ਸਾਂਝ ਇਕ ਅਜਿਹਾ ਸ਼ਬਦ ਹੈ ਜਿਸਨੂੰ ਮਨੁੱਖੀ ਭਾਵਨਾਵਾਂ ਅੰਦਰਲੀ ਸਪਸ਼ਟਤਾ, ਪਾਰਦਰਸ਼ਤਾ ਅਤੇ ਮਾਨਵਵਾਦੀ ਸੋਚ-ਸੂਝ ਦਾ ਸਹੀ ਪ੍ਰਗਟਾਵਾ ਕਿਹਾ ਜਾ ਸਕਦਾ ਹੈ। ਸਾਂਝ ਆਪਣੇ ਅਰਥਾਂ ਵਲੋਂ ਵੀ ਇਕੱਲਿਉਂ ਸਮੂਹ ਜਾਂ ਕਿਸੇ ਦੂਜੇ ਨਾਲ ਮਿਲ ਬੈਠਣ ਦਾ ਬੋਲ ਬੋਲਦੀ ਹੈ। ਸਾਂਝ ਸੱਚ, ਮੁਹੱਬਤ ਅਤੇ ਨਿਮਰਤਾ ਦੀ ਬੋਲੀ ਹੁੰਦੀ ਹੈ। ਇਸੇ ਕਰਕੇ ਸਾਡੇ ਸਮਾਜ ਅੰਦਰ ਮਰਦਾਂ ਵਲੋਂ ਪੱਗ ਵਟਾਉਣ ਦਾ ਰਿਵਾਜ ਸੀ, ਜਿਸ ਦੇ ਆਸਰੇ ਸਾਂਝ ਦੇ ਨਾ ਟੁੱਟਣ ਦਾ ਇਕਰਾਰ ਕੀਤਾ ਜਾਂਦਾ ਸੀ। ਸੱਚ ਦੇ ਬੋਲ ਪਾਲਣ ਦਾ ਅਹਿਦ ਲਿਆ ਜਾਂਦਾ ਸੀ। ਪੱਗ ਵਟੇ ਨੂੰ ਭਰਾ ਕਿਹਾ ਹੀ ਨਹੀਂ ਸਗੋਂ ਸਮਝਿਆ ਜਾਂਦਾ ਸੀ। ਸਾਂਝ ਨੂੰ ਪੱਕਿਆਂ-ਪੀਡਿਆਂ ਕਰਨ ਵਾਸਤੇ ਉਹਨੂੰ ਮਾਂ-ਪਿਉ ਜਾਏ ਅਤੇ ਖੂਨ ਦੀ ਸਾਂਝ ਵਾਲੇ ਸਕੇ ਭਰਾ ਜਿੱਡਾ ਦਰਜਾ ਤੇ ਮਾਣ ਦਿੱਤਾ ਜਾਂਦਾ ਸੀ। ਪੱਗ ਵਟੇ ਭਰਾ ਵਾਸਤੇ ਜਾਨ ਤੱਕ ਵਾਰ ਦੇਣ ਦੀਆਂ ਕਹਾਣੀਆਂ ਬਹੁਤ ਦੇਰ ਪਹਿਲਾਂ ਤੋਂ ਹੀ ਸੁਣਦੇ ਆਏ ਹਾਂ। ਪਰ ਬਹੁਤ ਸਾਰੇ ਪਾਣੀ ਦੇ ਪੁਲਾਂ ਹੇਠੋਂ ਲੰਘ ਜਾਣ ਬਾਅਦ ਸਮੇਂ ਨੇ ਆਪਣਾ ਰੰਗ ਵਟਾਉਣਾ ਹੀ ਹੁੰਦਾ ਹੈ। ਸਮੇਂ ਸਥਾਨ ਦੀ ਤਬਦੀਲੀ ਨਾਲ ਵਕਤੀ ਗੱਲਾਂ ਤਾਂ ਹੋਰ ਦੀਆਂ ਹੋਰ ਹੋ ਸਕਦੀਆਂ ਹਨ, ਵਕਤੀ ਰੁੱਸ-ਰੁਸੇਵੇਂ ਵੀ ਹੋ ਸਕਦੇ ਹਨ। ਪਰ, ਸੱਚੇ ਅਤੇ ਸੁੱਚੇ ਬੋਲਾਂ ਦੇ ਆਸਰੇ ਪਈ ਸਾਂਝ ਕਦੇ ਨਹੀਂ ਟੁੱਟਦੀ ਅਤੇ ਨਾ ਹੀ ਇਸ ਦੀ ਮੂਲ਼ ਭਾਵਨਾ ਵਿਚ ਫਰਕ ਪੈਂਦਾ ਹੈ। ਇਹ ਜਿ਼ੰਦਗੀ ਦੇ ਰੁਖ ਬਦਲਣ ਵਾਲਾ ਰਾਹ ਬਣ ਜਾਂਦਾ ਹੈ। ਜਿ਼ੰਦਗੀ ਨੂੰ ਸੰਪੂਰਨਤਾ ਵਲ ਤੋਰਨ ਵਾਲੇ ਮੁਬਾਰਕ ਕਦਮਾਂ ਦਾ ਵਸੀਲਾ ਵੀ। ਬਸ! ਇਸਦਾ ਸਲੀਕਾ ਸਿੱਖਣ ਦੀ ਲੋੜ ਹੈ।
ਪੰਜਾਬੀ ਦੀ ਖੱਟੀ
ਅੱਜ ਦਾ ਜ਼ਮਾਨਾ ਉਸ ਪੜਾਅ ’ਤੇ ਪਹੁੰਚ ਗਿਆ ਹੈ ਜਿੱਥੇ ਨਵੀਆਂ ਕਦਰਾਂ - ਕੀਮਤਾਂ ਦਾ ਅਧਾਰ ਆਮ ਕਰਕੇ ਮੁਨਾਫਾ ਹੀ ਮਿੱਥਿਆ ਜਾ ਰਿਹਾ ਹੈ। ਭਾਵੇਂ ਕੁੱਝ ਲੋਕ ਇਸ ਪ੍ਰਵਿਰਤੀ ਤੋਂ ਸਦਾ ਹੀ ਦੂਰ ਰਹਿਣਗੇ, ਪਰ ਆਮ ਸੋਚ ਦੀ ਗੱਲ ਕਰਨੀ ਹੋਵੇ ਤਾਂ ਉਹ ਆਪਣੇ ਆਪੇ ਦੁਆਲੇ ਹੀ ਘੁੰਮਦੀ ਨਜ਼ਰ ਆਵੇਗੀ। ਗੱਲ ਜਿਵੇਂ ਕਿਵੇਂ ਅੱਗਾ ਸੁਆਰਨ ਦੀ ਹੋਵੇ, ਵੱਧ ਕਮਾਈ ਵਾਲੇ ਕੰਮ-ਕਾਰ ਜਾਂ ਧੰਦੇ ਅਪਨਾਉਣ ਦੀ ਹੋਵੇ, ਕਿਸੇ ਦਾ ਹੱਕ ਮਾਰ ਕੇ ਧਨ ਦੇ ਉੱਚੇ ਅੰਬਾਰ ਲਾਉਣ ਦੀ ਹੋਵੇ, ਮਾੜੇ ਕੰਮਾਂ ਦੇ ਆਸਰੇ ਵੀ ਸਮਾਜ ਅੰਦਰ ਨਾਂ ਬਨਾਉਣ ਦਾ ਭਰਮ ਪਾਲਣ ਦੀ ਹੋਵੇ ਆਦਿ। ਜਿਹੜਾ ਅੱਜ ਵੀ ਉੱਚੇ-ਸੁੱਚੇ ਇਖਲਾਕ ਅਤੇ ਵਿਰਸੇ ਵਿਚੋਂ ਮਿਲੇ ਚੰਗੇਪਨ ਨੂੰ ਅਪਨਾਉਣ ਅਤੇ ਸੁਥਰਾ ਜੀਵਨ ਜੀਊਣ ਦੀ ਗੱਲ/ਖਾਹਿਸ਼ ਕਰਦਾ ਹੈ ਜਾਂ ਉਸ ਉੱਤੇ ਅਮਲ ਕਰਦਾ ਹੈ ਉਸਨੂੰ ਬੇਗਾਨਿਆਂ ਵਲੋਂ ਹੀ ਨਹੀਂ ਸਗੋਂ ਆਪਣਿਆਂ ਹੱਥੋਂ ਹੀ ਨਿੱਤ ਸ਼ਰੇਆਮ ਖੱਜਲ-ਖੁਆਰ ਅਤੇ ਜ਼ਲੀਲ ਹੁੰਦੇ ਦੇਖਿਆ ਜਾ ਸਕਦਾ ਹੈ। ਇਹ ਆਧੁਨਿਕ ਯੁੱਗ ਅੰਦਰ ਸਿਰਜੇ ਜਾ ਰਹੇ ਨਵੇਂ ਮੁਨਾਫਾਖੋਰ “ਸੱਭਿਆਚਾਰ” ਦਾ ਹੀ ਅਟੁੱਟ ਅੰਗ ਕਿਹਾ ਜਾ ਸਕਦਾ ਹੈ। ਜਿੱਥੇ ਹਰ ਕਿਸਮ ਦੀ ਧੌਂਸ/ਧੱਕੇ ਨੂੰ ‘ਲਿਆਕਤ’ ਵਜੋਂ ਲਿਆ ਜਾਂਦਾ ਹੈ। ਜਿੱਥੇ ਕਈ ਵਾਰ ਗਊ ਨਾਲੋਂ ਗਧਾ ਵਧੀਆ ਗਿਣਿਆ ਜਾਂਦਾ ਹੈ। ਹਾਲਾਂਕਿ ਇਹ ਵਰਤਾਰਾ ਪੰਜਾਬੀ ਸੱਭਿਆਚਾਰਕ ਰਹੁ-ਰੀਤਾਂ ਅਤੇ ਪੰਜਾਬੀ ਜੀਊਣ ਢੰਗ ਦੇ ਵਿਰੋਧ ਵਿਚ ਜਾਂਦਾ ਹੈ।
