਵੀ ਬਹੁਤ ਕੁੱਝ ਹੈ ਜੋ ਔਰਤ ਦੇ ਸਵੈਮਾਣ ਨੂੰ ਸੱਟ ਮਾਰਦਾ ਹੈ। ਲਿੰਗ ਅਧਾਰਤ ਵਿਤਕਰਾ ਹੀ ਨਹੀਂ ਸਗੋਂ ਜ਼ੋਰ-ਜਬਰ, ਧੱਕਾ ਅਤੇ ਰੂਹ ਨੂੰ ਜ਼ਖ਼ਮੀ ਕਰ ਦੇਣ ਵਾਲੇ ਗੈਰ-ਮਨੁੱਖੀ ਕਾਰਨਾਮੇ ਕੀਤੇ ਜਾਂਦੇ ਹਨ ਸਮਾਜ ਦੀ ਅਗਵਾਈ ਕਰਨ ਵਾਲੇ ਮਰਦਾਂ ਵਲੋਂ ਔਰਤਾਂ ਦੇ ਖਿਲਾਫ। ਇਸ ਕਰਕੇ ਹੀ ਕਦੀਂ ਕਦੀਂ ਔਰਤ, ਮਰਦ ਦੀ ਸਾਂਝ ਵਿਚ ਤ੍ਰੇੜਾਂ ਪੈ ਜਾਂਦੀਆਂ ਹਨ ਜਿਸ ਨਾਲ ਰਿਸ਼ਤੇ ਵਿਚ ਕੁਸੈਲ਼ਾ ਪਨ ਆ ਜਾਂਦਾ ਹੈ।

ਕਈ ਥਾਵੀਂ ਤਾਂ ਔਰਤ ਨੂੰ ਮਰਦ ਦੇ ਬਰਾਬਰ ਦਾ ਇਨਸਾਨ ਹੀ ਨਹੀਂ ਸਮਝਿਆ ਜਾਂਦਾ। ਖਾਸ ਕਰਕੇ ਕਈਆਂ ਥਾਵੀਂ ਇਸਲਾਮ ਦੇ ਨਾਂ ਹੇਠ ਕਿਸੇ ਅਦਾਲਤੀ ਗਵਾਹੀ ਸਮੇਂ ਦੋ ਔਰਤਾਂ ਦੀ ਗਵਾਹੀ ਨੂੰ ਇਕ ਮਰਦ ਦੀ ਗਵਾਹੀ ਦੇ ਬਰਾਬਰ ਸਮਝਿਆ ਜਾਂਦਾ ਹੈ। ਸਿਰਫ ਇਸ ਕਰਕੇ ਕਿ ਉਹ ਮਰਦ ਹੈ ਤੇ ਉਹ ਔਰਤਾਂ ਹਨ? ਫੇਰ ਇੱਥੇ ਇਨਸਾਨ ਕਿੱਥੇ ਗੁੰਮ-ਗੁਆਚ ਗਿਆ? ਅਤੇ ਕਿਉਂ? ਕੀ ਕਿਸੇ ਧਰਮ ਦੀ ਝੂਠੀ ਓਟ ਵਿਚ ਜਗਤ ਦੀ ਜਣਨੀ ਨੂੰ ਉਹਦੇ ਹੀ ਜਾਇਆਂ ਵਲੋਂ ਇੰਜ ਜ਼ਲੀਲ ਕਰਨਾ ਜਾਂ ਨੀਵਾਂ ਦਿਖਾਉਣਾ ਠੀਕ ਕਿਹਾ ਜਾ ਸਕਦਾ ਹੈ? ਔਰਤ ਕਿਸੇ ਦੀ ਮਾਂ, ਕਿਸੇ ਦੀ ਧੀ, ਕਿਸੇ ਦੀ ਭੈਣ ਤੇ ਕਿਸੇ ਦੀ ਪਤਨੀ ਹੈ। ਆਖਰ ਉਹ ਇਨਸਾਨ ਹੈ। ਇਹ ਸਮਝਿਆ ਕਿਉਂ ਨਹੀਂ ਜਾਂਦਾ? ਆਖਰ ਕਦੋਂ ਸਮਝਿਆ ਜਾਵੇਗਾ?

