ਪੁੰਨ ਦੇ ਚੌਲ਼

ਕਰਮ-ਕਾਂਡਾਂ ਦੇ ਵਿਸ਼ਵਾਸੀ, ਆਪੇ ਬੁਣੇ ਭਰਮ ਜਾਲ਼ ਦੇ ਕੈਦੀ, ਥੋੜ ਅਕਲੇ, ਸੂਝ ਅਤੇ ਸਹਿਜ ਵਿਹੂਣੇ ਲੋਕ ਪੁੰਨ-ਦਾਨ ਵਾਲੇ ਝੂਠੇ ਚੱਕਰਾਂ ਵਿਚ ਸਹਿਜੇ ਹੀ ਫਸ ਜਾਂਦੇ ਹਨ। ਇਹ ਆਮ ਕਿਹਾ ਜਾਂਦਾ ਵਰਤਾਰਾ ਕਿੰਨਾ ਖਤਰਨਾਕ ਹੈ, ਇਸਦੇ ਪਿੱਛੇ ਕੀ ਕਾਰਨ ਹਨ? ਇਹ ਸਾਡੇ ਜੀਵਨ ਦੇ ਚਾਨਣੇ ਪੱਖ ਨੂੰ ਹਨੇਰੇ ਵਲ ਧੱਕਣ ਦਾ ਕਿੰਨਾ ਕੋਝਾ ਤੇ ਘਟੀਆ ਰਸਤਾ ਹੈ? ਇਸ ਪਾਸੇ ਵਲ ਬਹੁਤ ਘੱਟ ਲੋਕ ਸੋਚਦੇ ਹਨ। ‘ਲਕੀਰ ਦੇ ਫਕੀਰ’ ਤਾਂ ਸਮੇਂ-ਸਥਿਤੀਆਂ ਨਾਲ ਸਮਝੌਤੇ ਹੀ ਕਰ ਸਕਦੇ ਹਨ, ਉਹ ਕੁੱਝ ਵੀ ਬਦਲਣ ਦੇ ਯੋਗ ਨਹੀਂ ਹੁੰਦੇ। ਨਵੀਂ ਲੀਹ ਤਾਂ ਨਵੀਂ ਸੋਚ ਨਾਲ ਹੀ ਪਾਈ ਜਾ ਸਕਦੀ ਹੈ ਅਤੇ ਇਸ ਦੀ ਲੋੜ ਵੀ ਬਹੁਤ ਹੈ। ਨਵੀਂ ਲੀਹ ਤੋਂ ਬਿਨਾਂ ਸੁਚੱਜੇ ਭਵਿੱਖ ਦੀ ਆਸ ਕਰਨੀ ਵੀ ਵਿਅਰਥ ਹੈ। ਅਜਿਹਾ ਤਾਂ ਥੁੱਕ ਨਾਲ ਬੜੇ ਪਕਾਉਣ ਵਾਲੇ ਹੀ ਸੋਚ/ਕਰ ਸਕਦੇ ਹਨ, ਕੋਈ ਯਥਾਰਥਵਾਦੀ ਅਜਿਹਾ ਨਹੀਂ ਸੋਚ ਸਕਦਾ। ਗਤੀਸ਼ੀਲਤਾ ਹੀ ਜਿ਼ੰਦਗੀ ਨੂੰ ਅੱਗੇ ਤੋਰਨ ਦਾ ਰਾਹ ਹੈ। ਸੋਚਣ ਵਾਸਤੇ ਤਰਕਸ਼ੀਲਤਾ ਲੋੜੀਦੀ ਹੈ। ਤਰਕਸ਼ੀਲ ਬਣਨ ਵਾਸਤੇ ਯਤਾਰਥਵਾਦੀ/ਤਰਕਵਾਦੀ ਹੋ ਕੇ ਠੀਕ-ਗਲਤ ਦਾ ਨਿਰਣਾ ਕਰਨ ਜਿੰਨੀ ਸੂਝ ਕੋਲ ਹੋਣੀ ਚਾਹੀਦੀ ਹੈ। ਸੂਝ ਕਿਧਰੇ ਮੁੱਲ ਤਾਂ ਵਿਕਦੀ ਨਹੀਂ ਕਿ ਕੋਈ ਖਰੀਦ ਲਵੇ। ਇਹਦੇ ਵਾਸਤੇ ਤਾਂ ਜਿ਼ੰਦਗੀ ਦੇ ਲੰਬੇ ਤਜ਼ੁਰਬੇ ਵਿਚੋਂ ਲੰਘਣਾ ਪੈਂਦਾ ਹੈ। ਉਂਝ ਦੇਖੀਏ ਤਾਂ ਬਹੁਤ ਸਾਰੀਆਂ ਕਹਾਵਤਾਂ ਵੀ ਪੁੰਨ-ਦਾਨ, ਕਰਨ-ਕਰਾਉਣ ਵਾਲਿਆਂ ਨੇ ਹੀ ਘੜੀਆਂ ਹੋਈਆਂ ਹਨ, ਸਿਰੋਂ ਪੈਰੋਂ ਸੱਖਣੀਆਂ, ਨਿਰਾ ਝੂਠ, ਲੂਣ ਗੁੰਨਣ ਦਾ ਅਸਫਲ ਜਤਨ, ਜਿਵੇਂ “ਜੀਹਦੇ ਘਰ ਦਾਣੇ ਉਹਦੇ ਕਮਲ਼ੇ ਵੀ ਸਿਆਣੇ” ਇੱਥੇ ਤਾਂ ਪੈਸੇ (ਭਾਵ ਦਾਣੇ) ਵਾਲਿਆਂ ਦੇ ਨਲ਼ੀ-ਚੋਚੋ ਜਹੇ, ਧੇਲੇ ਦੀ ਅਕਲ ਤੋਂ ਸੱਖਣੇ ਵੀ ਦੇਖੇ ਜਾ ਸਕਦੇ ਹਨ। ਹਾਂ, ਜੇ ਕਿਸੇ ਦੀ ਨਜ਼ਰ ਕਮਜ਼ੋਰ (ਭਾਵ ਕੰਮਚੋਰ) ਹੋਵੇ ਤਾ ਗੱਲ ਸੱਚਮੁੱਚ ਹੀ ਹੋਰ ਹੈ। ਇਸਦੇ ਉਲਟ ਗਰੀਬ ਘਰਾਂ ਵਿਚ ਜੰਮੇ ਸਿਰੇ ਦੀ ਸੂਝ-ਸਿਆਣਪ ਨਾਲ ਭਰਪੂਰ ਲੋਕ ਵੀ ਟੱਕਰ ਜਾਂਦੇ ਹਨ। ਅੱਜ ਦਾ ਯੁੱਗ ਤਕਨੀਕ ਅਤੇ ਸੂਚਨਾਂ ਪੱਖੋਂ ਬਹੁਤ ਤੇਜ ਰਫਤਾਰੀ ਹੈ। ਕੰਪਿਊਟਰੀ ਯੁੱਗ ਵਿਚ ਮੱਧਯੁਗੀ ਸੋਚ ਸਮੇਂ ਦੇ ਹਾਣ ਦੀ ਨਹੀਂ ਹੋ ਸਕਦੀ। ਹੁਣ ਗੱਲ ਪਹਿਲੇ ਸਮਿਆਂ ਦੀਆਂ ਆਮ ਕਹਾਵਤਾਂ ਤੋਂ ਬਹੁਤ ਅੱਗੇ ਲੰਘ ਚੁੱਕੀ ਹੈ। ਫੇਰ ਖੁਦ ਵੀ ਵੇਲਾ ਵਿਹਾ ਚੁੱਕੀਆਂ ਕਹਾਵਤਾਂ ਤੋਂ ਅੱਗੇ ਜਾ ਕੇ ਕਿਉਂ ਨਾ ਦੇਖਿਆ, ਸੋਚਿਆ ਅਤੇ ਪਰਖਿਆ ਜਾਵੇ? ਆਮ ਜਹੀ ਬੋਲੀ ਹੈ, ਉਂਝ ਇਹ ਗੀਤ ਵੀ ਵੱਜਦਾ ਹੁੰਦਾ ਸੀ ਕਿ :

ਚਿੱਟੇ ਚੌਲ਼ ਜਿਨ੍ਹਾਂ ਨੇ ਪੁੰਨ ਕੀਤੇ
ਰੱਬ ਨੇ ਬਣਾਈਆਂ ਜੋੜੀਆਂ

ਇੱਥੇ ਝੂਠੀ ਗੱਲ ਨੂੰ ਸਾਬਤ ਕਰਨ ਵਾਸਤੇ ਰੱਬ ਨੂੰ ਖਾਹਮਖਾਹ ਹੀ ਵਿਚੋਲਾ ਬਣਾ ਦਿੱਤਾ ਗਿਆ। ਫੇਰ ਅਜਿਹੇ ਝੂਠ ਨੂੰ ਮੰਨਣ ਦੀ ਭਲਾਂ ਕੀ ਤੁਕ? ਪਹਿਲੇ ਸਮਿਆਂ ਦੀ ਤਾਂ ਗੱਲ ਹੀ ਹੋਰ ਸੀ, ਉਦੋਂ ਤਾਂ ਬਾਲ ਵਿਆਹ ਦਾ ਰਿਵਾਜ਼ ਵੀ ਆਮ ਸੀ। ਸਮਾਂ ਬਦਲਿਆ, ਮਨੁੱਖ ਦੀ ਸੂਝ ਨਿੱਖਰੀ, ਵਿਕਸੀ ਅਤੇ ਉਹ ਸ਼ੈਤਾਨ ਵਲੋਂ ਮੱਲੋਜ਼ੋਰੀ ਵਾਹੀ ਝੂਠ ਦੀ ਲਕੀਰ ਦੇ ਅਗਲੇ ਪਾਰ ਦੇਖਣ ਲੱਗਾ। ਦੇਖ ਕੇ ਸੋਚਣ ਲੱਗਾ ਤਾਂ ਉਸ ਨੂੰ ਹੋਰ ਮਸਲਿਆਂ ਦੇ ਨਾਲ ਹੀ ਪੁੰਨ ਦੇ ਚੌਲਾਂ ਬਾਰੇ ਵੀ ‘ਲੋਅ’ ਹੋਣ ਲੱਗੀ ਅਤੇ ਦਿਮਾਗ ਅੰਦਰ ਹੋਏ ਨਵੇਂ ਚਾਨਣ ਦੇ ਆਸਰੇ ਝੂਠ ਦੇ ‘ਚੌਲ਼’ ਵੀ ਨਿੱਖਰਨ ਲੱਗੇ। ਇਸ ਬੋਲੀ ਨੂੰ ਕਿਸਮਤ (ਤਕਦੀਰ) ਨਾਲ ਜੋੜ ਕੇ ਭਾਸ਼ਾ ਦਾ ਸੱਤਿਆਨਾਸ ਵੀ ਕੀਤਾ ਗਿਆ। ਇਸ ਝੂਠ ਉੱਤੇ ਮੋਹਰ ਲਾਉਣ ਵਾਸਤੇ ਵਿਚ ਰੱਬ ਲਿਆ ਧਰਿਆ ਕਿ ਜੇ ਕੋਈ ਅਕਲ ਨਾਲ ਦਲੀਲ ਭਰੀ ਗੱਲ ਸੋਚੇ ਤੇ ਕਰੇ ਤਾਂ ਉਹਦੇ ਉੱਤੇ ਰੱਬ ਦਾ ਵਿਰੋਧੀ ਹੋਣ ਦਾ ਇਲਜ਼ਾਮ ਲਾਇਆ ਜਾ ਸਕੇ। ਮਾੜੀ ਸੋਚ ਵਾਲੇ ‘ਲੋਕਾਂ’ ਵਲੋਂ ਕਿਸੇ ਚੰਗੇ-ਭਲੇ ਮਨੁੱਖ ਨੂੰ ਜ਼ਲੀਲ ਕਰਨ ਵਾਸਤੇ ਇਹ ਦਲੀਲ ਰਹਿਤ, ਸਸਤਾ, ਘਟੀਆ ਪਰ ਸਭ ਤੋਂ ਕਾਮਯਾਬ ਤਰੀਕਾ ਹੈ।

ਜਦੋਂ ਵੀ ਜੀਵਨ ਦੀ ਗੱਲ ਹੁੰਦੀ ਹੈ ਤਾਂ ਵਿਸ਼ਾਲਤਾ ਦਾ ਜਿ਼ਕਰ ਛਿੜਦਾ ਹੈ। ਤੁਰਦੇ ਜੀਵਨ ਅੰਦਰ ਉਮਰ ਮੁਤਾਬਿਕ ਹੀ ਇਕ ਪੜਾਅ ਆਉਂਦਾ ਹੈ ਕਿ ਜਿਸ ਕਿਸੇ ਨੇ ਵੀ ਆਪਣੇ ਅੱਗੇ ਨੂੰ ਤੁਰਦਾ ਰੱਖਣ ਦਾ ਸੁਪਨਾ ਬੁਣਿਆ ਹੁੰਦਾ ਹੈ ਉਹਦੇ ਵਾਸਤੇ ਸਾਥ ਦੀ ਲੋੜ ਪੈਂਦੀ ਹੈ। ਸਮਾਜਿਕ ਪ੍ਰਵਾਨਗੀ ਵਾਸਤੇ ਵਿਆਹ ਦੀ ਜਰੂਰਤ ਹੁੰਦੀ ਹੈ (ਪੱਛਮੀ ਮੁਲਕਾਂ ਵਿਚ ਸਮਾਜਿਕ ਪ੍ਰਵਾਨਗੀ ਦੀ ਲੋੜ ਨਹੀਂ ਵੀ ਪੈਂਦੀ। ਇੱਥੇ ਵਿਆਹ ਦੀ ਸੰਸਥਾ ਨੂੰ ਮੰਨਣਾਂ ਜਾਂ ਨਾ ਮੰਨਣਾ ਹਰ ਕਿਸੇ ਦਾ ਜਾਤੀ ਮਾਮਲਾ ਹੈ, ਸਮਾਜੀ ਨਹੀਂ। ਕੋਈ ਬੱਚੇ ਵਿਆਹ ਕਰਕੇ ਪੈਦਾ ਕਰੇ ਜਾਂ ਬਿਨਾ ਵਿਆਹ ਤੋਂ, ਇਹ ਹਰ ਕਿਸੇ ਦੀ ਆਪਣੀ ਮਰਜ਼ੀ ਹੈ) ਔਰਤ ਅਤੇ ਮਰਦ ਹੀ ਇਸ ਸੰਸਾਰ ਨੂੰ ਉਤਪਤੀ ਦੇ ਆਸਰੇ ਅੱਗੇ ਤੁਰਦਾ ਰੱਖਣ ਵਾਲੀ ਸੋਝੀ ਅਤੇ ਤਾਕਤ (ਸ਼ਕਤੀ) ਰੱਖਦੇ ਹਨ। ਇਨ੍ਹਾਂ ਦਾ ਮੇਲ਼-ਮਿਲ਼ਾਪ ਨਵੇਂ ਨੂੰ ਜਨਮ ਦੇਣ ਦਾ ਸਬੱਬ ਬਣਦਾ ਹੈ। ਇਹ ਸਬੱਬ ਹੀ ਸੰਸਾਰ ਦਾ ਮੂਲ਼ ਹੈ। ਇੱਥੇ ਪਹੁੰਚ ਕੇ ਅਖੌਤੀ ਧਰਮੀਆਂ ਵਲੋਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿ ਦੇ ਸਬੰਧ ਵਿਚ ਕਹੇ, ਲਿਖੇ ਹੋਏ ਬਾਰੇ ਦੁਬਾਰਾ ਸੋਚਣ ਅਤੇ ਦਲੀਲ ਨਾਲ ਸਮਝਣਾ ਪੈਂਦਾ ਹੈ। ਕਾਮ ਉਹ ਸ਼ਕਤੀ (ਅਨਰਜੀ) ਬਣਦਾ ਹੈ ਜੋ ਨਵੇਂ ਦੇ ਜਨਮ ਨਾਲ ਸੰਸਾਰ ਦੇ ਵਾਧੇ ਦਾ ਸਬੱਬ ਬਣਦਾ ਹੈ। ਇਸਦੇ ਅੰਦਰ ਉਸਾਰੂ ‘ਲੋਭ’ ਹੈ, ਸਿਰਜਣਾ ਹੈ। ਇਸਦੇ ਨਾਲ ਹੀ ਮੋਹ ਦੀ ਤਸਵੀਰ ਨਿੱਖਰਦੀ ਹੈ, ਕਿਉਂਕਿ ਮੋਹ ਤੋਂ ਬਿਨਾਂ ਇਸ ਸਭ-ਕਾਸੇ ਦਾ ਵਾਪਰਨਾ ਸੰਭਵ ਹੀ ਨਹੀਂ। ਮੋਹ ਵਿਹੂਣਾ ਮਨੁੱਖ ਤਾਂ ਉਜਾੜ ਦੇ ਰੁੱਖ ਵਰਗਾ ਹੀ ਹੁੰਦਾ ਹੈ। ਮਨੁੱਖ ਦਾ ਸੰਸਾਰ ਨਾਲ ਜੁੜੇ ਰਹਿਣਾ ਅਤੇ ਅੱਗੇ ਵਧਦੇ ਜਾਣਾ ਮੋਹ ਦੀ ਹੀ ਕਰਾਮਾਤ ਹੈ। ਕ੍ਰੋਧ ਦਾ ਵੀ ਜਿ਼ੰਦਗੀ ਨਾਲ ਡੂੰਘਾ ਸਬੰਧ ਹੈ। ਜੇ ਕਿਸੇ ਨੂੰ ਸਮਾਜ ਅੰਦਰ ਨਿੱਤ-ਦਿਹਾੜੇ ਇੰਨਾ ਕੁੱਝ ਮਾੜਾ ਵਾਪਰਦਾ ਦੇਖਕੇ ਵੀ ਉਸਦੇ ਮਨ
ਵਿਚ ਅਜਿਹੇ ਕੁੱਤਪੁਣੇ ਦੇ ਖਿਲਾਫ ਗੁੱਸਾ (ਕ੍ਰੋਧ) ਹੀ ਨਹੀਂ ਉਪਜਦਾ ਤਾਂ ਅਜਿਹਾ ਵਿਅਕਤੀ ਮਰਿਆ-ਜੀਊਂਦਾ ਇਕ ਬਰਾਬਰ ਹੀ ਕਿਹਾ ਜਾ ਸਕਦਾ ਹੈ। ਇੱਥੇ ‘ਕ੍ਰੋਧ’ ਨੂੰ ਵਿਰੋਧ-ਵਿਕਾਸੀ ਫਲਸਫੇ ਰਾਹੀਂ ਦੇਖਿਆ ਜਾਣਾ ਚਾਹੀਦਾ ਹੈ। ਜੇ ਇਸ ਨਿਖੇਧ ਵਿਚੋਂ ਕਿਸੇ ਚੰਗੇਪਣ ਦਾ ਜਨਮ ਹੁੰਦਾ ਹੈ ਤਾਂ ਇਹ ਉਸਾਰੂ ਕਦਮ ਨਜ਼ਰ ਆਵੇਗਾ । ਹਰ ਕਿਸੇ ਨੂੰ ਆਪਣੀ ਅਕਲ ਉੱਤੇ (ਜੇ ਪੱਲੇ ਹੋਵੇ ਤਾਂ) ਮਾਣ ਜਰੂਰ ਹੋਣਾ ਚਾਹੀਦਾ ਹੈ। ਹਾਂ! ਇੱਥੇ ਇਹ ਕਿਹਾ ਜਾ ਸਕਦਾ ਹੈ ਹੰਕਾਰੀ ਹੋਣਾ ਮਾੜਾ ਹੈ। ਮਾਣ ਤੇ ਹੰਕਾਰ ਦਾ ਫਰਕ ਸਮਝਣਾ ਵੀ ਜਰੂਰੀ ਹੈ। ਜਿਸ ਦੇ ਮੱਥੇ ਵਿਚ ਸੂਝ ਦਾ ਦੀਵਾ ਬਲ਼ਦਾ ਹੋਵੇ ਉਹ ਹੰਕਾਰੀ ਹੋ ਹੀ ਨਹੀਂ ਸਕਦਾ। ਫੇਰ ‘ਧਰਮੀਆਂ’ ਵਲੋਂ ਪੰਜਾਂ ਤੱਤਾਂ ਦੀ ਘੜੀ ਨਾਂਹ ਪੱਖੀ ਤਸਵੀਰ ਆਪਣੇ ਆਪ ਹੀ ਝੂਠੀ ਸਾਬਤ ਹੋ ਜਾਂਦੀ ਹੈ। ਸਿਆਣਾ ਮਨੁੱਖ ਦੂਜਿਆਂ ਨਾਲ ਦਲੀਲ ਸਹਿਤ ਸੰਵਾਦ ਰਚਾਉਂਦਾ ਹੈ, ਵੱਖੋ-ਵੱਖ ਵਿਸਿ਼ਆਂ ਬਾਰੇ ਬਹਿਸ ਕਰਦਾ ਹੈ, ਵਿਚਾਰਾਂ ਨੂੰ ਸਮੇਂ/ਸਮਾਜ/ਸਥਿਤੀਆਂ ਦੀ ਸਾਣ ’ਤੇ ਪਰਖਦਾ ਹੈ। ਦਲੀਲ ਨਾਲ ਮੇਲ ਖਾਂਦੀ ਗੱਲ ਗਲਤ ਹੁੰਦੀ ਹੀ ਨਹੀਂ।
ਮੂੜ੍ਹਮੱਤ ਵਾਲੇ ਸੰਯੋਗ ਨੂੰ ਮਨੁੱਖੀ ਜਿ਼ੰਦਗੀ ਦਾ ਧੁਰਾ ਆਖਦੇ ਹਨ। ਅਖੇ ਜੀ, ਹੱਥਾਂ ਦੀਆਂ ਲਕੀਰਾਂ ਉੱਤੇ ਜੋ ਛਪ ਗਿਆ ਸੋ ਛਪ ਗਿਆ। ਉਨ੍ਹਾਂ ਦੇ ਕਹਿਣ ਦਾ ਭਾਵ ਕਿ ਇਹ ਕੁੱਝ ਬਦਲਿਆ ਹੀ ਨਹੀਂ ਜਾ ਸਕਦਾ, ਇਸ ਕਰਕੇ ਹੀ ਉਹ ਮਨੁੱਖ ਨੂੰ ਆਪਣੀ ਜਿ਼ੰਦਗੀ ਬਿਹਤਰ ਬਨਾਉਣ ਵਾਲੇ ਕੀਤੇ ਜਾ ਰਹੇ ਸੰਘਰਸ਼ ਤੋਂ ਵਰਜਦੇ ਹਨ। ਇਹ ਤਾਂ ਜਾਣ–ਬੁੱਝ੍ਹ ਕੇ ਲੁਟੇਰਿਆਂ ਦਾ ਪੱਖ ਪੂਰਨ ਵਾਲਾ ਰਾਹ ਹੈ। ਕਿਰਤ ਕਰਨ ਵਾਲੇ ਹਰ ਕਿਰਤੀ ਦੇ ਖਿਲਾਫ ਇਹ ਅਤਿ ਘਟੀਆ ਅਤੇ ਕੋਝੀ ਸਾਜਿਸ਼ ਹੈ। ਹੱਥੀਂ ਕਿਰਤ ਕਰਨ ਵਾਲੇ ਲੋਕਾਂ ਵਲੋਂ ਆਪਣੇ ਸਵੈ-ਮਾਣ ਦੀ ਰਾਖੀ ਵਾਸਤੇ ਇਸ ਸ਼ੈਤਾਨੀ ਨੂੰ ਹਰ ਹੀਲੇ ਜੋਰਦਾਰ ਢੰਗ ਨਾਲ ਨਕਾਰਿਆ ਜਾਣਾ ਚਾਹੀਦਾ ਹੈ। ਸ਼ੈਤਾਨ ਲੋਕ ਮਨੁੱਖੀ ਜਿ਼ੰਦਗੀ ਨੂੰ ਕਿਸੇ ਹੋਰ ਵਲੋਂ ਛਾਪੀ ਵਿੰਗੀਆਂ ਟੇਢੀਆਂ ਲਕੀਰਾਂ ਵਾਲੀ ‘ਜੰਤਰੀ’ ਦੇ ਆਖੇ ਜਾਂ ਹੁਣ ਨਵੀਂ ਤਕਨੀਕ ਵਰਤਦਿਆਂ ਕੰਪਿਊਟਰ ਵਿਚ ਖੁਦ ਲਿਖ ਕੇ ਪਾਏ ‘ਰਾਸ਼ੀ ਦਾ ਫਲ’ ਅਨੁਸਾਰ ਹੀ ਤੋਰਨਾ ਚਾਹੁੰਦੇ ਹਨ। ਪਰ ਇੰਝ ਹੋਣਾ ਸੰਭਵ ਹੀ ਨਹੀਂ। ਰਾਸ਼ੀ ਫਲ ਦੱਸਣ ਵਾਲੇ ਸ਼ੈਤਾਨ ਬਿਰਤੀ ਰਾਹੀਂ ਭੋਲ਼ੇ-ਭਾਲ਼ੇ ਲੋਕਾਂ ਦੀ ਕਿਸੇ ਦੁਖਦੀ ਰਗ ਤੇ ਹੱਥ ਰੱਖਕੇ ਆਪਣੇ ਸ਼ਬਦ-ਜਾਲ਼ ਰਾਹੀਂ ਕਿਸੇ ਦੂਸਰੇ ਦੀ ਜੇਬ ਦੇ ਆਸਰੇ ਸੌਖੇ ਢੰਗ ਨਾਲ ਆਪਣਾ ਤੋਰੀ-ਫੁਲਕਾ ਤੋਰਨ ਦਾ ਚੁਸਤੀ ਭਰਿਆ ਹਰਾਮੀ ਯਤਨ ਕਰਦੇ ਹਨ। ਹਰ ਵਿਅਕਤੀ ਨੂੰ ਆਪਣਾ ਮਾਨਸਿਕ ਅਤੇ ਬੌਧਿਕ ਵਿਕਾਸ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਸਮੇਂ ਨਾਲ ਤੁਰਦੇ ਵਰਤਾਰਿਆਂ ਉੱਤੇ ਡੂੰਘੀ ਪਾਰਖੂ ਨਜ਼ਰ ਰੱਖਣੀ ਪੈਂਦੀ ਹੈ। ਖੋਜੀ ਬਣਕੇ ਦੁਨੀਆਂ ਦੇ ਗਿਆਨ ਭੰਡਾਰ ਅੰਦਰ ਲੰਬਾ ਸਫਰ ਕਰਨਾ ਪੈਂਦਾ ਹੈ। ਮਨੁੱਖੀ ਮਿਹਨਤ ਨੇ ਹੀ ਸਦਾ ਨਵਾਂ ਸੰਸਾਰ ਸਿਰਜਿਆ ਹੈ। ਆਪਣੀ ਮਿਹਨਤ ਨਾਲ ਹੀ ਚੰਦ ਉੱਤੇ ਜਾ ਉਤਰਿਆ ਇਹ ਮਨੁੱਖ। ਧਰਤੀ ਉੱਤੇ ਬੈਠਾ ਹੀ ਆਪਣੇ ਬਣਾਏ ਜੰਤਰਾਂ ਨਾਲ ਕ੍ਰੋੜਾਂ ਮੀਲਾਂ ਦੀ ਦੂਰੀ ਵਾਲੇ ਗ੍ਰਿਹਆਂ ਦੀ ਟੋਹ ਲਾਈ ਜਾਂਦਾ ਹੈ। ਮਨੁੱਖੀ ਸੂਝ ਦੇ ਅੱਗੇ ਵਧਦੇ ਕਦਮ ਨਿੱਤ ਦਿਨ ਹੈਰਾਨ ਕਰਨ ਵਾਲੀਆਂ ਕਾਢਾਂ ਕੱਢੀ ਜਾ ਰਹੇ ਹਨ। ਇਹ ਕਿਸਮਤ, ਤਕਦੀਰ, ਭਾਗਾਂ ਜਾਂ ਸੰਜੋਗ ਦੀ ਗੱਲ ਨਹੀਂ ਸਗੋਂ ਮਨੁੱਖੀ ਸੂਝ ਦੇ ਆਸਰੇ ਕਿਰਤੀ ਹੱਥਾਂ ਵਲੋਂ ਈਮਾਨਦਾਰੀ ਨਾਲ ਕਰੜੀ ਮਿਹਨਤ ਤੋਂ ਬਾਅਦ ਮਨੁੱਖੀ ਜੀਵਨ ਵਾਸਤੇ ਕੀਤੀ ਉਸਾਰੂ ਸਿਰਜਣਾ ਹੈ। ਜਿਸ ਦੇ ਸਦਕਾ ਕਿਸ ਦਾ ਦਿਲ ਨਹੀ ਕਰੇਗਾ ਅਜਿਹੀ ਸੁੱਚੀ ਕਿਰਤ ਅਤੇ ਮਨੁੱਖੀ ਸੂਝ ਦੇ ਬਲਿਹਾਰੇ ਜਾਣ ਨੂੰ? ਇਸ ਕਰਕੇ ਹੀ ‘ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ’ ਵਾਲੀ ਕਹਾਵਤ ਅੱਜ ਵੀ ਸੱਚੀ ਹੈ। ਦੁਨੀਆਂ ਨੇ ਜੇ ਚਿੱਟਿਆਂ ਚੌਲਾਂ ਦੇ ਆਸਰੇ ਹੀ ਵਧਣਾ-ਫੁਲਣਾ ਹੈ ਤਾਂ ਮਾੜੇ, ਗਰੀਬ ਦਾ ਕੀ ਬਣੇਗਾ? ਇੱਥੇ ਹੀ “ਰੱਬ” ਵਲੋਂ ਕੁੱਝ ਇਕ ਨੂੰ ਚਿੱਟੇ ਚੌਲ਼ ਦੇਣ ਅਤੇ ਦੂਜਿਆਂ ਨੂੰ ਇਸਤੋਂ ਵਾਂਝ੍ਹੇ ਰੱਖਣ ਦਾ ਦੋਸ਼ ਲਗਦਾ ਹੈ। ਇੱਥੇ ਤਾਂ ਇਹ ਹੀ ਕਿਹਾ ਜਾ ਸਕਦਾ ਹੈ ਕਿ ਰੱਬ ਦਾ ਸੰਕਲਪ ਸਾਊ ਬਿਲਕੁਲ ਨਹੀਂ। ਪੁੰਨ-ਦਾਨ ਤਾਂ ਉਹ ਹੀ ਕਰ ਸਕਦਾ ਹੈ ਜੀਹਦੇ ਕੋਲ ਮੁਫਤ ਦਾ ਆਊ ਭਾਵ ਕਿ ਵਾਧੂ ਹੋਵੇਗਾ ( ਜਿਸਨੂੰ ਆਮ ਬੋਲੀ ਵਿਚ ਹਰਾਮ ਦਾ ਮਾਲ ਵੀ ਕਿਹਾ ਜਾਂਦਾ ਹੈ) ਵਾਧੂ ਇਕੱਠਾ ਕਰਨ ਵਾਸਤੇ ਇਨਸਾਨ ਨੂੰ ਕਈ ਵਿੰਗੀਆਂ-ਟੇਢੀਆਂ ਲਕੀਰਾਂ ’ਤੇ ਤੁਰਨਾ ਪੈਂਦਾ ਹੈ। ਇਹ ਲਕੀਰਾਂ ਸਾਊ ਬਿਲਕੁਲ ਨਹੀਂ ਹੁੰਦੀਆਂ। ਜੇ ਇਸ ਤੋਂ ਵੀ ਅੱਗੇ ਦੂਜੇ ਪਾਸੇ ਜਾ ਕੇ ਸੋਚੀਏ ਕਿ ਪੁੰਨ-ਦਾਨ ਲੈਣ ਵਾਲਾ ਕਿੰਨਾ ਕਮੀਨਾ ਹੋ ਸਕਦਾ ਹੈ ਕਿ ਹਰ ਕਿਸਮ ਦੀ ਬੇਈਮਾਨੀ ਦੇ ਆਸਰੇ ਕੀਤੀ ਹਰਾਮ ਦੀ ਕਮਾਈ ਵਿਚੋਂ ਮਿਲੇ ਕੁੱਝ ਟੁਕੜਿਆਂ ਨੂੰ ਵੀ “ਭਲਾ ਹੋਵੇ” ਆਖ ਕੇ ਆਪਣੀ ਝੋਲ਼ੀ ਪੁਆਈ ਜਾਂਦਾ ਹੈ ਅਤੇ ਨਾਲ ਹੀ ‘ਭੰਡਾਰੇ ਭਰੇ ਰਹਿਣ’( ਜੋ ਮਾੜੇ ਕੰਮਾਂ ਨਾਲ ਭਰੇ ਹੁੰਦੇ ਹਨ) ਦੀ ਅਸੀਸ ਦਿੰਦਾ ਹੈ। ਇਹ ਭਲਾ ਕਾਹਦੀ ਅਸੀਸ ਜੋ ਬੁਰਾਈ ਦੀ ਪਿੱਠ ਠੋਕ ਕੇ ਉਸਨੂ ਤਕੜਿਆਂ ਕਰੇ?

ਹਰ ਮਨੁੱਖ ਨੇ ਜਿ਼ੰਦਗੀ ਨੂੰ ਲਾਰਿਆਂ ਹੇਠ ਹੀ ਨਹੀਂ ਜੀਊਣਾ ਹੁੰਦਾ। ੲਹ ਚਿੱਟਿਆਂ ਚੌਲ਼ਾ ਦੇ ਝੂਠੇ ਪ੍ਰਚਾਰਕ (ਭਾੜੇ ਦੇ ਢੰਡੋਰਚੀ) ਤਾਂ ਕਿਸਮਤ ਦੇ ਅਸਲੋਂ ਝੂਠੇ ਸੰਕਲਪ ਦੀ ਡਰਾਊ ‘ਬੰਦੂਕ’ ਹੱਥ ਲੈ ਕੇ ਦੂਜਿਆਂ ਦੀ ਕਮਾਈ ਦੇ ਆਸਰੇ ਸਿਰਫ ਆਪਣੀ ਹੀ ਜਿੰਦ ਸੌਖੀ ਕੀਤੀ ਚਾਹੁੰਦੇ ਹਨ/ਕਰ ਰਹੇ ਹਨ। ਇਨ੍ਹਾਂ ਦਾ ਹੋਰ ਮਕਸਦ ਹੀ ਕੋਈ ਨਹੀਂ। ਇਹ ਤਾਂ ਉਹ ਹਨ ਕਿ, ‘ਕੋਈ ਮਰੇ ਕੋਈ ਜੀਵੇ ਸੁਥਰਾ ਘੋਲ਼ ਪਤਾਸੇ ਪੀਵੇ’(ਯਾਦ ਰਹੇ ਸੁਥਰੇ ਇਹ ਬਿਲਕੁਲ ਨਹੀਂ)। ਉਂਝ ਵੀ ਜੇ ਪੁੰਨ-ਦਾਨ ਦੇ ਆਸਰੇ ਜੋੜੀਆਂ ਬਣੀਆਂ ਤਾਂ ਸਿਰਫ ਆਪੋ-ਆਪਣਾ ਭਲਾ ਚਾਹੁਣ ਦਾ ਲੋਭ ਇਨ੍ਹਾਂ ‘ਜੋੜੀਆਂ’ ਨੂੰ ਕਿੰਨਾ ਕੁ ਚਿਰ ਜੋੜੀ ਰੱਖੂ? ਪ੍ਰੇਮ ਤੇ ਮੋਹ ਦਾ ਸਾਥ ਛੱਡ ਸਿਰਫ ਪਦਾਰਥਾਂ ਮਗਰ ਹੋ ਤੁਰਨਾ ਇਨਸਾਨ ਨੂੰ ਨੀਵਾਣਾਂ ਵੱਲ ਧੱਕਦਾ ਹੈ। ਪੁੰਨ ਦਾਨ ਵਾਲਾ ਰਾਹ ਚੰਗੀ ਜਾਂ ਚੰਗੇਰੀ ਜਿ਼ੰਦਗੀ ਦੀ ਜ਼ਾਮਨੀ ਨਹੀਂ ਹੋ ਸਕਦਾ। ‘ਪੁੰਨ ਦੇ ਚੌਲ਼’ ਸੰਘਰਸ਼ ਤੋਂ ਮੁੱਖ ਮੋੜ ਜਿ਼ੰਦਗੀ ਨੂੰ ਆਪਣੇ ਹੱਥੀਂ ਝੂਠ ਦੀ ਝੋਲ਼ੀ ਵਿਚ ਸੁੱਟਣ ਦੇ ਬਰਾਬਰ ਹੈ। ਇਸ ਤੋਂ ਹਰ ਹੀਲੇ ਬਚਣਾ ਇਨਸਾਨ ਦਾ ਜਤਨ ਹੋਣਾ ਚਾਹੀਦਾ ਹੈ।

****

ਜਿੱਤ ਦਾ ਰਾਜ਼

ਦੁਨੀਆਂ ਦਾ ਕੋਈ ਵੀ ਇਨਸਾਨ ਅਜਿਹਾ ਨਹੀਂ ਜਿਸ ਦੇ ਮਨ ਵਿਚ ਕੁੱਝ ਨਾ ਕੁੱਝ ਜਿੱਤਣ ਦੀ ਰੀਝ ਨਾ ਪਲਦੀ ਹੋਵੇ। ਜਿੱਤ ਸ਼ਬਦ ਮਨੁੱਖ ਦੇ ਅੰਦਰ ਕੁੱਝ ਕਰ ਸਕਣ ਦੀ ਤਾਂਘ ਵਾਲੀ ਚਿੰਗਾਰੀ ਧਰ ਦਿੰਦਾ ਹੈ ਅਤੇ ਫੇਰ ਇਨਸਾਨ ਇਸ ਨੂੰ ਮਘਦੀ ਰੱਖਣ ਦਾ ਜਤਨ ਵੀ ਕਰਦਾ ਰਹਿੰਦਾ ਹੈ। ਇਹ ਹੁਲਾਸ ਜਿੱਤ ਦੀ ਮਨਸ਼ਾ ਵਲ ਵਧਦੀ ਤੋਰ ਦੀ ਰਵਾਨੀ ਨੂੰ ਸਹਿਜ ਅਤੇ ਤਿੱਖਿਆਂ ਕਰਨ ਵਿੱਚ ਸਹਾਈ ਹੁੰਦਾ ਹੈ। ਜਦੋਂ ਕਿਸੇ ਤਰ੍ਹਾਂ ਦੀ ਜਿੱਤ ਮਿਹਨਤ ਸਦਕਾ, ਸੱਚ ਦੇ ਰਾਹੀਂ ਤੁਰਕੇ ਈਮਾਨਦਾਰੀ ਨਾਲ ਪ੍ਰਾਪਤ ਕੀਤੀ ਜਾਵੇ ਤਾਂ ਮਨੁੱਖ ਨੂੰ ਬੇਹੱਦ ਖੁਸ਼ੀ ਅਤੇ ਅਥਾਹ ਮਾਨਸਿਕ ਤਸੱਲੀ ਹੀ ਨਹੀਂ ਹੁੰਦੀ ਸਗੋਂ ਅਗਲੀਆਂ ਮੰਜਿ਼ਲਾਂ, ਜਿੱਤਾਂ ਤੱਕ ਪਹੁੰਚਣ ਵਾਸਤੇ ਹੁਲਾਰਾ ਵੀ ਮਿਲਦਾ ਹੈ ਅਤੇ ਹੌਸਲਾ ਵੀ। ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਮਨੁੱਖ ਆਪਣੇ ਦਾਈਏ, ਆਸ਼ੇ ਪ੍ਰਤੀ ਦ੍ਰਿੜ ਹੋਣ ਲਗਦਾ ਹੈ। ਉਸਦੇ ਅੰਦਰ ਵਿਸ਼ਵਾਸ ਵਧਣ ਲਗਦਾ ਹੈ। ਜਿੱਥੇ ਮਨੁੱਖ ਦੇ ਅੰਦਰਲੀ ਕਿਸੇ ਤਰ੍ਹਾਂ ਦੀ ਵੀ ਬੇਵਿਸ਼ਵਾਸੀ ਉਸ ਨੂੰ ਕਮਜ਼ੋਰ ਕਰਦੀ ਹੈ, ਇਸ ਦੇ ਉਲਟ ਆਪਣੇ ਆਪ ਉੱਤੇ ਵਿਸ਼ਵਾਸ ਕਿਸੇ ਵੀ ਜਿੱਤ ਦਾ ਸਭ ਤੋਂ ਵੱਡਾ ਜ਼ਾਮਨ ਹੁੰਦਾ ਹੈ।

ਸਾਰੇ ਹੀ ਲੋਕ ਜਿੱਤ ਪ੍ਰਾਪਤ ਕਰਨ ਵਾਸਤੇ ਸੱਚ ਦਾ ਰਾਹ ਨਹੀਂ ਫੜਦੇ ਸਗੋਂ ਕਾਫੀ ਸਾਰੇ ਲੋਕ ਕੋਝੇ ਢੰਗ-ਤਰੀਕੇ ਵਰਤ ਕੇ ਆਪਣੇ ਦੁਆਲ਼ੇ ਦੇ ਵਾਤਾਵਰਣ ਨੂੰ ਪ੍ਰਦੂਸ਼ਤ ਅਤੇ ਭ੍ਰਿਸ਼ਟ ਕਰ ਦਿੰਦੇ ਹਨ। ਭ੍ਰਿਸ਼ਟ ਹੋਏ ਮਹੌਲ ਵਿਚੋਂ ਕਿਹੋ ਜਹੀ ਜਿੱਤ ਹੱਥ ਲੱਗ ਸਕਦੀ ਹੈ? ਇਸ ਦੇ ਵਾਸਤੇ ਗਰੀਬਾਂ ਦੀਆਂ ਝੁੱਗੀਆਂ ਵੀ ਢਾਹੀਆਂ ਜਾ ਸਕਦੀਆਂ ਹਨ। ਨਿਹੱਥਿਆਂ ਦੇ ਖੂਨ ਨਾਲ ਹੱਥ ਵੀ ਰੰਗੇ ਜਾ ਸਕਦੇ ਹਨ। ਬੇਦੋਸਿ਼ਆਂ ਨੂੰ ਦੋਸ਼ੀ ਦੱਸ ਕੇ ਲੁੱਚੇ–ਬਦਮਾਸ਼ ਆਪ ਭਲਮਾਣਸੀ ਦਾ ਬਾਣਾ ਪਾ ਲੈਂਦੇ ਹਨ। ਅੱਜ ਦੇ ਜ਼ਮਾਨੇ ਵਿਚ ਇਹੋ ਜਹੀਆਂ ਜਿੱਤਾਂ ਜਿੱਤਣ ਵਾਲੇ ਜਾਂ ਤਾਂ ਸਾਧ-ਬਾਬਿਆਂ ਦੇ ਬੋਰਡ ਲਾਈ ਬੈਠੇ ਗੁੰਡਿਆਂ ਦੇ ਟੋਲਿਆਂ (ਬੇਸ਼ਰਮੀ ਦੀ ਹੱਦ ਟੱਪਦਿਆਂ ਉਹ ਆਪਣੇ ਆਪ ਨੂੰ ਧਰਮੀ ਵੀ ਆਖਦੇ ਹਨ) ਕੋਲ ਪਹੁੰਚਦੇ ਹਨ ਜਾਂ ਫੇਰ ਸਿੱਧੇ ਹੀ ਸਿਆਸਤ ਦੀ ਸ਼ਰਣ ਵਿਚ ਚਲੇ ਜਾਂਦੇ ਹਨ। ਉਂਜ ਵੀ ਪੁੱਠੇ ਕੰਮਾਂ ਵਾਸਤੇ ਪਿੱਠ ਉੱਤੇ ਕਿਸੇ ‘ਨਾਮ ਵਾਲੇ’ ਦਾ ਹੱਥ ਹੋਣਾ ਜਰੂਰੀ ਹੈ। ਐਹੋ ਜਹੇ ਮਹੌਲ ਵਿਚੋਂ ਪ੍ਰਾਪਤ ਕੀਤੀ ਜਿੱਤ ਸਦਕਾ ਅਜਿਹੇ ਮਨੁੱਖ ਉੱਪਰੋਂ ਜੋ ਮਰਜ਼ੀ ਕਹੀ ਜਾਣ, ਅੰਦਰੋਂ ਝੰਜੋੜੇ ਜਾਂਦੇ ਹਨ ਅਤੇ ਆਪਣੇ ਆਪ ਨੂੰ ਲਾਅਨਤਾਂ ਵੀ ਪਾਉਂਦੇ ਹਨ। ਉਨ੍ਹਾਂ ਦੀ ਆਤਮਾਂ ਸੋਗੀ ਹੋ ਕੇ ਵਿਲਕਦੀ ਹੈ। ਸੋਗ ਨੂੰ ਮਨ-ਮਸਤਕ ਵਿਚ ਰੱਖਕੇ ਮਨੁੱਖ ਕਿਵੇਂ ਖੁਸ਼ੀ ਮਨਾ ਸਕਦਾ ਹੈ? ਹਾਂ, ਪਸ਼ੂਆਂ ਜਾਂ ਪਸ਼ੂ ਬਿਰਤੀ ਵਾਲਿਆਂ ਦੀ ਗੱਲ ਹੋਰ ਹੈ। ਕਿਸੇ ਇਕ ਥਾਂ, ਇਕ ਖੇਤਰ ਦੀ ਗੱਲ ਹੋਵੇ ਤਾਂ ਮਨੁੱਖ ਹੋਰ ਤਰ੍ਹਾਂ ਸੋਚਦਾ ਹੈ। ਸਿਆਸਤ ਦੇ ਅੰਦਰਲੇ ਨਿਘਾਰ ਨੇ ਮਨੁੱਖੀ ਮਨ ਦੀ ਸੁੱਚਮਤਾ ਨੂੰਗੰਧਲ਼ਾ ਕਰ ਦਿੱਤਾ ਹੈ। ਧਰਮ ’ਤੇ ਕਾਬਜ਼ ਲੋਕ ਵੀ ਇਨ੍ਹਾਂ ਸਾਜਸ਼ਾਂ ਵਿਚ ਆਮ ਕਰਕੇ ਸ਼ਾਮਲ ਦੇਖੇ ਜਾ ਸਕਦੇ ਹਨ। ਇਥੇ ਤਾਂ ਤਾਸ਼ ਖੇਡਦੀਆਂ ਛੋਟੀਆਂ ਛੋਟੀਆਂ ਢਾਣੀਆਂ ਅਤੇ ਪਿੰਡ ਪੱਧਰ ਦੀ ਸਿਆਸਤ ਤੋਂ ਕੌਮਾਂਤਰੀ ਪੱਧਰ ਤੱਕ ਇਹ ਵਰਤਾਰਾ ਆਮ ਦੇਖਿਆ ਜਾ ਸਕਦਾ ਹੈ। ਪਿੰਡਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਸਮੇਂ ਕਿਵੇਂ ਲੋਕ ਬੇਈਮਾਨੀ ਭਰੀਆਂ ਈਰਖਾਲੂ ਚਾਲਾਂ ਖੇਡਦੇ ਹਨ, ਜਿਸ ਜਿੱਤ ਨਾਲ ਜੱਗ ਨਹੀਂ ਜਿੱਤਿਆ ਜਾਣਾ ਹੁੰਦਾ ਉੱਥੇ ਵੀ ਧੜੇਬੰਦੀਆਂ, ਚੁਗਲਖੋਰੀਆਂ ਤੇ ਦੁਸ਼ਮਣੀਆਂ ਦਾ ਬੀਜ ਬੀਜਿਆ ਜਾਂਦਾ ਹੈ। ਬਦਮਾਸ਼ੀ ਭਰੀਆਂ ਕੁਚਾਲਾਂ ਚੱਲੀਆਂ ਜਾਂਦੀਆਂ ਹਨ। ਪਰ ਇਸ ਸਭ ਦੇ ਹੁੰਦੇ ਹੋਏ ਅਜੇ ਵੀ ਕਈ ਬੀਬੇ ਲੋਕਾਂ ਨੂੰ ਜਿੱਤ ਨਸੀਬ ਹੋ ਜਾਂਦੀ ਹੈ। ਮਨੁੱਖੀ ਮਨ ਅੰਦਰਲੀ ਚੰਗਿਆਈ ਅਜੇ ਪੂਰੇ ਤੌਰ ਤੇ ਮਰੀ ਨਾ ਹੋਣ ਦਾ ਇਹ ਹੀ ਸਬੂਤ ਹੈ। 

ਉੱਪਰ ਵੱਲ ਨਿਗਾਹ ਮਾਰੀਏ ਤਾਂ ਦੇਖਦੇ ਹਾਂ ਕਿਵੇਂ ਨਿੱਕੇ ਜਹੇ ਕੋਸੋਵੋ ਨੂੰ ਢਾਹੁਣ ਵਾਸਤੇ ਦੁਨੀਆਂ ਭਰ ਦੇ ਨਵੀਨ, ਮਾਰੂ ਹਥਿਆਰਾਂ ਨਾਲ ਜੇਬਾਂ ਭਰਕੇ ਸਾਰੀ ਨਾਟੋ ਜੁੰਡਲ਼ੀ ਤੁਰ ਪੈਂਦੀ ਹੈ। ਇਕ ਚੂਹੇ ਦੇ ਸਿ਼ਕਾਰ ਵਾਸਤੇ ਬਿਨਾਂ ਸ਼ਰਮ-ਹਯਾ ਤੋਂ ਟੈਂਕਾਂ ਤੱਕ ਦੀ ਸ਼ਰੇਆਮ ਵਰਤੋਂ ਕੀਤੀ ਜਾਂਦੀ ਹੈ। ਛੋਟੇ ਛੋਟੇ ਮੁਲਕਾਂ ਨੂੰ ਡਰਾਉਣ ਧਮਕਾਉਣ ਬਾਰੇ ਤਾਂ ਸੁਣਦੇ ਹੀ ਰਹਿੰਦੇ ਹਾਂ। ਅਮੀਰ ਮੁਲਕਾਂ ਤੇ ਬਹੁ ਕੌਮੀ ਕੰਪਨੀਆਂ ਵਲੋਂ ਨਵੀਆਂ ਮੰਡੀਆਂ ਦੀ ਭਾਲ਼ ਕਿੱਥੋਂ ਤੱਕ ਨਿੱਘਰ ਜਾਂਦੀ ਹੈ ਕਿ ਸ਼ਰੀਕੇ ਬਾਜ਼ੀ ਦੇ ਡੰਗੇ ਇਹ ਸਿਆਸੀ ਸ਼ਰੀਕ ਆਰਥਕ ਵੰਡ-ਵੰਡਾਰੇ ਖਾਤਰ ਇਕ ਦੂਜੇ ਪ੍ਰਤੀ “ਸਦਭਾਵਨਾਂ” ਦੀਆਂ ਡਾਗਾਂ ਮੇਜ ’ਤੇ ਰੱਖਕੇ ‘ਦੋਸਤਾਨਾ’ ਭਰੀ ਗੱਲਬਾਤ ਕਰਨ ਬੈਠਦੇ ਹਨ। ਹਰ ਕਿਸੇ ਨੂੰ ਆਪਣੀ ਹੀ ਜਿੱਤ ਦੀ ਆਸ ਹੁੰਦੀ ਹੈ।

ਵਿਸ਼ਵੀਕਰਨ ਅਜਕੱਲ ਬੜਾ ਚਾਲੂ ਸ਼ਬਦ ਹੈ। ਸਾਰੇ ਸੰਸਾਰ ਨੂੰ ਇਕ ਪਿੰਡ ਦੀ ਇਕਾਈ ਆਖਿਆ ਜਾ ਰਿਹਾ ਹੈ। ਜੇ ਸੱਚਮੁੱਚ ਹੀ ਇੰਜ ਹੈ ਤਾਂ ਫੇਰ ਭਲਾਂ ਦੁਨੀਆਂ ਅੰਦਰ ਅਸਾਵਾਂਪਨ ਕਿਉਂ ਵਧ ਰਿਹਾ ਹੈ? ਜਦੋਂ ਵੱਖੋ-ਵੱਖ ਟੱਬਰਾਂ ਨੇ ਰਲ਼-ਮਿਲ਼ ਕੇ ਇਕ ਵੱਡਾ ਟੱਬਰ ਬਣਨਾ ਹੈ ਤਾਂ ਟੱਬਰ ਵਿਚ ਹੀ ‘ਊਚ-ਨੀਚ’ ਕਿਉਂ? ਕੀ ਇਸ ਦੇ ਜੁੰਮੇਵਾਰ ਝੂਠੇ ਵਿਸ਼ਵੀਕਰਨ ਦੇ ਧੋਖੇਬਾਜ਼ ਪ੍ਰਚਾਰਕ ਨਹੀਂ? ਕੀ ਉਨ੍ਹਾਂ ਵਲੋਂ ਇੱਥੇ ਵੀ ਕਿਸੇ ਜਿੱਤ ਦੀ ਆਸ ਕੀਤੀ ਜਾ ਰਹੀ ਹੈ? ਜਾਂ ਫੇਰ ਇਹ ਮਤਲਬਪ੍ਰਸਤੀ ਵਾਲੀ ਸਿਆਸਤ ਦੇ ਨਿਘਾਰ ਨਾਲ ਝੰਬੇ ਮਨੁੱਖ ਨੂੰ ਹੋਰ ਛੋਟਾ ਤੇ ਜ਼ਲੀਲ ਕਰਨ ਦਾ ਰਾਹ ਹੈ? ਸਿਆਸਦਾਨਾਂ ਵਾਸਤੇ ਜੰਗ, ਪਿਆਰ ਤੇ ਸਿਆਸਤ ਵਿਚ ਹਰ ਘਟੀਆ ਦਾਅ-ਪੇਚ ਵੀ ਜਾਇਜ਼ ਹੁੰਦਾ ਜਾ ਰਿਹਾ ਹੈ? ‘ਫਾਊਲ’ ਨੂੰ ਵੀ ਉਹ ਨਵੀਂ ‘ਤਕਨੀਕ’ ਦੱਸੀ ਜਾ ਰਹੇ ਹਨ। ਇੱਥੋਂ ਹੀ ਮਨੁੱਖ ਨੀਵਾਣਾਂ ਵੱਲ ਵਹਿ ਜਾਂਦਾ ਹੈ, ਜਿੱਥੇ ਪਹੁੰਚ ਕੇ ਸੱਭਿਆ ਤੇ ਅਸੱਭਿਆ ਸ਼ਬਦਾਂ ਅੰਦਰ ਗੰਢੇ ਦੇ ਛਿਲਕੇ ਤੋਂ ਵੀ ਘੱਟ ਫਰਕ ਰਹਿ ਜਾਂਦਾ ਹੈ। ਸ਼ਾਇਦ ਇਹ ਹੀ ਨਵੇਂ ਯੁੱਗ ਦੀ ਸਿਰਜੀ ਜਾ ਰਹੀ ਨਵੀਂ ਕਥਾ ਦਾ ਨਵਾਂ ਬੋਧ ਹੈ। ਜਦੋਂ ਮਨੁੱਖ ਅਭਿਮਾਨੀ ਹੋ ਜਾਵੇ ਤਾਂ ਵੱਡੀ ਜਿੱਤ ਵੀ ਛੋਟੀ ਹੋ ਜਾਂਦੀ ਹੈ। ਇਤਿਹਾਸ ਦੇ ਜਾਣਕਾਰ ਜਾਣਦੇ ਹਨ ਕਿ ਸਿਕੰਦਰ ਮਹਾਨ ਨੇ ਆਪਣੀ ਜਿੱਤ ਤੋਂ ਬਾਅਦ ਜਦੋਂ ਹਾਰੇ ਹੋਏ ਰਾਜੇ ਪੋਰਸ ਨੂੰ ਪੁੱਛਿਆ ਸੀ ਕਿ ਦੱਸ ਤੇਰੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਵੇ ਤਾਂ ਪੋਰਸ ਦਾ ਜਵਾਬ ਸੀ ਕਿ ਜਿਹੋ ਜਿਹਾ ਇਕ ਜਿੱਤੇ ਹੋਏ ਰਾਜੇ ਨੂੰ ਹਾਰੇ ਹੋਏ ਰਾਜੇ ਨਾਲ ਕਰਨਾ ਚਾਹੀਦਾ ਹੈ। ਇਹ ਰਾਜਾ ਪੋਰਸ ਦਾ ਸਵੈਮਾਣ ਤੇ ਸਵੈ ਵਿਸ਼ਵਾਸ ਸੀ ਕਿ ਉਹਦੀ ਹਾਰ ਵੀ ਸਿਕੰਦਰ ਮਹਾਨ ਦੀ ਜਿੱਤ ਤੋਂ ਵੱਡੀ ਸਾਬਤ ਹੋਈ। ਮਹਾਨ ਸਿਕੰਦਰ ਨੂੰ ਉਨ੍ਹਾਂ ਪਲਾਂ ਨੇ ਮਾਤ ਦਿੱਤੀ ਜਦੋਂ ਕਿਸੇ ਸਵੈ-ਵਿਸ਼ਵਾਸੀ ਦਾ ਅਜਿਹਾ ਜਵਾਬ ਉਸਨੂੰ ਸੁਣਨਾ ਪਿਆ। ਉਸ ਸਮੇਂ ਭਲਾਂ ਕਿੰਨਾ ਛੋਟਾ ਤੇ ਬਲਹੀਣ ਹੋ ਗਿਆ ਹੋਵੇਗਾ ਸਿਕੰਦਰ ਮਹਾਨ ਜਦੋਂ ਅਜਿਹੀ ਅਵਾਜ਼ ਉਸਦੇ ਕੰਨੀਂ ਪਈ ਹੋਵੇਗੀ? ਰਾਜਾ ਪੋਰਸ ਅੱਜ ਵੀ ਲੱਖਾਂ ਦਿਲਾਂ ਦੀਆਂ ਧੜਕਣਾਂ ਨੂੰ ਜਿੱਤ ਵਲ ਤੋਰਨ ਦਾ ਨਿਭਾਅ ਰਿਹਾ ਹੈ। ਆਸ ਕੀਤੀ ਜਾਂਦੀ ਹੈ ਇਹ ਹੌਸਲਾਮਈ ਭਾਵਨਾ ਭਵਿੱਖ ਵਿਚ ਵੀ ਜਾਰੀ ਰਹੇਗੀ।
ਇਹੋ ਜਹੀ ਇਤਿਹਾਸਕ ਘਟਨਾ ਹੀ ਵਾਪਰੀ ਸੀ ਜਦੋਂ ਵੱਧੋ-ਵੱਧ ਇਲਾਕੇ ਜਿੱਤਣ ਦੇ ਲਾਲਚ ਵਸ ਰਾਜਾ ਅਸ਼ੋਕ ਨੇ ਆਪਣੇ ਆਪ ਨੂੰ ਮਹਾਨ ਸਾਬਤ ਕਰਨ ਵਾਸਤੇ ਬੇਦੋਸਿ਼ਆਂ ਦੇ ਲਹੂ ਦੀਆਂ ਨਦੀਆਂ ਵਹਾਈਆਂ ਤੇ ਵਹਿਸ਼ੀਪੁਣੇ ਦਾ ਨੰਗਾ ਨਾਚ ਨੱਚਿਆ ਗਿਆ। ਆਖਰ ਸਿੱਟਾ ਕੀ ਨਿਕਲਿਆਂ? ਇੰਨਾ ਕੁੱਝ ਕਰਨ ਦੇ ਬਾਵਜੂਦ ਉਹ ਆਪਣੇ ਆਪ ਅੱਗੇ ਹੀ ਹਾਰ ਗਿਆ। ਇਕ ਵਹਿਸ਼ੀ ਤੇ ਹਿੰਸਾ ਨੂੰ ਬਲ ਦੇਣ ਵਾਲਾ ਉੱਧਰੋਂ ਮੂੰਹ ਹੀ ਮੋੜ ਗਿਆ। ਉਹਦੀ ਮਾਰ-ਧਾੜ ਤੋਂ ਤੋਬਾ ਅਤੇ ਬੁੱਧ ਧਰਮ ਦੀ ਸ਼ਰਨ ਲੈ ਕੇ ਸ਼ਾਂਤੀ ਦਾ ਪੁਜਾਰੀ ਬਣ ਬਹਿਣਾ। ਲੜਾਈ ਤੇ ਕਤਲੇਆਮ ਨਾਲ ਉਹ ਲੋਕਾਂ ਦੇ ਮਨ ਨਾ ਜਿੱਤ ਸਕਿਆ, ਪਰ ਜਦੋਂ ਤਲਵਾਰ ਨੂੰ ਡੂੰਘੇ ਟੋਏ ’ਚ ਵਗਾਹ ਮਾਰਿਆ ਤਾਂ ਲੋਕਾਂ ਦੇ ਮਨ ਜਿੱਤੇ ਗਏ। ਉਹ ਕੁੱਲ ਸੰਸਾਰ ਵਾਸਤੇ ਅਮਨ ਦਾ ਹੋਕਾ/ਸੁਨੇਹਾ ਬਣ ਗਿਆ। ਅਜਾਦ ਭਾਰਤ ਦੇ ਆਪਣੇ ਝੰਡੇ ਵਿਚ ਅਸ਼ੋਕ ਦਾ ਚੱਕਰ ਸ਼ਾਂਤੀ ਦਾ ਸੁਨੇਹਾ ਬਣ ਗਿਆ। ਉਂਜ ਭਾਰਤੀ ਹਾਕਮਾਂ ਨੇ ਇਸ ਚੱਕਰ ਨਾਲ ਬਥੇਰੀ ਵਾਰ ਖਿਲਵਾੜ ਕੀਤਾ ਹੈ, ਪਰ ਇਹ ਚੱਕਰ ਫੇਰ ਵੀ ਸ਼ਾਂਤੀ ਦਾ ਪ੍ਰਚਾਰਕ ਹੈ।

ਮਨ ਦੀ ਨਿਮਰਤਾ ਤੇ ਸੋਚ ਦਾ ਉਸਾਰੂ ਪਾਸੇ ਤੁਰਨਾ ਆਪਣੇ-ਆਪ ਨੂੰ ਜਿੱਤਣ ਵਾਸਤੇ ਜਰੂਰੀ ਹੈ। ਆਪਣੇ ਆਪ ਨੂੰ ਜਿੱਤਣ ਤੋਂ ਵੱਡਾ ਇਸ ਦੁਨੀਆਂ ਅੰਦਰ ਹੋਰ ਕੋਈ ਕਾਰਜ ਨਹੀਂ। ਗੁਰਬਾਣੀ ਦਾ ਫੁਰਮਾਨ ਹੈ “ਮਨ ਜੀਤੈ ਜਗੁ ਜੀਤ” ਲੋੜ ਇਸ ਗੁਣ ਨੂੰ ਪੱਲੇ ਬੰਨ੍ਹ ਕੇ ਨਿਮਰਤਾ ਭਰਿਆ ਜੀਵਨ ਜੀਊਣ ਵਾਲੀ ਜਾਚ ਸਿੱਖਣ ਦੀ ਹੈ।
***

ਕਲਾ ਦਾ ਕਾਰਜ

ਕਲਾ ਸਮਾਜਿਕ ਤਬਦੀਲੀ ਖਾਤਰ ਵਧ ਰਹੀ ਲੋਕ ਚੇਤਨਾ ਨੂੰ ਸਹੀ ਸੇਧ ਦੇਣ ਤੇ ਉਸਦੀ ਤੋਰ ਨੂੰ ਤਿੱਖਿਆਂ ਕਰਨ ਵਾਲਾ ਹਥਿਆਰ ਹੈ ਅਤੇ ਇਸ ਹੀ ਨਿਸ਼ਾਨੇ ਵਲ ਵਧਦੀਆਂ/ਵਿਕਸਦੀਆਂ ਹੋਰ ਚੇਤਨਾਮਈ ਲਹਿਰਾਂ ਦਾ ਵੱਡਾ ਆਸਰਾ ਵੀ ਹੁੰਦੀ ਹੈ। ਉਹ ਲਹਿਰਾਂ ਜੋ ਇਤਿਹਾਸ-ਮਿਥਿਹਾਸ ਦਾ ਲੇਖਾ-ਜੋਖਾ ਕਰਦਿਆਂ ਪ੍ਰੰਪਰਾਵਾਦੀ, ਤਰਕ ਵਿਹੂਣੇ ਅਤੇ ਅੰਧਵਿਸ਼ਵਾਸੀ ਗਜ਼ ਵਰਤਣ ਦੀ ਥਾਵਂੇ ਉਹਨਾਂ ਨੂੰ ਰੱਦ ਕਰਦਿਆਂ ਜਾਂ ਨਕਾਰਦਿਆਂ ਸਮੇਂ, ਸਥਿਤੀ ਤੇ ਲੋਕ ਧਾਰਾਵਾਂ/ਲੋਕ ਮਨਾਂ ਨੂੰ ਤਰਕ ਅਧਾਰਤ ਵਿਗਿਆਨਕ ਦਲੀਲਾਂ ਵਾਲੀ ਪਰਖ ਦੀ ਕਸਵੱਟੀ ਨਾਲ ਪਰਖ ਕੇ ਭਵਿੱਖ ਦੀ ਕੁੱਖ ਵਿੱਚ ਝਾਕਦਿਆਂ ਆਸਵੰਦ ਹੋ ਕੇ ਅੱਗੇ ਵਧਦੀਆਂ ਹਨ।

ਮਨੁੱਖ ਸੋਚਵਾਨ ਹੋਣ ਕਰਕੇ ਆਪਣੇ ਆਲੇ-ਦੁਆਲੇ ਤੋਂ ਪ੍ਰਭਾਵਿਤ ਹੁੰਦਾ ਹੈ। ਇਸ ਪ੍ਰਭਾਵਿਤ ਹੋ ਜਾਣ ਵਾਲੀ ਪ੍ਰਵਿਰਤੀ ਦਾ ਜ਼ਿੰਦਗੀ ਨਾਲ ਡੂੰਘਾ ਸਬੰਧ ਹੁੰਦਾ ਹੈ। ਇਥੋਂ ਹੀ ਜ਼ਿੰਦਗੀ ਦੀ ਤੋਰ ਨੇ ਅਗਲੇ ਰਾਹ ਫੜਨੇ ਹੁੰਦੇ ਹਨ। ਜੇ ਰਾਹ ਸਹੀ ਫੜਿਆ ਗਿਆ ਤਾਂ ਮਨੁੱਖੀ ਮਨ ਚੜਦੀ ਕਲਾ ਵਿਚ ਰਹਿੰਦਾ ਹੋਇਆ ਉਸਾਰੂ ਸੋਚ ਦੇ ਆਸਰੇ ਅੱਗੇ ਵਧਦਾ ਹੈ। ਪਰ ਕੁਰਾਹੇ ਪੈ ਜਾਣ ਤੇ ਠੋਕ੍ਹਰਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਗੇ ਵਧਣ ਤੋਂ ਪਹਿਲਾਂ ਰਾਹ ਦੇ ਰੋੜੇ ਚੁਗਣੇ ਪੈਂਦੇ ਹਨ। ਤਿੱਖੀਆਂ ਸੂਲ਼ਾਂ ਵਲੋ ਦਿੱਤੇ ਜ਼ਖ਼ਮਾਂ ਉਤੇ ਮਰਹੱਮ-ਪੱਟੀ ਦਾ ਜੁਗਾੜ ਕਰਨਾ ਪੈਂਦਾ ਹੈ। ਕੁਰਾਹੇ ਪੈਣ ਨਾਲ ਬਹੁਤ ਸਾਰਾ ਕੀਮਤੀ ਸਮਾਂ ਬਰਬਾਦ ਹੀ ਨਹੀਂ ਹੁੰਦਾ ਸਗਂੋਂ ਕਈ ਵਾਰ ਤਾਂ ਸਮਾਂ ਅਣਵਰਤਿਆ ਹੀ ਰਹਿ ਜਾਂਦਾ ਹੈ। ਸਮੇਂ ਦੀ ਪ੍ਰਵਾਹ ਨਾ ਕਰਨ ਵਾਲਿਆਂ ਦੀ ਸਮਾਂ ਵੀ ਕਦਰ ਨਹੀਂ ਕਰਦਾ। ਕੋਈ ਵੀ ਇਨਸਾਨ ਧੁਰੋਂ ਉਹੋ ਜਿਹਾ ਨਹੀਂ ਆਉਂਦਾ ਜਿਵੇਂ ਇੱਥੇ ਵਿਚਰਦਾ ਹੈ। ਹਰ ਵਿਅਕਤੀ ਨੂੰ ਸਮਾਜ ਪ੍ਰਭਾਵਿਤ ਕਰਦਾ ਹੈ। ਇਸ ਕਰਕੇ (ਸੋਝੀ ਦੀ ਘਾਟ ਕਰਕੇ) ਹੀ ਬਹੁਤ ਸਾਰੇ ਲੋਕ ਸਮਾਜ ਅੰਦਰ ਆਪੇ ਸਿਰਜੀ ਫੋਕੀ ਇੱਜਤ-ਮਾਣ ਅਤੇ ਸਸਤੀ ਸ਼ੋਹਰਤ ਵਾਲੀ ਭੇਡ ਚਾਲ ਦੇ ਸ਼ਿਕਾਰ ਹੋ ਜਾਂਦੇ ਹਨ। ਇਹ ਹੀ ਸਮਾਜ ਨੂੰ ਨੀਵਾਣਾ ਵਲ ਲੈ ਜਾਣ ਵਾਲਾ ਰਾਹ ਹੁੰਦਾ ਹੈ। ਉਹ ਤਾਂ ਨਿਵੇਕਲੀਆਂ ਪ੍ਰਤਿਭਾਵਾਂ ਹੀ ਹੁੰਦੀਆਂ ਹਨ ਜੋ ਸਮਾਜ ਦੇ ਠਹਿਰੇ/ਖੜ੍ਹੇ ਪਾਣੀਆਂ, ਬੋਦੀ ਹੋ ਗਈ ਸੋਚ ਅੰਦਰ ਹਲਚਲ ਪੈਦਾ ਕਰਕੇ ਉਸਨੂੰ ਪ੍ਰਭਾਵਿਤ ਕਰਦਿਆਂ ਉਸ ਲਈ ਪ੍ਰੇਰਨਾ ਸ਼ਕਤੀ ਬਣਕੇ ਸਭ ਕਾਸੇ ਨੂੰ ਚੰਗੇ ਪਾਸੇ ਤੋਰਨ ਦਾ ਯਤਨ ਕਰਦੀਆਂ/ਕਰਨ ਦਾ ਸਬੱਬ ਬਣਦੀਆਂ ਹਨ। ਕਿਉਕਿ ਬੀਮਾਰ ਹੋ ਗਏ ਸਮਾਜ ਅਤੇ ਸੋਚ ਨੂੰ ਸਿਹਤਯਾਬ ਕਰਨ ਵਾਸਤੇ ਤਕੜੇ ਜੇਰੇ, ਜੁੱਸੇ ਦੀ ਲੋੜ ਪੈਂਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜਿਹਨਾਂ ਨੂੰ ਇਸ ਤਰਾਂ ਦੇ ਕਾਫੀ ਕੁਝ ਕਰਨ ਦੀ ਸਾਰ ਤਾਂ ਹੁੰਦੀ ਹੈ, ਉਹ ਕੁਝ ਕੀਤਾ ਵੀ ਚਾਹੁੰਦੇ ਹਨ, ਪਰ ਕਿਸੇ ਵੀ ਪਾਸਿੳਂੁ ਕੋਈ ਸੇਧ /ਸੂਝ ਨਾ ਮਿਲਣ ਕਰਕੇ ਕੁਝ ਕਰ ਨਹੀਂ ਸਕਦੇ ਜਾਂ ਫੇਰ ਕੁਝ ਕਰਨੋ ਵਾਂਝੇ ਰਹਿ ਜਾਂਦੇ ਹਨ। ਲੋਕਾਂ ਦੀ ਜ਼ਿੰਦਗੀ ਦੇ ਯਥਾਰਥ ਨਾਲੋ ਟੁੱਟੀ ਕਲਾ ਐਵੇਂ ਹੀ ਕੰਧਾਂ ਨਾਲ ਕੁਵੇਲੇ ਟੱਕਰਾਂ ਮਾਰਨ ਦੇ ਬਰਾਬਰ ਹੁੰਦੀ ਹੈ। ਨਿੱਘਰਦੇ ਸਮਾਜ ਅੰਦਰ ਉਹਨਾਂ ਸਵਾਲਾਂ ਜੋ ਆਮ ਆਦਮੀ ਦੇ ਜੀਵਨ ਨੂੰ ਔਖਿਆਂ ਕਰਦੇ (ਜਾਂ ਔਖਿਆਂ ਕਰਨ ਦਾ ਸਬੱਬ ਬਣਦੇ) ਹਨ ਨਾਲ ਦੋ ਚਾਰ ਹੋਣਾ ਹੀ ਕਲਾ ਦਾ ਕਰਮ ਹੈ, ਤਾਂ ਕਿ ਹਨੇਰੇ ਵਲ ਵਧ ਰਹੀ ਜਿੰਦ ਉਧਰੋਂ ਮੁੱਖ ਮੋੜ ਰੌਸ਼ਨੀ ਵਲ ਮੂੰਹ ਕਰਕੇ ਜੀਊਣਾਂ ਸਿੱਖੇ। ਕਲਾ ਦਾ ਕਰਮ ਕੀਰਨੇ ਪਾਉਣੇ, ਰਊਂ-ਰਊਂ ਕਰਨਾ ਅਤੇ ਅੱਗੇ ਖੜੇ ਸਵਾਲਾਂ ਕੋਲੋ਼ਂ ਪਾਸਾ ਵੱਟਕੇ ਲੰਘ ਜਾਣਾ ਨਹੀ ਹੁੰਦਾ, ਜੇ ਕੋਈ ਇੰਝ ਕਰਦਾ ਹੈ ਤਾਂ ਉਹ ਸ਼ਾਇਦ ਆਪ ਤਾਂ ਸੌਖਾ ਰਹੇਗਾ ਪਰ ਕਲਾ ਦਾ ਦਾਅਵੇਦਾਰ ਹੋਣ ਦਾ ਆਪਣਾ ਹੱਕ ਗੁਆ ਬੈਠੇਗਾ। ਉਂਝ ਵੀ ਕਾਰਜ ਰਹਿਤ ਕਲਾ ਸ਼ੈਤਾਨ ਦੀ ਸੇਵਾ ਤੋ ਵੱਧ ਕੁਝ ਨਹੀਂ ਹੁੰਦੀ। ਸ਼ੈਤਾਨ ਕਦੇ ਵੀ ਜ਼ਿੰਦਗੀ ਦਾ ਹੀਰੋ ਨਹੀ ਹੋ ਸਕਦਾ। ਇਸ ਕਰਕੇ ਇਸ ਮ੍ਰਿਗ-ਤ੍ਰਿਸ਼ਨਾ ਤੋ ਬਚਣਾ ਬਹੁਤ ਹੀ ਜ਼ਰੂਰੀ ਹੈ।

ਜਿਹੜੇ ਆਪਣੀ ਜ਼ਿਹਨੀ ਅੱਯਾਸ਼ੀ ਦੀ ਪੂਰਤੀ ਖਾਤਰ ਕਲਾ ਦੇ ਪੈਰੀਂ ਘੁੰਗਰੂ ਪਾ ਕੇ, ਧਾੜਵੀਆਂ, ਲੁਟੇਰਿਆਂ ਅਤੇ ਲੁਟੇਰੀਆਂ ਜਮਾਤਾਂ ਦੀ ਚਾਕਰੀ ਕਰਕੇ ਰੋਅਬਦਾਰ ਜ਼ਿੰਦਗੀ ਜੀਊਣ ਵਾਸਤੇ ਚਾਰ ਦਮੜੇ ਇਕੱਠੇ ਕੀਤੇ ਚਾਹੁੰਦੇ ਹਨ, ਉਹਨਾਂ ਅਤੇ ਉਹਨਾ ਦੀ ਮੌਕਪ੍ਰਸਤ ਕਲਾ ਨੂੰ ਸਮਾਜ ਵਿਚ ਨੰਗਿਆਂ ਕਰਨਾ ਬਹੁਤ ਜਰੂਰੀ ਹੈ। ਸਮਾਜ ਵਿਚ ਦੋ ਹੀ ਜਮਾਤਾਂ ਹਨ, ਲੁੱਟਣ ਵਾਲੀਆਂ ਅਤੇ ਲੁੱਟੀਆਂ ਜਾਂਦੀਆਂ। ਕਲਾ ਦੇ ਖੇਤਰ ਵਿਚ ਕੰਮ ਕਰਨ ਵਾਲਿਆਂ ਨੂੰ ਪਹਿਲਾਂ ਫੈਸਲਾ ਇਹ ਕਰਨਾ ਪਵੇਗਾ ਕਿ ਉਹ ਲੋਕ ਪੱਖੀ ਹਨ ਕਿ ਜੋਕ ਪੱਖੀ ਸੇਧ ਤਾਂ ਫੇਰ ਹੀ ਨਿਰਧਾਰਤ ਹੋਵੇਗੀ। ਇਸ ਮਾਮਲੇ ਤੇ ਆਪਣੇ ਆਪ ਨੂੰ ਨਿਰਪੱਖ ਆਖਣ / ਅਖਵਾਉਣ ਵਾਲੇ ਕਮਜ਼ੋਰੀ ਦਾ ਸਿਰਾ ਹੁੰਦੇ ਹਨ। ਝੂਠ ਉੱਤੇ ਸੱਚ ਦੀ ਨਕਲੀ ਲੇਪ ਕਰਨ ਵਰਗਾ ਭਰਮ ਪਾਲਣਾ ਆਪਣੇ ਆਪ ਅਤੇ ਕਲਾ ਦੋਹਾਂ ਨਾਲ ਹੀ ਧੋਖਾ ਹੈ। ਕੋਈ ਕਲਾਕਾਰ ਇਹ ਕੁਝ ਕਰ ਹੀ ਨਹੀ ਸਕਦਾ। ਇਹ ਤਾਂ ਸਿਰਫ ਕੋਈ ਧੋਖੇਬਾਜ਼ ਹੀ ਕਰ ਸਕਦਾ ਹੈ। ਕਲਾ ਨੂੰ ਪ੍ਰਣਾਇਆਂ ਕੋਈ ਵੀ ਲੋਕ ਦਰਦੀ ਅਜਿਹਾ ਕੁਕਰਮ ਕਰਨ ਤੋ ਪਹਿਲਾਂ ਹਜ਼ਾਰ ਵਾਰ ਸੋਚੇਗਾ-ਹਜ਼ਾਰ ਵਾਰ।

ਕਲਾ ਦੇ ਕਾਰਜ ਖੇਤਰ ਦੀ ਗੱਲ ਕਰੀਏ ਤਾਂ ਸਾਫ ਹੈ ਕਿ ਸਮਾਜ ਅੰਦਰ ਕੋਈ ਵੀ ਮੁਸੀਬਤ ਆਵੇ ਤਾਂ ਕਲਾ ਨੂੰ ਪ੍ਰਣਾਏ ਲੋਕ ਹਰ ਤਰਾਂ ਦੇ ਬੰਨੇ-ਬਸੀਵੇਂ ਟੱਪ ਕੇ ਦੁਖੀਆਂ ਦੀ ਪੀੜ ਹਰਨ ਕਰਨ ਵਾਸਤੇ ਪਹੁੰਚਦੇ ਹਨ, ਰੋਂਦਿਆਂ ਦੇ ਹੰਝੂ ਪੂੰਝਦੇ ਹਨ। ਬੱਚਿਆਂ ਦੇ ਚਿਹਰਿਆਂ ਦੇ ਹਾਸੇ ਗੁਆਚ ਨਾ ਜਾਣ ਅਤੇ ਭਵਿੱਖ ਹਨੇਰੇ ਵਰਗਾ ਨਾ ਹੋ ਜਾਵੇ ਇਸ ਵਾਸਤੇ ਆਪਣੀ ਕਲਾ ਦੇ ਆਸਰੇ ਅਹੁੜ-ਪਹੁੜ ਕਰਦੇ ਹਨ। ਇਤਿਹਾਸ ਮਿਸਾਲਾਂ ਨਾਲ ਭਰਿਆ ਪਿਆ ਹੈ। ਕਾਫੀ ਸਮਾਂ ਪਹਿਲਾਂ ਜਦੋਂ ਬੰਗਾਲ ਵਿਚ ਕਾਲ਼ ਪਿਆ ਸੀ ਉਦੋਂ ਬੰਗਾਲ ਦੇ ਕਾਲ ਪੀੜਤਾਂ ਵਾਸਤੇ ਕਲਾ ਨਾਲ ਜੁੜੇ ਲੋਕ ਦਰਦੀ ਪੰਜਾਬੀ ਕਲਾਕਾਰਾਂ ਨੇ ਇਪਟਾ ਦਾ ਝੰਡਾ ਚੁੱਕ ਕੇ ਘਰ ਘਰ ਤੱਕ ਪਹੁੰਚ ਕਰਕੇ ਆਪਣੀ ਸਮਰਥਾ ਤੋਂ ਵੀ ਵੱਧ ਜਤਨ ਜੁਟਾਏ ਸਨ ਅਤੇ ਬਣਦੀ-ਸਰਦੀ ਮੱਦਦ ਕਰਕੇ ਆਪਣੇ ਬੰਗਾਲੀ ਭੈਣ-ਭਰਾਵਾਂ ਨੂੰ ਡੋਲਣੋਂ ਬਚਾਇਆ ਸੀ। ਇਸਤੋਂ ਵੱਡੀ ਮਨੁੱਖਤਾ ਦੀ ਸੇਵਾ ਹੋਰ ਕੋਈ ਹੋ ਹੀ ਨਹੀਂ ਸਕਦੀ। ਹੋਰ ਵੀ ਬਹੁਤ ਸਾਰੇ ਮੌਕੇ ਚੇਤੇ ਕੀਤੇ ਜਾ ਸਕਦੇ ਹਨ। ਪਿਛਲੇ ਨੇੜਲੇ ਸਮਂੇ ਦੀ ਗੱਲ ਕਰਨੀ ਹੋਵੇ ਤਾਂ ਮਿਸਾਲ ਵਜੋਂ ਜਦੋ ਦੁਨੀਆਂ ਦੇ ਬੰਬਧਾਰੀ ਜਰਵਾਣੇ ਇਕੱਠੇ ਹੋ ਕੇ ਕੋਸੋਵੋ ਉੱਤੇ ਬੰਬਾਂ ਦੀ ਵਰਖਾ ਕਰਦੇ ਹਨ ਤਾਂ ਦੁਨੀਆਂ ਦੇ ਵੱਡੇ ਨਾਂਵਾਂ ਵਾਲੇ ਸੰਗੀਤ ਨਾਲ ਜੁੜੇ ਕਲਾਕਾਰ ਧੱਕੇਸ਼ਾਹਾਂ ਵਲੋ ਬੰਬਾਂ ਦੇ ਨਾਲ ਸਤਾਏ ਅਤੇ ਸਹਿਮੇ ਹੋਏ ਕੋਸੋਵੋ ਵਾਸੀਆਂ ਦਾ ਦੁੱਖ ਹਰਨ ਲਈ ਉੱਥੇ ਪਹੁੰਚਦੇ ਹਨ – ਆਪਣੀ ਕਲਾ ਨੂੰ ਲੋਕਾਂ ਦੇ ਗੁਆਚੇ ਹਾਸੇ ਵਾਪਸ ਲਿਆਉਣ ਲਈ ਪੇਸ਼ ਕਰਦੇ ਹਨ। ਆਪਣੀ ਕਲਾ ਨੂੰ ਬੰਬਧਾਰੀ ਜਰਵਾਣਿਆਂ ਅਤੇ ਜੰਗ ਦੇ ਖਿਲਾਫ ਪੇਸ਼ ਕਰਕੇ ਲੋਕਾਂ ਅੰਦਰ ਫੇਰ ਤੋ ਜੀਊਣ ਦਾ ਹੌਸਲਾ ਪੈਦਾ ਕਰਦੇ ਹਨ। ਇਹ ਸਾਹਸ ਤਾਂ ਉਹ ਹੀ ਕਰ ਸਕਦਾ ਹੈ
ਜਿਹੜਾ ਆਪਣੇ ਆਪ ਨੂੰ ਲੋਕਾਈ ਦਾ ਅੰਗ ਜਾਣੇ ਅਤੇ ਉਹਨਾਂ ਦੇ ਦਰਦ/ਪੀੜ ਨੂੰ ਆਪਣੇ ਸੀਨੇ ਹੰਢਾਉਣ ਦਾ ਜੇਰਾ ਕਰ ਸਕਦਾ ਹੋਵੇ।

ਕਲਾ ਨੂੰ ਕਈ ਰੋਜ਼ੀ-ਰੋਟੀ ਦਾ ਸਾਧਨ ਸਮਝਦੇ ਹਨ, ਪਰ ਇਸਦੀ ਪੇਸ਼ਕਾਰੀ ਉਹ ਲੋਕ ਕਲਿਆਣ ਵਾਸਤੇ ਹੀ ਕਰਦੇ ਹਨ। ਉਹ ਸਾਫ ਦਿਲ ਲੋਕ ਕਲਾਕਾਰ (ਭੰਡ-ਮਰਾਸੀ ਆਦਿ) ਉਹਨਾਂ ਅਖੌਤੀ ਬੁਧੀਜੀਵੀਆਂ ਤੋ ਲੱਖ ਦਰਜ਼ੇ ਚੰਗੇ ਹਨ ਜਿਹੜੇ ਮੌਕਾਪ੍ਰਸਤੀ ਵਾਲੇ ਵੰਝ ਤੇ ਚੜ੍ਹਕੇ ਆਪਣੀ ਅਕਲ ( ਤੇ ਜ਼ਮੀਰ) ਵੇਚਣ ਲੱਗਿਆਂ ਮਿੰਟ ਵੀ ਨਹੀ ਲਾੳਂੁਦੇ। ਅਸੀਂ ਪੇਡੂ ਸਮਾਜ ਵਲ ਨਿਗਾਹ ਮਾਰੀਏ ਤਾਂ ਪਤਾ ਲਗਦਾ ਹੈ ਕਿ ਭੰਡ-ਮਰਾਸੀ ਆਪਣੀ ਕਲਾ ਨਾਲ ਜਿੱਥੇ ਲੋਕ ਮਨਾਂ ਦਾ ਮਨੋਰੰਜਨ ਕਰਦੇ ਹਨ ਉਥੇ ਹੀ ਲੋਕ ਕਲਿਆਣ ਖਾਤਰ ਸਮਾਜ ਅੰਦਰ ਪਲਦੇ ਹਰ ਕਿਸਮ ਦੇ ਭੈੜਾਂ ਦੇ ਖਿਲਾਫ ਲੋਕ ਹਿਤੂ ਟਿੱਪਣੀਆਂ ਵੀ ਕਰਦੇ ਹਨ। ਜਿਹਨਾਂ ਨਾਲ ਉਹ ਲੋਕ ਮਨਾਂ ਨੂੰ ਹੁੱਝਾਂ ਮਾਰਕੇ ਸੁਚੇਤ ਕਰਦੇ ਹਨ। ਸਮਾਜ ਵਲੋਂ ਉਹਨਾਂ ਨੂੰ ਸਮਝਣ ਅਤੇ ਉਹਨਾਂ ਤੋ ਸਿੱਖਣ ਦੀ ਬਹੁਤ ਲੋੜ ਹੈ। 

ਆਮ ਜਹੀ ਮਿਸਾਲ ਕਿ ਹਰ ਕੋਈ ਆਪਣੇ ਘਰ ਦੀ ਸਫਾਈ ਕਰਦਾ ਹੈ ਤਾਂ ਕਿ ਕਿਧਰੇ ਗੰਦ ਪਿਆ ਨਾ ਰਹਿ ਜਾਵੇ ਨਹੀਂ ਤਾਂ ਘਰ ਵਿੱਚੋ ਬਦਬੋ ਆਵੇਗੀ। ਕੀ ਕਾਰਨ ਹੈ ਕਿ ਸਮਾਜ (ਜਿਸਦੇ ਅਸੀਂ ਅੰਗ ਹਾਂ) ਵਿਚ ਇੰਨੇ ਪਏ ਗੰਦ ਦੇ ਬਾਵਜੂਦ ਸਫਾਈ ਵਲ ਸਾਡਾ ਧਿਆਨ ਹੀ ਨਹੀਂ ਜਾਂਦਾ? (ਜਾਂ ਫੇਰ ਸਾਨੂੰ ਮੁਸ਼ਕ ਤੋਂ ਮੁਸ਼ਕ ਹੀ ਨਹੀਂ ਆਉਂਦਾ?) ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਸਿਰੇ ਦੇ ਹਰਾਮੀਆਂ/ਬਦਮਾਸ਼ਾਂ, ਸਮਗਲਰਾਂ ਦਾ ਸਿਆਸਤ ਵਿਚ ਦਾਖਲਾ, ਵਿਕਾਊ ਸਿਆਸਤ ਦਾ ਅਪਰਾਧੀਕਰਨ, ਕੁਨਬਾ-ਪ੍ਰਵਰੀ, ਕਿਰਤ ਦੀ ਲੁੱਟ, ਸਿਆਸੀ ਮਨਸੂਬਿਆਂ ਖਾਤਰ ਧਰਮ ਦਾ ਸੋਸ਼ਣ, ਅੰਨ-ਦਾਤੇ ਨੂੰ ਮੰਗਤਾ ਬਣਾਉਂਦਾ ਜਾਂ ਖੁਦਕਸ਼ੀਆਂ ਤੱਕ ਅਪੜਾਂਉਦਾ ਸਿਸਟਮ, ਗਰੀਬ-ਗੁਰਬੇ ਉਤੇ ਹਰ ਕਿਸਮ ਦਾ (ਸਮਾਜੀ, ਆਰਥਿਕ, ਰਾਜਨੀਤਿਕ ਆਦਿ) ਅੱਤਿਆਚਾਰ ਹੁੰਦਾ ਦੇਖ ਕੇ ਵੀ ਸਾਡਾ ਮਨ ਬਗਾਵਤ ਦੇ ਰਾਹ ਨਹੀਂ ਪੈਂਦਾ। ਕੀ ਸਮਾਜ ਵਿਚ ਪਿਆ ਇਹ ਗੰਦ ਉਪਰੋਂ ਆ ਕੇ ਕੋਈ ਫਰਿਸ਼ਤਾ ਸਾਫ ਕਰੂ? ਜਿਹੜਾ ਵੀ ਕਲਾ ਨਾਲ ਜੁੜਿਆ, ਸਮਾਜ ਅੰਦਰ ਫੈਲਰੇ ਇਸ ਘਿਨਾਉਣੇ ਗੰਦ ਨੂੰ ਸਾਫ ਕਰਨ ਵਲ ਲੋਕਾਂ ਨੂੰ ਖ਼ੁਦ ਉਹਨਾਂ ਦਾ ਅੰਗ ਬਣਕੇ ਪ੍ਰੇਰਤ ਨਹੀ ਕਰਦਾ ਉਹ ਖੁਦ ਵੀ ਕਲਾ ਦੇ ਨਾਂ ਤੇ ਧੱਬਾ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹੋ ਜਹੇ ਧੱਬਿਆਂ ਦਾ ਕਦੇ ਕਿਸੇ ਵੀ ਇਤਿਹਾਸ ਨੇ ਹਾਂਅ-ਪੱਖੀ ਮੁੱਲ ਨਹੀ ਪਾਇਆ, ਇਹ ਧੱਬੇ ਸਦਾ ਨਕਾਰੇ ਹੀ ਜਾਂਦੇ ਰਹੇ ਹਨ ਅਤੇ ਅੱਗੋਂ ਵੀ ਨਕਾਰੇ ਹੀ ਜਾਂਦੇ ਰਹਿਣਗੇ। ਜਿਸ ਕਲਾ-ਕ੍ਰਿਤੀ ਵਿਚ ਲੋਕਾਈ ਦਾ ਦਰਦ ਨਹੀਂ, ਨਿਤਾਣੇ ਦੀ ਹੂਕ-ਉਸਦੇ ਹੰਝੂਆਂ ਵਿੱਚੋ ਉਠਦਾ ਰੋਹ ਨਹੀ, ਭੁੱਖ ਨਾਲ ਵਿਲਕਦੇ ਕਿਸੇ ਮਾਸੂਮ ਬੱਚੇ ਦੀ ਸੀਨਾ ਚੀਰਵੀਂ ਆਹ ਨਹੀਂ, ਜਿਸ ਵਿਚ ਲੋਕ ਮਨਾਂ ਅੰਦਰ ਕਿ ਅਜਿਹਾ ਸਭ ਕਿਉਂ ਹੋ ਰਿਹਾ ਹੈ? ਵਰਗੇ ਸਵਾਲ ਪੇਸ਼ ਕਰਕੇ ਹਲਚਲ ਪੈਦਾ ਕਰਨ ਦਾ ਜਤਨ ਜਾਂ ਜੇਰਾ ਨਹੀਂ, ਉਹ ਕਲਾ ਨਹੀ -ਉਹ ਸਭ ਕੂੜਾ ਹੈ। ਕਿਉਂਕਿ ਉਸ ਵਿਚੋ ਇਨਸਾਨ ਗੈਰ-ਹਾਜ਼ਰ ਹੈ। ਸਿਰਫ ਮਨ ਪ੍ਰਚਾਵੇ ਖਾਤਰ-ਭੁੱਖ ਨੂੰ ਠੱਠੇ ਕਰਦੀ ਕਲਾ ਹਨੇਰੇ ਦੀਆਂ ਚੀਕਾਂ ਹੀ ਸਮਝੀਆਂ ਜਾਣੀਆਂ ਚਾਹੀਦੀਆਂ ਹਨ। ਹਰ ਕਿਸੇ ਨੂੰ ਸਮਾਜ ਦੇ ਭਲੇ ਵਾਸਤੇ ਹਨੇਰੇ ਅਤੇ ਉਸਦੀਆਂ ਹਮਾਇਤੀ ਸ਼ਕਤੀਆਂ ਨਾਲ ਜੂਝਦਿਆਂ ਸੋਚ/ਸੂਝ ਨੂੰ ਪ੍ਰਚੰਡ ਕਰਦਿਆਂ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਲਾ ਦੁਨੀਆਂ ਦਾ ਸੁਹਜ ਭਰਿਆਂ ਸੁਹੱਪਣ ਤੇ ਸਮਾਜੀ ਕੋਹਝਾਂ/ਕੋਹੜਾਂ ਦੇ ਖਿਲਾਫ ਨਰੋਏ, ਲੋਕ ਪੱਖੀ/ਲੋਕ ਮੁਖੀ ਸਮਾਜ ਦੀ ਸਥਾਪਨਾ ਵਾਸਤੇ ਲੜਨ ਵਾਲੀ ਸੱਭਿਅਕ ਸ਼ਕਤੀ ਹੈ।

****

ਹਨੇਰੇ ਦੀਆਂ ਲਕੀਰਾਂ

ਕਿਸਮਤਵਾਦੀ ਲੋਕ ਆਪਣੇ ਆਪ ਨਾਲ ਬਿਨਾ-ਮਤਲਬ ਰੁੱਸੇ ਹੋਏ ਅਤੇ ਜਿ਼ੰਦਗੀ ਦੇ ਹਾਰੇ ਹੋਏ ਉਦਾਸ ਪੁੱਤਰ ਹੁੰਦੇ ਹਨ। ਪਤਾ ਨਹੀਂ ਕਿਉਂ ਉਹ ਕੁੱਝ ਕਰ-ਗੁਜ਼ਰਨ ਤੋਂ ਬਿਨਾ ਹੀ ਆਪਣੇ ਆਪ ਵਲ ਪਿੱਠ ਕਰਕੇ ਤੁਰਨ ਦੇ ਆਦੀ ਹੋ ਜਾਂਦੇ ਹਨ? ਉਨ੍ਹਾਂ ਵਿਚੋਂ ਬਹੁਤ ਸਾਰੇ ਕੁੱਝ ਵੀ ਸੋਚਣ ਤੇ ਵਿਚਾਰਨ ਤੋਂ ਪਾਸਾ ਵਟਦੇ ਹਨ, ਘਬਰਾਉਂਦੇ ਹਨ। ਆਪਣੇ ਆਪ ਤੋਂ ਡਰਦੇ ਵੀ ਹਨ ਲੁਕਦੇ ਵੀ। ਸਵਾਲ ਪੈਦਾ ਹੁੰਦਾ ਹੈ ਕਿ ਕੀ ਹੋਣਗੇ ਉਹ ਲੋਕ ਜੋ ਆਪਣਾ ਸਾਹਮਣਾ ਕਰਨੋਂ ਵੀ ਕਤਰਾਉਂਦੇ ਹਨ। ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਕਿਹੜੀ ਜਿ਼ੰਦਗੀ ਜੀਊ ਰਹੇ ਹਨ? ਅਤੇ ਅਜਿਹਾ ਕਿਉਂ ਹੈ? ਸਾਹਸ ਵਾਲੇ ਲੋਕ ਸੋਚਣ ਦਾ ਕਾਰਜ ਕਰਦੇ ਹਨ। ਦਲੀਲ ਦੀ ਕਸੌਟੀ ’ਤੇ ਹੀ ਸੱਚ ਝੂਠ ਪਰਖੇ ਜਾ ਸਕਦੇ ਹਨ ਜਿਸ ਦੇ ਸਿੱਟੇ ਵਜੋਂ ਅਸਲੀ ਸਥਿਤੀ ਸਾਹਮਣੇ ਆਉਂਦੀ ਹੈ। ਇਹ ਜਿਵੇਂ ਦੀ ਵੀ ਹੋਵੇ ਇਸ ਤੋਂ ਬਚ ਕੇ ਲੰਘਿਆ ਹੀ ਨਹੀਂ ਜਾ ਸਕਦਾ। ਸਿਆਣਪ ਭਰੀ ਬਹਾਦਰੀ ਤਾਂ ਇਸ ਵਿਚ ਹੀ ਹੈ ਕਿ ਅਣਸੁਖਾਵੀਆਂ ਸਥਿਤੀਆਂ ਨੂੰ ਵੀ ਸਮਝਿਆ, ਟੱਕਰਿਆ ਤੇ ਸੁਲਝਾਇਆ ਜਾਵੇ। ਭਾਵ, ਇਸ ਤਰ੍ਹਾਂ ਦੇ ਜਤਨ ਜ਼ਰੂਰ ਕੀਤੇ ਜਾਣ ਕਿ ਕੁੱਝ ਸਾਰਥਕ ਹੋ ਸਕੇ। ਸਿਰਫ ਇਸ ਤਰ੍ਹਾਂ ਹੀ ਅੱਗੇ ਵਧਿਆ ਜਾ ਸਕਦਾ ਹੈ, ਦੂਜਾ ਰਾਹ ਹੀ ਕੋਈ ਨਹੀਂ। ਮਨੁੱਖੀ ਜੀਵਨ ਦੇ ਅਸਲ ਦਾ ਸਵਾਲ ਭਾਵ ਜਿ਼ੰਦਗੀ ਦੇ ਅਰਥ ਢੂੰਡਣੇ। ਇਹ ਕਿਸੇ ਨਾ ਬੁੱਝੀ ਜਾਣ ਵਾਲੀ ਬੁਝਾਰਤ ਵਰਗੇ ਨਾ ਹੋਣ, ਸਗੋਂ ਕਈ ਵਾਰ ਔਕੜਾਂ ਭਰੇ ਪਲਾਂ ਵਿਚੋਂ ਲੰਘਣ ਨਾਲ ਮਨੁੱਖੀ ਮਨ ਦੀਆਂ ਹੋਰ ਤਹਿਆਂ ਖੁੱਲ੍ਹਦੀਆਂ ਹਨ, ਨਵੀਆਂ ਜੁਗਤਾਂ, ਨਵੇਂ ਵਿਚਾਰ, ਨਵਾਂ ਜੁੱਸਾ ਪੈਦਾ ਹੁੰਦਾ ਹੈ। ਇਹ ਮਨੁੱਖੀ ਮਨ ਦੀ ਜਗਿਆਸਾ ਹੀ ਹੈ ਜੋ ਜਿ਼ੰਦਗੀ ਨੂੰ ਨਵੇਂ ਅਰਥ ਪ੍ਰਦਾਨ ਕਰਨ ਵਿਚ ਅਗਵਾਈ ਤੇ ਮੱਦਦ ਕਰਦੀ ਹੈ। ਜਿ਼ੰਦਗੀ ਨੂੰ ਕਦੇ ਵੀ ਪਛਤਾਵੇ ਵਰਗੀ ਨਹੀਂ ਸਮਝਿਆ ਜਾਣਾ ਚਾਹੀਦਾ, ਸਗੋਂ ਔਖੇ-ਸੌਖੇ ਪਲਾਂ ਨੂੰ ਬਦਲਦੀਆਂ ਰੁੱਤਾਂ ਦੇ ਤਬਦੀਲ ਹੋ ਰਹੇ ਮੌਸਮਾਂ ਵਾਂਗ ਹੀ ਲਿਆ ਜਾਣਾ ਚਾਹੀਦਾ ਹੈ, ਬਿਲਕੁੱਲ ਕੁਦਰਤ ਦੇ ਨੇਮਾਂ ਵਾਂਗ। ਸ਼ਾਇਦ ਬਹੁਤ ਸਾਰੇ ਲੋਕ ਇਹ ਵੀ ਨਾ ਚਾਹੁਣ ਕਿ ਮੌਸਮ ਸਦਾ ਹੀ ਇਕਸਾਰ ਜਿਹਾ ਤੁਰਿਆ ਜਾਵੇ। ਕਿੰਨਾ ਅਜੀਬ ਤੇ ਹੁੱਲਾਸ ਭਰਪੂਰ ਹੁੰਦਾ ਹੈ ਕੁਦਰਤ ਦਾ ਅਦਭੁੱਤ ਨਜ਼ਾਰਿਆਂ ਨੂੰ ਪੇਸ਼ ਕਰਨਾ। ਕਦੇ ਬਸੰਤ ਤੇ ਕਦੇ ਪੱਤਝੜ, ਕਦੇ ਪਿੰਡਾ ਲੂੰਹਦੀ ਗਰਮੀ ਅਤੇ ਕਦੇ ਹੱਡ ਠਾਰਦੀ ਸਰਦੀ। ਕਦੇ ਲੰਮੀ ਔੜ ਤੇ ਕਦੇ ਹੱਦਾਂ ਬੰਨੇ ਤੋੜਦਾ ਮੇਘਲਾ। ਇਹ ਸਭ ਸਾਡੀ ਜਿ਼ੰਦਗੀ ਵਿਚ ਹੀ ਵਾਪਰਦਾ ਹੈ। ਇਸ ਤੋਂ ਹੈਰਾਨ ਹੋਣ ਦੀ ਭਲਾਂ ਕੀ ਤੁਕ ਹੋਈ? ਇਸ ਤੋਂ ਡਰ ਕੇ ਭੱਜਿਆ ਵੀ ਕਿੱਥੇ ਜਾ ਸਕਦਾ ਹੈ? ਤੇ ਭੱਜਣਾ ਹੋਇਆ ਵੀ ਕਿਉਂ? ਕਿਉਂਕਿ ਭੱਜਣਾਂ ਤਾਂ ਨਾਂ ਹੀ ਹਾਰ ਦਾ ਹੈ। ਬਚਪਨ, ਜੁਆਨੀ, ਬੁਢਾਪਾ, ਮਾਪਿਆਂ ਦੀ ਛਾਂ, ਭੈਣ ਭਰਾਵਾਂ ਦਾ ਮੋਹ ਤੇ ਬੱਚਿਆਂ ਦਾ ਲਾਡ-ਪਿਆਰ ਇਹ ਸਭ ਜਿ਼ੰਦਗੀ ਦੇ ਹੁਲਾਰੇ ਹਨ। ਜਾਇਦਾਦਾਂ ਦੇ ਝਗੜੇ, ਵੰਡ-ਵੰਡਾਈ, ਭੈਣਾਂ-ਭਰਾਵਾਂ, ਪਿਉ-ਪੁੱਤਰਾਂ ਵਿਚ ਤਕਰਾਰ ਆਦਿ ਪ੍ਰੀਵਾਰਾਂ ਅੰਦਰ ਦੁਖਦਾਈ ਮੌਕੇ ਵੀ ਪੈਦਾ ਕਰਦੇ ਹਨ। ਪਰ, ਮੋਹ ਭਰੇ ਰਿਸ਼ਤਿਆਂ ਵਿਚਲੀਆਂ ਤੰਦਾਂ ਆਖਰ ਇਨ੍ਹਾਂ ਨੂੰ ਸੁਲਝਾਅ ਸਕਦੀਆਂ ਹਨ ਅਤੇ ਸੰਵਾਰ ਲੈਂਦੀਆਂ ਹਨ। ਵੱਡਿਆਂ ਦਾ ਆਪਣੀ ਉਮਰ ਨੂੰ ਭੋਗ ਕੇ ਇਸ ਸੰਸਾਰ ਤੋਂ ਤੁਰ ਜਾਣਾ ਤੇ ਨਵੇਂ ਜੀਆਂ ਦੀ ਆਮਦ ਇਸ ਸੰਸਾਰ ਨੂੰ ਤੋਰੀ ਰਖਦੇ ਹਨ। ਅਸੀਂ ਕਿਸੇ ਆਪਣੇ ਦੇ ਤੁਰ ਜਾਣ ’ਤੇ ਬਹੁਤ ਹੀ ਉਦਾਸ ਹੋ ਜਾਂਦੇ ਹਾਂ। ਅੱਜ ਦੇ ਸਮੇਂ ਤਾਂ ਬਹੁਤੇ ਲੋਕ ਆਪਣੇ ਪ੍ਰੀਵਾਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਪਰ ਲੋੜ ਨੀਲੇ ਅਸਮਾਨ ਤੱਕ ਖਿਲਰ ਜਾਣ ਦੀ ਹੈ, ਜਿ਼ੰਦਗੀ ਦੇ ਸੱਤ ਰੰਗ ਫੜਨ ਦੀ। ਇਹ ਹੋਵੇ ਕਿਵੇਂ? ਬਹੁਤੇ ਲੋਕਾਂ ਦੇ ਇਹੋ ਨੁਕਤਾ ਹੱਥ ਨਹੀਂ ਆ ਰਿਹਾ। ਇੱਥੋਂ ਹੀ ਕਾਫੀ ਸਾਰੇ ਲੋਕ ਭਟਕਣ ਦੇ ਰਾਹੇ ਪੈ ਜਾਂਦੇ ਹਨ, ਤੇ ਉਹ ਭਟਕਦੇ ਹੋਏ ਹੀ ਜਿ਼ੰਦਗੀ ਗੁਜ਼ਾਰ ਦਿੰਦੇ ਹਨ।

ਸਮਾਜ ਦੀ ਅਗਵਾਈ ਕਰਨ ਵਾਲਿਆਂ ਨੇ ਇਸਨੂੰ ਬੀਮਾਰ ਕਰ ਦਿੱਤਾ ਹੈ। ਉਨ੍ਹਾਂ ਨੂੰ ਖੁਦ ਆਪਣੇ ਆਪ ’ਤੇ ਇਤਬਾਰ ਨਹੀਂ। ਭਲਾਂ ਕੋਈ ਡੋਲਿਆ ਹੋਇਆ ਕਿਸੇ ਦੂਸਰੇ ਨੂੰ ਕੀ ਢਾਰਸ, ਹੌਸਲਾ ਤੇ ਅਗਵਾਈ ਦੇ ਸਕਦਾ ਹੈ? ਛੋਟੇ ਵੱਡੇ ਨਗਰਾਂ/ਸ਼ਹਿਰਾਂ ਦੀਆਂ ਸੜਕਾਂ ਦੇ ਕੰਢੇ ਤਪੜੀ ਵਿਛਾ ਕੇ ਬੈਠੇ ਦੂਜਿਆਂ ਦਾ ‘ਭਵਿੱਖ’ ਵੇਚਣ (ਵੇਖਣ ਨਹੀਂ) ਵਾਲੇ ਆਪਣੀ ਭੁੱਖ ਦੂਰ ਕਰਨ ਵਾਸਤੇ ਹੋਰ ਲੋਕਾਂ ਨੂੰ ਨਿੱਤ ਮੂਰਖ ਬਣਾਉਂਦੇ ਦੇਖੇ ਜਾ ਸਕਦੇ ਹਨ। ਆਪਣੇ ਹੀ ਪੇਟ ਨੂੰ ਝੁਲਕਾ ਦੇਣ ਖਾਤਰ ਉਹ ਹੋਰਨਾ ਨੂੰ ‘ਲਿਸ਼ਕਦੇ ਭਵਿੱਖ’ ਦਾ ਲਾਰਾ ਵੇਚਦੇ ਹਨ। ਜੇ ਕਿਸੇ ਦਾ ਭਵਿੱਖ ਚੰਗਾ ਨਾ ਵੀ ਹੋਵੇ ( ਉਹ ਕਿਹੜਾ ਜਾਣਦੇ ਹੁੰਦੇ ਹਨ) ਤਾਂ ਉਹ ਉਸ ’ਤੇ ਭਾਰੂ ਹੋਏ ਗ੍ਰਹਿਆਂ ਨੂੰ ਟਾਲ਼ ਕੇ ਅਗਲੇ ਦੇ ਭਵਿੱਖ ਨੂੰ ਝੂਠ ਦੀ ਕਲੀ ਕਰਨ ਦਾ ਕਾਰਜ ਨਿਭਾਉਂਦੇ ਹਨ। ਲੋਭ ਦਾ ਮਾਰਿਆ ਤੇ ਡਰਿਆ ਇਨਸਾਨ ਭਵਿੱਖ ਨੂੰ ‘ਕਲੀ’ ਕਰਨ ਵਾਲੇ ਦੀ ਫੀਸ ਤਾਰ ਦਿੰਦਾ ਹੈ ਅਤੇ ਝੂਠ ਦੀ ਗੱਠ ਸਿਰ ਉੱਤੇ ਲੱਦ ਕੇ ਤੁਰਦਾ ਬਣਦਾ ਹੈ। ਇਸ ਨਾਲ ‘ਤਪੜੀ ਬਾਦਸ਼ਾਹ’ ਦਾ ਤੋਰੀ-ਫੁਲਕਾ ਰਿੜਦਾ ਰਹਿੰਦਾ ਹੈ। ਭਾਵੇਂ ਕਿ ਉਹ ਆਪਣੇ ਆਪ ਨੂੰ ਜੋਤਸ਼ੀ ਕਹਿੰਦੇ ਹਨ ਪਰ ਕਿਸੇ ਵਿਰਲੇ-ਟਾਵੇਂ ਤੋਂ ਬਿਨਾਂ ਜੋਤਸ਼ ਵਿਦਿਆ ਦੇ ਮਾਹਿਰ ਕੀਰੂ ਦਾ ਨਾਂ ਵੀ ਬਹੁਤਿਆਂ ਨੂੰ ਪਤਾ ਨਹੀਂ ਹੁੰਦਾ। ਤਰਕਹੀਣ ਮਨੁੱਖਾਂ ਦੀ ਇਹ ਹੀ ਹੋਣੀ ਹੁੰਦੀ ਹੈ।

‘ਰਾਜ ਮਹਿਲਾਂ’ ਵਿਚ ਵੱਡੇ ਲੋਕ ਵਸਦੇ ਹਨ। ਉਨ੍ਹਾਂ ਨੂੰ ਜੋਤਸ਼ੀ ਨਹੀਂ ਤਾਂਤਰਿਕ ਲੋੜੀਂਦੇ ਹਨ, ਤਾਂਤਰਿਕ ਜੋ ਝੂਠ, ਫਰੇਬ, ਠੱਗੀ ਅਤੇ ਬੇਈਮਾਨੀ ਦਾ ਸਿਰਾ ਹੁੰਦੇ ਹਨ। ਇਹ ਵੱਡੇ ਨੇਤਾ ਲੋਕ ਉਨ੍ਹਾਂ ਤਾਂਤਰਿਕਾਂ ਦੀਆਂ ਪੁਤਲੀਆਂ ਹੋ ਕੇ ਜੀਊਣ ਲਗਦੇ ਹਨ। ਇਨ੍ਹਾਂ ਦੇ ਲਾਏ ਟੇਵਿਆਂ ਵਿਚੋਂ ਲੰਘ ਕੇ ਖੁਸ਼ੀਆਂ ਪ੍ਰਾਪਤ ਕਰ ਲੈਣ ਦਾ ਭਰਮ ਪਾਲਦੇ ਹਨ। ਭਲਾਂ ਕੀ ਘੜ ਦੇਣਗੇ ਅਜਿਹੇ ਰਾਜਸੀ ਨੇਤਾ ਕਿਸੇ ਮੁਲਕ ਦੀ ਤਕਦੀਰ/ਭਵਿੱਖ ਜਿਹੜੇ ਖੁਦ ਕਿਸੇ ਉਜੱਡ ਦੀ ਖੁਰਲੀ ’ਤੇ ਬੱਝੇ ਪਸ਼ੂਆਂ ਸਮਾਨ ਹੋ ਕੇ ਵਿਚਰਦੇ ਹਨ। ਆਪਣਾ ਰੱਸਾ ਆਪਣੇ ਹੱਥੀਂ ਕਿਸੇ ਹੋਰ ਦੇ ਹੱਥ ਫੜਾ ਦਿੰਦੇ ਹਨ। ਆਪਣੇ ‘ਗ੍ਰਹਿ’(ਪੁੱਠੀਆਂ ਕਰਤੂਤਾਂ ਨਾਲ ਸਕੈਂਡਲਾਂ ਵਿਚ ਫਸ ਜਾਣ ਕਰਕੇ) ਟਾਲਣ ਵਾਸਤੇ ਥਾਲ਼ਾਂ-ਥਾਲ਼ੀਆਂ ਵਿਚ ਸੰਧੂਰ, ਲਲੇਰ ਤੇ ਹੋਰ ‘ਸਮੱਗਰੀ’ (ਖੇਹ ਸੁਆਹ) ਪਾਈ ਫਿਰਦੇ ਹਨ। ਇਕੀਵੀਂ ਸਦੀ ਵਿਚ ਇਹ ਲਲੇਰ ਮਾਰਕਾ ਲੀਡਰ ਮੂਰਖਤਾ ਤੇ ਉਜੱਡਤਾ ਦਾ ਸਿਰਾ ਵਿਖਾਈ ਦਿੰਦੇ ਹਨ। ਪਰ ਲੋਹੜਾ ਇਸ ਗੱਲ ਦਾ ਕਿ ਹੋਰ ਲੋਕਾਂ ਨੂੰ ਚੰਗੇ ਬਣਨ ਦਾ ਸਬਕ/ਪ੍ਰੇਰਨਾ ਦੇਣ ਦਾ ਢਕੌਂਜ/ਡਰਾਮੇ ਵੀ ਇਨ੍ਹਾਂ ਵਿਚੋਂ ਹੀ ਬਹੁਤੇ ਰਚਦੇ ਹਨ। ਆਪਣੇ-ਆਪ ਨੂੰ ਦੂਜਿਆਂ ਦੇ ਆਦਰਸ਼ ਵਜੋਂ ਪੇਸ਼ ਕਰਦੇ ਹਨ।

ਅੱਜ ਦੇ ਪ੍ਰਚਾਰ ਸਾਧਨ ਆਪਣੇ ਵਲੋਂ ਵਪਾਰਕ ਪੱਧਰ ’ਤੇ ਸਫਲ ਹੋਣ ਵਾਸਤੇ ਝੂਠ ਦੀ ਧੁੰਦ ਖਿਲਾਰਨ ਦੇ ਜ਼ੁੰਮੇਵਾਰ ਬਣਦੇ ਹਨ। ਇੱਥੋਂ ਤੱਕ ਕਿ ਬਹੁਤ ਸਾਰੀਆਂ ਅਖਬਾਰਾਂ ਹੀ ਨਹੀਂ ਸਗੋਂ ਟੈਲੀਵੀਜ਼ਨ ਵਰਗਾ ਵਿਸ਼ਾਲ ਤੇ ਜੋਰਦਾਰ ਪ੍ਰਚਾਰ ਸਾਧਨ ਵੀ ‘ਰਾਸ਼ੀਫਲ’ ਦਾ ਝੂਠ ਹਰ ਰੋਜ਼ ਪੇਸ਼ ਕਰਦਾ ਹੈ। ਇਹ ਲੋਕਾਂ ਨੂੰ ਡਰਾਉਣ/ਧਮਕਾਉਣ ਅਤੇ ਭੰਬਲਭੂਸੇ ਪਾਉਣ ਦਾ ਬਹੁਤ ਹੀ ਘਟੀਆਂ ਪਰ ਕਾਮਯਾਬ ਤਰੀਕਾ ਹੈ। ਇਸ ਨਾਲ ਲੋਕ ਸਿਰਫ ਬੀਮਾਰ ਸੋਚ ਦੇ ਵੱਸ ਹੀ ਪੈ ਸਕਦੇ ਹਨ। ਲੁੱਟ ਅਧਾਰਤ ਸਮਾਜੀ, ਆਰਥਿਕ, ਤੇ ਰਾਜਨੀਤਕ ਪ੍ਰਬੰਧ (ਸਿਸਟਮ) ਨੂੰ ਇਹ ਰਾਹ ਬਹੁਤ ਸੂਤ ਬੈਠਦਾ ਹੈ। ਇਹ ਰਾਹ ਘਟੀਆ ਹੀ ਨਹੀਂ ਖਤਰਨਾਕ ਵੀ ਹੈ, ਇਸਨੂੰ ਬੰਦ ਕਰਨ ਦੇ ਉਪਰਾਲੇ ਹੋਣੇ ਚਾਹੀਦੇ ਹਨ। ਮੀਡੀਏ ਅੰਦਰਲੇ ਨਰੋਏ ਅੰਸ਼ਾਂ ਨੂੰ ਇਸ ਬਾਰੇ ਸੁਚੇਤ ਹੋ ਕੇ ਸੋਚਣ ਦੀ ਲੋੜ ਹੈ ਅਤੇ ਕੁੱਝ ਉਸਾਰੂ ਕਰਨ ਦੀ ਵੀ। ਲੋੜ ਹਨੇਰਾ ਖਿਲਾਰਦੀਆਂ ਲਕੀਰਾਂ ਮਗਰ ਤੁਰਨ ਦੀ ਨਹੀਂ ਸਗੋਂ ਇਨ੍ਹਾਂ ਨੂੰ ਨਕਾਰਦਿਆਂ ਨਵੀਆਂ ਉਸਾਰੂ ਤੇ ਸਿਹਤਮੰਦ, ਨਵੀਂ ਭਾਵਨਾ, ਨਵੀਂ ਸੋਚ, ਸੂਝ ਅਤੇ ਨਵੀਂ ਸਿਰਜਣਾਂ ਦੀਆਂ ਨਰੋਈਆਂ ਲਕੀਰਾਂ ਵਾਹੁਣ ਦੀ ਹੈ। ਸਿਰਜਕ ਹੋਣ ਵਾਸਤੇ ਚਾਨਣੇ ਮੱਥੇ/ਮਨ ਅਤੇ ਸੰਤੁਲਤ ਸੋਚ ਦੀ ਲੋੜ ਪੈਂਦੀ ਹੈ। ਹਰ ਉਸ ਸੰਕਲਪ ਨੂੰ ਪਰਾਂਹ ਵਗਾਹ ਮਾਰਨ ਅਤੇ ਤਿਲਾਂਜਲੀ ਦੇਣ ਦੀ ਲੋੜ ਪੈਂਦੀ ਹੈ ਜੋ ਇਹ ਆਖੇ, “ਇਹ ਤਾਂ ਜੀ ਇਵੇਂ ਹੀ ਲਿਖਿਆ ਹੋਇਆਂ ਸੀ, ਇਵੇਂ ਹੀ ਹੋਣਾ ਸੀ” ਇਹ ਆਪਣੇ ਆਪ ਨਾਲ ਧੋਖਾ ਹੈ, ਫਰੇਬ ਹੈ, ਲੋੜ ਇਸ ਧੋਖੇ ਤੇ ਫਰੇਬ ਨੂੰ ਛੱਡਣ ਦੀ ਤੇ ਸੱਚ ਫੜਨ ਦੀ ਹੈ। ਅੱਖਾਂ ਦੇ ਹੁੰਦਿਆਂ ਕਿਸੇ ਦੇ ਆਖੇ ਲੱਗ ਕੇ ਆਪਣੇ ਆਪ ਨੂੰ ਅੰਨ੍ਹਾਂ ਅਖਵਾਉਣ ਦਾ ਭਲਾਂ ਕੀ ਮਤਲਬ?

ਕਿਸਮਤਵਾਦ ਹਨੇਰੇ ਮਨਾਂ ਦਾ ਝੂਠਾ ਤੇ ਧੋਖੇ ਭਰਿਆ ਢਾਰਸ ਹੈ। ਇਹ ਇਨਸਾਨ ਦੀ ਸੋਚ ਨੂੰ ਨਿੱਸਲ ਕਰਨ ਦਾ ਕਾਰਜ ਨਿਭਾਉਂਦਾ ਹੈ। ਹਨੇਰੇ ਮਨ ਚਾਨਣਾਂ ਦੇ ਸਿਰਜਕ ਨਹੀਂ ਹੋ ਸਕਦੇ। ਫੇਰ ਹਨੇਰੇ ਦੀਆਂ ਲਕੀਰਾਂ ਕਿਉਂ ਫੜੀਆਂ ਜਾਣ? ਸਿਰਜਕ ਬਣਨ ਵਾਸਤੇ ਹੌਸਲੇ ਤੇ ਤਰਕ ਭਰੇ ਚਾਨਣ ਦੀ ਮਿਸ਼ਾਲ ਬਾਲਣੀ ਪੈਂਦੀ ਹੈ। ਹੌਸਲਾ ਕੋਲ ਹੋਵੇ ਤਾਂ ‘ਉੱਦਮ ਅੱਗੇ ਲੱਛਮੀਂ ਪੱਖੇ ਅੱਗੇ ਪੌਣ’ ਕਹਾਵਤ ਨਾ ਰਹਿ ਕੇ ਸੱਚ ਬਣ ਜਾਂਦੀ ਹੈ। ਸੱਚ ਦੇ ਕਦਮ ਕਦੀਂ ਵੀ ਨਹੀਂ ਡੋਲਦੇ।
***

ਰੂਹਾਂ ਦੇ ਰੰਗ

ਮਨ ਦੇ ਪਰਦੇ ਉੱਤੇ ਹਰ ਵੇਲੇ ਦੀ ਹਰਕਤ ਆਪਣਾ ਅਕਸ ਉੱਕਰਦੀ ਰਹਿੰਦੀ ਹੈ। ਕਦੇ ਇਸਦਾ ਚਾਨਣਾ ਪੱਖ ਸਾਹਮਣੇ ਆਉਂਦਾ ਹੈ ਕਦੇ ਹਨੇਰਾ ਪਾਸਾ। ਇਨ੍ਹਾਂ ਦਾ ਪਰਤੌਅ ਹੀ ਸਾਡੇ ਖਿਆਲਾਂ, ਸੋਚਾਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਨਿਤਾਪ੍ਰਤੀ ਦੇ ਕਾਰਜਾਂ ਅੰਦਰ ਲੁਪਤ ਹੋ ਕੇ ਦੂਸਰਿਆਂ ਤੱਕ ਪਹੁੰਚਣ ਦਾ ਸਾਧਨ/ਸਬੱਬ ਹੋ ਨਿੱਬੜਦਾ ਹੈ। ਜਿਸ ਦੇ ਆਸਰੇ ਅਗਲੇ ਰਸਤਿਆਂ ਦੀ ਨਿਸ਼ਾਨਦੇਹੀ ਸੌਖੀ ਹੋ ਜਾਂਦੀ ਹੈ। ਬਹੁਤ ਸਾਰੇ ਲੋਕ ਰੂਹਾਂ ਦੇ ਦੁਖੀ ਹੋਣ ਦਾ ਆਪੇ ਸਿਰਜਿਆ ਗੈਰਯਥਾਰਥਕ ਸੰਤਾਪ ਹੰਢਾਉਂਦੇ ਹਨ। ਜਦੋਂ ਅਣਮੇਚਵੀਆਂ ਅਤੇ ਪਹੁੰਚ ਤੋਂ ਬਾਹਰੀਆਂ ਬੇਲੋੜੀਆਂ ਖਾਹਿਸ਼ਾਂ ਦਾ ਗੈਰ ਜ਼ਰੂਰੀ ਪਸਾਰ ਕਰਨ ਵਲ ਵਧਿਆ ਜਾਂਦਾ ਹੈ ਤਾਂ ਇਹ ਕਿਸੇ ਰੋਗ ਤੋਂ ਘੱਟ ਨਹੀਂ ਰਹਿ ਜਾਂਦਾ ਜਿਹੜਾ ਅੱਗੇ ਤੋਂ ਅੱਗੇ ਵਧਦਾ ਹੀ ਜਾਂਦਾ ਹੈ ਅਤੇ ਸਮਾਜ ਅੰਦਰ ਬੀਮਾਰ ਸੋਚ ਨੂੰ ਜਨਮ ਦੇਣ ਦਾ ਕਾਰਨ ਬਣ ਜਾਂਦਾ ਹੈ। ਜਿਸ ਦੇ ਸਿੱਟੇ ਵਜੋਂ ਸਮਾਜ ਦਾ ਨੀਵਾਣਾਂ ਵੱਲ ਬਹਿ ਤੁਰਨਾ, ਗੈਰ ਮਨੁੱਖੀ ਵਰਤਾਰਿਆਂ ਦਾ ਪਨਪਣਾਂ ਅਤੇ ਗਰੀਬ-ਗੁਰਬੇ ਵਾਸਤੇ ਦਰਦੋਂ ਸੱਖਣੀ ਤੋਰ ਨੂੰ ਅਪਣਾਏ ਜਾਣਾ, ਆਪ ਤੋਂ ਮਾੜੇ ਨੂੰ ਦਬਾਏ ਜਾਣ ਦੇ ਯਤਨ ਕਰਨੇ ਜਾਂ ਵਿੰਗੇ-ਟੇਢੇ ਢੰਗ ਤਰੀਕਿਆਂ (ਕਾਰਜਾਂ) ਰਾਹੀਂ ਅਸਲੋਂ ਅਣ-ਵਿਹਾਰਕ ਸਾਧਨਾਂ ਦੀ ਭਾਲ਼ ਕਰਨ ਤੁਰਨਾ। ਜਿਨ੍ਹਾਂ ਦੇ ਆਸਰੇ ਸਭ ਕੁੱਝ ਕੋਲ ਹੋਣ ਦੇ ਬਾਵਜੂਦ ਰੂਹ ਦੀ ਨਾ ਮਿਟਣ ਵਾਲੀ ਭੁੱਖ ਜਾਂ ਮਾਨਸਿਕ ਕੰਗਾਲੀ ਨੂੰ ਢਕਣ ਦੇ ਅਸਫਲ ਜਤਨ ਕਰਨੇ, ਅਜਿਹੀ ਦਸ਼ਾ ਸਿਰਜਦੇ ਹਨ ਜੀਹਦੇ ਉੱਤੇ ਤਰਸ ਤੋਂ ਬਿਨਾਂ ਹੋਰ ਕੁੱਝ ਨਹੀਂ ਕੀਤਾ ਜਾ ਸਕਦਾ। ਜੇ ਗੁੱਸਾ ਵੀ ਆਵੇ ਤਾਂ ਉਹ ਵੀ ਤਰਸ ਭਰਿਆ ਹੀ ਹੁੰਦਾ ਹੈ। ਤਰਸ ਭਰੀਆਂ ਨਜ਼ਰਾਂ ਦੇ ਸਾਹਮਣੇ ਜੀਊਣ ਵਾਲਾ ਕੋਈ ਵੀ ਆਪਣੇ ਆਪ ਨੂੰ ਅਣਖੀ ਇਨਸਾਨ ਕਹਾਉਣ ਦੇ ਲਾਇਕ ਨਹੀਂ ਰਹਿ ਜਾਂਦਾ। ਇੱਥੋਂ ਹੀ ਉਹ ਪੋਰੀ ਪੋਰੀ ਹੋ ਕੇ ਟੁੱਟਣ ਲਗਦਾ ਹੈ। ਇਹੋ ਹੀ ਇਖਲਾਕੀ ਨੀਵਾਣਾਂ ਵਲ ਜਾਂਦਾ ਰਾਹ ਹੈ।