ਹਾਜ਼ਰੀ ਦੀ ਗ਼ੈਰ-ਹਾਜ਼ਰੀ
ਕੁੱਝ ਪਲ ਅਜਿਹੇ ਹੁੰਦੇ ਹਨ ਜਦੋਂ ਮਨੁੱਖ
ਕਿਸੇ ਦੀ ਹਾਜ਼ਰੀ ਲੋੜਦਾ ਹੈ। ਇਹ ਹਾਜ਼ਰੀ ਉਸ ਵਿਅਕਤੀ ਵਾਸਤੇ ਉਤਸ਼ਾਹ ਤੇ ਹੁਲਾਸ ਦਾ
ਮੌਕਾ ਬਣਦੀ ਹੈ ਅਤੇ ਪ੍ਰੇਰਨਾ ਦਾ ਸਰੋਤ ਵੀ। ਇਸ ਹਾਜ਼ਰੀ ਦੇ ਸਦਕਾ ਉਸ ਦੇ ਅੰਦਰੋਂ ਆਪਣੇ
ਆਪ ਹੀ ਧੰਨਵਾਦ ਵਰਗਾ ਸ਼ਬਦ ਵੀ ਨਿਕਲਦਾ ਹੈ। ਅਜਿਹੇ ਸਮੇਂ ਮਨੁੱਖ ਨਸਿ਼ਆਇਆ ਜਿਹਾ
ਜਾਂਦਾ ਹੈ, ਇਹ ਹਾਜ਼ਰੀ ਦੀ ਗ਼ੈਰ-ਹਾਜ਼ਰੀਇਸ ਸਾਰੇ ਮਹੌਲ ਅੰਦਰ ਖਿਲਰੇ ਮਨੁੱਖੀ ਮੋਹ ਦਾ
ਕ੍ਰਿਸ਼ਮਾ ਹੀ ਹੁੰਦਾ ਹੈ। ਕਈ ਵਾਰ ਇਸ ਸਾਰੇ ਦਾ ਸਬੰਧ ਉਸ ਵਿਅਕਤੀ ਦੇ ਮਾਨਸਿਕ ਤਣਾਉ
ਵਿਚੀਂ ਲੰਘਦਿਆਂ ਇਸ ਤੋਂ ਮੁਕਤੀ/ਸ਼ਕਤੀ ਤੱਕ ਪਹੁੰਚਣ ਦੇ ਰਾਹ ਦੀ ਤਲਾਸ਼ ਵੀ ਹੋ ਸਕਦੀ
ਹੈ। ਤਣਾਵਾਂ ਤੋਂ ਮੁਕਤ ਕਰਦਿਆਂ ਆਪਣੇ ਆਪ ਨੂੰ ਸਾਵਾਂ ਕਰਨ ਦਾ ਸਿੱਧਾ ਜਿਹਾ ਜਤਨ ਵੀ।
ਇਸ ਦੀ ਲੋੜ, ਇਸ ਦਾ ਉਪਯੋਗ ਕਿਨ੍ਹਾਂ ਪਲਾਂ-ਛਿਣਾਂ ਦੀ ਮੰਗ ਕਰਦਾ ਹੈ? ਹਰ ਵਿਅਕਤੀ ਅਤੇ
ਹਰ ਸਮਾਜ ਅੰਦਰ ਇਸ ਦੀ ਵੱਖਰੀ ਲੋੜ, ਵੱਖਰਾ ਸਥਾਨ ਤੇ ਵੱਖਰਾ ਸੰਕਲਪ ਹੋਣਾ ਕੋਈ ਅਚੰਭੇ
ਵਾਲੀ ਗੱਲ ਨਹੀਂ ਕਹੀ ਜਾ ਸਕਦੀ।
ਕੁੱਝ ਪਲ ਅਜਿਹੇ ਹੁੰਦੇ ਹਨ ਜਦੋਂ ਉਹ ਹੀ ਵਿਅਕਤੀ ਆਪਣੀ ‘ਹਾਜ਼ਰੀ’ ਦੀ ਗੈਰ-ਹਾਜ਼ਰੀ ਦਾ ਚਾਹਵਾਨ ਹੁੰਦਾ ਹੈ, ਕਿਉਂਕਿ ਉਨ੍ਹਾਂ ਪਲਾਂ ਨੇ ਅਹਿਸਾਸ ਦਾ ਪੱਲਾ ਫੜਨਾ ਹੁੰਦਾ ਹੈ। ਇਨ੍ਹਾਂ ਨੂੰ ਕਰਤਾਰੀ ਪਲ ਜਾਂ ਸਿਰਜਣਾਤਮਕ ਪਲਾਂ ਦਾ ਨਾਂ ਵੀ ਦਿੱਤਾ ਜਾਂਦਾ ਹੈ। ਕੁੱਝ ਵੀ ਹੋਵੇ ਸੰਵੇਦਨਸ਼ੀਲ ਮਨੁੱਖ ਡੂੰਘੀ ਸੋਚ ਵਿਚ ਲੱਥਿਆ ਰੌਲ਼ੇ-ਰੱਪੇ ਭਰੀ ਸੱਥ ਵਿਚ ਬੈਠਾ ਵੀ ਇਕੱਲਾ ਹੀ ਹੁੰਦਾ ਹੈ। ਮੇਲੇ ਵਿਚ ਘੁੰਮਦਿਆਂ ਵੀ ਉਹ ਮੇਲੀ ਨਹੀਂ ਹੁੰਦਾ, ਗੁੰਮਿਆਂ-ਗੁਆਚਿਆ ਹੀ ਲੱਭੇਗਾ। ਬਹੁਤੀ ਵਾਰ ਉਹ ਆਪਣੇ ਆਪ ਤੋਂ ਵੀ ਗੈਰਹਾਜ਼ਰ ਹੀ ਹੁੰਦਾ ਹੈ। ਪਤਾ ਨਹੀਂ ਦੂਜੇ ਸ਼ਬਦਾਂ ਵਿਚ ਇਸੇ ਨੂੰ ਹੀ ਸਮਾਧੀ ਦਾ ਨਾਂ ਦਿੱਤਾ ਜਾਂਦਾ ਹੈ। ਜਦੋਂ ਮਨੁੱਖ ਆਪਣੇ ਹੀ ਅੰਦਰ ਬਹੁਤ ਡੂੰਘਾ ਲਹਿ ਜਾਵੇ, ਏਨਾ ਡੂੰਘਾ ਕਿ ਉਸਨੂੰ ਆਪਣੇ ਆਪ ਦੇ ਅੰਦਰ ਦੇ ਨਵੇਂਪਨ ਦਾ ਅਹਿਸਾਸ ਹੋਣ ਲੱਗੇ। ਆਪਣੇ ਆਪ ਨੂੰ ਹੌਲਾ-ਫੁਲ ਮਹਿਸੂਸ ਕਰਨ ਵਰਗਾ ਅਨੁਭਵ। ਜਿੱਥੋਂ ਨਵੇਂਪਨ ਦੀ ਸ਼ੁਰੂਆਤ ਹੁੰਦੀ ਹੈ। ਸ਼ਾਇਦ ਇਹ ਹੀ ਪਲ ਹੁੰਦੇ ਹਨ ਜਦੋਂ ਕਿਸੇ ਨਵੇਂ ਫਲਸਫੇ, ਨਵੀਆਂ ਧਾਰਨਾਵਾਂ ਤੇ ਨਵੇਂ ਵਿਚਾਰਾਂ ਦੇ ਜਨਮਣ ਦੀ ਪੁੰਗਰਾਂਦ ਫੁਟਦੀ ਹੈ। ਜਿਸ ਦੇ ਸਰੂਪ ਦਾ ਨਿਖਾਰ ਤਾਂ ਪਿੱਛੋਂ ਹੀ ਹੋਣਾ ਹੁੰਦਾ ਹੈ, ਫੇਰ ਇਸ ਚੁੱਪ, ਇਕੱਲ ਤੇ ਇਸ ਸਮਾਧੀ ’ਚੋਂ ਜੰਮੇ ਵਿਚਾਰ ਦੀ ਮਹਿਮਾਂ ਸਾਰਾ ਜੱਗ ਸੁਣਦਾ, ਦੇਖਦਾ ਅਤੇ ਮਾਣਦਾ ਹੈ।