ਕਿਸੇ ਤਰ੍ਹਾਂ ਦੇ ਮਸਲਿਆਂ ਦਾ ਵੀ ਪੈਦਾ ਹੋਣਾ ਦੁਖਦਾਈ ਹੁੰਦਾ ਹੈ ਪਰ ਸਿਆਣੇ/ ਸੂਝਵਾਨ ਪੈਦਾ ਹੋਏ ਹਰ ਮਸਲੇ ਦਾ ਹੱਲ ਲੱਭਣ ਦਾ ਜਤਨ ਕਰਦੇ ਹਨ। ਅਜਿਹੀਆਂ ਵਿਸਫੋਕਟ ਸਥਿਤੀਆਂ ਵਿਚੋਂ ਹੀ ਕਦੇ ਨਾਰੀਵਾਦ (ਫੈਮੀਨਿਜ਼ਮ) ਪੈਦਾ ਹੋ ਜਾਂਦਾ ਹੈ। ਜਿਹੜਾ ਮਨੋਰਥ ਅਤੇ ਨਾਅਰੇ ਤਾਂ ਹੋਰ ਲੈ ਕੇ ਆਉਂਦਾ ਹੈ ਜਿਵੇਂ, ਭਰਪੂਰ ਜਿ਼ੰਦਗੀ ਜੀਊਣ ਵਾਸਤੇ ਸਾਂਝ ਤੇ ਮੋਹ ਭਰੀ ਬਰਾਬਰੀ ਅਤੇ ਇਸਦੇ ਵਾਸਤੇ ਸਾਂਝਾ ਘੋਲ। ਫਰ ਕਈ ਕੱਚਘਰੜ ਜਹੇ ‘ਵਿਦਵਾਨ’ ਅਜਿਹੀਆਂ ਸਮਾਜਕ ਲਹਿਰਾਂ ਨੂੰ ਵੀ ਮਰਦਾਂ ਦੇ ਖਿਲਾਫ ਔਰਤਾਂ ਦਾ ਧਮੱਚੜ ਹੀ ਆਖ ਦਿੰਦੇ ਹਨ। ਅਸਲ ਮਸਲੇ ਨੂੰ ਆਪਣੀ ਚਲਾਕੀ ਨਾਲ ਉਲਝਾਉਣ ਦਾ ਜਤਨ ਕਰਦੇ ਹਨ। ਸ਼ਾਇਦ ਇਸਨੂੰ ਹੀ ਉਹ ਆਪਣਾ ਮਰਦਊਪੁਣਾ ਸਮਝਦੇ ਹਨ। ਦਰਅਸਲ ਉਨ੍ਹਾਂ ਦੇ ਅੰਦਰਲਾ ਪਾਲ਼ਾ ਹੀ ਉਨ੍ਹਾਂ ਨੂੰ ਮਾਰਦਾ ਹੈ। ਇਹ ਤਾਂ ਸਾਰੇ ਹੀ ਜਾਣਦੇ ਹਨ ਕਿ ਜੀਵਨ ਦੇ ਦੋ ਪਹੀਆਂ ਦਾ ਨਾਂ ਔਰਤ ਤੇ ਮਰਦ ਹੈ। ਇਕ ਵਿਚ ਵੀ ਕਾਣ ਹੋਵੇ ਤਾਂ ਜਿ਼ੰਦਗੀ ਦੀ ਗੱਡੀ ਰੁੜਨ ਦੀ ਥਾਵੇਂ ਟੇਢੀ ਹੋ ਜਾਵੇਗੀ। ੀੲਸ ਵਾਸਤੇ ਜ਼ਰੂਰੀ ਹੈ ਇਸ ਰਿਸ਼ਤੇ ਵਿਚਲਾ ਸਾਵਾਂਪਣ। ਇਹ ਸਾਵਾਂਪਣ/ਬਰਾਬਰੀ ਇਕ ਦੂਜੇ ਪ੍ਰਤੀ ਵਿਸ਼ਵਾਸ, ਸਤਿਕਾਰ ਅਤੇ ਮੋਹ-ਮੁਹੱਬਤ ਰਾਹੀਂ ਹੀ ਪੈਦਾ ਹੋ ਸਕਦਾ ਹੈ। ਧਰਮਾਂ ਵਾਲੇ ਤਾਂ ਆਮ ਕਰਕੇ ਔਰਤ ਨੂੰ ਦੁਰਕਾਰਦੇ ਹੀ ਆਏ ਹਨ। ਹਿੰਦੂ ਧਰਮ ਵਿਚ ਤਾਂ ਔਰਤ ਨੂੰ ਪੈਰ ਦੀ ਜੁੱਤੀ ਤੱਕ ਕਿਹਾ ਗਿਆ ਹੈ। ਹਿੰਦੂਆ ਦਾ “ਸੰਤ” ਕਿਹਾ ਜਾਣ ਵਾਲਾ ਤੁਲਸੀ ਦਾਸ ਤਾਂ ਔਰਤ ਨੂੰ ਢੋਰ ਤੇ ਪਸ਼ੂ ਦੇ ਬਰਾਬਰ ਕਹਿੰਦਾ ਹੈ (ਸ਼ੂਦਰ, ਢੋਰ ਪਸ਼ੂ ਔਰ ਨਾਰੀ, ਚਾਰੋਂ ਤਾੜਨ ਕੇ ਅਧਿਕਾਰੀ) ਭਗਵਾਨ ਕਹੇ ਜਾਣ ਵਾਲੇ ਰਾਮ ਵਲੋਂ ਸੀਤਾ ਦੀ ਅਗਨੀ ਪ੍ਰੀਖਿਆ ਕੀ ਦਰਸਾਉਂਦੀ ਹੈ? ਔਰਤ ਨੂੰ ਇਨਸਾਨ ਨਾ ਸਮਝ ਸਗੋਂ ਇਕ ਵਸਤ ਸਮਝ ਕੇ ਕਦੇ ਉਹਨੂੰ ਜੂਏ ਦੇ ਦਾਅ ’ਤੇ ਲਾਇਆ ਗਿਆ, ਕਦੇ ਮਰਦਾਂ ਦੀ ਸਭਾ ਵਿਚ ਉਹਨੂੰ ਨੰਗਿਆਂ ਕਰਨ ਦੇ ਜਤਨ ਕੀਤੇ ਗਏ। ਆਖਰ ਕੀਹਨੇ ਕੀਤਾ ਇਹ ਸਭ ਕੁੱਝ? ਧਰਮੀ (?) ਕਹਾਉਣ ਵਾਲੇ ‘ਮਰਦਾਂ’ ਨੇ। ਈਸਾਈਆਂ ਦਾ ਕੈਥੋਲਿਕ ਧੜਾ ਅਜੇ ਤੱਕ ਵੀ ਕਿਸੇ ਔਰਤ ਨੂੰ ਚਰਚ ਦੀ ਪਾਦਰੀ ਬਣਾਏ ਜਾਣ ਦੀ ਇਜਾਜ਼ਤ ਨਹੀਂ ਦਿੰਦਾ। ਇਸੇ ਧੜੇ ਦੇ ਮਰਦ ਪਾਦਰੀਆਂ ਦੇ ਵਿਆਹ ਕਰਵਾਉਣ ਦੀ ਮਨਾਹੀ ਹੈ। ਉਂਜ ਚੋਰੀ-ਛਿੱਪੇ ਉਹ ਜਿੱਥੇ ਮਰਜ਼ੀ ਖੇਹ ਖਾਂਦੇ ਫਿਰਨ, ਬੱਚੇ ਜੰਮਦੇ ਫਿਰਨ। ਅਜਿਹਾ ਸਾਰਾ ਕੁੱਝ ਨਿੱਤ ਦਿਹਾੜੇ ਅਖਬਾਰਾਂ ਦੀਆਂ ਸੁਰਖੀਆਂ ਵਿਚ ਪੜ੍ਹਿਆ ਜਾ ਸਕਦਾ ਹੈ। ਮੁੰਡੇਬਾਜ਼ੀ ਦਾ ਤਾਂ ਇਨ੍ਹਾਂ ’ਤੇ ਆਮ ਹੀ ਇਲਜ਼ਾਮ ਲਗਦਾ ਹੈ। ਇਹੋ ਜਹੇ ਬਦਫੈਲੀਆਂ ਦੇ ਪੁਤਲੇ ਦੱਸਣਗੇ ਨਾ ਲੋਕਾਂ ਨੂੰ “ਰੱਬ” ਦੇ ‘ਘਰ’ ਦਾ ਪਤਾ? ਫੋਪ ਹੈ ਕਿ ਅਜਿਹੇ ਵਾਪਰੇ ਤੇ ਅਫਸੋਸ ਜਾਹਰ ਕਰ ਦਿੰਦਾ ਹੈ, ਬਸ! ਅੱਲ੍ਹਾ ਅੱ਼ਲ੍ਹਾ ਖ਼ੈਰ ਸੱਲਾ। ਈਸਾਈਆਂ ਦਾ ਹੀ ਦੂਸਰਾ ਮੁੱਖ ਧੜਾ ਪਰੋਟੈਸਟੈਂਟਸ ਵਾਲਾ ਹੈ। ਉਹ ਔਰਤਾਂ ਨੂੰ ਚਰਚ ਦੀ ਪਾਦਰੀ ਵੀ ਬਣਾਉਂਦੇ ਹਨ ਅਤੇ ਮਰਦ ਪਾਦਰੀਆਂ ਦੇ ਵਿਆਹ ਕਰਨ ਉੱਤੇ ਵੀ ਕੋਈ ਰੋਕ ਨਹੀਂ। ਇੱਕੋ ਧਰਮ ਵਾਲਿਆ ਦੇ ਦੋ ਅਜਿਹੇ ਭੰਬਲਭੂਸੇ ਭਰੇ ਰਸਤੇ ਆਮ ਲੋਕਾਂ ਲਈ ਬੁਝਾਰਤ ਵਰਗੇ ਹੀ ਹਨ। ਅਜਿਹਾ ਹੀ ਵਤੀਰਾ ਇਸਲਾਮ ਦੇ ਅਧੀਨ ਵੀ ਅਪਣਾਇਆ ਜਾਂਦਾ ਹੈ। ਇੱਥੇ ਵੀ ਔਰਤ ਨੂੰ ਧਾਰਮਿਕ ਰਸਮਾਂ ਵਿਚ ਮੋਹਰੀ ਰੋਲ ਅਦਾ ਕਰਨ ਦੀ ਇਜਾਜ਼ਤ ਨਹੀਂ। ਔਰਤ ਨੂੰ ਪਾਦਰੀ ਜਾਂ ਮੁਲਾਂ ਦੇ ਬਰਾਬਰ ਦੇ ਅਧਿਕਾਰ ਨਾ ਦੇਣੇ ਕੀ ਧਰਮ ਦੀ ਤੌਹੀਨ ਨਹੀਂ, ਧਰਮ ਦੀਆਂ ਮੂਲ਼ ਭਾਵਨਾਵਾਂ ਤੇ ਧਾਰਨਾਵਾਂ ਦਾ ਅਪਮਾਨ ਨਹੀਂ? ਕੀ ਔਰਤ ਇਨਸਾਨ ਨਹੀਂ? ਜੇ ਹੈ ਤਾਂ ਵਿਤਕਰਾ ਕਿਉਂ? ਯਾਹੂਦੀਆਂ ਅੰਦਰ ਵੀ ਔਰਤ ਦੇ ਖਿਲਾਫ ਇਹੋ ਜਹੀਆਂ ਪਾਬੰਦੀਆਂ ਮੌਜੂਦ ਹਨ। ਬਹੁਤ ਹੀ ਬਾਅਦ ਵਿਚ ਪੈਦਾ ਹੋਏ ਬਹਾਈ ਧਰਮ ਵਾਲਿਆਂ ਨੇ ਪਾਦਰੀ, ਪੰਡਿਤ, ਭਾਈ, ਮੁਲਾਂ ਤੇ ਰਾਬੀਨਾਂ ਵਰਗੀਆਂ ਪਦਵੀਆਂ ਹੀ ਖਤਮ ਕਰ ਦਿੱਤੀਆਂ ਅਤੇ ਸੱਚ ਲੱਭਣ ਵਾਸਤੇ ਹਰ ਕਿਸੇ ਨੂੰ ਵਿਅਕਤੀਗਤ ਜਤਨ ਅਤੇ ਕਰਮ ਕਰਨ ਦਾ ਹੋਕਾ ਦਿੱਤਾ ਹੈ। ਇਹ ਧਰਮ ਵੀ ਸਿੱਖ ਧਰਮ ਵਾਂਗ ਹੀ ਔਰਤ ਮਰਦ ਦੀ ਬਰਾਬਰੀ ਦਾ ਸੱਦਾ ਦਿੰਦਾ ਹੈ। ਭਾਵੇਂ ਕਿ ਸਿੱਖ ਧਰਮ ਅੰਦਰ ਥੋਥੇ ਕਰਮ ਕਾਂਡ ਲਗਾਤਾਰ ਫੇਰ ਤੋਂ ਵਧ ਰਹੇ ਹਨ, ਜੋ ਸਿੱਖ ਧਰਮ ਦੇ ਬਾਨੀਆਂ ਦੀਆਂ ਸਿੱਖਿਆਵਾਂ, ਸਿੱਖ ਧਰਮ ਦੀ ਫਿਲਾਸਫੀ ਅਤੇ ਗੁਰਮਤਿ ਦੇ ਅਨੁਸਾਰ ਨਹੀਂ ਹਨ। ਇਸ ਪਾਸੇ ਜੁੰਮੇਵਾਰਾਂ ਵਲੋਂ ਧਿਆਨ ਦੇਣਾ ਬਣਦਾ ਹੈ। ਸਮਾਂ ਇਸ ਦੀ ਜੋਰਦਾਰ ਮੰਗ ਕਰਦਾ ਹੈ, ਪਰ ਅਜੇ ਤੱਕ ਤਾਂ ਅਜਿਹੀ ਲਹਿਰ ਕਿਧਰੇ ਨਜ਼ਰ ਨਹੀਂ ਆਉਂਦੀ।

ਔਰਤ ਦੇ ਸਮਾਜ ਵਿਚਲੇ ਮਾਣ-ਮੱਤੇ ਰੋਲ ਨੂੰ ਅਸੀਂ ਸਦਾ ਹੀ ਘਟਾ ਕੇ ਦੇਖਣ ਦੇ ਆਦੀ ਰਹੇ ਹਾਂ। ਜਿਵੇਂ ਮਰਦ ਦੇ ਵੱਖੋ ਵੱਖਰੇ ਰੂਪ ਹਨ ਉਵੇਂ ਹੀ ਔਰਤ ਦੇ ਸਮਾਜਕ ਰੁਤਬੇ ਹਨ। ਉਨ੍ਹਾਂ ਦਾ ਮਾਣ-ਤਾਣ ਉਨ੍ਹਾਂ ਰੁਤਬਿਆਂ ਨੂੰ ਸਵੀਕਾਰਨ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ। ਪੁਰਾਣੇ ਸਮਿਆਂ ਦੀ ਗੱਲ ਕਰੀਏ ਤਾਂ ਦੇਖਦੇ ਹਾਂ ਕਿ ਉੱਥੇ ਤਾਂ ਔਰਤ ਦੀ ਮਰਜ਼ੀ ਵਾਸਤੇ ਕੋਈ ਥਾਂ ਹੀ ਨਹੀਂ ਸੀ। ਸਾਡਾ ਇਤਿਹਾਸ ਹੀ ਨਹੀਂ ਸਾਹਿਤ ਵੀ ਇਸ ਗੱਲ ਦੀ ਗਵਾਹੀ ਦਿੰਦਾ ਹੈ। ਬਾਬਾ ਨਾਨਕ ਨੇ ਔਰਤ ਦੀ ਤਰਸਯੋਗ ਹਾਲਤ ਦੇਖਕੇ ਹੀ ਕਿਹਾ ਸੀ :

ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨ

ਅਤੇ ਚਿਰ ਬਾਅਦ ਸਿ਼ਵ ਕੁਮਾਰ ਨੇ ‘ਲੂਣਾ’ ਲਿਖਦਿਆਂ ਔਰਤ ਦੀ ਦਰਦਨਾਕ ਹਾਲਤ ਨੂੰ ਇੰਜ ਬਿਆਨ ਕੀਤਾ ਹੈ :

ਕੁੱਜਾ ਭੱਜੇ ਤਾਂ ਸੁੱਟਦੇ ਖੋਲ਼ਿਆਂ ਥੀਂ