ਕਿਸੇ ਪਾਸੇ ਵੀ ਨਜ਼ਰ ਮਾਰੀ ਜਾਵੇ ਤਾਂ ਬਹੁਤ ਕੁੱਝ ਨਿਖੇਧ ਆਤਮਕ ਦੇਖਣ ਨੂੰ ਮਿਲਦਾ ਹੈ। ਇੱਥੋਂ ਤੱਕ ਕਿ ਰੂਹ ਦੇ ਕਾਰੀਗਰ ਕਹਾਉਣ ਵਾਲੇ ਬਹੁਤ ਸਾਰੇ ਲੇਖਕ/ਬੁੱਧੀਜੀਵੀ ਸੱਜਣ ਵੀ ਐਹੋ ਜਹੇ ਲੋਭ-ਲਾਲਚ ਦੇ ਹਮਾਮ ਵਿਚ ਲਿੱਬੜੇ ਨਜ਼ਰ ਆਉਂਦੇ ਹਨ। ਸਿਫਾਰਸ਼ਾਂ, ਰਿਸ਼ਵਤਾਂ ਜਾਂ ਮਿੰਨਤਾਂ ਤਰਲਿਆਂ ਦੇ ਆਸਰੇ ਇਨਾਮਾਂ ਦੀ ਪ੍ਰਾਪਤੀ ਕਰਦੇ ਹਨ। ਕਿਸੇ ਤੋਂ ਕਹਿ-ਕੁਹਾ ਕੇ ਜਾਂ ਕਈ ਵਾਰ ਤਾਂ ਪੱਲਿਉਂ ਪੈਸੇ ਦੇ ਕੇ ਆਪਣੇ ਹੀ ਸਨਮਾਨ ਕਰਾਉਂਦੇ ਹਨ। ਫੇਰ ਇਸ ਨੂੰ ਰੂਹ ਦਾ ਨੰਗਪੁਣਾਂ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵੇ? ਸਿਆਣੇ ਕਹੇ ਜਾਂਦੇ ਲੋਕਾਂ ਵਲੋਂ ਇਹੋ ਜਹੇ ਕਮੀਨਗੀ ਭਰੇ ਤਮਾਸਿ਼ਆਂ ਦੇ ਆਸਰੇ ਸਮਾਜ ਅੰਦਰਲੀਆਂ ਮਨੁੱਖਵਾਦੀ ਅਤੇ ਨਰੋਈਆਂ ਕਦਰਾਂ ਕੀਮਤਾਂ ਨੂੰ ਢਾਅ ਲੱਗਣ ਲੱਗ ਪੈਂਦੀ ਹੈ। ਅਜਿਹੇ ਵਿਅਕਤੀ ਜੋ ਬੀਬੇ ਲਿਬਾਸ ਹੇਠ ਗੰਦੀ ਜ਼ਹਿਨੀਅਤ ਪਾਲਦੇ ਹਨ ਉਨ੍ਹਾਂ ਦੇ ਅਮਲਾਂ ਨੂੰ ਦੇਖ ਕੇ ਆਮ ਲੋਕਾਂ ਦੀ ਵੀ ਉਨ੍ਹਾਂ ਵੱਲ ਉਂਗਲ ਉੱਠਣ ਲੱਗ ਪੈਂਦੀ ਹੈ। ਉਨ੍ਹਾਂ ਵਿਚੋਂ ਬਹੁਤੇ ਬੇਸ਼ਰਮੀ ਦੇ ਮਾਰੇ ਕੁੱਝ ਚੰਗਾ ਕਰਨ ਵੱਲ ਵਧਣ ਦੀ ਥਾਵੇਂ ਲੂਣ ਦੀ ਖਾਣ ਵਿਚ ਲੂਣ ਹੋ ਜਾਣ ਦਾ ਕਾਰਜ ਨਿਭਾਉਣ ਲੱਗ ਪੈਂਦੇ ਹਨ।

ਵੱਡੇ ਅਹੁਦਿਆਂ ਅਤੇ ਰੁਤਬਿਆਂ ਵਾਲੇ ਧੱਕੇ, ਲੁੱਟ-ਖੋਹ, ਬੇਈਮਾਨੀ ਅਤੇ ਰਿਸ਼ਵਤਖੋਰੀ ਵਰਗੇ “ਨੇਕ” ਕੰਮਾਂ ਦੇ ਆਸਰੇ ਮੱਲੋਜ਼ੋਰੀ ਸਮਾਜ ਅੰਦਰ ਆਪਣੀ ਸਾਖ ਕਾਇਮ ਕਰਨ ਦੇ ਅਸਫਲ ਜਤਨ ਕਰ ਲੱਗ ਪੈਂਦੇ ਹਨ। ਆਪਣੇ ਨਾਂ ਨੂੰ ਖਾਹਮਖਾਹ ਵੱਡਾ ਕਰਨ ਦਾ ਉਪਰਾਲਾ ਕਰਦੇ ਹਨ, ਜਦੋਂ ਕਿ ਲੋਕ ਤਾਂ ਉਨ੍ਹਾਂ ਦੀ ਅਸਲੀਅਤ ਤੋਂ ਜਾਣੂ ਹੁੰਦੇ ਹੀ ਹਨ ਕਿ ਇਸ ਇਕੱਠੀ ਕੀਤੀ ਜਾ ਰਹੀ ਮਾਇਆ ਅਤੇ ਉੱਸਰਦੀਆਂ ਆਲੀਸ਼ਾਨ ਕੋਠੀਆਂ ਕਿਵੇਂ ਤੇ ਕਿਹੜੇ “ਦਾਤੇ” ਦੀ ਮੱਦਦ ਨਾਲ ਬਣ ਰਹੀਆਂ ਹਨ। ਲੋਕ ਕਿਧਰੇ ਅੰਨ੍ਹੇ ਤਾਂ ਨਹੀਂ ਹੁੰਦੇ ਜੇ ਨਾ ਬੋਲਣ ਤਾਂ ਹੋਰ ਗੱਲ ਹੈ। ਪਰ ਕੁਕਰਮਾਂ ਦੇ ਆਸਰੇ ‘ਵੱਡੇ’ ਬਣ ਗਏ ਇਹ ਮਾਡਰਨ ਸੱਜਣ ਠੱਗ ਲੋਕਾਂ ਸਾਹਮਣੇ ਆਪਣੇ ਆਪ ਨੂੰ ਇਸ ਤੋਂ ਅਨਜਾਣ ਹੋਣ ਵਾਲੇ ਪਖੰਡ ਕਰਦੇ ਹਨ ਅਤੇ ਲੋਕਾਂ ਨੂੰ ਕੁੱਝ ਵੀ ਪਤਾ ਨਾ ਹੋਣ ਦਾ ਆਪੇ ਸਿਰਜਿਆ ਭਰਮ ਪਾਲਦੇ ਹਨ। ਜੇ ਸੋਚਿਆ ਜਾਵੇ ਕਿ ਜਿਸ ਕਿਸੇ ਕੋਲ ਜੀਊਣ ਵਾਸਤੇ ਸਭ ਕੁੱਝ ਲੋੜ ਤੋਂ ਵੀ ਵੱਧ ਹੋਵੇ ਉਹਨੂੰ ਭਲਾਂ ਕਿਸੇ ਦੇ ਹੱਕ ਉੱਤੇ ਡਾਕਾ ਮਾਰਨ ਦੀ ਕੀ ਲੋੜ? ਪਰ ਅਜਿਹਾ ਨਿੱਤ ਵਾਪਰਦਾ ਹੈ ਕਿ ਕੋਲ ਸਭ ਕੁੱਝ ਹੁੰਦਿਆਂ-ਸੁੰਦਿਆਂ, ਫੇਰ ਵੀ ਹੋਰ ਧੰਨ ਇਕੱਠਾ ਕਰ ਲੈਣ ਦੀ ਕੋਝ੍ਹੀ ਹਵਸ ਉਨ੍ਹਾਂ ਦੀ ਰੂਹ ਨੂੰ ਨਿੱਤ ਦਿਨ ਕਤਲ ਕਰਦੀ ਹੈ। ਇਸ ਬੇਸ਼ਰਮੀ ਦੇ ਆਸਰੇ ਪਤਾ ਨਹੀਂ ਹਰ ਰੋਜ਼ ਉਹ ਆਪਣੇ ਹੀ ਸਾਹਮਣੇ ਕਿੰਨੀ ਵਾਰ ਮਰਦੇ ਤੇ ਜੀਊਂਦੇ ਹਨ। ਫੇਰ ਵੀ ਧਰਤੀ ਉੱਤੇ ਬੋਝ ਬਣੇ ਆਪਣੀ ਹੀ ਲਾਸ਼ ਚੁੱਕੀ ਤੁਰੇ ਫਿਰਦੇ ਹਨ। ਇਹ ਹੀ ਤਾਂ ‘ਰੱਜਿਆਂ’ ਦੀ ਭੁੱਖੀ ਰੂਹ ਦੇ ਨੰਗ ਦੀ ਤ੍ਰਾਸਦੀ ਹੈ। ਸਵਾਲ ਫੇਰ ਖੜ੍ਹੇ ਹੁੰਦੇ ਹਨ ਕਿ ਅਜਿਹੇ ਲੋਕ ਜੋ ਲੋੜੋਂ ਬਹੁਤ ਜਿ਼ਆਦਾ ਸਾਧਨ ਵਰਤਣ ਵਿਚ ਕਾਮਯਾਬ ਹੋ ਜਾਂਦੇ ਹਨ, ਕੀ ਉਹ ਦਸਾਂ ਨੌਂਹਾਂ ਦੀ ਕਿਰਤ ਤੋਂ ਬਿਨਾਂ ਇਕੱਠੀ ਕੀਤੀ ਮਾਇਆ ਦੇ ਆਸਰੇ ਖੁਸ਼ ਵੀ ਰਹਿ ਸਕਦੇ ਹਨ? ਕੀ ਇਸਦੇ ਆਸਰੇ ਸੱਚਮੁੱਚ ਹੀ ਉਹ ਦੁਨਿਆਵੀ ਝੰਜਟਾਂ ਤੋਂ ਛੁਟਕਾਰਾ ਪਾ ਲੈਂਦੇ ਹਨ? ਉਨ੍ਹਾਂ ਵਲੋਂ ਕਾਲੇ ਕੰਮਾਂ/ਕਾਲੇ ਹੱਥਾਂ ਨਾਲ ਇਕੱਠਾ ਕੀਤਾ ਪਦਾਰਥਾਂ ਦਾ ਢੇਰ ਕੀ ਉਨ੍ਹਾਂ ਦੇ ਬੁੱਲ੍ਹਾਂ ਦਾ ਹਾਸਾ ਬਣਕੇ ਛਣਕ ਸਕਦਾ ਹੈ? ਕੀ ਉਦਾਸੀ ਉਨ੍ਹਾਂ ਦੇ ਜੀਵਨ ਵਿਚੋਂ ਕਿਨਾਰਾ ਕਰ ਜਾਂਦੀ ਹੈ? ਸ਼ਾਇਦ ਨਹੀਂ- ਜੇ ਅਜਿਹਾ ਹੁੰਦਾ ਤਾਂ ਹਾਸਾ ਸਿਰਫ ਉਨ੍ਹਾਂ ਦੀ ਹੀ ਮਲਕੀਅਤ ਹੋਣਾ ਸੀ। ਪਰ, ਅਜਿਹੇ ਲੋਕ ਜੋ ਜੁਗਾੜਾਂ ਦੇ ਵਸ ਪੈ ਚੁੱਕੇ ਹੁੰਦੇ ਹਨ (ਕਿਸੇ ਵਿਰਲੇ-ਟਾਂਵੇਂ ਨੂੰ ਛੱਡਕੇ) ਉਨ੍ਹਾਂ ਦਾ ਹਾਸਾ/ਅਮਨ ਚੈਨ ਗੁਆਚਿਆ ਹੀ ਦੇਖੀਦਾ/ਸੁਣੀਂਦਾ ਹੈ। ਜੀਵਨ ਲੋੜਾਂ ਦੀ ਪੂਰਤੀ ਹਰ ਕਿਸੇ ਦੇ ਜੀਊਣ ਵਾਸਤੇ ਅਤਿ ਜਰੂਰੀ ਹੈ। ਫੇਰ ਭਲਾਂ ਸਿਰਫ ਪਦਾਰਥਾਂ ਦੇ ਢੇਰ ਵੱਡੇ ਕਰਨ ਮਗਰ ਦੌੜ ਕੇ ਜੀਵਨ ਨੂੰ ਵਿਅਰਥ ਕਰਨ ਵਰਗਾ ਕਰਮ ਕਰਨ ਦਾ ਕੀ ਫਾਇਦਾ? ਇਸ ਰੋਗ ਤੋਂ ਤਾਂ ਅੱਜ ਆਪਣੇ ਆਪ ਨੂੰ ‘ਸਾਧੂ-ਸੰਤ’ ਕਹਾਉਣ ਵਾਲੇ ਵੀ ਨਹੀਂ ਬਚੇ ਹੋਏ ਸਗੋਂ ਕਿਹਾ ਇਹ ਵੀ ਜਾ ਸਕਦਾ ਹੈ ਉਨ੍ਹਾਂ ਵਿੱਚਲੀ ਵੱਡੀ ਗਿਣਤੀ ਇਸ ‘ਰੋਗ’ ਤੋਂ ਆਮ ਮਨੁੱਖ ਦੇ ਮੁਕਾਬਲੇ ਵੱਧ ਪੀੜਤ ਹੈ। ਕੀ ਜੀਵਨ ਨੂੰ ਸਾਰਥਿਕ ਤੌਰ ਤੇ ਜੀਊਣ ਦਾ ਹੋਕਾ ਸਿਰਫ ਦੂਜਿਆਂ ਵਾਸਤੇ ਹੀ ਹੁੰਦਾ ਹੈ?

ਭਾਰਤ ਤੋਂ ਪਰਤੇ ਇਕ ਪੱਛਮੀ ਪੱਤਰਕਾਰ ਦਾ ਕਹਿਣਾ ਹੈ ਕਿ ਉਸਨੇ ਵੱਡੇ ਸ਼ਹਿਰਾਂ ਬੰਬਈ, ਕੋਲਕੱਤਾ ਆਦਿ ਦੀਆਂ ਗੰਦੀਆਂ ਬਸਤੀਆਂ ਵਿਚ ਵੀ ਲੋਕ ਹੱਸਦੇ ਵੇਖੇ ਤਾਂ ਉਸਨੂੰ ਬਹੁਤ ਹੈਰਾਨੀ ਹੋਈ ਕਿ ਜਿਨ੍ਹਾਂ ਲੋਕਾਂ ਨੂੰ ਨਾ ਰੱਜਵੀਂ ਰੋਟੀ, ਨਾ ਰਹਿਣ ਯੋਗ ਘਰ, ਨਾ ਪੀਣ ਨੂੰ ਸਾਫ ਪਾਣੀ ਅਤੇ ਨਾ ਹੀ ਜੀਵਨ ਦੀਆਂ ਹੋਰ ਬੁਨਿਅਦੀ ਸੁਖ-ਸਹੂਲਤਾਂ ਪ੍ਰਾਪਤ ਹਨ, ਲੱਗਭਗ ਨਰਕ ਵਰਗੀ ਬਦਰੰਗ ਜਹੀ ਜਿ਼ੰਦਗੀ ਜੀਊਂਦੇ ਹਨ ਪਰ ਉਹ ਫੇਰ ਵੀ ਹੱਸਦੇ ਹਨ, ਇਹ ਕਿਵੇਂ ਸੰਭਵ ਹੈ? ਭਾਰਤ ਵਿਚ ਫਿਰਦਿਆਂ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਉਸਦਾ ਪਿੱਛਾ ਕਰਦੇ ਰਹੇ। ਨਾਲ ਹੀ ਸਵਾਲੀਆ ਲਹਿਜ਼ੇ ਵਿਚ ਉਹ ਪੁੱਛਦਾ ਹੈ ਕਿ ਸਾਡੇ ਕੋਲ ਜਿ਼ੰਦਗੀ ਜੀਊਣ ਜੋਗੇ ਵਧੀਆ ਤੇ ਕਾਫੀ ਸਾਧਨ ਹੋਣ ਦੇ ਬਾਵਜੂਦ ਸਾਡੇ ਬੁਲ੍ਹਾਂ ਉੱਤੇ ਹਾਸਾ ਕਿਉਂ ਨਹੀਂ ਆਉਂਦਾ? ਅਸੀਂ ਸਦਾ ਨਕਲੀ ਹਾਸਾ ਹੀ ਕਿਉਂ ਹੱਸਦੇ ਹਾਂ? ਕਿਤੇ ਅਸੀਂ ਜਿ਼ੰਦਗੀ ਦੀ ਵਾਟ ਹੀ ਤਾਂ ਪੂਰੀ ਨਹੀਂ ਕਰ ਰਹੇ? ਇਹਨੂੰ ਤਾਂ ਭਰਪੂਰ ਜਿ਼ੰਦਗੀ ਜੀਊਣਾਂ ਨਹੀਂ ਕਿਹਾ ਜਾ ਸਕਦਾ। ਖੋਪੇ ਲੱਗੇ ਬਲਦਾਂ ਵਰਗੀ ਜਿ਼ੰਦਗੀ ਜੀਊਣ ਵਿਚੋਂ ਨਿਕਲਣ ਦਾ ਉਹਨੂੰ ਕੋਈ ਰਾਹ ਨਹੀਂ ਸੁੱਝਦਾ। ਇਨ੍ਹਾਂ ਮਸਲਿਆਂ ਬਾਰੇ ਉਹ ਸੋਚੀ ਜਾਂਦਾ ਹੈ ਪਰ ਕੋਈ ਜਵਾਬ ਉਹਨੂੰ ਨਹੀਂ ਅਹੁੜਦਾ। 

ਇਹ ਰੂਹਾਂ ਦੀ ਤਾਸੀਰ ਨੂੰ ਮਾਨਣ ਜਾਂ ਹੰਢਾਉਣ ਵਾਲਿਆਂ ਦੇ ਸੋਚਣ ਵਿਚਾਰਨ ਦਾ ਸਵਾਲ ਹੈ ਕਿ ਉਹ ਕਿਹੜੇ ਰੰਗ ਵਿਚ ਜੀਊਣਾ ਲੋਚਦੇ ਹਨ। ਕੀ ਉਨ੍ਹਾਂ ਨੇ ਸਮੇਂ ਦੀ ਕਾਲੀ ਚਾਦਰ ਉੱਤੇ ਚਾਨਣ ਦੇ ਸੁੱਚੇ ਹਰਫ਼ ਨਹੀਂ ਲਿਖਣੇ? ਜੋ ਪੈਂਡਾ ਤੇ ਨਵੇਂ ਰਾਹ ਹੋਣ ਅਗਲੀ ਪੀੜ੍ਹੀ ਵਾਸਤੇ। ਜਿਸ ਪੀੜ੍ਹੀ ਨੇ ਸਮੇਂ ਨੂੰ ਉਸਾਰੂ ਸੇਧ ਦੇ ਆਸਰੇ ਚਾਨਣ ਵੱਲ ਤੋਰਨਾ ਹੁੰਦਾ ਹੈ। ਕਲਮਾਂ ਵਾਲਿਆਂ ਵਾਸਤੇ ਤਾਂ ਇਹ ਕਾਰਜ ਜਿ਼ੰਦਗੀ ਦੇ ਅਰਥ ਲੱਭਣ ਵਿਚ ਸਹਾਈ ਹੋਣ ਦਾ ਅਧਾਰ ਬਣ ਜਾਂਦਾ ਹੈ ਕਿ ਉਹ ਰਸ ਹੀਣ ਜਿ਼ੰਦਗੀ ਜੀਊਣ ਵਾਲੇ ਲੋਕਾਂ ਨੂੰ ਜਿ਼ੰਦਗੀ ਦੇ ਅਸਲੀ ਅਰਥਾਂ ਤੋਂ ਜਾਣੂ ਕਰਵਾ ਸਕਣ, ਜਿਸ ਨਾਲ ਉਨ੍ਹਾਂ ਦੇ ਅੰਦਰ ਜਿ਼ੰਦਗੀ ਜੀਊਣ ਵਾਲੇ ਰੰਗਾਂ ਦੇ ਨਵੇਂ ਫੁੱਲ ਖਿੜਨ ਅਤੇ ਉਨ੍ਹਾਂ ਦੇ ਦਿਲ ਦਿਮਾਗ ਵਿਚ ਜਿ਼ੰਦਗੀ ਨੂੰ ਸੁਰਬੱਧ ਢੰਗ ਨਾਲ ਜੀਊਣ ਦਾ ਚਾਅ ਪੈਦਾ ਹੋ ਸਕੇ। ਫੇਰ ਉਨ੍ਹਾਂ ਦੇ ਬੁੱਲ੍ਹਾਂ ਉੱਤੇ ਐਸਾ ਹਾਸਾ ਨੱਚੇ ਜਿਸ ਦੇ ਆਸਰੇ ਉਹ ਰੂਹਾਂ ਦੇ ਰੰਗਾਂ ਦਾ ਅਨੰਦ ਮਾਨਣ ਦੇ ਯੋਗ ਹੋ ਜਾਣ ਇਸ ਤਰ੍ਹਾਂ ਲੋਕ ਆਪ ਹੀ ਜਿ਼ੰਦਗੀ ਦੇ ਅਰਥ ਪਾ ਲੈਣਗੇ। ਫੇਰ ਇਸ ਦੁਨੀਆਂ ਨੂੰ ਛੱਡਦਿਆਂ ਉਨ੍ਹਾਂ ਦੇ ਮੱਥੇ ’ਤੇ ਕੋਈ ਪਛਤਾਵੇ ਦੀ ਲੀਕ ਨਹੀਂ ਹੋਵੇਗੀ। ਸ਼ਾਇਦ ਇਸੇ ਨੂੰ ਹੀ ਸਾਰਥਕ ਜਿ਼ੰਦਗੀ ਆਖਿਆ ਜਾਂਦਾ ਹੈ।

****

ਨੁਕਤੇ ਦਾ ਪਸਾਰ

ਨਿੱਕੇ ਸੰਦਰਭਾਂ ਦਾ ਮਹੱਤਵ ਕਿੱਡਾ ਵੱਡਾ ਹੁੰਦਾ ਹੈ, ਇਹ ਦੇਖਕੇ ਹਰ ਕਿਸੇ ਨੂੰ ਹੈਰਾਨੀ ਹੁੰਦੀ ਹੈ। ਪਰ ਇੱਥੇ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਰੀ ਕਇਨਾਤ ਕਿਣਕਿਆਂ ਦੇ ਮਾਤਰ ਦਾ ਵਿਕਾਸ ਹੀ ਤਾਂ ਹੈ। ਇਹ ਵਿਕਾਸ ਲਗਾਤਾਰ ਅੱਗੇ ਵਧ ਤੇ ਫੈਲ ਰਿਹਾ ਹੈ। ਜ਼ਮਾਨੇ ਨੂੰ ਕਿੱਥੋਂ, ਕਿੱਥੇ ਪਹੁੰਚਿਆ ਦੇਖਕੇ ਮਨੁੱਖ ਅਚੰਭਾ ਮਹਿਸੂਸ ਕਰਨ ਲਗਦਾ ਹੈ। ਅਚੰਭਾ ਤਾਂ ਹੋਣਾ ਹੀ ਹੋਇਆ ਕਿ ਮਨੁੱਖ ਦੀ ਆਪਣੀ ਸੋਚ-ਸੂਝ ਅਤੇ ਸ਼ਕਤੀ ਨੇ ਰਲਕੇ ਅਣਕਿਆਸੀਆਂ ਅਤੇ ਅਣਦਿਸਦੀਆਂ ਚੜ੍ਹਾਈਆਂ ਨੂੰ ਤੈਅ ਕੀਤਾ ਹੈ। ਮਨੁੱਖੀ ਸ਼ਕਤੀ ਦੀ ਇਸ ਪ੍ਰਾਪਤੀ ਨੂੰ ਸਲਾਮ ਕਰਨਾ ਬਣਦਾ ਹੈ ਅਤੇ ਹੋਰ ਵੱਡੀਆਂ ਪ੍ਰਾਪਤੀਆਂ ਵਲ ਹੱਲਾ ਮਾਰਨ ਵਾਸਤੇ ਇਸਨੂੰ ਹੱਲਾਸ਼ੇਰੀ ਦੇਣੀ ਵੀ ਜ਼ਰੂਰੀ ਹੈ।


ਪਿਛਾਂਹ ਵਲ ਮੁੜ ਸੋਚਣ ਲੱਗੀਏ ਤਾਂ ਸੋਚ ਭਮੱਤਰ ਜਾਂਦੀ ਹੈ। ਆਦਿ ਮਨੁੱਖ ਨੇ ਬਹੁਤ ਪਹਿਲਾਂ ਪੱਥਰਾਂ ਨੂੰ ਰਗੜਦਿਆਂ ਪਹਿਲ-ਪਲੱਕੜੇ ਜਦੋਂ ਅੱਗ ਵਰਗੇ ਚੰਗਿਆੜੇ ਨਿਕਲਦੇ ਦੇਖੇ ਹੋਣਗੇ ਅਤੇ ਫੇਰ ਪਹਿਲੀ ਵਾਰ ਉਨ੍ਹਾਂ ਹੀ ਪੱਥਰਾਂ ਦੀ ਰਗੜ ਨਾਲ ਨਾ ਜਾਣਦਿਆਂ ਹੋਇਆਂ ਵੀ ਅੱਗ ਬਾਲ਼ੀ ਹੋਵੇਗੀ ਤਾਂ ਉਸਦੇ ਚਿਹਰੇ ਉੱਤੇ ਹੈਰਾਨੀ ਭਰੀ ਲਾਲੀ ਦੇ ਉੱਗ ਆਉਣ ਨੂੰ ਪੜ੍ਹਿਆ ਜਾਣਾ ਕੀ ਸੌਖਾ ਹੋ ਸਕਦਾ ਹੈ? ਪਹਿਲੀ ਵਾਰ ਜਦੋਂ ਉਸਨੇ ਕਿਸੇ ਵਸਤ (ਖਾਣਾ) ਨੂੰ ਅੱਗ ਦੇ ਸੇਕ ਉੱਤੇ ਪਕਾ ਕੇ ਜਾਂ ਰਿੰਨ੍ਹ ਕੇ ਖਾਧਾ ਹੋਵੇਗਾ ਤਾਂ ਭਲਾਂ ਕਿੰਝ ਮਹਿਸੂਸ ਕੀਤਾ ਹੋਵੇਗਾ? ਇਸਦੇ ਗਵਾਹ ਤਾਂ ਉਹ ਹੁਸੀਨ ਪਲ ਹੀ ਹੋ ਸਕਦੇ ਹਨ ਜੋ ਉਸਦੇ ਦੁਆਲੇ/ਅੰਗ ਸੰਗ ਗੁਜ਼ਰੇ ਹੋਣਗੇ। ਉਂਜ ਮਨੁੱਖ ਦੀ ਦੂਰ-ਦੁਰਾਡੇ ਤੱਕ ਮਾਰ/ਪਹੁੰਚ ਹੈ। ਜੇ ਕੋਈ ਕਸਰ ਸੀ ਤਾਂ ਸੈਟੇਲਾਈਟ ਨੇ ਪੂਰੀ ਕਰ ਦਿੱਤੀ ਹੈ। ਦੁਨੀਆਂ ਦੇ ਜਿਸ ਹਿੱਸੇ ਤੇ ਜਦੋਂ ਮਰਜ਼ੀ ਝਾਤੀ ਮਾਰੋ, ਇਸ ਵਾਸਤੇ ਵੀ ਸੰਭਾਵਨਾਵਾਂ ਮੌਜੂਦ ਹਨ। ਭਾਵੇਂ ਕਿ ਅਜਿਹੀ ਤਕਨੀਕ ਦੀ ਦੁਰਵਰਤੋਂ ਵਾਲੇ ਵੀ ਪਿੱਛੇ ਨਹੀਂ ਰਹਿੰਦੇ। ਕੀ ਕੋਈ ਫੜ ਸਕਦਾ ਹੈ ਉਨ੍ਹਾਂ ਪਲਾਂ ਨੂੰ ਜਦੋਂ ਕੋਲੰਬਸ ਨੇ ਅਮਰੀਕਾ ਲੱਭੀ ਹੋਵੇਗੀ? ਤਾਂ ਰੇਤ ਦੇ ਕਣਾਂ ਵਿਚ ਸੋਨਾ ਦਿਸਣ/ ਲੱਭਣ ਵਰਗਾ ਅਚੰਭਾ ਹੀ ਹੋਇਆ ਹੋਣਾ ਉਸਨੂੰ ਤੇ ਉਸਦੇ ਸਾਥੀਆਂ ਨੂੰ। ਉਂਜ ਵੀ ਅਚੰਭੇ ਵਰਗੀਆਂ ਲੱਭਤਾਂ ਖੋਜੀਆਂ ਦੀ ਝੋਲ਼ੀ ਹੀ ਪੈਂਦੀਆਂ ਹਨ, ਕਿਉਂਕਿ ਉਹ ਸਮੇਂ ਨੂੰ ਫੜਨ ਦੀ ਨਿਮਰਤਾ ਭਰੀ ਜਿਦ ਕਦੇ ਨਹੀਂ ਛੱਡਦੇ। ਇਸ ਸਿਰੜ ਭਰੀ ਜਿਦ ਅੱਗੇ ਸਮੇਂ ਨੂੰ ਹਾਰ ਹੀ ਜਾਣ ਪੈਂਦਾ ਹੈ।

ਛੋਟੀਆਂ, ਵੱਡੀਆਂ ਘਟਨਾਵਾਂ ਆਪਣਾ ਮਹੱਤਵ ਰਖਦੀਆਂ ਹਨ। ਵੱਖੋ-ਵੱਖਰੇ ਗ੍ਰਹਿਆਂ ਦਾ ਸਜਿਆ ਇਹ ਸੰਸਾਰ ਅਤੇ ਮਨੁੱਖ ਵਲੋਂ ਬ੍ਰਿਹਮੰਡ ਤੱਕ ਦੀ ਪਹੁੰਚ, ਇਹ ਸਭ ਮਨੁੱਖ ਦੀ ਸੋਚਣ ਅਤੇ ਸਿਰਜਣ ਸ਼ਕਤੀ ਦਾ ਹੀ ਕਮਾਲ ਆਖਿਆ ਜਾਣਾ ਚਾਹੀਦਾ ਹੈ। ਆਧੁਨਿਕ ਨਵੀਂ ਤਕਨੀਕ ਅਤੇ ਉਸਦੀ ਵਰਤੋਂ ਮਨੁੱਖੀ ਸ਼ਕਤੀ ਨੂੰ ਹੋਰ ਤਾਕਤ ਦੇਣ ਅਤੇ ਬਲ ਬਖਸ਼ਣ ਵਾਲੇ ਸਾਧਨ ਆਖੇ ਜਾ ਸਕਦੇ ਹਨ। ਸ਼ਰਤ ਇੱਥੇ ਇਹ ਵੀ ਹੈ ਕਿ ਤਕਨੀਕ ਸਿਰਜਦੇ ਅਤੇ ਵਰਤਦੇ ਹੱਥ ਭਵਿੱਖ ਵਿਚੋਂ ਮਨੁੱਖ ਨੂੰ ਮਨਫੀ ਕਰਨ ਦਾ ਕੋਝਾ ਯਤਨ ਨਾ ਕਰਦੇ ਹੋਣ। ਮਨੁੱਖ ਵਲੋਂ ਕੱਢੀਆਂ ਕਾਢਾਂ/ਲੱਭਤਾਂ ਲੋਕਾਈ/ਸਮਾਜ ਦੀ ਸੂਝ ਸਮਝ ਨੂੰ ਹੋਰ ਤਿੱਖਿਆਂ ਅਤੇ ਜਿੰਦ ਨੂੰ ਸੌਖਿਆਂ ਕਰਨ ਦਾ ਰਾਹ ਦਸਦੀਆਂ ਹੋਣ। ਆਧੁਨਿਕ ਸਮੇਂ ਹਰ ਪਾਸੇ ਦੌੜ ਲੱਗੀ ਹੋਈ ਹੈ। ਤੇਜ-ਤਰਾਰ ਜਹਾਜ਼ਾਂ ਦੀ ਗੱਲ ਤੁਰਦੀ ਹੈ, ਹਜਾਰਾਂ ਮੀਟਰ ਉੱਚੇ ਉਡਦੇ ਜਹਾਜ਼ਾਂ ਦੀ। ਪਾਣੀਆਂ ਦੀ ਡੂੰਘੀ ਥਲੜੀ ਤਹਿ ਤੱਕ ਤੁਰੀਆਂ ਫਿਰਦੀਆਂ ਪਣਡੁਬੀਆਂ ਦੀ। ਅਸਲੋਂ ਤੇਜੀ ਨਾਲ ਸੰਸਾਰ ਨੂੰ ਜੋੜਦੇ ਇਲੈਕਟਰਾਨਕ/ਸੈਟੇਲਾਈਟ ਮੀਡੀਏ ਦੀ ਅਤੇ ਅਜਿਹਾ ਹੀ ਜਿ਼ੰਦਗੀ ਨੂੰ ਹੁਲਾਰੇ ਦੇਣ ਵਾਲਾ ਹੋਰ ਬਹੁਤ ਕੁੱਝ ਹੈ ਜਿਸਦਾ ਜਿ਼ਕਰ ਕੀਤਾ ਜਾ ਸਕਦਾ ਹੈ। ਸਵਾਲ ਫੇਰ ਉੱਠ ਖੜ੍ਹਾ ਹੁੰਦਾ ਹੈ ਕਿ ਭਲਾਂ ਕਿਸਨੇ ਸਿਰਜਿਆ ਇਹ ਸਭ ਕੁੱਝ? ਜਵਾਬ ਸਿਰਫ ਇਕ ਹੀ ਹੈ - ਮਨੁੱਖ ਨੇ, ਮਨੁੱਖ ਦੀ ਸਿਰਜਣ ਸ਼ਕਤੀ ਨੇ। ਚਾਨਣੇ ਮੱਥਿਆਂ ਵਾਲੇ ਕਿਰਤ ਦੇ ਉਪਾਸ਼ਕ ਹੱਥਾਂ ਨੇ। ਇਹ ਕੋਈ ਕਰਾਮਾਤਾਂ ਨਹੀਂ, ਨਾ ਹੀ ਕਿਸੇ ਗੈਬੀ ਤਾਕਤ ਦੇ ਝੁਰਲੂ ਨੇ ਕਿਸੇ ਜਾਦੂ ਵਾਲੇ ਥੈਲੇ ਵਿਚੋਂ ਸਭ ਕੁੱਝ ਕੱਢਿਆ ਹੈ। ਨਾ ਹੀ ਅਜਿਹਾ ਥੈਲਾ ਕਿਧਰੇ ਮਿਲਦਾ ਹੀ ਹੈ। ਇਹ ਤਾਂ ਇਨਸਾਨੀ ਸਿਆਣਪ ਅਤੇ ਮਨੁੱਖੀ ਸ਼ਕਤੀ ਦੁਆਰਾ ਸਹਿਜ ਨਾਲ ਹੋਇਆ ਮਹੱਤਵਪੂਰਨ ਵਿਕਾਸ ਹੈ। ਸੱਚ ਤਾਂ ਇਹ ਹੈ ਕਿ ਵਿਕਾਸ ਲਗਾਤਾਰ ਤੁਰਨ ਵਾਲਾ ਵਰਤਾਰਾ ਹੈ ਇਹ ਕਦੇ ਵੀ ਰੁਕਦਾ ਨਹੀਂ। ਛੋਟੀਆਂ ਪ੍ਰਾਪਤੀਆਂ ਕਰ ਲੈਣ ਤੋਂ ਬਾਅਦ ਮਨੁੱਖ ਅਗਲੀਆਂ ਤੋਂ ਅਗਲੇਰੀਆਂ ਮੰਜਿ਼ਲਾਂ ਸਰ ਕਰਨ ਵਲ ਸਦਾ ਰੁਚਿਤ ਰਹਿੰਦਾ ਹੈ। ਰੁਚਿਤ ਰਹਿਣਾ ਅਤੇ ਇਹਦੇ ਵਾਸਤੇ ਯਤਨਸ਼ੀਲ ਹੋ ਕੇ ਅੱਗੇ ਵਧਦੇ ਜਾਣਾ ਹੀ ਪ੍ਰਾਪਤੀਆਂ ਦੀ ਬੁਨਿਆਦ ਬਣ ਜਾਦਾ ਹੈ। ਹਿੰਮਤ ਹੋਵੇ ਤਾਂ ਮਨੁੱਖ ਕਰ ਕੀ ਨਹੀਂ ਸਕਦਾ?

‘ਚੰਦ ਮਾਮਾ’ ਸਮਝੇ ਜਾਂਦੇ ਚੰਦਰਮਾਂ ਉੱਤੇ ਜਦੋਂ ਤਕਨੀਕ ਦੀ ਪੌੜੀ ’ਤੇ ਚੜ੍ਹਕੇ ਨੀਲ ਆਰਮ ਸਟਰਾਂਗ ਅਤੇ ਉਹਦੇ ਸਾਥੀਆਂ ਨੇ ਪੈਰ ਧਰੇ ਸਨ ਤਾਂ ਉਹ ਖੁਸ਼ੀ ਨਾਲ ਹੁੱਬਿਆ ਨਹੀਂ ਸੀ ਸਮਾਉਂਦਾ। ਖੁਸ਼ੀ ਨਾਲ ਝੂਮਦਾ, ਬੱਚਿਆਂ ਵਾਂਗ ਟਪੂਸੀਆਂ ਮਾਰਦਾ ਸਭ ਨੇ ਦੇਖਿਆ ਸੀ, ਜਿਵੇਂ ਭਾਣਜੇ ਦੇ ਵਿਆਹ ਵਿਚ ਖੀਵਾ ਹੋਇਆ ਮਾਮਾ ਨੱਚਦਾ ਹੋਵੇ। ਉਹ ਕਿਹੜੀ ਤੇ ਕਿੰਨੀ ਸੁਹਣੀ ਘੜੀ ਰਹੀ ਹੋਵੇਗੀ ਜਦੋਂ ਮੌਤ ਵਰਗੀਆਂ ਠੰਡੀਆਂ-ਯਖ ਸਥਿਤੀਆਂ ਤੇ ਔਕੜਾਂ ਭਰੇ ਖਤਰਨਾਕ ਰਾਹਾਂ ਨੂੰ ਸਰ (ਜਿੱਤ) ਕਰ ਲੈਣ ਤੋਂ ਬਾਅਦ ਤੇਨ ਸਿੰਘ ਅਤੇ ਹਿਲੇਰੀ ਨੇ ਦੁਨੀਆਂ ਦੀ ਸਭ ਤੋਂ ਉੱਚੀ ਟੀੱਸੀ ਐਵਰੈਸਟ ਉੱਤੇ ਝੰਡਾ ਗੱਡ ਕੇ ਆਪਣੇ ਸੁਪਨੇ ਨੂੰ ਪੈਰਾਂ ਹੇਠ ਵਿਛਿਆ ਤੱਕਿਆ ਸੀ। ਇਸ ਤਰ੍ਹਾਂ ਦੀ ਪ੍ਰਾਪਤੀ ਭਰੀ ਖੁਸ਼ੀ ਦੇ ਮੁਕਾਮ ਤੱਕ ਪਹੁੰਚਣ ਦਾ ਸਫਰ ਬੜਾ ਲੰਬਾ ਅਤੇ ਮੁਸੀਬਤਾਂ ਭਰਿਆ ਹੁੰਦਾ ਹੈ, ਅਕਾ ਦੇਣ ਵਾਲਾ, ਥਕਾ ਦੇਣ ਵਾਲਾ। ਇਨ੍ਹਾਂ ਰਾਹਾਂ ਦੇ ਰਾਹੀਆਂ ਵਾਸਤੇ ਹਰ ਪਲ ਹੀ ਇਕ ਨਵਾਂ ਇਮਤਿਹਾਨ ਹੁੰਦਾ ਹੈ। ਪਰ ਹਿੰਮਤਾਂ ਵਾਲੇ ਵੀ ਕਦੇ ਹਾਰੇ ਹਨ? ਨਹੀਂ, ਕਦੇ ਵੀ ਨਹੀਂ।

ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਵਸਦੇ ਬਹੁਤ ਸਾਰੇ ਅੱਖਾਂ ਵਾਲੇ ਅੰਨ੍ਹੇ, ਅੰਧਵਿਸ਼ਵਾਸੀ ਕਿਸੇ ਤਰਕ/ਅਧਾਰ ਤੋਂ ਬਿਨਾ ਜਿੱਦੀ ਕਿਸਮ ਦੀ ਹਓਮੈ ਦੇ ਡੰਗੇ ਲੋਕ ਕਿਸੇ ਲੱਭਤ ਦੇ ਹਾਣੀ ਨਹੀਂ ਹੋ ਸਕਦੇ। ਬਹੁਤ ਦੇਰ ਤੋਂ ਰੱਬ ਦਾ ਸੰਕਲਪ ਵਿਵਾਦ ਦਾ ਵਿਸ਼ਾ ਚਲਿਆ ਆ ਰਿਹਾ ਹੈ। ਇਹ ਸੰਕਲਪ ਵੀ ਖੁਦ ਇਨਸਾਨ ਦੀ ਹੀ ਦੇਣ ਹੈ। ਵਿਸ਼ਵਾਸੀ ਇਸ ਸੰਕਲਪ/ਵਿਚਾਰ ਨੂੰ ਸਭ ਕੁੱਝ ਸਮਝਦੇ ਹਨ। ਪਰ ਵਿਗਿਆਨਕ ਸੋਚ ਨੂੰ ਪ੍ਰਣਾਏ ਲੋਕ ਇਸ ਵਿਚਾਰ ਉੱਤੇ ਕਿੰਤੂ ਕਰਦੇ ਹਨ ( ਕਿਸੇ ਵੀ ਵਿਚਾਰ/ਵਿਚਾਰਧਾਰਾ ਉੱਤੇ ਕਿੰਤੂ ਕਰਨਾ ਹਰ ਕਿਸੇ ਦਾ ਹੱਕ ਹੈ) । ਹਰ ਕੋਈ ਆਪੋ-ਆਪਣੇ ਤਰਕ ਉੱਤੇ ਡਟਿਆ ਹੋਇਆ ਹੈ। ਇਸ ਸਵਾਲ ਨੂੰ ਵਾਰ ਵਾਰ ਰਿੜਕਿਆ, ਵਿਚਾਰਿਆ ਗਿਆ ਪਰ ਸਵਾਲ ਹੱਲ ਹੋਣ ਦੀ ਥਾਂ ਸਦਾ ਰੇੜਕਾ ਹੀ ਵਧਿਆ। ਵਿਸ਼ਵਾਸੀ ਵੀ ਸਾਰੇ ਇਕ ਮੱਤ ਨਹੀਂ। ਉਨ੍ਹਾਂ ਦੇ ਆਪਣੇ ਹੀ ਧੜਿਆਂ ਤੇ ਵਿਸ਼ਵਾਸਾਂ ਦੇ ਢੰਗ ਤਰੀਕਿਆਂ ਵਿਚ ਅਲਹਿਦਗੀ ਸਦਾ ਹੀ ਜੋਰ ਫੜਦੀ ਰਹੀ ਹੈ। ਇਸ ਵਿਚਾਰ ਦਾ ਸਹੀ ਫੈਸਲਾ ਸ਼ਾਇਦ ਕਦੇ ਵੀ ਨਾ ਹੋ ਸਕੇ। ਇਹ ਨੁਕਤਾ ਸਦਾ ਹੀ ਵਿਰੋਧ ਦੀ ਚਰਚਾ (ਜਾਂ ਚੁੰਝ ਚਰਚਾ) ਦਾ ਵਿਸ਼ਾ ਬਣਿਆ ਰਹੇਗਾ। ਇਕ ਗੱਲ ਵਿਚਾਰਨ ਦੀ ਹੈ ਕਿ ਹਰ ਵਿਅਕਤੀ ਨੂੰ ਆਪਣੇ ਵਿਚਾਰਾਂ ਉੱਤੇ ਪਹਿਰਾ ਦੇਣ ਦਾ ਹੱਕ ਹੈ, ਪਰ ਜਿਸ ਨੁਕਤੇ ਦਾ ਨਿਤਾਰਾ ਹੋ ਹੀ ਨਹੀਂ ਸਕਣਾ ਉਸ ਬਾਰੇ ਇੰਨੀ ਜਿ਼ਆਦਾ ਬੇਅਰਥੀ ਬਹਿਸ ਦੀ ਕੀ ਲੋੜ? ਕੀਮਤੀ ਸਮੇਂ ਨੂੰ ਅਜਾਈਂ ਗਵਾਉਣ ਦਾ ਕੀ ਲਾਭ? ਇਹ ਤਾਂ ਮਨ ਮੰਨੇ ਦਾ ਮੇਲਾ ਹੈ । ਜਿਸਨੂੰ ਪੁੱਗਦਾ ਹੈ ਉਹ ਵੀ ਠੀਕ, ਜਿਸਨੂੰ ਨਹੀਂ ਪੁੱਗਦਾ ਉਸਦੀ ਵੀ ਕਦਰ ਕਰਨੀ ਚਾਹੀਦੀ ਹੈ। ਕਿਸੇ ਵੀ ਵਿਰੋਧ ਦੇ ਨੁਕਤੇ ਨੂੰ ਲੈ ਕੇ ਬੇਮਤਲਦੀ ਕੁੜੱਤਣ ਪੈਦਾ ਕਰਨੀ ਤਾਂ ਸਿਰਫ ਮੂਰਖਾਂ ਦਾ ਕੰਮ ਹੀ ਹੋ ਸਕਦਾ ਹੈ। ਫੇਰ ਮੂਰਖਾਂ ਦੇ ਮਗਰ ਕਿਉਂ ਲੱਗਿਆ ਜਾਵੇ?

ਕੋਈ ਵੀ ਸਿਆਣਾ ਇਨਸਾਨ ਕਿਸੇ ਦੂਸਰੇ ਦੀ ਨਿਰਾਦਰੀ ਨਹੀਂ ਕਰ ਸਕਦਾ। ਕਿਸੇ ਦੂਸਰੇ ਨੂੰ ਬੁਰਾ-ਭਲਾ ਕਹਿਣ ਵਾਲੇ ਦਰਅਸਲ ਆਪਣਾ ਹੀ ਨਿਰਾਦਰ ਕਰ ਰਹੇ ਹੁੰਦੇ ਹਨ। ਕਿਉਂਕਿ ਜਿਸ ਕਿਸੇ ਨੂੰ ਵੀ ਉਹ ਬੇਇਜੱਤ ਕਰਨ ਦੇ ਯਤਨ ਵਜੋਂ ਜਿਹੜੇ ਭੈੜੇ ਬੋਲਾਂ/ਸ਼ਬਦਾਂ ਦਾ ਪ੍ਰਯੋਗ ਕਰਦੇ ਹਨ ਦੂਸਰਾ ਉਸ ਨੂੰ ਕਬੂਲ ਹੀ ਨਹੀਂ ਕਰਦਾ। ਇਸ ਤਰ੍ਹਾਂ ਨਿਰਾਦਰੀ ਲਈ ਵਰਤਿਆ ਹਰ ਹੀਲਾ ਉਨ੍ਹਾਂ ਦੇ ਆਪਣੇ ਪੱਲੇ ਵਿਚ ਹੀ ਰਹਿ ਜਾਂਦਾ ਹੈ, ਕਿਸੇ ਦੂਸਰੇ ਤੱਕ ਪਹੁੰਚਦਾ ਹੀ ਨਹੀਂ। ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਸਿਰਫ ਹੀਣਤਾ ਹੀ ਪ੍ਰਾਪਤ ਹੁੰਦੀ ਹੈ। ਕੀ ਹੀਣਤਾ ਵੀ ਕਿਸੇ ਦਾ ਸਰਮਾਇਆ ਹੋ ਸਕਦੀ ਹੈ? 

ਛੋਟੀਆਂ ਵਸਤਾਂ, ਛੋਟੇ ਕਾਰਜ ਦਰਅਸਲ ਕਦੇ ਵੀ ਛੋਟੇ ਨਹੀਂ ਹੁੰਦੇ। ਸ਼ਰਤ ਸਿਰਫ ਇਹ ਹੈ ਕਿ ਇਨ੍ਹਾਂ ਨੂੰ ਜਾਣ-ਬੁੱਝ ਕੇ ਛੋਟਾ ਨਾ ਕੀਤਾ ਜਾਵੇ। ਇਕ ਛੋਟੀ ਜਹੀ ਗਿਟਕ (ਬੀਜ) ਤੋਂ ਦਰੱਖਤ ਉੱਗਦਾ ਹੈ, ਇਕ ਕਰੂੰਬਲ ਦੀ ਸ਼ਕਲ ਵਿਚ। ਰੌਸ਼ਨੀ, ਧੁੱਪ, ਗਰਮੀ, ਸਰਦੀ, ਮੀਂਹ, ’ਨੇਰ੍ਹੀ ਨਾਲ ਤੁਰਦਿਆਂ ਕੱਦ ਫੜਨ ਲਗਦਾ ਹੈ। ਨਿੱਤ ਦਿਹਾੜੇ ਵਧਣ ਦੇ ਰਾਹੇ ਪੈਂਦਾ ਹੈ। ਉਹ ਹੀ ਮਾਮੂਲੀ ਜਹੀ ਕਰੂੰਬਲ ਮਜ਼ਬੂਤ ਤਣਾ ਬਣਨ ਲਗਦੀ ਹੈ। ਵਿਚੋਂ ਟਾਹਣੀਆਂ ਨਿਕਲਦੀਆਂ ਹਨ ਅਤੇ ਉਹ ਵੀ ਵੱਡੇ ਟਾਹਣੇ ਬਣ ਜਾਂਦੀਆਂ ਹਨ, ਉਨ੍ਹਾਂ ਵਿਚੋਂ ਨਵੀਆਂ ਕਰੂੰਬਲਾਂ। ਫੇਰ ਟਾਹਣੀਆਂ ............ਆਦਿ। ਇਹ ਵਾਰ ਵਾਰ ਦੁਹਰਾਇਆ ਜਾਣ ਵਾਲਾ ਕਰਮ ਹੈ। ਉਹ ਛੋਟਾ ਜਿਹਾ ਬੀਜ ਭਾਵ ਗਿਟਕ, ਲੰਬੀਆਂ ਜੜ੍ਹਾਂ ਬਣ ਫੈਲਣ ਲਗਦਾ ਹੈ, ਉਸ ਵੱਡੇ ਦਰੱਖਤ ਦੀ ਮਜਬੂਤੀ ਬਣਦਾ ਹੈ।

ਜਿਹੜਾ ਵੀ ਨਿੱਕੀਆਂ/ਛੋਟੀਆਂ ਚੀਜ਼ਾਂ ਦੀ ਕਦਰ ਕਰਨੀ ਸਿੱਖ ਜਾਵੇ, ਉਨ੍ਹਾਂ ਦਾ ਮਹੱਤਵ ਸਮਝ ਜਾਵੇ ਉਸਨੂੰ ਕਦੇ ਵੀ, ਕਿਧਰੇ ਵੀ ਯਥਾਰਥ ਵਿਹੂਣੇ ਖੋਖਲ਼ੇ ਦਾਅਵੇ ਕਰਨ ਦੀ ਲੋੜ ਨਹੀਂ ਪੈਂਦੀ, ਅਤੇ ਨਾ ਹੀ ਬੇਸ਼ਰਮੀ ਦੇ ਮੰਚ ’ਤੇ ਖੜ੍ਹਕੇ ਝੂਠ, ਫਰੇਬ ਤੇ ਮੱਕਾਰੀ ਦੇ ਵੱਡੇ ਵੱਡੇ ਫੋਕੇ ਦਾਇਰੇ ਵਾਹੁਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਕਿਉਂਕਿ ਉਹ ਤਾਂ ਸੱਚ ਦੇ ਨੁਕਤੇ ਦਾ ਖੋਜੀ ਹੁੰਦਾ ਹੈ, ਉਸਦੇ ਪਸਾਰ ਵਾਸਤੇ ਯਤਨਸ਼ੀਲ ਰਹਿੰਦਾ ਹੈ। ਛੋਟੇ ਛੋਟੇ ਨੁਕਤਿਆਂ ਦਾ ਪਸਾਰ ਹੀ ਉਸਦੀ ਜਿ਼ੰਦਗੀ ਹੋ ਜਾਂਦੀ ਹੈ। ਫੇਰ ਤੁਰਦੇ ਰਹਿਣਾ ਹੀ ਉਸਦਾ ਸੱਚਾ-ਸੁੱਚਾ ਕਰਮ ਹੋ ਨਿੱਬੜਦਾ ਹੈ।

****

ਮੇਰੀ ਸਿਰਜਣਾ ਦੇ ਪਲਾਂ ਦਾ ਪਿਛੋਕੜ

ਕਿਸੇ ਵੀ ਖਿਆਲ ਦੀ ਸਿਰਜਣਾ/ਉਤਪਤੀ ਆਮ ਕਰਕੇ ਅਚੇਤ ਮਨ ਦੀ ਬੁਨਿਆਦ ਉੱਤੇ ਹੀ ਉਸਰਦੀ ਹੈ ਅਤੇ ਸਮੇਂ ਦੇ ਨਾਲ਼ ਨਾਲ਼ ਤੁਰਦਿਆਂ ਸੁਚੇਤ ਹੋਣ ਤੱਕ ਦਾ ਸਫਰ ਤੈਅ ਕਰਦੀ ਹੈ। ਕੋਈ ਸੁਪਨਾ/ਸੋਚ ਯਥਾਰਥਿਕ ਰੂਪ ਵਟਾਉਣ ਲਈ ਰਵਾਨੀ ਦੇ ਰਾਹੇ ਪੈ ਅੱਗੇ ਵਧਦਿਆਂ ਕਦਮਾਂ ਨੂੰ ਮੰਜ਼ਿਲ ਵੱਲ ਤੁਰਨ ਵਾਸਤੇ ਪ੍ਰੇਰਤ ਕਰਦਾ ਹੈ। ਇੱਥੋਂ ਹੀ ਇਨ੍ਹਾਂ ਰਾਹਾਂ ‘ਤੇ ਗੁਜ਼ਰਦਿਆਂ ਜ਼ਿੰਦਗੀ ਨਾਲ਼ ਜੁੜਦੀਆਂ ਤੰਦਾਂ ਉਲ਼ਝਣਾਂ ਦੇ ਬਾਵਜੂਦ ਸੁਲ਼ਝਣਾਂ ਸਿੱਖਦੀਆਂ ਹਨ। ਸੋਚ, ਸੂਝ ਤੇ ਵਿਚਾਰ ਆਪਣੀ ਧਰਾਤਲ ਤੇ ਵਿਚਰਦਿਆਂ ਜੜ੍ਹਾਂ ਫੜਨ ਲਗਦੇ ਹਨ, ਫੇਰ ਇਹੋ ਜੜ੍ਹਾਂ ਨਵੀਆਂ ਤੰਦਾਂ ਬਣਕੇ ਮੌਲਣ ਤੋ ਬਾਅਦ ਵਧਣ-ਫੁਲਣ ਲਗਦੀਆਂ ਹਨ। ਸੋਚ ਨੂੰ ਤਰਕ ਟੁੰਬਣ ਲਗਦਾ ਹੈ। ਦੁਨਿਆਵੀ ਗਿਆਨ ਦੀ ਸੋਝੀ ਹੋਣ ਤੇ ਪਸਰਨ ਲਗਦੀ ਹੈ। ਅੰਦਰਲੀ ਸੋਚ ਦਲੀਲ ਦਾ ਪੱਲਾ ਫੜਦੀ ਹੈ ਤਾਂ ਬੌਧਿਕਤਾ ਦੇ ਵਿਹੜੇ ਪੈਰ ਧਰਨ ਵਰਗਾ ਅਹਿਸਾਸ ਜਨਮ ਲੈਂਦਾ ਹੈ। ਹੋਂਦ ਦਾ ਹੋਣਾ ਤੇ ਸੁਚੇਤ ਹੋ ਕੇ ਮਹਿਸੂਸਿਆ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ। ਹੋਂਦ ਮਨੁੱਖੀ ਹੋਵੇ ਜਾਂ ਪਦਾਰਥਕ ਇਹਨੂੰ ਸਵੀਕਾਰਨ ਤੇ ਸਾਕਾਰਨ ਦੀ ਕਾਰਜ ਵਿਧੀ ਜ਼ਿੰਦਗੀ ਪ੍ਰਤੀ ਮੋਹ ਪੈਦਾ ਕਰਨ ਅਤੇ ਉਸਦੇ ਪਸਾਰ ਵਿਚ ਸਹਾਈ ਹੋਣ ਵਾਲ਼ੀ ਹੋਣੀ ਚਾਹੀਦੀ ਹੈ। ਇਸ ਨਾਲ਼ ਆਪਣੇ ਪ੍ਰਤੀ ਭਰੋਸੇ ਯੋਗਤਾ ਵਧਦੀ ਹੈ। ਨਿਰੇ ਖਿਆਲੀ ਪਲਾਉ ਤਾਂ ਮਨੁੱਖ ਦੀ ਸੋਚ ਦੁਆਲੇ ਭਰਮ ਦਾ ਧੁੰਦ ਜਾਲ਼ ਬਣਕੇ ਖੁਦ ਮਨੁੱਖ ਨੂੰ ਹੀ ਭੰਬਲ਼ਭੂਸਾ ਬਣਾ ਛਡਦੇ ਹਨ। ਜਿਸ ਕਰਕੇ ਮਨੁੱਖ ਕਈ ਵਾਰ ਆਪਣੀ ਸੂਝ ਸਿਆਣਪ ਨੂੰ ਵੀ ਊਣਾ ਕਰਕੇ ਆਂਕਦਾ ਹੈ। ਸਿੱਟੇ ਵਜੋ ਉਹ ਛੰਨੇ ਦੇ ਪਾਣੀ ਵਾਂਗ ਡੋਲਦਾ ਹੈ। ਇਸ ਤਰ੍ਹਾਂ ਸੋਚਣ/ਕਰਨ ਨਾਲ਼ ਉਸਦੇ ਅੰਦਰਲੇ ਸਵੈਵਿਸ਼ਵਾਸੀ ਤੱਤ ਖੁਰਨ-ਭੁਰਨ ਦੇ ਰਾਹੇ ਪੈ ਸਕਦੇ ਹਨ। ਜਦੋਂ ਕਿ ਸੁਚੇਤ ਹੋ ਕੇ ਭਵਿੱਖ ਮੁਖੀ, ਭਰਪੂਰ ਜ਼ਿੰਦਗੀ ਜੀਊਣ ਵਾਸਤੇ ਮਨੁੱਖ ਅੰਦਰ ਸਵੈਵਿਸ਼ਵਾਸ ਦਾ ਹੋਣਾ ਬਹੁਤ ਜਰੂਰੀ ਹੈ, ਸਗੋ ਇਸਨੂੰ ਚੰਗੀ ਜ਼ਿੰਦਗੀ ਜੀਉਣ ਦੇ ਢੰਗ ਦਾ ਬੁਨਿਆਦੀ ਤੱਤ ਗਿਣਿਆ ਜਾਣਾ ਚਾਹੀਦਾ ਹੈ। ਸੂਝ ਸਮਝ ਕਿਵੇਂ ਪਣਪਦੀ ਹੈ। ਇਸਦੇ ਸ੍ਰੋਤ ਕੋਈ ਪੈਦਾ ਨਹੀਂ ਕਰਦਾ ਇਹ ਤਾਂ ਸਮਾਜਕ, ਆਰਥਕ ਸਥਿਤੀਆਂ ਅਤੇ ਕੁਦਰਤੀ ਵਰਤਾਰੇ ਹੀ ਹਨ ਜੋ ਮਨੁੱਖ ਨੂੰ ਪ੍ਰਭਾਵਿਤ ਕਰਦੇ ਹਨ। ਬਸ! ਮਨੁੱਖ ਕੋਲ ਹੋਣੀਆਂ ਚਾਹੀਦੀਆਂ ਹਨ ਖੁੱਲ੍ਹੀਆਂ ਤੇ ਪਾਰਖੂ ਅੱਖਾਂ, ਤਰਕ ਪੂਰਨ ਸੋਚ ਜੋ ਇਨ੍ਹਾਂ ਵਰਤਾਰਿਆਂ ਨੂੰ ਨੀਝ ਨਾਲ਼ ਤੱਕਣ ਤੇ ਪਰਖਣ ਦੀ ਆਸ ਭਰਪੂਰ ਰੀਝ ਅਤੇ ਸੂਝ ਰੱਖਦੀਆਂ ਹੋਣ।