ਕੁੱਝ ਪਲ ਅਜਿਹੇ ਹੁੰਦੇ ਹਨ ਜਦੋਂ ਉਹ ਹੀ ਵਿਅਕਤੀ ਆਪਣੀ ‘ਹਾਜ਼ਰੀ’ ਦੀ ਗੈਰ-ਹਾਜ਼ਰੀ ਦਾ ਚਾਹਵਾਨ ਹੁੰਦਾ ਹੈ, ਕਿਉਂਕਿ ਉਨ੍ਹਾਂ ਪਲਾਂ ਨੇ ਅਹਿਸਾਸ ਦਾ ਪੱਲਾ ਫੜਨਾ ਹੁੰਦਾ ਹੈ। ਇਨ੍ਹਾਂ ਨੂੰ ਕਰਤਾਰੀ ਪਲ ਜਾਂ ਸਿਰਜਣਾਤਮਕ ਪਲਾਂ ਦਾ ਨਾਂ ਵੀ ਦਿੱਤਾ ਜਾਂਦਾ ਹੈ। ਕੁੱਝ ਵੀ ਹੋਵੇ ਸੰਵੇਦਨਸ਼ੀਲ ਮਨੁੱਖ ਡੂੰਘੀ ਸੋਚ ਵਿਚ ਲੱਥਿਆ ਰੌਲ਼ੇ-ਰੱਪੇ ਭਰੀ ਸੱਥ ਵਿਚ ਬੈਠਾ ਵੀ ਇਕੱਲਾ ਹੀ ਹੁੰਦਾ ਹੈ। ਮੇਲੇ ਵਿਚ ਘੁੰਮਦਿਆਂ ਵੀ ਉਹ ਮੇਲੀ ਨਹੀਂ ਹੁੰਦਾ, ਗੁੰਮਿਆਂ-ਗੁਆਚਿਆ ਹੀ ਲੱਭੇਗਾ। ਬਹੁਤੀ ਵਾਰ ਉਹ ਆਪਣੇ ਆਪ ਤੋਂ ਵੀ ਗੈਰਹਾਜ਼ਰ ਹੀ ਹੁੰਦਾ ਹੈ। ਪਤਾ ਨਹੀਂ ਦੂਜੇ ਸ਼ਬਦਾਂ ਵਿਚ ਇਸੇ ਨੂੰ ਹੀ ਸਮਾਧੀ ਦਾ ਨਾਂ ਦਿੱਤਾ ਜਾਂਦਾ ਹੈ। ਜਦੋਂ ਮਨੁੱਖ ਆਪਣੇ ਹੀ ਅੰਦਰ ਬਹੁਤ ਡੂੰਘਾ ਲਹਿ ਜਾਵੇ, ਏਨਾ ਡੂੰਘਾ ਕਿ ਉਸਨੂੰ ਆਪਣੇ ਆਪ ਦੇ ਅੰਦਰ ਦੇ ਨਵੇਂਪਨ ਦਾ ਅਹਿਸਾਸ ਹੋਣ ਲੱਗੇ। ਆਪਣੇ ਆਪ ਨੂੰ ਹੌਲਾ-ਫੁਲ ਮਹਿਸੂਸ ਕਰਨ ਵਰਗਾ ਅਨੁਭਵ। ਜਿੱਥੋਂ ਨਵੇਂਪਨ ਦੀ ਸ਼ੁਰੂਆਤ ਹੁੰਦੀ ਹੈ। ਸ਼ਾਇਦ ਇਹ ਹੀ ਪਲ ਹੁੰਦੇ ਹਨ ਜਦੋਂ ਕਿਸੇ ਨਵੇਂ ਫਲਸਫੇ, ਨਵੀਆਂ ਧਾਰਨਾਵਾਂ ਤੇ ਨਵੇਂ ਵਿਚਾਰਾਂ ਦੇ ਜਨਮਣ ਦੀ ਪੁੰਗਰਾਂਦ ਫੁਟਦੀ ਹੈ। ਜਿਸ ਦੇ ਸਰੂਪ ਦਾ ਨਿਖਾਰ ਤਾਂ ਪਿੱਛੋਂ ਹੀ ਹੋਣਾ ਹੁੰਦਾ ਹੈ, ਫੇਰ ਇਸ ਚੁੱਪ, ਇਕੱਲ ਤੇ ਇਸ ਸਮਾਧੀ ’ਚੋਂ ਜੰਮੇ ਵਿਚਾਰ ਦੀ ਮਹਿਮਾਂ ਸਾਰਾ ਜੱਗ ਸੁਣਦਾ, ਦੇਖਦਾ ਅਤੇ ਮਾਣਦਾ ਹੈ।
ਖੁਸ਼ਆਮਦੀਦ
ਪੈਰਾਂ ਦੀਆਂ ਪੈੜਾਂ ਦਾ ਸਫਰ ਗਜ਼ਾਂ ਤੇ ਮੀਲਾਂ ਨਾਲ ਵੀ ਮਿਣਿਆਂ ਜਾ ਸਕਦਾ ਹੈ ਅਤੇ ਅਹਿਸਾਸ ਨਾਲ ਵੀ। ਸਾਰਥਕ ਕਿਹੜਾ ਹੁੰਦਾ ਹੈ? ਇਹ ਮਿਣਨ ਵਾਲੇ ਦੀ ਮੰਨਸ਼ਾ ’ਤੇ ਨਿਰਭਰ ਕਰਦਾ ਹੈ ਕਿਉਂਕਿ ਅਹਿਸਾਸ ਦੇ ਘੇਰੇ ਦਾ ਵਰਗੀਕਰਨ ਨਹੀਂ ਹੋ ਸਕਦਾ। ਫਿਰ ਵੀ ਪੈੜਾਂ ਦੇ ਨਿਸ਼ਾਨ ਗਵਾਹ ਹੁੰਦੇ ਹਨ, ਗੁਜ਼ਰ ਗਏ ਵਕਤ ਦੇ, ਹੰਢਾਏ ਹੋਏ ਪਲਾਂ ਦੇ। ਇਸ ਗਵਾਹੀ ਦੇ ਲੜ ਲੱਗ ਕੇ, ਤੁਰਦੇ ਸਮੇਂ ਦੀ ਪੈੜ ਦੱਬ, ਕਦਮਾਂ ਦੀ ਸੁਰ-ਸੇਧ ਉਜਲੇ ਭਵਿੱਖ ਵੱਲ ਵੀ ਕੀਤੀ ਜਾ ਸਕਦੀ ਹੈ, ਜੋ ਵਕਤ ਦਾ ਹਾਸਲ ਵੀ ਬਣ ਸਕਦਾ ਹੈ। ਜਿਹੜਾ ਸਮੇਂ ਦੇ ਸਫੇ ’ਤੇ ਇਕ ਪਾਸੇ ਨਹੀਂ ਵਿਚਕਾਰ ਲਿਖਿਆ ਹੋਵੇ। ਇਹੋ ਜਹੇ ਸੂਝ ਭਰੇ ਵਰਤਾਰੇ ਜਿ਼ੰਦਗੀ ਨੂੰ ਹੁਸੀਨ ਤੇ ਮੁੱਲਵਾਨ ਬਣਾ ਦਿੰਦੇ ਹਨ, ਖਿੜੇ ਹੋਏ ਸੁੰਦਰ ਫੁੱਲ ਦੀ ਮਹਿਕ ਵਰਗੇ।
ਪਹਿਰੇਦਾਰੀ