ਨਾਰ ਭੱਜੇ ਤਾਂ ਮੁੜ ਜਾਏ ਮਾਪਿਆਂ ਦੇ

ਸਮੇਂ ਦੇ ਬਦਲਣ ਨਾਲ ਅਤੇ ਔਰਤ ਦੇ ਜਗ੍ਰਤਿ ਹੋ ਜਾਣ ਕਰਕੇ ਉਹਨੂੰ ਹੁਣ ਭੌਂਦੂਨਾਥ ਮਰਦ ਕਬੂਲ ਨਹੀਂ। ਉਹ ਰੂਹ ਦਾ ਹਾਣ ਭਾਲਦੀ ਹੈ, ਸਿਰਜਕ ਲੋੜਦੀ ਹੈ। ਉਸਦੇ ਅੰਦਰਲੀ ਖੂਬਸੂਰਤ ਵੰਗਾਰ ਅਮਰ ਜਿਓਤੀ ਦੀ ਕਵਿਤਾ ਵਿਚ ਇੰਜ ਬੋਲਦੀ ਹੈ :

ਜਦ ਆਵੇਂਗਾ
ਬੁੱਤ ਸਿ਼ਕਨ ਬਣਕੇ ਨਾ ਆਵੀਂ
ਬੁੱਤ ਤਰਾਸ਼ ਬਣਕੇ ਆਵੀਂ

ਸਮੇਂ ਦੇ ਬਦਲਣ ਨਾਲ ਹਾਲਤ ਬਦਲ ਗਏ। ਹੁਣ ਔਰਤ ਜਗਿਆਸਾ ਭਰੀ ਸੂਝ ਦੇ ਵਿਹੜੇ ਬੈਠੀ ਹੈ। ਪੜ੍ਹ-ਲਿਖ ਜਾਣ ਕਰਕੇ ਔਰਤ ਵੀ ਦੁਨੀਆਂ ਵਿਚ ਆਉਂਦੀ ਤਬਦੀਲੀ ਤੋਂ ਵਾਕਫ ਹੈ। ਤਕਨੀਕੀ ਤਰੱਕੀ ਨੇ ਦੁਨੀਆਂ ਨੂੰ ਬਹੁਤ ਛੋਟੀ ਕਰ ਦਿੱਤਾ ਹੈ। ਕੌਮਾਂਤਰੀ ਪੱਧਰ ਤੱਕ ਔਰਤਾਂ ਦਾ ਔਰਤਾਂ ਨਾਲ ਸੰਪਰਕ ਵਧਿਆ ਹੈ। ਔਰਤਾਂ ਨੂੰ ਸੁਚੇਤ ਪੱਧਰ ਉੱਤੇ ਆਪਣੀ ਹੋਂਦ ਦਾ ਅਹਿਸਾਸ ਹੋਣ ਕਰਕੇ ਉਨ੍ਹਾਂ ਨੇ ਆਪਣੇ ਹੱਕਾਂ ਦੀ ਰਾਖੀ ਦਾ ਹੋਕਾ ਹੀ ਨਹੀਂ ਦਿੱਤਾ ਸਗੋਂ ਆਪਣੇ ਹੱਕਾਂ ਦੀ ਰਾਖੀ ਵਾਸਤੇ ਇਕੱਲਿਆਂ ਵੀ ਤੇ ਮਰਦਾਂ ਨਾਲ ਰਲਕੇ ਤਿੱਖੇ ਘੋਲ਼ ਲੜੇ ਤੇ ਜਿੱਤੇ। ਜਿ਼ੰਦਗੀ ਹਾਦਸਿਆਂ ਨਾਲ ਨਿੱਤ ਹੀ ਦੋ-ਚਾਰ ਹੁੰਦੀ ਹੈ। ਇਹਦੇ ਵਾਸਤੇ ਜ਼ਰੂਰੀ ਹੁੰਦਾ ਹੈ ਜਗਿਆਸਾ ਦੇ ਲੜ ਲੱਗ ਕੇ ਤਰਕ ਅਧਾਰਤ ਸਿਦਕ ਭਰੀ ਸੋਚ ਨਾਲ ਤੁਰਨਾ। ਤੁਰਦੇ ਕਦਮ ਮੰਜਿ਼ਲ ਤੱਕ ਪਹੁੰਚ ਜਾਂਦੇ ਹਨ। ਪਹਿਲਾਂ ਔਰਤ ਮਰਦ ਦੇ ਲੜ ਬੱਝੀ ਹੋਣ ਕਰਕੇ ਉਹਦੇ ਤਰਸ ਦੀ ਪਾਤਰ ਸੀ। ਮਰਦ ਵਲੋਂ ਛੱਡ ਦੇਣ/ਤਲਾਕ ਦਿੱਤੇ ਜਾਣ ਦਾ ਡਰ ਤੇ ਅ-ਸੁਰੱਖਿਅਤ ਭਵਿੱਖ ਦਾ ਡਰ ਔਰਤ ਦੀ ਜਾਨ ਸੁੱਕਣੇ ਪਾਈ ਰੱਖਦਾ ਸੀ। ਮੁੱਖ ਕਾਰਨ ਆਰਥਕ ਪੱਖੋਂ ਮਰਦ ਉੱਤੇ ਨਿਰਭਰ ਹੋਣਾ ਸੀ। ਵਕਤ ਨੇ ਕਰਵਟ ਲਈ ਤਾਂ ਉਨ੍ਹਾਂ ਨੇ ਵਕਤ ਦੀ ਕੰਨੀ ਹੱਥੋਂ ਨਾ ਖਿਸਕਣ ਦਿੱਤੀ। ਔਰਤਾਂ ਨੂੰ ਸਵੈ ਨਿਰਭਰ ਹੋਣ ਦੇ ਮੌਕੇ ਮਿਲੇ ਤਾਂ ਉਨ੍ਹਾਂ ਨੇ ਔਖੀਆਂ ਹਾਲਤਾਂ ਵਿਚ ਵੀ ਮੱਥੇ ਅੰਦਰ ਨਵੇਂ ਗਿਆਨ ਦੀ ਰੌਸ਼ਨੀ ਦੇ ਦੀਵੇ ਬਾਲੇ। ਕਿਸੇ ਵੀ ਇਨਸਾਨ ਦੇ ਅੰਦਰਲਾ ਵਿਸ਼ਵਾਸ ਉਸਦੀ ਸ਼ਖਸੀਅਤ ਨੂੰ ਵਿਅਕਤੀਗਤ ਅਤੇ ਸਮਾਜਕ ਪੱਧਰ ’ਤੇ ਉਭਾਰਦਿਆਂ ਅਤੇ ਸਾਂਝ ਦੇ ਚੌਖਟੇ ਵਿਚ ਤੋਰਦਿਆਂ ਹੋਇਆਂ, ਉਸਦੀ ਸੋਚ ਅਤੇ ਹੋਂਦ ਨੂੰ ਮੌਲਣ ਅਤੇ ਵਿਕਸਣ ਦੇ ਮੌਕੇ ਫੜਨ ਦਾ ਸਾਹਸ ਬਖਸ਼ਦਾ ਹੈ। ਅੱਜ ਦੀ ਔਰਤ ਅਣਸੁਖਾਵੇਂ ਹਾਦਸਿਆਂ ਦਾ ਡਟ ਕੇ ਮੁਕਾਬਲਾ ਕਰਦੀ ਹੈ ਅਤੇ ਹਾਸਿਆਂ ਭਰੇ ਪਲਾਂ ਨੂੰ ਕੋਲੋਂ ਮੱਲਕ ਦੇਣੀ ਨਹੀਂ ਲੰਘ ਜਾਣ ਦਿੰਦੀ ਸਗੋਂ ਉਨ੍ਹਾਂ ਹੁਸੀਨ ਪਲਾਂ ਦੇ ਆਸਰੇ ਕੈਦ ਵਰਗੀ ਜਿ਼ੰਦਗੀ ਨੂੰ ਨਕਾਰਦਿਆਂ ਉਸਤੋਂ ਪਾਰ ਜਾ ਕੇ ਖੁੱਲ੍ਹੀ ਤੇ ਖੁਸ਼ਗਵਾਰ ਫਿ਼ਜਾ ਦੇ ਵਿਹੜੇ ਦਾਖਲ ਹੁੰਦੀ ਹੈ, ਜਿੱਥੇ ਜਿ਼ੰਦਗੀ ਛਣਕਦੇ ਹਾਸੇ ਵਰਗੀ ਹੋ ਕੇ ਸਮੇਂ ਦਾ ਰੁਖ਼ ਬਦਲਣ ਲਗਦੀ ਹੈ।

****


No comments:

Post a Comment