ਬਾਲ-ਵਰੇਸ ਤੋਂ ਦੂਰ ਹੁੰਦਿਆਂ ਵੀ ਚੇਤਿਆਂ ਦੀ ਸਲੇਟ ਤੇ ਉੱਕਰੀਆਂ ਘਟਨਾਵਾਂ ਨਹੀਂ ਮਿਟਦੀਆਂ, ਸਗੋਂ ਇਹ ਹੀ ਘਟਨਾਵਾਂ ਕਿਸੇ ਹੋਰ ਰੰਗ, ਕਿਸੇ ਹੋਰ ਰੂਪ ਵਿਚ ਪ੍ਰਗਟ ਹੋ ਜਾਂਦੀਆਂ ਹਨ। ਇਥੇ ਇਹ ਫੇਰ ਮਨੁੱਖ ਤੇ ਹੀ ਨਿਰਭਰ ਕਰਦਾ ਹੈ ਕਿ ਉਸਦੀ ਰੁਚੀ ਕਿੱਧਰ ਹੈ। ਜਿਸ ਕਿਸੇ ਪਾਸੇ ਵੀ ਝੁਕਾਅ ਵਧ ਜਾਵੇ ਤਾਂ ਫੇਰ ਮਨੁੱਖ ਉਥੋਂ ਹੀ ਲੀਹ ਫੜਨ ਦੀ ਸੋਚਦਾ ਹੈ। ਕੋਈ ਮੌਕੇ ਸਿਰ ਲੀਹ ਫੜ ਲੈਂਦਾ ਹੈ ਬਹੁਤ ਸਾਰੇ ਖੁੰਝ੍ਹ ਵੀ ਜਾਂਦੇ ਹਨ। ਖੁੰਝ੍ਹ ਗਈ ਤਾਂ ਗੱਡੀ ਫੜਨੀ ਔਖੀ ਹੋ ਜਾਂਦੀ ਹੈ-ਵਕਤ ਤਾਂ ਕਿੱਥੋਂ ਹੱਥ ਆਉਣਾ ਹੋਇਆ। ਵਰਤਮਾਨ ਦੇ ਵਿਹੜੇ ਬੈਠ ਜਦੋਂ ਬੀਤੇ ਕੱਲ ਵਲ ਨਿਗਾਹ ਜਾਂਦੀ ਹੈ ਤਾਂ ਬਾਲ-ਵਰੇਸ ਦੇ ਪੰਜ ਦਹਾਕੇ ਤੋਂ ਵੀ ਵੱਧ ਪੁਰਾਣੇ ਚੇਤਿਆਂ ਵਿਚ ਅਟਕੇ ਬਚਪਨ ਦੇ ਉਹ ਪਲ ਚੇਤੇ ਆਉਂਦੇ ਹਨ ਜਦੋਂ ਛੋਟੇ ਹੁੰਦਿਆਂ ਮਾਂ ਨਾਲ਼ ਕਿਸੇ ਰਿਸ਼ਤੇਦਾਰ ਦੇ ਵਿਆਹ ਤੇ ਜਾਣਾ ਸੀ। ਜਿੱਥੇ ਜਾਣਾ ਸੀ ਉਹ ਪਿੰਡ ਭਾਵੇਂ ਬਹੁਤ ਦੂਰ ਨਹੀਂ ਸੀ, ਪਰ ਅੱਜ ਵਾਂਗ ਨੇੜੇ ਵੀ ਨਹੀਂ ਸੀ ਕਿਉਂਕਿ ਪੈਰੀਂ ਤੁਰਕੇ ਹੀ ਜਾਣਾ ਪੈਣਾ ਸੀ। ਮੌਸਮ ਬਰਸਾਤ ਦੇ ਸ਼ੁਰੂ ਦੇ ਦਿਨ ਸਨ। ਘਰੋਂ ਤੁਰ ਕੇ ਅਜੇ ਥੋੜ੍ਹੀ ਹੀ ਦੂਰ ਗਏ ਸੀ ਕਿ ਮੱਠੀ-ਮੱਠੀ ਬਾਰਸ਼ ਸ਼ੁਰੂ ਹੋ ਗਈ ਅਤੇ ਫੇਰ ਪਲੋ ਪਲ ਤੇਜ਼ ਹੁੰਦੀ ਗਈ। ਘਰੋਂ ਫਾਟਾਂ ਵਾਲ਼ਾ ਪਜਾਮਾ ਤੇ ਡੱਬੀਆਂ ਵਾਲ਼ਾ ਕਮੀਜ਼ ਪਾ ਕੇ ਤੁਰਿਆ ਸਾਂ। ਗਰੀਬ ਘਰਾਂ ਦੇ ਬੱਚਿਆਂ ਵਾਸਤੇ ਉਦੋਂ ਨਵੇਂ ਕੱਪੜੇ ਵੀ ਕਿਸੇ ਵਿਆਹ-ਸ਼ਾਦੀ ਦੇ ਮੌਕੇ ਜਾਂ ਵਾਂਢ੍ਹੇ ਜਾਣ ਦੇ ਸਬੱਬ ਨਾਲ਼ ਹੀ ਮਿਲ਼ਦੇ/ਬਣਦੇ ਸਨ। ਬਰਸਾਤ ਦੀਆਂ ਪਹਿਲੀਆਂ ਬਾਰਸ਼ਾਂ ਵੀ ਬੱਚਿਆਂ ਵਾਸਤੇ ਵੱਡੇ ਅਨੰਦ ਦਾ ਸਾਧਨ ਹੁੰਦੀਆਂ ਸਨ। ਗਰਮੀ ਕਾਰਨ ਪਿੰਡੇ ਉੱਗ ਆਈ ਪਿੱਤ ਮਾਰਨ ਦਾ ਸਭ ਤੋਂ ਵਧੀਆ ਤਰੀਕਾ। ਕੱਛੇ ਤੋਂ ਬਿਨ੍ਹਾਂ ਸਾਰੇ ਕੱਪੜੇ ਖੋਹਲ ਕੇ ਬਾਰਸ਼ ਵਿਚ ਘੁੰਮਣਾ ਹੀ ਹੁੰਦਾ ਸੀ। ਮਾਪੇ ਵੀ ਬਹੁਤਾ ਨਹੀਂ ਸਨ ਟੋਕਦੇ ਕਿ ਬਾਰਸ਼ ਵਿਚ ਕੀ ਕਰਦੈਂ? ਸਭ ਨੂੰ ਪਤਾ ਹੀ ਹੁੰਦਾ ਸੀ ਕਿ ਪਿੱਤ ਦਾ ਇਲਾਜ ਹੋ ਰਿਹਾ ਹੈ। ਬਾਹਰ ਬਾਰਸ਼ ਹੁੰਦੀ ਹੋਵੇ ਤਾਂ ਹੁਣ ਵੀ ਅੱਖਾਂ ਬੰਦ ਕਰਕੇ ਚੇਤਿਆਂ ਦੇ ਵਿਹੜੇ ਰਾਹੀ ਬੀਤੇ ਸਮੇਂ ਨੂੰ ਯਾਦ ਕਰਦਾ ਹਾਂ ਤਾਂ ਆਪਣਾ ਆਪ ਨਸ਼ਿਆਇਆ ਜਾਂਦਾ ਹੈ। ਲੰਘ ਚੁੱਕੇ ਉਹ ਨਸ਼ਿਆਏ ਪਲ ਮੇਰੀ ਜ਼ਿੰਦਗੀ ਦਾ ਸਰਮਾਇਆ ਹਨ ਜੋ ਉਮਰ ਭਰ ਕਿਸੇ ਨਾ ਕਿਸੇ ਰੂਪ ਵਿਚ ਮੇਰੇ ਨਾਲ਼ ਹੀ ਰਹਿਣਗੇ।

ਉਦੋਂ ਸਾਡਿਆਂ ਪਿੰਡਾਂ ਦੇ ਸਾਰੇ ਰਾਹ ਅਤੇ ਸੜਕਾਂ ਕੱਚੀਆਂ ਹੁੰਦੀਆਂ ਸਨ। ਚੀਕਣੀ ਮਿੱਟੀ ਹੋਣ ਕਰਕੇ ਬਾਰਸ਼ ਸਮੇਂ ਸਾਡਿਆਂ ਪਿੰਡਾਂ ਦਾ ਚਿੱਕੜ ਬੜਾ ਮਸ਼ਹੂਰ ਸੀ, ਸੜਕਾਂ ਪੱਕੀਆਂ ਹੋ ਜਾਣ ਦੇ ਬਾਵਜੂਦ ਅਜੇ ਵੀ ਹੈ। (ਸਾਡੀ ਮਿੱਟੀ ਦਾ ਸੱਚ ਅਜੇ ਵੀ ਇੱਕ ਕਹਾਵਤ ਦੇ ਰੂਪ ਵਿਚ ਮਸ਼ਹੂਰ ਹੈ ਕਿ ‘ਸੁੱਕੀ ਲੋਹਾ ਤੇ ਗਿੱਲੀ ਗੋਹਾ’) ਮਾਂ ਆਪਣੀਆਂ ਸੋਚਾਂ ਵਿਚ ਅੱਗੇ ਅੱਗੇ ਤੁਰੀ ਗਈ ਅਤੇ ਮੈਂ ਆਪਣੀ ਨਿਆਣਬੁੱਧ ਵਾਲ਼ੀ ਬਿਰਤੀ ਨਾਲ਼ ਪਿੱਛੇ ਪਿੱਛੇ। ਥੋੜੀ ਦੂਰ ਜਾਣ ਤੋ ਬਾਅਦ ਜਦੋਂ ਮਾਂ ਨੇ ਪਿੱਛੇ ਮੁੜਕੇ ਦੇਖਿਆ ਤਾਂ ਮੇਰੇ ਕੱਪੜੇ ਚਿੱਕੜ ਨਾਲ਼ ਲਿੱਬੜੇ ਹੋਏ ਸਨ। ਤੁਰਦਿਆਂ ਹੋਇਆਂ ਪਜਾਮਾ ਖਿੱਚ ਧੂਹ ਕੇ ਮੈ ਆਪ ਹੀ ਗੋਡਿਆਂ ਤੱਕ ਟੰਗ ਲਿਆ ਸੀ। ਮੌਜੇ ਚਿੱਕੜ ਨਾਲ਼ ਭਰੇ ਪਏ ਸਨ, ਤੁਰਨ ਵੇਲ਼ੇ ਔਖਿਆਂ ਕਰ ਰਹੇ ਸਨ। ਮਾਂ ਨੂੰ ਇਹ ਕੁਝ ਦੇਖਕੇ ਗੁੱਸਾ ਆਇਆ, ਉਨ੍ਹੇ ਇਹ ਕੁਝ ਦੇਖਕੇ ਮਾਵਾਂ ਵਾਲੀ ਝਿੜਕ ਨਾਲ਼ ਹੀ ਆਖਿਆ ਸੀ ਪੁੱਤ ਇਉਂ ਨਹੀਂ- ਅੱਖਾਂ ਖੋਲ੍ਹ ਕੇ ਤੁਰੀਦਾ ਹੁੰਦਾ। ਉਹਦੇ ਵਾਸਤੇ ਕੱਪੜਿਆਂ ਦਾ ਲਿਬੜਨਾ ਦੁਖਦਾਈ ਸੀ, ਇਸ ਕਰਕੇ ਉਹ ਗੁੱਸੇ ਸੀ। ਪਰ ਇਹ ਅੱਖਾਂ ਖੋਲ੍ਹ ਕੇ ਤੁਰਨ ਵਾਲ਼ੇ ਸ਼ਬਦ ਉਨ੍ਹਾਂ ਸਹਿਜ ਨਾਲ਼ ਹੀ ਕਹੇ ਸਨ। ਬਹੁਤ ਦੇਰ ਬਾਅਦ ਜਦੋਂ ਅਚੇਤ ਹੀ ਮਾਂ ਵਲੋਂ ਕਿਹਾ ਅੱਖਾਂ ਖੋਲ੍ਹ ਕੇ ਤੁਰਨ ਦਾ ਇਹ ਸਬਕ ਚੇਤੇ ਆਇਆ ਤਾਂ ਇਹ ਸੁਚੇਤ ਰੂਪ ਧਾਰ ਕੇ ਆਇਆ ਅਤੇ ਜ਼ਿੰਦਗੀ ਦੇ ਫਲਸਫੇ ਦਾ ਮੂਲ਼ ਬਣ ਗਿਆ। ਇਹ ਚੇਤਨਾ ਦਾ ਸਰੂਪ ਧਾਰ ਗਿਆ। ਹਰ ਵੇਲੇ ਮਨ ਮਸਤਕ ਵਿਚ ਵਿਚਰਦਾ ਖਿਆਲਾਂ, ਵਿਚਾਰਾਂ ਤੇ ਵਿਚਾਰਧਾਰਾਵਾਂ ਦੀ ਪਰਖ ਕਰਨ ਵਾਲ਼ੀ ਚੂਲ਼ ਬਣ ਗਿਆ। ਹੁਣ ਜਦੋਂ ਵੀ ਕਦੇ ਕਿਸੇ ਗੱਲ/ਵਿਚਾਰ ਨੂੰ ਪੜਕਣ ਲਗਦਾ ਹਾਂ ਤਾਂ ਕਈ ਦਹਾਕੇ ਪਹਿਲਾਂ ਇਹ ਜਹਾਨ ਛੱਡ ਚੁੱਕੀ ਮਾਂ ਕੰਨ ਕੋਲ਼ ਹੋ ਕੇ ਕਹਿੰਦੀ ਹੈ ‘ਪੁੱਤ ਅੱਖਾਂ ਖੋਲ੍ਹ ਕੇ ਤੁਰੀਦਾ ਹੁੰਦਾ’ ਅਜਿਹਾ ਫਲਸਫਾ ਪੱਲੇ ਬੰਨ੍ਹ ਲੈਣ ਤੋਂ ਬਾਅਦ ਭਲਾਂ ਕੌਣ ਹੈ ਜੋ ਅੱਖਾਂ ਬੰਦ ਕਰ ਸਕਦਾ ਹੋਵੇ? ਕਈ ਕਹਿੰਦੇ ਹਨ ਕਿ ਜੇ ਅੱਖਾਂ ਲੱਗੀਆਂ ਹੋਣ ਤਾਂ ਅੱਖਾਂ ਬੰਦ ਨਹੀਂ ਹੁੰਦੀਆਂ ਪਰ ਇਹ ਤਾਂ ਬਹੁਤ ਹੀ ਛੋਟੇ ਪੱਧਰ ਦਾ ਵਿਚਾਰ ਹੈ। ਸੱਚ ਤਾਂ ਇਹ ਹੈ ਕਿ ਜਿਨ੍ਹਾਂ ਦੀਆਂ ਮਾਵਾਂ ਜਾਂ ਵਡੇਰੇ ਕੰਨ ਕੋਲ਼ ਵਸਦੇ ਹੋਣ ਉਹ ਅੱਖਾਂ ਬੰਦ ਕਰ ਹੀ ਨਹੀਂ ਸਕਦੇ। ਕੌਣ ਹੈ ਜੋ ਵਡੇਰਿਆਂ ਵਲੋਂ ਮਿਲ਼ੇ ਅਜਿਹੇ ਅਮੁੱਲ ਵਿਚਾਰਾਂ ਨੂੰ ਭੁੱਲਣ ਜਾਂ ਟਾਲਣ ਦਾ ਹੀਆ ਜਾਂ ਅਵੱਗਿਆ ਕਰ ਸਕੇ?

ਉਮਰ ਦੇ ਵਧਣ ਨਾਲ਼ ਸੋਚ ਢੰਗ ਬਦਲਦਾ ਵੀ ਹੈ ਅਤੇ ਵਿਸ਼ਾਲ ਵੀ ਹੁੰਦਾ ਹੈ। ਜਦੋਂ ਸ਼ਬਦਾਂ ਨਾਲ਼ ਵਾਹ ਪਿਆ ਤਾਂ ਸ਼ਬਦ ਬਹੁਤ ਕੁਝ ਲੱਗਣ ਲੱਗੇ। ਇਹ ਸੰਸਾਰ ਦੇ ਭਰੱਮਣ ਵੱਲ ਖੁੱਲ੍ਹਦੀ ਉਹ ਬਾਰੀ ਹੈ ਜੀਹਦੇ ਰਾਹੀਂ ਬਹੁਤ ਕੁਝ ਦੇਖਿਆ ਜਾ ਸਕਦਾ ਹੈ। ਸ਼ਬਦ ਸੋਚ ਨੂੰ ਟੁੰਬਣ/ਪ੍ਰਭਾਵਿਤ ਕਰਨ ਦਾ ਸਭ ਤੋ ਵੱਧ ਕਾਰਗਰ ਤਰੀਕਾ ਹਨ। ਘਰ ਜਾਂ ਕਮਰਾ ਉਹ ਸ਼ਬਦ ਹਨ ਜੋ ਸਾਨੂੰ ਪਨਾਹ ਵੀ ਅਤੇ ਸਕੂਨ ਵੀ ਦਿੰਦੇ ਹਨ। ਜਿਹਨਾਂ ਘਰਾਂ ਵਿਚ ਪੁਸਤਕਾਂ ਦਾ ਵਾਸ ਹੁੰਦਾ ਹੈ ਉਥੇ ਚੁੱਪ ਵਿਚੋਂ ਬੋਲਦੀ ਹਲਚਲ ਹੁੰਦੀ ਹੈ। ਇਹੋ ਹਰਕਤ ਤੁਰਦੇ ਪਲਾਂ ਛਿਣਾਂ ਨੂੰ ਫੜਨ ਅਤੇ ਉਹਨਾਂ ਵਿਚ ਜਾਨ ਪਾਉਣ ਦਾ ਸਬੱਬ ਬਣਦੀ ਹੈ। ਫੇਰ ਜ਼ਿੰਦਗੀ ਕਿਸੇ ਚੰਗੇ ਮਕਸਦ ਖਾਤਰ ਜੀਊਣ ਵੱਲ ਕਦਮਾਂ ਦਾ ਰੁਖ਼ ਕਰਦੀ ਹੈ। ਦਸ਼ਾ ਨੂੰ ਦੇਖ, ਪਰਖ ਕੇ ਦਿਸ਼ਾ ਨੂੰ ਫੜਨ ਦਾ ਯਤਨ ਕੀਤਾ ਜਾਂਦਾ ਹੈ। ਦੁਨੀਆਂਦਾਰੀ ਦੀ ਖਬਰਸਾਰ ਕਿਤਾਬਾਂ ਰਾਹੀਂ/ਸ਼ਬਦਾਂ ਰਾਹੀਂ ਕਮਰੇ ਵਿਚ ਇਕੱਠੀ ਹੁੰਦੀ ਰਹਿੰਦੀ ਹੈ, ਕਮਰਾ ਸਮਾਧੀ ਦਾ ਰੂਪ ਧਾਰਦਾ ਹੈ। ਇਸ ਸਮਾਧੀ ਦੇ ਆਸਰੇ ਇਹ ਸੁੰਨ ਅਤੇ ਚੁੱਪ-ਚਾਪ ਪਈਆਂ ਪੁਸਤਕਾਂ ਖੁੱਲ੍ਹਦੀਆਂ ਅਤੇ ਬੋਲਣ ਲਗਦੀਆਂ ਹਨ ਤਾਂ ਮਨ ਮਸਤਕ ਅੰਦਰਲਾ ਜਵਾਰਭਾਟਾ ਖੌਲਦਾ ਹੈ। ਸੰਵੇਦਨਸ਼ੀਲ ਮਨੁੱਖ ਦੇ ਅੰਦਰਲਾ ਸ਼ਾਬਦਿਕ ਰੂਪ ਬਾਹਰ ਆਉਂਦਾ ਹੈ। ਸਿਆਣੇ ਮਨੁੱਖ ਵਾਸਤੇ ਸ਼ਬਦ ਤੋਂ ਵੱਡੀ ਹੋਰ ਕੋਈ ਦਾਤ ਨਹੀਂ ਹੁੰਦੀ। ਇਨ੍ਹਾਂ ਪੁਸਤਕਾਂ ਦਾ ਹੀ ਕਰਮ ਹੈ ਕਿ ਮਨੁੱਖ ਨੂੰ ਅਸਹਿਣਸ਼ੀਲ ਤੋਂ ਸਹਿਣਸ਼ੀਲ ਬਨਾਉਣ ਵਿਚ ਆਪਣਾ ਉਸਰੂ ਹਿੱਸਾ ਪਾਉਂਦੀਆਂ ਹਨ। ਜਿਨ੍ਹਾਂ ਨੂੰ ਸ਼ਬਦ ਦੀ ਸਾਰ ਹੋ ਜਾਵੇ ਫੇਰ ਉਹ ਸੰਸਾਰ ਵਿਚ ਵਿਚਰਨ ਵਾਸਤੇ ਸ਼ਬਦ ਦਾ ਹੀ ਸਹਾਰਾ ਲੈਂਦੇ ਹਨ। ਮਨੁੱਖੀ ਜ਼ਿੰਦਗੀ ਵਿਚ ਸ਼ਬਦ ਤੋਂ ਵੱਡੀ ਮਹੱਤਤਾ ਹੋਰ ਕਿਸੇ ਵੀ ਚੀਜ਼ ਦੀ ਨਹੀਂ ਹੁੰਦੀ। ਸਿਰਜਣਾਤਮਿਕ ਪਲ ਅਜਿਹੇ ਹੁੰਦੇ ਹਨ ਜਿਹਨਾਂ ਨੂੰ ਸਮਾਧੀ ਵਰਗੀ ਚੁੱਪ ਲੋੜੀਦੀ ਹੈ ਪਰ ਇਹ ਪਲ ਉਜਾੜ ਨਹੀਂ, ਇਕਾਂਤ ਭਾਲ਼ਦੇ ਹਨ। ਇਕਾਂਤ ਨਾ ਤਾਂ ਜੰਗਲਾਂ ਵਿਚ ਹੁੰਦੀ ਹੈ ਨਾ ਭੋਰਿਆਂ ਵਿਚ, ਸਗੋਂ ਮਨੁੱਖ ਦੇ ਅੰਦਰਲੀ ਇਕਾਂਤ (ਚੁੱਪ) ਸੋਚ ਦੀਆਂ ਡੂੰਘਾਈ ਵਾਲੀਆਂ ਸਿੱਪੀਆਂ ਵਿਚੋਂ ਅਰਥ ਪੂਰਨ ਸ਼ਬਦਾਂ ਦੀ ਸਿਰਜਣਾ ਕਰਦੀ ਹੈ। ਇਨ੍ਹਾਂ ਅਰਥਪੂਰਨ ਸ਼ਬਦਾਂ ਦੀ ਸਿਰਜਣਾ ਪਿੱਛੇ ਗਿਆਨ ਦੀ ਲੋਅ, ਮਿਹਨਤ ਨਾਲ਼, ਸੂਝ ਰਾਹੀਂ ਕੱਢੀ ਦੁਨੀਆ ਦੇ ਵਰਤਾਰਿਆਂ ਦੀ ਝਲਕ ਬਣਦੀ ਹੈ। ਇਹ ਕਿੱਧਰਿਉਂ ਉਪਰੋਂ ਥੱਲਿਉਂ ਮਿਲੀ ਦਾਤ ਨਹੀਂ ਹੁੰਦੀ ਸਗੋਂ ਇੱਥੋਂ ਤੱਕ ਪਹੰਚਣ ਵਾਸਤੇ ਜੱਗ-ਜਹਾਨ ਦਾ ਵਿਸ਼ਾਲ ਅਧਿਐਨ ਲੋੜੀਂਦਾ ਹੈ। ਨਿੱਠ ਕੇ ਆਲ਼ੇ ਦੁਆਲ਼ੇ ਦਾ ਸਮਾਜੀ, ਆਰਥਿਕ, ਰਾਜਨੀਤਿਕ ਅਤੇ ਸੱਭਿਆਚਾਰਾਂ/ਸੱਭਿਆਚਾਰਕ ਲਹਿਰਾਂ ਦੇ ਵਿਕਾਸ ਨਾਲ਼ ਸਬੰਧਤ ਤੱਥਾਂ/ਤੱਤਾਂ ਦੀ ਘੋਖ ਪਰਖ ਕਰਨੀ ਪੈਂਦੀ ਹੈ। ਇਤਿਹਾਸਕ, ਮਿਥਿਹਾਸਕ ਘਟਨਾਵਾਂ ਵੇਰਵਿਆਂ ਨੂੰ ਸਹੀ ਦ੍ਰਿਸ਼ਟੀਕੋਣ ਤੋਂ ਵਾਚਣਾ ਪੈਂਦਾ ਹੈ। ਇਹਨਾਂ ਪੜਾਵਾਂ ਵਿਚੋਂ ਲੰਘਦਿਆਂ ਮਨੁੱਖ ਤਪਦਾ ਹੈ ਭੱਠੀ ਵਿਚ ਪਏ ਸੋਨੇ ਵਾਂਗ ਕੁੰਦਨ ਬਣਨ ਵਾਸਤੇ। ਫੇਰ ਆਪਣੇ ਵਿਚਾਰਾਂ ਦੀ ਪ੍ਰਪੱਕਤਾ ਵਾਸਤੇ ਸੋਚਵਾਨਾਂ, ਬੁੱਧੀਮਾਨਾਂ, ਸਿਧਾਂਤਕਾਰਾਂ ਭਾਵ ਕਿ ਮਨੁੱਖ ਹਰ ਉਸ ਵਿਅਕਤੀ/ਰਚਨਾ ਤੱਕ ਪਹੁੰਚਣ ਦਾ ਯਤਨ ਕਰਦਾ ਹੈ ਜਿੱਥੇ ਕਿਸੇ ਤਰ੍ਹਾਂ ਦਾ ਸੰਵਾਦ ਰਚਾਇਆ ਜਾ ਸਕੇ, ਜਿੱਥੋ ਉਸ ਨੂੰ ਕੁਝ ਪੱਲੇ ਪੈਣ ਦੀ ਆਸ ਹੋਵੇ। ਉਹ ਵੱਧ ਤੋਂ ਵੱਧ ਅਧਿਅਨ ਦੇ ਰਾਹੇ ਪੈ ਜਾਂਦਾ ਹੈ। ਹੱਥ ਲੱਗੀਆਂ ਰਚਨਾਵਾਂ, ਸਿਧਾਂਤਾਂ ਆਦਿ ਨੂੰ ਪੜ੍ਹ, ਪਰਖ ਕੇ ਜਿਸਦੀ ਗੱਲ/ਪਹੁੰਚ ਬਹੁਤੀ ਤਰਕਪੂਰਨ, ਵਿਗਿਆਨਕ ਲੱਗੇ ਕੁਦਰਤੀ ਹੀ ਉਸਦਾ ਪ੍ਰਭਾਵ ਵੀ ਕਬੂਲਦਾ ਹੈ। ਸਾਡੇ ਸਮਿਆਂ ਦਾ ਸੱਚ ਹੋਰ ਬਹੁਤ ਸਾਰਿਆਂ ਦੇ ਨਾਲ਼ ਮਾਰਕਸਵਾਦ-ਲੈਨਿਨਵਾਦ ਨੇ ਉਜਾਗਰ ਕੀਤਾ (ਭਾਵੇਂ ਕਿ ਇਹ ਵੀ ਸੱਚ ਹੈ ਕਿ ਆਖਰੀ ਸੱਚ ਕੋਈ ਨਹੀਂ ਹੁੰਦਾ) ਇਸਨੇ ਦੁਨੀਆ ਦੇ ਦੀਨ-ਦੁਖੀ ਨੂੰ ਉਹਦੇ ਕਸ਼ਟ-ਕਲੇਸ਼, ਦੁੱਖਾਂ ਤਕਲੀਫਾਂ ਦੇ ਅਸਲੀ ਕਾਰਨਾਂ ਤੋਂ ਜਾਣੂ ਕਰਵਾਇਆ ਅਤੇ ਆਪਣੀ ਮਾੜੀ ਹਾਲਤ ਤੋਂ ਛੁਟਕਾਰੇ ਦਾ ਰਾਹ ਦੱਸਿਆ। ਜਿਸਨੇ ਸੰਪੂਰਨ ਮਨੁੱਖ ਦੀ ਸਿਰਜਣਾ ਦੇ ਸੰਕਲਪ ਨੂੰ ਅਸਲੀ ਜਾਮਾ ਪਹਿਨਾਉਣ ਵਾਲੀ ਜੱਦੋਜਹਿਦ ਨੂੰ ਅਮਲੀ ਰੂਪ ਵਿਚ ਛੇੜਿਆ। ਦੁਨੀਆਂ ਅੰਦਰ ਚੰਗੀ ਜ਼ਿੰਦਗੀ ਜੀਉਣ ਦੀ ਤਾਂਘ ਰੱਖਦੇ ਲੋਕਾਂ ਦੇ ਮਨਾਂ ਦਾ ਹੁਲਾਰਾ ਬਣ ਗਿਆ ਇਹ ਨਵਾਂ ਸਿਧਾਂਤ।
ਗੁਲਾਮੀ ਦੀ ਉਮਰ ਭੋਗ ਰਹੇ ਮੁਲਕਾਂ ਦੇ ਲੋਕਾਂ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋੜ ਦੇਣ ਦਾ ਵਿਚਾਰ ਤੇ ਹੌਸਲਾ ਦਿੱਤਾ। ਉਨ੍ਹਾਂ ਮੁਲਕਾਂ ਨੇ ਅਜ਼ਾਦੀ ਪ੍ਰਾਪਤ ਕੀਤੀ। ਦੁਨੀਆਂ ਨੂੰ ਮਾਰਕਸਵਾਦ-ਲੈਨਿਨਵਾਦ ਦੀ ਦੇਣ ਬਹੁਤ ਵੱਡੀ ਹੈ ਕਿਉਂਕਿ ਇਹ ਸਕਾਰਆਤਮਿਕ ਹੈ। ਹਾਂ, ਜਿਹਨਾਂ ਨੂੰ ਇਹ ਭੁੱਲ ਗਈ ਹੋਵੇ ਉਨ੍ਹਾਂ ਦੀ ਗੱਲ ਕਰਨੀ ਹੀ ਫਜ਼ੂਲ ਹੈ। ਸੁੱਤੇ ਪਏ ਨੂੰ ਤਾਂ ਉਠਾਇਆ ਜਾ ਸਕਦਾ ਹੈ ਪਰ ਮਚਲੇ ਦਾ ਕੀ ਇਲਾਜ? ਮਚਲੇ ਲੋਕ ਆਪਣੇ ਆਪ ਹੀ ਆਪਣੇ ਆਪ ਉੱਤੇ ਸਿਆਣਪ ਦਾ ਝੁੱਲ ਪਾ ਕੇ, ਆਪਣੀ ਹਕੀਕਤ ਭੁੱਲ ਕੇ ਨਕਲੀ ਜੀਊਣ ਵਿਚ ਹੀ ਆਪਣਾ ਭਲਾ ਸਮਝਣ ਲਗ ਪੈਂਦੇ ਹਨ। 

ਮਾਰਕਸਵਾਦ ਤੋਂ ਪ੍ਰਭਾਵਿਤ ਹੋਣ ਦਾ ਮੇਰਾ ਵੀ ਇਹ ਹੀ ਕਾਰਨ ਸੀ ਕਿ ਇਸਦੇ ਬਾਨੀਆਂ ਨੇ ਲੁਕੋ ਕੇ ਕਿਸੇ ਕਿਸਮ ਦੀਆਂ ਭਰਮ ਪਾਊ ਗੱਲਾਂ ਨਹੀ ਕੀਤੀਆਂ ਸਗੋਂ ਜ਼ਿੰਦਗੀ ਦਾ ਹਕੀਕਤ ਨਾਲ਼ ਮੇਲ਼ ਕਰਕੇ ਹੀ ਸਮੁੱਚੀ ਗੱਲ ਤੋਰੀ। ਜਦੋਂ ਇਹ ਗੱਲ ਪੜ੍ਹਦੇ/ਸੁਣਦੇ ਹਾਂ ਕਿ ਮਾਰਕਸ ਹਰ ਗੱਲ/ਵਸਤ ਤੇ ਸ਼ੱਕ ਕਰਨ ਨੂੰ ਕਹਿੰਦਾ ਹੈ ਤਾਂ ਇਹ ਵੀ ਯਾਦ ਆਉਂਦਾ ਹੈ ਜੋ ਮਾਰਕਸ ਨੇ ਆਪ ਹੀ ਕਿਹਾ ਸੀ ਕਿ ‘ਮੈਂ ਮਾਰਕਸਵਾਦੀ ਨਹੀਂ ਹਾਂ’ ਭਾਵ ਇਸਦਾ ਇਹ ਹੈ ਕਿ ਅੱਖਾਂ ਮੀਚ ਕੇ ਕਿਸੇ ਦਾ ਪਿਛਲੱਗ ਬਣਕੇ ਤੁਰਨ ਦਾ ਉਹ ਵਿਰੋਧੀ ਸੀ। ਮਾਰਕਸ ਨੇ ਹਰ ਵਿਚਾਰ ਨੂੰ ਪਾਰਖੂ ਨਜ਼ਰ ਨਾਲ਼ ਦੇਖਣ ਵਾਸਤੇ ਕਿਹਾ ਅਤੇ ਹਰ ਸਮੇਂ ਪਰਖ ਨੂੰ ਦਲੀਲ ਦਾ ਸੰਦ ਬਣਾਇਆ। ਕੋਈ ਮਾਰਕਸਵਾਦ- ਲੈਨਿਨਵਾਦ ਨੂੰ ਮੰਨੇ ਜਾਂ ਨਾ ਮੰਨੇ, ਪਰ ਹਰ ਕੋਈ ਅੱਖਾਂ ਖੁੱਲ੍ਹੀਆਂ ਰੱਖ ਕੇ ਤਾਂ ਤੁਰੇ। ਅੱਖਾਂ ਬਿਨਾਂ ਕਾਹਦਾ ਜਹਾਨ? ਮਾਰਕਸਵਾਦ ਦਾ ਅਧਿਐਨ ਕਰਦਿਆਂ ਵੀ ਅੱਖਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ ਹਨ। ਜਿੱਥੇ ਵੀ ਕੁਝ ਅਪ੍ਰਸੰਗਕ ਲੱਗੇ ਉਹਨੂੰ ਮੱਲੋਜ਼ੋਰੀ ਪ੍ਰਸੰਗਕ ਬਨਾਉਣ ਦਾ ਧੱਕੇਸ਼ਾਹੀ ਵਾਲ਼ਾ ਜਤਨ ਨਹੀਂ ਕਰਨਾ ਚਾਹੀਦਾ। ਜੇ ਕੋਈ ਇੰਜ ਕਰੇ ਤਾਂ ਉਹ ਮਾਰਕਸਵਾਦ ਨਾਲ਼ ਤਾਂ ਬੇਇਨਸਾਫੀ ਕਰੇਗਾ ਹੀ ਅਤੇ ਆਪਣੇ ਆਪ ਨਾਲ ਵੀ। ਸ਼ਬਦ ਦੇ ਲੜ ਲੱਗ ਕੇ ਵਿਚਾਰ ਚਰਚਾ ਦਾ ਆਰੰਭ ਹੁੰਦਾ ਹੈ। ਦੁੱਧ ਦੇ ਜੰਮੇ ਦਹੀਂ ਨੂੰ ਰਿੜਕਿਆ ਜਾਵੇ ਤਦ ਹੀ ਮੱਖਣ ਨਿਕਲ਼ਦਾ ਹੈ। ਇਸ ਤਰ੍ਹਾਂ ਹੀ ਕਿਸੇ ਵਿਚਾਰ ਨੂੰ ਵਿਚਾਰਿਆਂ ਹੀ ਕੋਈ ਸਿੱਟਾ ਨਿਕਲਦਾ ਹੈ-ਸਾਰਥਿਕਤਾ ਪੱਲੇ ਪੈਂਦੀ ਹੈ। ਜਿਹੜੇ ਸ਼ਬਦ ਦੀ ਸਾਰਥਿਕਤਾ ਨੂੰ ਨਜ਼ਰ-ਅੰਦਾਜ਼ ਕਰਦੇ ਹਨ, ਉਹਨਾਂ ਔਝੜ ਹੀ ਜਾਣਾ ਹੁੰਦਾ ਹੈ। ਉਨ੍ਹਾ ਨਾਲ਼ ਤਾਂ ਬਹਿਸਣਾ ਵੀ ਵਕਤ ਗੁਆਉਣਾ ਹੀ ਹੈ, ਉਨ੍ਹਾਂ ਬਾਰੇ ਤਾਂ ਬਾਣੀ ਵਿਚੋਂ ਕੀਮਤੀ ਮੱਤ ਲੈ ਲੈਣੀ ਚਾਹੀਦੀ ਹੈ:

ਪੜ ਅੱਖਰ ਏਹੋ ਬੂਝੀਐ
ਮੂਰਖੈ ਸੰਗ ਨਾ ਲੂਝੀਐ

ਕੁਝ ਲੋਕ ਅਜਿਹੀ ਸਥਿਤੀ ਵਿਚ ਕਿਸੇ ਦੂਜੇ ਨੂੰ ਹੀਣਾ ਕਰਨ ਦੇ ਮਕਸਦ ਨਾਲ਼ ਬੇ-ਸਿਰ ਪੈਰ ਘਟੀਆ ਜਹੇ ਮਿਹਣਿਆਂ ਤੱਕ ਉਤਰ ਜਾਂਦੇ ਹਨ। ਆਪ ਹੀ ਆਪਣੇ ਮੋਢਿਆਂ ਉੱਤੇ ਵਿਦਵਾਨ ਹੋਣ ਦੀਆਂ ਨਕਲੀ ਫੀਤੀਆਂ ਲਾ ਕੇ ਦੂਜਿਆਂ ਨੂੰ ਪਿਛਲੱਗ ਆਖਦੇ ਫਿਰਨਗੇ। ਜਿਹੜੇ ਕੱਲ੍ਹ ਤੱਕ ਮਾਰਕਸਵਾਦੀਆਂ ਵਾਸਤੇ ਝਾੜੂ ਫੇਰਨ ਤੱਕ ਜਾਂਦੇ ਸਨ ਅੱਜ ਉਹ ਉਸ ਤੋ ਨਾਬਰ ਹੀ ਨਹੀਂ ਹੋਏ ਸਗੋਂ ਦੁਸ਼ਮਣਾਂ ਵੱਲ ਖੜ੍ਹੇ ਨਜ਼ਰ ਆਉਂਦੇ ਹਨ। ਠੀਕ ਹੀ ਹੋਇਆ, ਉਹ ਆਪਣੇ ਆਪ ਨੂੰ ਭੁੱਲ ਗਏ, ਨਹੀਂ ਤਾਂ ਉਨ੍ਹਾਂ ਨੂੰ ਚੰਗਾ ਸੋਚਣ ਤੇ ਕੁਝ ਚੰਗਾ ਕਰਨ ਅਤੇ ਆਪਣੇ ਆਪ ਨਾਲ਼ ਵਫ਼ਾ ਪਾਲਣ ਦਾ ਫਿਕਰ ਰਹਿਣਾ ਸੀ। ਲੋਕ ਦਰਦੀਆਂ ਨੂੰ ਕਈ ਤਰਾਂ ਦੇ ਮਿਹਣੇ ਵੀ ਝੱਲਣੇ ਪੈਦੇ ਹਨ ਪਰ ਜਿਹੜਾ ਲੋਕ ਦਰਦੀ ਆਪਣੀ ਧੁਨ ਦਾ ਪੱਕਾ ਹੁੰਦਾ ਹੈ ਉਹਦੇ ਉੱਤੇ ਮਿਹਣੇ ਦਾ ਕਾਹਦਾ ਅਸਰ? ਬਾਬਾ ਬੁੱਲੇ ਸ਼ਾਹ ਫਰਮਾਂਉਦੇ ਹਨ :

ਬੁੱਲਿਆ ਲੋਕੀ ਤੈਨੂੰ ਕਾਫਿ਼ਰ ਕਹਿੰਦੇ
ਤੂੰ ਆਹੋ ਆਹੋ ਆਖ

ਪੜ੍ਹਨ-ਲਿਖਣ ਦਾ ਸਹੀ ਸਥਾਨ ਵਧੀਆ ਕਮਰੇ ਹੀ ਤਾਂ ਨਹੀ ਹੁੰਦੇ। ਗੁਰੂਆਂ, ਪੀਰਾਂ, ਭਗਤਾਂ ਅਤੇ ਹੋਰ ਮਹਾਂਪੁਰਸ਼ਾਂ ਨੇ ਬੋਲਾਂ, ਸ਼ਬਦਾਂ ਦੇ ਉਚਾਰਨ ਵਾਸਤੇ ਕਿਹੜੇ ਸਥਾਨ ਵਰਤੇ? ਉਹ ਜਿੱਥੇ ਵੀ ਬੈਠੇ ਉੱਥੇ ਹੀ ਕੁਝ ਉਚਾਰਿਆ। ਸਫਰ ਉੱਤੇ ਨਿਕਲੇ ਤਾਂ ਵੀ, ਕਿਸੇ ਭੀੜ ਵਿਚ ਵਿਚਰੇ ਤਦ ਵੀ, ਆਪਣੇ ਆਪ ਨੂੰ ਪਹੁੰਚੇ ਹੋਏ ਅਖਵਾਉਣ ਵਾਲਿਆਂ ਸੰਗ ਬੈਠੇ ਤਾਂ ਵੀ ਉਨ੍ਹਾਂ ਨੇ ਸੰਵਾਦ ਰਚਾਇਆ/ਗੋਸ਼ਟਿ ਕੀਤੇ ਅਤੇ ਸਮੇਂ ਨੂੰ ਸਕਾਰਥ ਕਰਨ ਦਾ ਯਤਨ ਕੀਤਾ। ਖੁੱਲ੍ਹੇ ਅਸਮਾਨ ਹੇਠ ਵੀ ਬੈਠੇ ਉੱਥੇ ਵੀ ਰਚਨਾ ਕੀਤੀ। ਰਿਸ਼ੀਆਂ ਮੁਨੀਆਂ ਵਲੋ ਜੰਗਲਾਂ ਅੰਦਰ ਘਾਹ-ਫੂਸ ਦੀਆਂ ਕੁੱਲੀਆਂ ਵਿਚ ਬੈਠ ਕੇ ਵੇਦ-ਗ੍ਰੰਥ ਲਿਖੇ ਜਾਣ ਦੇ ਹਵਾਲੇ ਮਿਲਦੇ ਹਨ। ਹਰ ਰਚਨਾਕਾਰ ਨੇ ਆਪਣੇ ਰਚਨਾਤਮਿਕ ਪਲਾਂ ਨੂੰ ਫੜਨ ਵਾਸਤੇ ਆਪਣਾ ਮਾਹੌਲ ਆਪ ਲੱਭਣਾ/ਸਿਰਜਣਾ ਹੁੰਦਾ ਹੈ। ਮਨੁੱਖ ਆਪਣੇ ਆਪ ਨੂੰ ਸਮੇਂ ਸਥਾਨ ਅਨੁਸਾਰ ਢਾਲਣ ਵਾਲ਼ਾ ਹੋਵੇ ਤਾਂ ਔਖਿਆਈ ਵੀ ਕੋਈ ਨਹੀਂ ਹੁੰਦੀ। ਮੈਂ ਖੁਦ, ਪੜ੍ਹਨ ਲਿਖਣ ਦਾ ਕਾਰਜ ਕਿਸੇ ਨਿਸਚਤ ਥਾਂ ਨਹੀਂ ਕਰ ਸਕਦਾ। ਘਰ ਹੋਵਾਂ ਤਾਂ ਬੈਠਣ ਵਾਲ਼ਾ ਕਮਰਾ, ਰਸੋਈ ਅੰਦਰ ਰੋਟੀ ਖਾਣ ਵਾਲ਼ਾ ਮੇਜ਼, ਬੱਚਿਆਂ ਦੇ ਕਮਰੇ ਵਿਚ ਉਨ੍ਹਾਂ ਦੇ ਪੜ੍ਹਨ ਲਿਖਣ ਵਾਲ਼ਾ ਸਥਾਨ ਆਦਿ ਕਿਧਰੇ ਵੀ ਸਮਾਧੀ ਲਾਈ ਜਾ ਸਕਦੀ ਹੈ। ਕੰਮ ਉੱਤੇ ਹੋਵਾਂ ਤਾਂ ਉੱਥੇ ਵੀ ਵਿਹਲ ਦੇ ਸਮੇਂ ਨੂੰ ਕਈ ਵਾਰ ਪੜ੍ਹਨ ਲਿਖਣ ਵਾਸਤੇ ਵਰਤ ਲੈਂਦਾ ਹਾਂ। ਸੈਰ ਕਰਨ ਵੇਲੇ ਬੈਠਣ ਲਈ ਚੰਗਾ ਥਾਂ ਮਿਲ਼ ਜਾਵੇ, ਸਮਾਂ ਹੋਵੇ ਤਾਂ ਵੀ ਇਨ੍ਹਾਂ ਪਲਾਂ ਨੂੰ ਹੱਥੋਂ ਨਹੀਂ ਜਾਣ ਦਿੰਦਾ । ਸਫ਼ਰ ਕਰਦਿਆਂ ਮੌਕਾ ਮਿਲੇ ਤਾਂ ਪੜ੍ਹਨ ਨੂੰ ਤਰਜੀਹ ਦਿੰਦਾ ਹਾਂ। ਇਸ ਕਰਕੇ ਹੀ ਕਈ ਵਾਰ ਕਾਰ ਦੀ ਬਜਾਇ ਰੇਲ ਗੱਡੀ ਵਿਚ ਸਫ਼ਰ ਕਰਨ ਦਾ ਮਨ ਬਣਾ ਲੈਂਦਾ ਹਾਂ। ਇੰਝ ਕੁਝ ਪਲਾਂ ਦੀ ਸਾਰਥਿਕਤਾ ਫੜੀ ਜਾ ਸਕਦੀ ਹੈ। ਗੱਲ ਇੱਕ ਵਾਰ ਧੁਨ ਛਿੜਨ ਦੀ ਹੈ ਫੇਰ ਕੋਈ ਰੁਕਾਵਟ ਨਹੀਂ ਆਉਂਦੀ। ਰੇਲ ਗੱਡੀ ਰਾਹੀਂ ਸਫਰ ਕਰਦਿਆਂ ਕਈ ਵਾਰ ਚੰਗੇ ਲੋਕਾਂ ਨਾਲ਼ ਸੰਵਾਦ ਰਚਾਉਣ ਦਾ ਸਬੱਬ ਵੀ ਬਣ ਜਾਂਦਾ ਹੈ, ਇਹ ਵੀ ਲਾਹੇਵੰਦ ਹੀ ਹੁੰਦਾ ਹੈ।

ਵੱਖੋ ਵੱਖ ਲੋਕਾਂ ਦੀਆਂ ਨਵੀਆਂ ਗੱਲਾਂ/ਵਿਚਾਰ ਪੜ੍ਹੀਦੇ ਸੁਣੀਂਦੇ ਹਨ। ਅੱਜ-ਕਲ੍ਹ ਕਈ ਇਤਿਹਾਸ ਦੀ ਮੌਤ ਦੀਆਂ ਗੱਲਾਂ ਕਰਦੇ ਹਨ। ਇਹ ਕੋਈ ਨਵੇਂ ਜੀਊੜੇ ਨਹੀ, ਸਿਰਫ ਰੰਗ ਹੀ ਨਵਾਂ ਹੈ। ਇਨ੍ਹਾਂ ਸਿਰਫ ਫੈਸ਼ਨ ਹੀ ਬਦਲਿਆ ਹੈ। ਕਿਸੇ ਵਲੋਂ ਫੈਸ਼ਨ ਬਦਲਣ ਉੱਤੇ ਭਲਾ ਕੌਣ ਪਾਬੰਦੀ ਲਾ ਸਕਦਾ ਹੈ? ਭਾਰਤੀ ਸਮਾਜ ਦੀ ਸਥਿਤੀ ਅਜੇ ਪੂਰੇ ਤੌਰ ‘ਤੇ ਆਧੁਨਿਕ ਨਹੀਂ ਹੋਈ ਪਰ ਸਾਹਿਤ ਅੰਦਰ ਉੱਤਰ-ਆਧੁਨਿਕਤਾ ਦੀ ਲਹਿਰ ਚੱਲ ਰਹੀ ਹੈ। ਕਮਾਲ ਤਾਂ ਇਸ ਗੱਲ ਦਾ ਹੈ ਕਿ ਜਿਹੜੇ ਮੱਧਯੁਗੀ ਰਚਨਾ ਕਰ ਰਹੇ ਹਨ, ਇਹ ਮਹਾਂ ਵਿਦਵਾਨ ਉਨ੍ਹਾਂ ਨੂੰ ਵੀ ਆਪਣੇ ਧੜੇ ਵਿਚ ਰਲਾਉਣ ਦੀ ਗਰਜ਼ ਨਾਲ਼ ਉਨ੍ਹਾਂ ਉੱਤੇ ਵੀ ਮੱਲੋਜ਼ੋਰੀ, ਬਿਨਾ ਸੋਚੇ ਸਮਝੇ ਉੱਤਰ-ਆਧੁਨਿਕ ਹੋਣ ਦਾ ਲੇਬਲ ਚਿਪਕਾਈ ਜਾ ਰਹੇ ਹਨ। ਹੈ ਨਾ ਆਪਣੇ ਆਪ ਨੂੰ ਠੱਠਾ ਕਰਨ ਵਾਲੀ ਗੱਲ? ਇੱਥੋਂ ਬੜਾ ਹੀ ਮਹੱਤਵ ਪੂਰਨ ਸਵਾਲ ਪੈਦਾ ਹੁੰਦਾ ਹੈ ਕਿ ਸਾਹਿਤ ਤੇ ਸਮਾਜ ਦਾ ਵੀ ਕੋਈ ਰਿਸ਼ਤਾ ਹੁੰਦਾ ਹੈ? ਜਿਹੜਾ ਸਮਾਜ ਪਛੜੇਵੇਂ, ਗਰੀਬੀ, ਭੁੱਖ, ਅਨਪੜ੍ਹਤਾ ਆਦਿ ਕਰਕੇ ਮੱਧਯੁਗੀ ਕਦਰਾਂ ਕੀਮਤਾਂ ਦਾ ਧਾਰਨੀ ਹੋਵੇ ਉੱਥੇ ਕਿਹੜੀ ਲਹਿਰ ਉੱਠੇਗੀ ਜਾਂ ਉੱਠਣੀ ਚਾਹੀਦੀ ਹੈ? ਜਿੱਥੋਂ ਦੇ ਰਾਜਨੀਤਿਕ ਲੀਡਰ, ਬੁੱਧੀਜੀਵੀ ਤਾਂਤਰਿਕਾਂ ਜਾਂ ਜੋਤਸ਼ੀਆਂ ਦੇ ਮੁਰੀਦ ਹੋਣ, ਝੂਠ ਤੇ ਪਾਖੰਡ ਦੇ ਆਪੇ ਬਣੇ ਗਵਾਹ ਹੋਣ, ਉਹ ਆਪਣੇ ਮਖੌਟੇ ਨੂੰ ਕਦੋਂ ਤੱਕ ਛੁਪਾ ਸਕਣਗੇ? ਇਹ ਬਹੁਤ ਹੀ ਸੋਚਣ ਸਮਝਣ ਵਾਲ਼ਾ ਮਸਲਾ ਹੈ। ਫੋਕੀ ਉੱਤਰ-ਆਧੁਨਿਕਤਾ ਵਾਲ਼ੇ ਭਾੜੇ ਦੇ ਰਥਵਾਨਾਂ ਨੂੰ ਇਸਦਾ ਜਵਾਬ ਦੇਣਾ ਹੀ ਪਵੇਗਾ। ਲਿਖਣ ਦੇ ਰਾਹੇ ਪੈਣ ਲੱਗਿਆਂ ਬਹੁਤ ਹੀ ਸੋਚਣਾ ਪੈਂਦਾ ਹੈ। ਇਸ ਵਾਸਤੇ ਕੋਈ ਕਿਸੇ ਨੂੰ ਮਜਬੂਰ ਨਹੀਂ ਕਰਦਾ। ਇਸਨੂੰ ਘਾਟੇ ਵਾਲ਼ਾ ਸੌਦਾ (ਪੰਜਾਬੀ ਵਿਚ ਤਾਂ ਇਵੇਂ ਹੀ ਹੈ) ਕਿਹਾ ਜਾਂਦਾ ਹੈ। ਉਂਜ ਜੇ ਸੋਚਿਆ ਜਾਵੇ ਤਾਂ ਅਸਲੀ ਸੌਦਾ ਹੁੰਦਾ ਹੀ ਘਾਟੇ ਵਾਲ਼ਾ ਹੈ। ਇਹ ਰਾਹ ਤਾਂ ਬਾਬਾ ਨਾਨਕ ਸਾਨੂੰ ਸਦੀਆਂ ਪਹਿਲਾਂ ਦੱਸ ਗਏ ਹਨ। ਫੇਰ
ਇਸ ਤੋਂ ਮੂੰਹ ਮੋੜਨ ਵਾਲ਼ੇ ਆਪਣੇ ਹੱਕ ਵਿਚ ਕਿਹੜੀ ਦਲੀਲ ਘੜਨਗੇ? ਬਾਬੇ ਦੇ ਵਚਨਾਂ ਵਲੋ ਮੂੰਹ ਮੋੜਦ5ਰਦਿਉਹਨਾਂ ਨੂੰ ਸ਼ਰਮ ਤਾਂ ਨਹੀਂ ਆਵੇਗੀ? ਜਾਂ ਫੇਰ ਅੱਜਕੱਲ੍ਹ ਬੁਧੀਜੀਵੀ (ਆਪੇ ਬਣੇ) ਤੇ ਬੇਸ਼ਰਮੀ ਇੱਕੋ ਸਿੱਕੇ ਦੇ ਦੋ ਪਾਸੇ ਬਣਦੇ ਜਾ ਰਹੇ ਹਨ? ਇਹ ਤਾਂ ਬਿਲਕੁਲ ਨਹੀਂ ਹੋਣਾ ਚਾਹੀਦਾ, ਇਹ ਬਹੁਤ ਹੀ ਮਾੜਾ ਰਾਹ ਹੈ। ਸਾਡਾ ਸਮਾਜ ਅੱਜ ਵੀ ਲੁੱਟ ਤੇ ਅਧਾਰਤ ਹੈ। ਲੋਕ ਰਾਜ ਅੰਦਰ ਲੋਕ ਸ਼ਬਦ ਨਿਤਾਣਾ ਹੀ ਨਹੀਂ ਸਗੋ ਗਿਆਂ-ਗੁਜ਼ਰਿਆਂ ਵਰਗਾ ਹੋ ਗਿਆ ਹੈ। ਭਾਈ ਲਾਲੋ ਅਜੇ ਵੀ ਰੁਲ਼ਦਾ ਫਿਰਦਾ ਹੈ। ਮਲਕ ਭਾਗੋ ਦੇ ਮਾਹਲ ਪੂੜਿਆਂ ਵਿਚੋਂ ਅਜੇ ਵੀ ਲਾਲੋ ਦੀ ਕਿਰਤ ਦਾ ਖੂਨ ਨੁੱਚੜਦਾ ਹੈ। ਸੰਸਾਰ ਪ੍ਰਬੰਧ ਜੋ ਸਰਾਸਰ ਅਨਿਆਂ ਉੱਤੇ ਅਧਾਰਤ ਹੈ, ਆਪਣੇ ਆਪ ਨੂੰ ਬੁਧੀਜੀਵੀ ਕਹਾਉਣ ਵਾਲ਼ੇ ਲੋਭ ਦੇ ਮਾਰੇ ਜੀਊੜੇ ਉਸਦਾ ਅੰਗ ਬਣਦੇ ਜਾ ਰਹੇ ਹਨ। ਕੋਝੇ ਵਿਦਵਾਨ ਬਸਤੀਵਾਦ ਦੇ ਸ਼ਬਦ ਨੂੰ ਨਵਾਂ ਰੂਪ ਦੇ ਕੇ ਨਵ-ਬਸਤੀਵਾਦ ਨਹੀਂ ਸਗੋਂ ਇਸਨੂੰ ਵਿਸ਼ਵੀਕਰਨ (ਗਲੋਬਲਾਈਜ਼ੇਸ਼ਨ) ਦਾ ਨਾਂ ਦਿੰਦੇ ਹਨ। ਇਹ ਲੁੱਟ ਦੇ ਨਵੇਂ ਢੰਗ ਦਾ ਨਾਂ ਹੈ। ਏਸ਼ੀਆ, ਅਫਰੀਕਾ, ਲਾਤੀਨੀ ਅਮਰੀਕਾ ਆਦਿ ਦੇ ਵਿਕਾਸ ਕਰ ਰਹੇ ਅਤੇ ਪਛੜੇ ਮੁਲਕਾਂ ਦੇ ਗਲ਼ ਪਾਏ ਜਾ ਰਹੇ ਨਵੇਂ ਫਾਹੇ ਦਾ ਨਾਂ ਹੈ। ਲੁੱਟਣ ਵਾਸਤੇ ਲੁਭਾਉਣੇ ਸ਼ਬਦਾਂ ਦੇ ਭਰਮ ਜਾਲ਼ ਹੇਠ ਨਵੀਆਂ ਮੰਡੀਆਂ ਦੀ ਭਾਲ਼ ਕੀਤੀ ਜਾ ਰਹੀ ਹੈ। ਲੋਕਾਂ ਨੂੰ ਇਹਦੇ ਬਾਰੇ ਕੌਣ ਦੱਸੇਗਾ? ਇਸ ਖਤਰੇ ਤੋਂ ਕੌਣ ਬਚਾਵੇਗਾ? ਲੋਕਾਂ ਨੂੰ ਸਮਾਨਤਾ, ਨਿਆਂ ਭਰਪੂਰ, ਮਨੁੱਖੀ ਹੱਕਾਂ ਵਾਲੇ ਸਮਾਜ ਅਤੇ ਧੱਕੇ-ਧੌਂਸ ਤੇ ਲੁੱਟ ਰਹਿਤ ਨਵੇਂ ਸੰਸਾਰ ਪ੍ਰਬੰਧ ਦੀ ਬਹੁਤ ਲੋੜ ਹੈ। ਸੰਸਾਰ ਪ੍ਰਬੰਧ ਨੇ ਅਜੇ ਸਭੈ ਸਾਂਝੀਵਾਲ.... ਦਾ ਰੂਪ ਧਾਰਦਿਆਂ ਨਵਾਂ ਬੇਗਮਪੁਰਾ ਸਿਰਜਣਾ ਹੈ। ਇਸਦੀ ਸਿਰਜਣਾ ਫੇਰ ਕੌਣ ਕਰੂ? ਸਿਆਣੇ, ਬੁਧੀਮਾਨ ਇਨ੍ਹਾਂ ਸਵਾਲਾਂ ਦੇ ਰੂ-ਬ-ਰੂ ਹੋਏ ਬਿਨਾਂ ਸੁਰਖਰੂ ਨਹੀਂ ਹੋ ਸਕਦੇ। ਜਾਗਦੀ ਜ਼ਮੀਰ ਵਾਲਾ ਕੋਈ ਵੀ ਇਨਸਾਨ (ਲੇਖਕ ਅਤੇ ਵਿਦਵਾਨ ਤਾਂ ਬਿਲਕੁਲ ਨਹੀਂ) ਉਪਰੋਕਤ ਸਵਾਲਾਂ ਵਲ ਪਿੱਠ ਕਰਕੇ ਅੱਗੇ ਨਹੀਂ ਲੰਘ ਸਕਦਾ। ਇਹ ਉਸਦਾ ਆਪਣੇ ਵਲੋਂ ਲੋਕਾਂ ਪ੍ਰਤੀ ਮਿੱਥਿਆ ਫ਼ਰਜ਼ ਹੈ। ਕਲਮ ਹੱਥ ਵਿਚ ਫੜਨ ਵਾਲ਼ਾ ਕਲਮ ਦਾ ਅਪਮਾਨ ਨਹੀਂ ਕਰ ਸਕਦਾ। ਕਲਮ ਨੂੰ ਤਾਂ ਨੀਵੇਂ-ਨਿਤਾਣਿਆਂ ਦੇ ਸੰਗ ਖੜੇ ਹੋ ਕੇ ਉਨ੍ਹਾਂ ਦੀ ਤਾਕਤ ਬਣਨਾ ਪੈਣਾ ਹੈ। ਸਾਰੇ ਜਹਾਨ ਦਾ ਦਰਦ ਆਪਣੇ ਸੀਨੇ ਤੇ ਝੱਲਣਾ ਪੈਣਾ ਹੈ। ਇਸ ਨਾਲ਼ ਹੀ ਤਾਂ ਫ਼ਰਜ਼ ਦੀ ਪੂਰਤੀ ਹੋਵੇਗੀ। ਕਿਸੇ ਦੇ ਮੱਥੇ ਦੀ ਲੋਅ ਬਣ ਜਾਂਦੇ ਹਨ-ਮਹਾਂਪੁਰਸ਼ਾਂ ਦੇ ਪ੍ਰਵਚਨ। ਇਨ੍ਹਾਂ ਦੇ ਆਸਰੇ ਹਨੇਰੇ ਵਿਚ ਆਸ ਦੇ ਦੀਵੇ ਬਲ਼ਦੇ ਹਨ, ਫੇਰ ਜੱਗ ਚਾਨਣ ਹੁੰਦਾ ਹੈ। ਕਬੀਰ ਜੀ ਸਾਡੇ ਉੱਘੇ ਸੰਤ ਹੀ ਨਹੀਂ ਉੱਚਕੋਟੀ ਦੇ ਚਿੰਤਕ ਵੀ ਹੋਏ ਹਨ। ਉਨ੍ਹਾਂ ਦੀ ਬਾਣੀ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ। ਉਨ੍ਹਾਂ ਨੇ ਆਪਣੀ ਬਾਣੀ ਵਿਚ ਇਸ ਪਾਸੇ ਤੁਰੇ ਜਾਗਰੂਕ ਲੋਕਾਂ ਬਾਰੇ ਉਚਾਰਿਆ ਹੈ :

ਸੁਖੀਆ ਸਭ ਸੰਸਾਰ ਹੈ ਖਾਵੇ ਔਰ ਸੋਵੇ
ਦੁਖੀਆ ਦਾਸ ਕਬੀਰ ਹੈ ਜਾਗੇ ਔਰ ਰੋਵੇ

ਮੇਰਾ ਆਪਣਾ ਆਪਾ ਇਹੋ ਜਹੇ ਕਥਨਾਂ/ਪ੍ਰਵਚਨਾਂ ਨੂੰ ਆਪਣੇ ਮੱਥੇ ਦੀ ਲੋਅ ਸਮਝਦਾ ਹੈ। ਇਹਦੇ ਆਸਰੇ ਸਾਨੂੰ ਆਪਣਾ ਰਸਤਾ ਦਿਸਦਾ ਹੈ, ਆਪਣੇ ਫ਼ਰਜ਼ ਦੀ ਸੋਝੀ ਹੁੰਦੀ ਹੈ। ਮੇਰਾ ਆਪਣਾ ਆਪ ਲੋਕਾਂ, ਲੋਕ-ਪੱਖੀ ਸ਼ਕਤੀਆਂ, ਵੱਖੋ-ਵੱਖ ਵਿਚਾਰਧਾਰਾਵਾਂ ਤੋਂ ਸਿੱਖ-ਮੱਤ ਲੈ ਕੇ ਆਪਣੇ ਵਿਤ ਮੁਤਾਬਿਕ ਤੁਰ ਕੇ ਆਪਣੀ ਕਲਮ ਨਾਲ਼ ਵਫ਼ਾ ਪਾਲਣ ਲਈ ਵਚਨਵੱਧ ਹੈ। ਮੇਰਾ ਕਮਰਾ, ਕਮਰੇ ਵਿਚਲੀਆਂ ਕਿਤਾਬਾਂ ਮੇਰੀ ਸੋਚ ਨੂੰ ਪ੍ਰਭਾਵਿਤ ਕਰਦੀਆਂ ਹਨ। ਦੁਨੀਆਂ ਵਿਚ ਹੁੰਦੀ ਉਥਲ-ਪੁਥਲ ਅਤੇ ਬਦਲਦੀਆਂ ਸਥਿਤੀਆਂ, ਨਿੱਤ ਨਵੇਂ ਸਵਾਲ ਪੈਦਾ ਕਰਦੀਆਂ ਹਨ ਕਿ ਕਿਉਂ ਹੋ ਰਿਹਾ ਹੈ ਇਹ ਸਾਰਾ ਕੁਝ? ਕੌਣ ਕਰ ਰਿਹਾ ਹੈ? ਕੌਣ ਕਰਵਾ ਰਿਹਾ ਹੈ? ਮਨੁੱਖ ਕਿਉਂ ਨਿੱਘਰਦਾ ਜਾ ਰਿਹਾ ਹੈ ਦਿਨ ਪ੍ਰਤੀ ਦਿਨ? ਅਤੇ ਹੋਰ ਕਿੰਨਾ ਕੁ ਨਿੱਘਰੇਗਾ? ਉਪਰੋਕਤ ਸਾਰੇ ਹੀ ਸਵਾਲ ਕਮਰੇ ਵਿਚ ਬੈਠਕੇ ਵਿਚਾਰਦਾ ਹਾਂ ਤਾਂ ਮੇਰੀ ਕਲਮ, ਸ਼ਬਦਾਂ ਦਾ ਵਹਿਣ ਲੈ ਕੇ ਇਹਨਾਂ ਸਵਾਲਾਂ ਸੰਗ ਸੰਵਾਦ ਰਚਾਉਣ ਦਾ ਕਾਰਜ ਕਰਦੀ ਹੈ।

***