ਮਨੁਖੀ ਸੁਭਾਅ ਬਹੁ-ਪਰਤੀ ਹੈ, ਇਹ ਸਦਾ ਹੀ ਟਿਕਾਅ ਦੀ ਸਥਿਤੀ ਵਿੱਚ ਨਹੀਂ ਰਹਿੰਦਾ ਅਕਸਰ ਲੋਕਾਂ ਵਿੱਚ ਹੁੰਦੀਆਂ ਤਬਦੀਲੀਆਂ ਦੇਖੀਆਂ ਜਾ ਸਕਦੀਆਂ ਹਨ, ਪਰ ਜਿਹੜਾ ਮਨੁੱਖੀ ਵਤੀਰਾ ਹਾਂ-ਪੱਖੀ ਰੁਝਾਨਾਂ ਵੱਲ ਕਦਮ ਲੈ ਕੇ ਤੁਰਦਾ ਹੈ, ੳਹ ਸਖਤ ਇਰਾਦੇ ਤੇ ਨੈਤਿਕਤਾ ਦੀ ਮੰਗ ਕਰਦਾ ਹੈ । ਇਸ ਨੈਤਿਕਤਾ ਦੇ ਮਿਆਰ ਕੀ ਹੋਣ, ਕੌਣ ਇਸ ਦੀ ਪਰਵਾਹ ਕਰੇ ਤੇ ਕਿਉਂ ? ਸਿਆਣੇ ਲੋਕ ਇਸ ਉੱਤੇ ਅਕਸਰ ਵਿਚਾਰ ਕਰਦੇ ਹਨ, ਇਸ ਕਾਰਜ ਵਾਸਤੇ ਛੋਟੇ-ਵੱਡੇ ਇਕੱਠਾਂ ਦਾ ਪ੍ਰਬੰਧ ਕੀਤਾ ਜਾਦਾ ਹੈ ।
ਜਰਮਨੀ ਦੇ ਸ਼ਹਿਰ ਫਰੈਂਕਫਰਟ ਵਿੱਚ ਹਰ ਸਾਲ ਅਕਤੂਬਰ ਦੇ ਮਹੀਨੇ ਪੁਸਤਕ ਮੇਲਾ ਲੱਗਦਾ ਹੈ, ਇਸ ਵਿੱਚ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਵਿੱਚੋ ਹਜ਼ਾਰਾਂ ਹੀ ਪ੍ਰਕਾਸ਼ਕ ਭਾਗ ਲੈਦੇ ਹਨ । ਨਵੀਆਂ ਛਪੀਆਂ ਪੁਸਤਕਾਂ ਅਤੇ ੳਹਨਾਂ ਦੇ ਰਚਣਹਾਰਿਆਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾਂ ਜਾਂਦਾ ਹੈ । ਪੁਸਤਕਾਂ ਦੇ ਤਬਾਦਲੇ ਭਾਵ ਅਨੁਵਾਦ ਆਦਿ ਦੇ ਸਮਝੌਤੇ (ਸੌਦੇ) ਹੁੰਦੇ ਹਨ, ਲਿਖਤਾਂ ਦਾ ਪਸਾਰ ਹੁੰਦਾ ਹੈ, ਦੁਨੀਆਂ ਅੰਦਰ ਸਮਝਦਾਰੀ ਦਾ ਘੇਰਾ ਵਧਦਾ ਹੈ । ਛਾਪੇ ਖਾਨੇ ਵਿਚ ਨਵੀਂ ਵਿਕਾਸ ਕਰ ਰਹੀ ਤਕਨੀਕ ਉੱਤੇ ਚਾਨਣਾ ਪਾਇਆ ਜਾਂਦਾਂ ਹੈ। ਇਕ ਮੁਲਕ ਨੂੰ ਇਸ ਮੇਲੇ ਦੇ ਵਿਸ਼ੇ ਵਜੋ ਮਹਿਮਾਨ ਬਣਾ ਕੇ ਉਸ ਦੇ ਸਾਹਿਤ, ਸੱਭਿਆਚਾਰ ਨੂੰ ਖਾਸ ਤੌਰ ’ਤੇ ਪੇਸ਼ ਕੀਤਾ ਜਾਂਦਾ ਹੈ ਅਤੇ ਉਸਦਾ ਪਰਚਾਰ ਕੀਤਾ ਜਾਂਦਾ ਹੈ ।
ਜਰਮਨੀ ਦੇ ਸ਼ਹਿਰ ਫਰੈਂਕਫਰਟ ਵਿੱਚ ਹਰ ਸਾਲ ਅਕਤੂਬਰ ਦੇ ਮਹੀਨੇ ਪੁਸਤਕ ਮੇਲਾ ਲੱਗਦਾ ਹੈ, ਇਸ ਵਿੱਚ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਵਿੱਚੋ ਹਜ਼ਾਰਾਂ ਹੀ ਪ੍ਰਕਾਸ਼ਕ ਭਾਗ ਲੈਦੇ ਹਨ । ਨਵੀਆਂ ਛਪੀਆਂ ਪੁਸਤਕਾਂ ਅਤੇ ੳਹਨਾਂ ਦੇ ਰਚਣਹਾਰਿਆਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾਂ ਜਾਂਦਾ ਹੈ । ਪੁਸਤਕਾਂ ਦੇ ਤਬਾਦਲੇ ਭਾਵ ਅਨੁਵਾਦ ਆਦਿ ਦੇ ਸਮਝੌਤੇ (ਸੌਦੇ) ਹੁੰਦੇ ਹਨ, ਲਿਖਤਾਂ ਦਾ ਪਸਾਰ ਹੁੰਦਾ ਹੈ, ਦੁਨੀਆਂ ਅੰਦਰ ਸਮਝਦਾਰੀ ਦਾ ਘੇਰਾ ਵਧਦਾ ਹੈ । ਛਾਪੇ ਖਾਨੇ ਵਿਚ ਨਵੀਂ ਵਿਕਾਸ ਕਰ ਰਹੀ ਤਕਨੀਕ ਉੱਤੇ ਚਾਨਣਾ ਪਾਇਆ ਜਾਂਦਾਂ ਹੈ। ਇਕ ਮੁਲਕ ਨੂੰ ਇਸ ਮੇਲੇ ਦੇ ਵਿਸ਼ੇ ਵਜੋ ਮਹਿਮਾਨ ਬਣਾ ਕੇ ਉਸ ਦੇ ਸਾਹਿਤ, ਸੱਭਿਆਚਾਰ ਨੂੰ ਖਾਸ ਤੌਰ ’ਤੇ ਪੇਸ਼ ਕੀਤਾ ਜਾਂਦਾ ਹੈ ਅਤੇ ਉਸਦਾ ਪਰਚਾਰ ਕੀਤਾ ਜਾਂਦਾ ਹੈ ।
ਲਿਖਣ ਬੋਲਣ ਅਤੇ ਅਜ਼ਾਦੀ
ਮਨੁੱਖ ਜੀਊਂਦਾ ਭਾਵੇਂ ਕਿਧਰੇ ਵੀ ਹੋਵੇ ਪਰ ਇਕ ਤਮੰਨਾ ਹਰ ਕਿਸੇ ਦੇ ਮਨ ਵਿਚ ਹੁੰਦੀ ਹੈ ਕਿ ਉਹਦੇ ਜੀਊਣ ਉੱਤੇ ਕਿਸੇ ਤਰ੍ਹਾਂ ਦੀਆਂ ਵੀ ਗੈਰ ਜ਼ਰੂਰੀ ਪਾਬੰਦੀਆਂ ਨਾ ਹੋਣ। ਉਹ ਆਪਣੇ ਆਪ ਨੂੰ ਅਜਾਦ ਸਮਝੇ ਹੀ ਨਾ, ਹੋਵੇ ਵੀ। ਜੋ ਸੋਚਦਾ ਹੋਵੇ ਲਿਖਕੇ ਜਾਂ ਬੋਲ ਕੇ ਕਿਸੇ ਡਰ-ਭੌਅ ਤੋਂ ਬਿਨਾ ਉਹ ਕੁੱਝ ਲਿਖ/ਕਹਿ ਸਕਣ ਦਾ ਹੱਕ ਵੀ ਰੱਖਦਾ ਹੋਵੇ। ਤਦ ਹੀ ਅਜਾਦੀ ਵਾਲਾ ਅਹਿਸਾਸ ਜੀਵਿਆ ਜਾ ਸਕਦਾ ਹੈ, ਜੀਵੇ ਇਸ ਅਹਿਸਾਸ ਦਾ ਆਨੰਦ ਮਾਣਿਆ ਜਾ ਸਕਦਾ ਹੈ। ਜਿ਼ੰਦਗੀ ਜੀਊਣ ਦਾ ਦਾਅਵਾ ਕੀਤਾ ਜਾ ਸਕਦਾ ਹੈ।
ਵੱਖੋ ਵੱਖ ਮੁਲਕਾਂ ਵਲ ਨਿਗਾਹ ਮਾਰਿਆਂ ਇਹ ਆਮ ਹੀ ਦੇਖਣ ਸੁਣਨ ਨੂੰ ਮਿਲਦਾ ਹੈ ਕਿ ਰਾਜ ਸੱਤਾ ਵਲੋਂ ਲਿਖਣ, ਬੋਲਣ ਦੀ ਅਜਾਦੀ ਨੂੰ ਧੱਕੇ ਅਤੇ ਜਬਰ/ ਤਾਕਤ ਨਾਲ ਦਬਾਉਣ ਜਾਂ ਖਤਮ ਕਰਨ ਦੇ ਜਤਨ ਕੀਤੇ ਜਾਂਦੇ ਹਨ। ਉਸ ਮਨੁੱਖ ਨੂੰ ਜੋ ਬੋਲਾਂ ਜਾਂ ਸ਼ਬਦਾਂ ਰਾਹੀਂ ਲੋਕਾਂ ਦੀ ਅਜਾਦੀ ਦੀ ਗੱਲ ਕਰਦਾ ਹੋਵੇ। ਲੋਕਾਂ ਦੇ ਮਾਣ ਭਰੇ ਜੀਵਨ ਦੀ ਬਾਤ ਪਾਉਂਦਾ ਹੋਵੇ ਉਸਨੂੰ ਦਬਾਉਣ ਦਾ ਹਰ ਹੀਲੇ ਜਤਨ ਕੀਤਾ ਜਾਂਦਾ ਹੈ। ਪੁਲੀਸ, ਮਿਲਟਰੀ ਆਦਿ ਰਾਹੀਂ ਮਾਨਸਿਕ ਅਤੇ ਸਰੀਰਕ ਜਬਰ ਦੇ ਬੇਲਣੇ ਵਿਚੋਂ ਲੰਘਾਇਆ ਜਾਂਦਾ ਹੈ। ਉਹਨੂੰ ਇੱਥੋਂ ਤੱਕ ਤੰਗ-ਪਰੇਸ਼ਾਨ ਕੀਤਾ ਜਾਂਦਾ ਹੈ ਕਿ ਉਸਦਾ ਆਪਾ ਤਿੜਕ, ਟੁੱਟ ਤੇ ਬਿਖਰ ਜਾਵੇ ਤੇ ਉਹ ਆਪਣੇ ਆਪ ਨੂੰ ਹੀ ਭੁੱਲ ਜਾਵੇ। ਇਸ ਸਥਿਤੀ ਵਿਚ ਉਹਨੂੰ ਲਾਲਚ ਵੀ ਦਿੱਤੇ ਜਾਂਦੇ ਹਨ। ਪਰ ਲਿਖਣ, ਬੋਲਣ ਦੇ ਰਾਹੇ ਪੈਣ ਵਾਲੇ ਦਲੀਲ ਭਰੀ ਵਿਗਸੀ ਹੋਈ ਸੂਝ, ਨਿੱਤਰੀ ਸੋਚ ਅਤੇ ਜਾਗਦੀ ਹੋਈ ਜ਼ਮੀਰ ਵਾਲੇ ਲੋਕਾਂ ਉੱਤੇ ਉੱਘੇ ਲੇਖਕ ਹੈਮਿੰਗਵੇ ਦੇ ਇਹ ਸ਼ਬਦ ਭਾਰੂ ਰਹਿੰਦੇ ਹਨ ਕਿ ‘ਮਨੁੱਖ ਨੂੰ ਤਬਾਹ ਤਾਂ ਕੀਤਾ ਜਾ ਸਕਦਾ ਹੈ ਪਰ ਹਰਾਇਆ ਨਹੀਂ ਜਾ ਸਕਦਾ’ ਹਾਰ ਜਾਣਾ ਸਿਰਫ ਕਮਜ਼ੋਰਾਂ ਦੇ ਹਿੱਸੇ ਆਉਂਦਾ ਹੈ। ਜਾਗਦੇ, ਸੁਚੇਤ ਲੋਕ ਆਪਣੇ ਹੱਕਾਂ ਖਾਤਰ ਜੂਝਦੇ ਹਨ। ਆਪਣੀ ਦਲੀਲ ਭਰੀ/ਤਰਕਸ਼ੀਲ ਸੂਝ ਦੇ ਚਾਨਣ ਨਾਲ ਗਿਆਨ ਵੰਡਦੇ ਹਨ।
ਦਰਦ ਦਾ ਬੋਝ੍ਹ
ਮਾਨਸਿਕ ਉਲਝਣਾਂ ਬਹੁਤ ਵਾਰ ਉਦਾਸੀ ਨੂੰ ਜਨਮ ਦਿੰਦੀਆਂ ਹਨ। ਕਈ ਵਾਰ ਇਹ ਆਪਣੀਆਂ ਹੀ ਪੈਦਾ ਕੀਤੀਆਂ ਹੁੰਦੀਆਂ ਹਨ ਅਤੇ ਕਦੇ ਕਦੇ ਵਿੰਗੇ-ਟੇਢੇ ਢੰਗ ਨਾਲ ਆਪਣੀਆਂ ਬਣ ਜਾਂਦੀਆਂ ਹਨ। ਇਨ੍ਹਾਂ ਉਲਝਣਾਂ ਵਿਚੋਂ ਜਨਮੀਂ ਉਦਾਸੀ, ਦਰਦ ਦੀ ਪੀੜ/ਚੀਸ ਵਿਚ ਵਟ ਜਾਂਦੀ ਹੈ, ਜੋ ਅਖੀਰ ਵਿਚ ਆਪਣਾ ਰੂਪ ਕਿਸੇ ਮਨੋਵਿਗਿਆਨਕ ਰੋਗ ਵਿਚ ਵਟਾ ਲੈਂਦੀ ਹੈ ਜਿਸ ਨਾਲ ਤੁਰੀ ਜਾਂਦੀ ਸੁੱਖਾਂ ਭਰੀ, ਸਾਵੀਂ ਜਿ਼ੰਦਗੀ ਵਿਚ ਖਲਲ ਪੈਣਾ ਸ਼ੁਰੂ ਹੋ ਜਾਂਦਾ ਹੈ। ਫੇਰ ਤਾਂ ਮਨ ਆਪਣੇ ਨਾਲ ਹੀ ਰੁੱਸਿਆਂ ਵਰਗਾ ਵਿਹਾਰ ਕਰਦਾ ਹੈ।
ਚੁੱਪ ਦੇ ਬੋਲ
ਬੇਗਾਨੇ ਵੀ ਇਨਸਾਨ ਹੁੰਦੇ ਹਨ। ਕੁੱਝ ਲੋਕ ਸਿਰਫ ਆਪਣੀ ਖੁਸ਼ੀ ਲਈ ਹੀ ਬੇਗਾਨਿਆਂ ਨੂੰ ਆਪਣਾ ਆਖ ਦਿੰਦੇ ਹਨ, ਤੇ ਆਪਣੇ ਹੰਝੂ ਉਸ ਬੇਗਾਨੇ ਦੀ ਝੋਲ਼ੀ ਪਾ ਦਿੰਦੇ ਹਨ। ਬਦਲੇ ’ਚ ਉਸ ਤੋਂ ਉਸ ਦੇ ਹਾਸੇ ਖੋਹ ਲੈਂਦੇ ਹਨ। ਉਦੋਂ ਚੁਫੇਰੇ ਚੁੱਪ ਪਸਰ ਜਾਂਦੀ ਹੈ। ਜ਼ਖ਼ਮੀ ਹੋਏ ਹਾਸੇ ਤੜਪ ਜਾਂਦੇ ਹਨ। ਗੁਜ਼ਰ ਗਏ ਪਲ ਸੋਚ ਛੱਡ ਜਾਂਦੇ ਹਨ। ਮਨੁੱਖ ਆਪਣੇ ਹੀ ਹੰਝੂ ਪੀਣ ਲਈ ਮਜ਼ਬੂਰ ਹੋ ਜਾਂਦਾ ਹੈ। ਬੀਤ ਗਏ ਪਲ ਸਮੇਂ ਦੀ ਸਪਾਟ ਕੈਨਵਸ ’ਤੇ ਘਟਨਾਵਾਂ ਬਣ ਉੱਘੜ ਆਉਂਦੇ ਹਨ। ਉਨ੍ਹਾਂ ’ਚ ਰੰਗ ਭਰਨ ਵੇਲੇ ਹੋਈ ਜ਼ਰਾ ਜਿੰਨੀ ਗਲਤੀ ਉਦਾਸੀ ਦਾ ਰੂਪ ਧਾਰ ਲੈਂਦੀ ਹੈ।
ਭੰਬਲ਼ਭੂਸਿਆਂ ਦਾ ਚੌਰਾਹਾ
ਜਿ਼ੰਦਗੀ ਦਾ ਸਫਰ ਤੈਅ ਕਰਦਿਆਂ ਇਨਸਾਨ ਸੁਖ ਵੀ ਹੰਢਾਉਂਦਾ ਹੈ ਅਤੇ ਬਹੁਤ ਹੀ ਔਕੜਾਂ ਭਰੇ ਮੋੜਾਂ ਨੂੰ ਵੀ ਪਾਰ ਕਰਦਾ ਹੈ। ਇਸ ਤੋਂ ਬਾਅਦ ਵੀ ਹਰ ਕੋਈ ਦਾਅਵਾ ਨਹੀਂ ਕਰ ਸਕਦਾ ਕਿ ਉਸਨੇ ਉਹ ਕੁੱਝ ਪ੍ਰਾਪਤ ਕਰ ਲਿਆ ਹੈ ਜੋ ਉਸਨੇ ਚਿਤਵਿਆ ਸੀ, ਚਾਹਿਆ ਸੀ ਜਾਂ ਜਿਸ ਨੂੰ ਉਹ ਜੀਵਨ ਦੀ ਵੱਡੀ ਪ੍ਰਾਪਤੀ ਗਿਣ ਸਕੇ। ਮਿਹਨਤ ਤਾਂ ਸਾਰੇ ਹੀ ਲੋਕ ਕਰਦੇ ਹਨ ਪਰ ਕੀ ਸਾਰਿਆਂ ਦੀ ਮਿਹਨਤ ਨੂੰ ਫਲ ਪੈਂਦਾ ਹੈ? ਜਾਂ ਕਿਉਂ ਨਹੀਂ ਪੈਂਦਾ? ਇਹ ਸਵਾਲ ਸਦੀਆਂ ਤੋਂ ਤੁਰੇ ਆ ਰਹੇ ਹਨ ਤੇ ਅਜੇ ਵੀ ਕਾਇਮ ਹਨ।
ਅੱਜ ਦੇ ਯੁੱਗ ਅੰਦਰਲੇ ਭੰਬਲਭੂਸੇ ਮਨੁੱਖ ਨੂੰ ਆਪਣੇ ਆਪ ਅਤੇ ਸਮਾਜ ਨਾਲ ਜੋੜਨ ਨਾਲੋਂ ਤੋੜਨ ਵਾਸਤੇ ਵੱਧ ਜਤਨਸ਼ੀਲ ਰਹਿੰਦੇ ਹਨ। ਇਨ੍ਹਾਂ ਭੰਬਲਭੂਸਿਆਂ ਦੇ ਪਰਦੇ ਪਿੱਛੇ ਲੁਕੇ (ਅਣਦਿਸਦੇ) ਕਾਰਜਸ਼ੀਲ ਹੱਥ/ ਵਿਚਾਰ ਜਾਂ ਸਿਧਾਂਤ ਆਪਣਾ ਕਾਰਜ ਕਰਦਿਆਂ ਬੜੀ ਸਰਗਰਮੀ ਤੇ ਸਾਵਧਾਨੀ ਨਾਲ ਪ੍ਰਚਾਰ ਸਾਧਨਾਂ ਨੂੰ ਆਪਣੀ ਰਖੇਲ ਸਮਝ ਕੇ ਵਰਤਦਿਆਂ ਉਸ ਸਿਧਾਂਤ, ਗੱਲ ਤੇ ਰੁਝਾਨ ਦਾ ਜਿ਼ਕਰ ਵਾਰ ਵਾਰ ਕਰਦੇ ਹਨ, ਜਿਹੜਾ ਉਨ੍ਹਾਂ ਵਲੋਂ ਆਪਣੇ ਮੁਫਾਦ ਖਾਤਰ ਘੜਿਆ/ ਜਨਮਾਇਆ ਗਿਆ ਹੁੰਦਾ ਹੈ ਅਤੇ ਉਨ੍ਹਾਂ ਨੂੰ ਹਰ ਥਾਵੇਂ ਸੂਤ ਬੈਠਦਾ ਹੈ। ਪਰ ਆਪਣੇ ਝੂਠ ਨੂੰ ਲੁਕਾਉਂਦਿਆਂ ਜ਼ਾਹਿਰ ਉਹ ਇਹ ਕਰਦੇ ਹਨ ਜਿਵੇਂ ਇਹ ਕੁੱਝ ਉਨ੍ਹਾਂ ਦੀ ਮੁਨਾਫੇਖੋਰ (ਲੋਟੂ) ਰੂਹ ਜਾਂ ਬਿਰਤੀ ਦੀ ਪੂਰਤੀ ਖਾਤਰ ਕੀਤੇ ਜਾ ਰਹੇ ਪੁੱਠੇ/ਸਿੱਧੇ ਪਰ ਤਾਬੜਤੋੜ ਜਤਨਾਂ ਦਾ ਸਿੱਟਾ ਨਹੀਂ ਸਗੋਂ ਇਹ ਸਭ ਕੁੱਝ ਕਿਸੇ ਕੁਦਰਤੀ ਵਰਤਾਰੇ ਵਜੋਂ ਹੀ ਵਾਪਰ ਰਿਹਾ ਹੈ। ਪਰ ਅਸਲ ਤੱਕ ਪਹੁੰਚਦਿਆਂ ਉਨ੍ਹਾਂ ਦੀ ਖਾਹਿਸ਼ ਦੀ ਅਸਲੀਅਤ ਨੰਗੀ ਜਾਂ ਉਜਾਗਰ ਹੋ ਹੀ ਜਾਂਦੀ ਹੈ। ਜਿਸ ਦਾ ਧੁਰਾ ਗੰਦੇ-ਮੰਦੇ ‘ਕੰਮਾਂ’ ਰਾਹੀਂ ਇਕੱਠਾਂ ਕੀਤਾ ਜਾਣ ਵਾਲਾ ਮੁਨਾਫਾ ਬਣਦਾ ਹੈ। ਫੇਰ ਉਹ ਇਸ ਨੂੰ ਆਪਣੀ ਪਰਾਪਤੀ ਸਮਝਦੇ ਹਨ।
ਸਮੇਂ ਨਾਲ ਸੰਵਾਦ
ਜਦੋਂ ਵੀ ਅਸੀਂ ਸਮੇਂ ਨੂੰ ਪ੍ਰੀਭਾਸ਼ਤ ਕਰਨ ਦਾ ਹੀਲਾ ਕਰਦੇ ਹਾਂ ਤਾਂ ਘੜੀ ਦੀਆਂ ਤੁਰਦੀਆਂ ਸੂਈਆਂ ਨਾਲ਼ ਮਿਣੇ ਗਏ ਸਮੇਂ ਦਾ ਹੀ ਹਵਾਲਾ ਦਿੰਦੇ ਹਾਂ ਇਹ ਤਾਂ ਸਿਰਫ ਸਮੇਂ ਨੂੰ ਇਕਹਿਰੀ ਹੱਦਬੰਦੀ ਅੰਦਰ ਡੱਕਣ ਦਾ ਨਿਗੂਣਾ ਜਿਹਾ ਜਤਨ ਹੀ ਆਖਿਆ ਜਾ ਸਕਦਾ ਹੈ। ਹਾਲਾਂਕਿ ਸਮੇਂ ਦਾ ਘੇਰਾ ਬਹੁਤ ਹੀ ਵਿਸ਼ਾਲ ਹੁੰਦਾ ਹੈ। ਤੁਰਦੇ ਪਲਾਂ ਵਿਚ ਬਹੁਤ ਕੁਝ ਵਾਪਰਦਾ ਹੈ, ਚੰਗਾ ਵੀ ਤੇ ਮਾੜਾ ਵੀ। ਭਾਵੇਂ ਕਿ ਹਰ ਕਿਸੇ ਦੀ ਖਾਹਸ਼ ਹੁੰਦੀ ਹੈ ਕਿ ਉਸਦੇ ਹਿੱਸੇ ਖੁਸ਼ਗਵਾਰ ਪਲ ਹੀ ਆਉਣ। ਪਰ ਅਜਿਹਾ ਹੋ ਸਕਣਾ ਅਜੇ ਤੱਕ ਤਾਂ ਸੰਭਵ ਹੋ ਨਹੀਂ ਸਕਿਆ, ਇਹ ਸ਼ਾਇਦ ਕੁਦਰਤ ਦਾ ਹੀ ਨੇਮ ਹੈ। ਉਂਜ ਵੀ, ਇਕ ਪਾਸੇ ਵਾਲਾ ਸਿੱਕਾ ਹੁੰਦਾ ਹੀ ਨਹੀਂ।
ਸਮੇਂ ਦੇ ਸਨਮੁੱਖ ਹੁੰਦਿਆਂ ਜ਼ਰੂਰੀ ਹੁੰਦਾ ਹੈ ਕਿ ਹਕੀਕਤ ਨੂੰ ਸਾਹਮਣੇ ਰੱਖ ਕੇ ਪੂਰੀਆਂ ਅੱਖਾਂ ਖੋਲ੍ਹ, ਚਿੰਤਨੀ ਸੁਭਾਅ ਧਾਰਨ ਕਰਦਿਆਂ ਹਰ ਮਾਮਲੇ/ਗੱਲ ਨੂੰ ਦਾਰਸ਼ਨਿਕ ਪੱਧਰ ਉੱਤੇ ਸੋਚਿਆ, ਸਮਝਿਆ ਜਾਵੇ ਤਾਂ ਸ਼ਾਇਦ ਸੱਚ ਦੇ ਨੇੜੇ ਹੋਣ ਵਰਗਾ ਅਨੁਭਵ ਸਿਰਜਿਆ ਜਾ ਸਕਦਾ ਹੋਵੇ। ਜੇ ਜ਼ਿੰਦਗੀ ਦੇ ਅਰਥਾਂ ਦੀ ਭਰਪੂਰਤਾ ਤੱਕ ਪਹੁੰਚਣ ਦਾ ਅਹਿਸਾਸ ਪਾਲਣਾ ਸਮੇਂ ਦੀ ਯਥਾਰਥਿਕਤਾ ਵਿਚ ਸ਼ਾਮਲ ਹੋਵੇ ਫੇਰ ਨਾਂ ਤਾਂ ਜ਼ਿੰਦਗੀ ’ਚ ਬੇਲੋੜੀ ਭੁੱਖ ਪੈਦਾ ਹੰਦੀ ਹੈ ਅਤੇ ਨਾ ਹੀ ਬਿਨ-ਮਤਲਬ ਮਨੁੱਖੀ ਮਨ ਹਾਬੜਪੁਣੇ ਦਾ ਸ਼ਿਕਾਰ ਹੋ ਕੇ ਕਿਸੇ ਕਿਸਮ ਦੇ ਕੁਰਾਹੇ ਤੁਰਨ ਦਾ ਭਾਗੀਦਾਰ ਬਣ ਸਕਦਾ ਹੈ। ਮਨ ਨੂੰ ਸਹਿਜ ਕਰਨ ਦਾ ਇਹ ਵੀ ਇਕ ਰਾਹ ਹੈ।
ਧੰਨਵਾਦ ਰਹਿਤ
ਧਰਤੀ ਗੋਲ਼ ਹੈ, ਪਰ ਇਸ ਉੱਤੇ ਵਸਦੇ ਇਨਸਾਨ ਭਾਂਤ-ਸੁਭਾਂਤੇ ਹਨ । ਅਕਲਾਂ ਤੇ ਸ਼ਕਲਾਂ ਪੱਖੋਂ ਵੀ, ਰਹਿਣੀ-ਬਹਿਣੀ ਪੱਖੋਂ ਵੀ, ਆਦਤਾਂ ਵੀ ਹਰ ਕਿਸੇ ਦੀਆਂ ਵੱਖੋ- ਵੱਖਰੀਆਂ ਹਨ। ਇਸੇ ਤਰ੍ਹਾਂ ਪਹਿਰਾਵੇ ਹਨ , ਖਾਣੇ ਹਨ, ਬੋਲੀਆਂ ਤੇ ਭਾਸ਼ਾਵਾਂ ਹਨ। ਆਪੋ-ਆਪਣੇ ਰਿਵਾਜ਼ ਹਨ, ਸੰਸਕਾਰ ਹਨ ਪਰ ਫੇਰ ਵੀ ਹਰ ਥਾਵੇਂ ਵਸਦੇ ਲੋਕਾਂ ਅੰਦਰ ਬਹੁਤ ਕੁੱਝ ਮਿਲਦਾ-ਜੁਲ਼ਦਾ ਅਤੇ ਸਾਂਝਾ ਹੁੰਦਾ ਹੈ। ਲੋੜ ਵੇਲੇ ਕਿਸੇ ਦੂਸਰੇ ਦੇ ਕੰਮ ਆਉਣਾ, ਮਨੁੱਖੀ ਵਿਹਾਰ ਵਜੋਂ ਦੋਸਤਾਨਾ ਰਵੱਈਆ ਅਪਨਾਉਣਾ, ਦੂਸਰਿਆਂ ਵਲੋਂ ਕੀਤੀ ਮੱਦਦ (ਕਿਸੇ ਤਰ੍ਹਾਂ ਦੀ ਵੀ) ਦਾ ਸ਼ੁਕਰੀਆ ਅਦਾ ਕਰਨਾ ਅਤੇ ਅਹਿਸਾਨ ਮੰਨਣਾ, ਲੋੜ ਵੇਲੇ ਆਪ ਕਿਸੇ ਦੂਸਰੇ ਦੀ ਮੱਦਦ ਕਰਨ ਦਾ ਗੁਣ ਪ੍ਰਾਪਤ ਕਰਨ ਦਾ ਯਤਨ ਕਰਨਾ ਆਦਿ। ਲੋਕਾਂ ਅੰਦਰਲਾ ਵਖਰੇਵਾਂ ਹੀ ਹੈ ਕਿ ਅਜਿਹੇ ਮਨੁੱਖੀ ਗੁਣ ਵੀ ਹਰ ਕਿਸੇ ਵਿਚ ਨਹੀਂ ਹੁੰਦੇ। ਇਹ ਗੁਣ ਪ੍ਰਾਪਤ ਕਰਨ ਵਾਸਤੇ ਸਮਝਦਾਰੀ, ਮਨ ਅੰਦਰ ਨਿਮਰਤਾ ਅਤੇ ਸੋਚ ਅੰਦਰ ਰੋਸ਼ਨੀ ਦਾ ਹੋਣਾ ਬਹੁਤ ਜ਼ਰੂਰੀ ਹੈ, ਪਰ ਅਫਸੋਸ ਕਿ ਅਜਿਹਾ ਕੁੱਝ ਹਰ ਕਿਸੇ ਦੇ ਪੱਲੇ ਨਹੀਂ ਹੁੰਦਾ। ਇੱਥੇ ਪੰਜਾਬੀ ਦੀ ਕਹਾਵਤ ਬਿਲਕੁੱਲ ਢੁੱਕਦੀ ਹੈ ਕਿ ‘ਬਿਨ ਅਕਲੋਂ ਖੂਹ ਖਾਲੀ’।
ਆਪਨੜੈ ਗਿਰੀਵਾਨ ਮਹਿ.......... ਲੇਖ / ਕੇਹਰ ਸ਼ਰੀਫ਼
ਕੋਈ ਵੀ ਸੂਝਵਾਨ ਵਿਅਕਤੀ ਕਿਸੇ ਦੂਸਰੇ ਬਾਰੇ ਵਿਚਾਰ ਕਰਦਿਆਂ ਉਸਦੇ ਉਸਾਰੂ ਪੱਖਾਂ ਦਾ ਜਿ਼ਕਰ ਕਰਨਾ ਲਾਜ਼ਮੀ ਪਸੰਦ ਕਰੇਗਾ, ਪਰ ਫੇਰ ਵੀ ਕਿਉਂਕਿ ਇਕ ਪਾਸੇ ਵਾਲਾ ਸਿੱਕਾ ਹੁੰਦਾ ਹੀ ਨਹੀਂ ਇਸ ਕਰਕੇ ਉਸਦੇ ਗੁਣਾਂ ਨਾਲ ਉਸਦੀਆਂ ਘਾਟਾਂ ਜਾਂ ਦਿਸਦੇ-ਅਣਦਿਸਦੇ ਅਵਗੁਣਾਂ ਦਾ ਵੀ ਹੋਣਾ ਕੋਈ ਹੈਰਾਨੀ ਵਾਲੀ ਜਾਂ ਅਲੋਕਾਰ ਗੱਲ ਨਹੀਂ ਕਹੀ ਜਾ ਸਕਦੀ । ਇਥੇ ਇਕ ਕਹਾਵਤ ਨੂੰ ਚੇਤੇ ਕਰਨ ਦੀ ਲੋੜ ਪੈਂਦੀ ਹੈ ਕਿ ‘ਕੋਈ ਵੀ ਵਿਅਕਤੀ ਸੋਲਾਂ ਕਲਾ ਸੰਪੂਰਨ ਨਹੀਂ ਹੁੰਦਾ’ ਦੁੱਖ ਤਾਂ ਉਸ ਵੇਲੇ ਹੁੰਦਾ ਹੈ ਜਦੋਂ ਕਿਸੇ ਦੇ ਅਵਗੁਣ ਹੀ ਉਸਦੇ ਗੁਣਾਂ ’ਤੇ ਭਾਰੂ ਹੋ ਜਾਣ ਅਤੇ ਉਸਦੀ ਸ਼ਖਸੀਅਤ ਨੂੰ ਢਾਅ ਲਾਉਣ ਲੱਗ ਪੈਣ ਜਾਂ ਬੌਨਾਂ ਕਰਨ ਦੇ ਰਾਹੇ ਤੁਰ ਪੈਣ। ਪਰ ਅਜਿਹਾ ਕਿਸੇ ਦੀ ਵੀ ਇਕ ਅੱਧੀ ਨਾਂਹ ਪੱਖੀ ਆਦਤ ਨੂੰ ਹੀ ਲੈ ਕੇ ਫਤਵੇ ਦੇਣ ਨਹੀਂ ਤੁਰ ਪੈਣਾ ਚਾਹੀਦਾ ਸਗੋਂ ਕਿਸੇ ਸਿਰੇ ਜਾਂ ਫੈਸਲੇ ੳੱਤੇ ਪਹੁੰਚਣ ਤੋਂ ਪਹਿਲਾਂ ਉਸ ਇਨਸਾਨ ਦੇ ਸਮੁੱਚੇ ਵਿਹਾਰ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ।
ਨਿਰਾਦਰੀ ਦੀ ਠੇਕੇਦਾਰੀ
ਕਿਸੇ ਵੀ ਵਿਸ਼ੇ ਜਾਂ ਵਸਤ ਸਬੰਧੀ ਉਸਾਰੂ ਤੇ ਜਾਇਜ਼ ਨੁਕਤਾਚੀਨੀ ਕਰਨੀ ਹਰ ਸੋਚਵਾਨ/ਸੂਝਵਾਨ ਦਾ ਹੱਕ ਸਮਝਿਆ ਜਾਂਦਾ ਹੈ। ਪਰ ਸਿਆਣੇ ਇਹ ਵੀ ਆਖਦੇ ਹਨ ਕਿ ਅਜਿਹੇ ਸਮੇਂ ਜੇ ਤੁਸੀਂ ਇਕ ਉਂਗਲ ਕਿਸੇ ਦੂਸਰੇ ਵੱਲ ਉਠਾ ਰਹੇ ਹੋ ਤਾਂ ਤੁਹਾਡੀਆਂ ਆਪਣੀਆਂ ਹੀ ਤਿੰਨ ਉਂਗਲਾਂ ਤੁਹਾਡੇ ਆਪਣੇ ਵਲ ਉੱਠ ਰਹੀਆਂ ਹੁੰਦੀਆਂ ਹਨ। ਇਹ ਦੇਖ/ਸੁਣ ਕੇ ਬਾਬਾ ਸ਼ੇਖ ਫਰੀਦ ਦੀ ‘ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖ ਨ ਲੇਖੁ.....’ ਵਾਲੀ ਨਸੀਹਤ ਯਾਦ ਆਉਂਦੀ ਹੈ, ਜੀਹਦੇ ਵਿਚੋਂ ਜਿ਼ੰਦਗੀ ਦਾ ਫਲਸਫਾ ਤੇ ਤਜ਼ੁਰਬਾ ਦੋਵੇਂ ਹੀ ਬੋਲਦੇ ਹਨ। ਲੋੜ ਪੈਂਦੀ ਹੈ ਅਜਿਹੇ ਨੁਕਤਿਆਂ ਨੂੰ ਸਮਝਣ ਵਾਲਿਆਂ ਦੀ ਜਿਹੜੇ ਅਜਿਹੇ ਸੁਨੇਹਿਆਂ ਦੀ ਭਾਵਨਾ ਨੂੰ ਫੜ ਸਕਣ। ਅੱਜ ਦੇ ਸਮੇਂ ਤਾਂ ਉਨ੍ਹਾਂ ਦੀ ਬਹੁਤੀ ਹੀ ਲੋੜ ਹੈ। ਪਰ ਕਿੱਥੇ ਤੇ ਕਿੰਨੇ ਕੁ ਹਨ ਉਹ? ਫੇਰ ਉਨ੍ਹਾਂ ਵਿਚੋਂ ਕਿੰਨੇ ਕੁ ਪੂਰੇ ਤੌਰ ’ਤੇ ਜਾਗਦੇ ਹਨ? ਲਿਖਣ ਕਾਰਜ ਮਨੁੱਖ ਦੀ ਉਤਪਤੀ ਤੋਂ ਕਿੰਨੀ ਦੇਰ ਬਾਅਦ ਹੋਂਦ ਵਿਚ ਆਇਆ? ਇਹਦੇ ਬਾਰੇ ਤਾਂ ਕਿਆਸ ਅਰਾਈਆਂ ਹੀ ਸੁਣੀਆਂ ਜਾ ਸਕਦੀਆਂ ਹਨ, ਪੱਕੀ ਤਰ੍ਹਾਂ ਕੁੱਝ ਵੀ ਨਹੀਂ ਕਿਹਾ ਜਾ ਸਕਦਾ। ਪਰ, ਲਿਖਣ ਕਾਰਜ ਹੈ ਬੜਾ ਔਖਾ। ਸੰਸਾਰ ਵਿਚ ਨਿੱਤ ਵਾਪਰਦੀਆਂ ਘਟਨਾਵਾਂ ਨੂੰ ਦੇਖਦੇ ਸੁਣਦੇ ਤਾਂ ਸਾਰੇ ਹੀ ਹਨ ਪਰ ਕੀ ਇਨ੍ਹਾਂ ਸਾਰੀਆਂ ਘਟਨਾਵਾਂ ਦਾ ਅਸਰ ਸਭ ’ਤੇ ਇੱਕੋ ਜਿਹਾ ਹੁੰਦਾ ਹੈ ਜਾਂ ਉਸਦੇ ਪ੍ਰਤੀਕ੍ਰਮ ਵਜੋਂ ਸਾਰੇ ਲੋਕ ਇਕੋ ਜਿਹਾ ਹੀ ਸੋਚਦੇ ਹਨ, ਇਕੋ ਜਿਹਾ ਹੀ ਰੁਖ ਅਪਣਾਉਂਦੇ ਹਨ?
ਦੋਸਤੀ ਦੀ ਮਹਿਕ
ਦੋਸਤੀ ਮੋਹ ਦੀ ਸਿਖਰ ਅਤੇ ਅਪਣੱਤ ਦੇ ਮਘਦੇ ਅਹਿਸਾਸ ਦਾ ਨਾਂ ਹੈ । ਦੋਸਤੀ ਮਨਾਂ ਦੇ ਅੰਦਰ ਪਲ਼ਦੇ ਸੱਚੇ ਸਾਥ ਨੂੰ ਵੀ ਆਖਿਆ ਜਾ ਸਕਦਾ ਹੈ। ਦੋਸਤੀ ਮਨੁੱਖੀ ਰਿਸ਼ਤਿਆਂ ਦਾ ਉਹ ਫੁੱਲ ਹੈ, ਜੀਹਦੇ ਵਰਗਾ ਦੁਨੀਆਂ ਵਿੱਚ ਹੋਰ ਕੋਈ ਫੁੱਲ ਨਹੀਂ, ਜੀਹਦੇ ਵਰਗੀ ਹੋਰ ਕੋਈ ਸੁਗੰਧੀ ਨਹੀਂ। ਕਹਿੰਦੇ ਹਨ ਕਿ ਸਤੀ-ਸਵਿਤਰੀ ਔਰਤ ਦਾ ਧਰਮ ਹੁੰਦਾ ਹੈ-ਸਤ। ਸਤ, ਭਾਵ ਸੱਚ। ਉਸ ਨੂੰ ਸੱਚ ਦੇ ਲੜ ਲੱਗ ਇਸ ਦੀ ਪਾਲਨਾ ਕਰਨੀ ਪੈਂਦੀ ਹੈ। ਪਰ ਦੋਸਤ ਬਣਨ ਵਾਸਤੇ ਇੱਕ ਸੱਚ ਨਹੀਂ ਦੋ ਸਤ (ਦੋ+ਸਤ) ਭਾਵ ਦੋ ਸੱਚ ਪਾਲਣੇ ਪੈਂਦੇ ਹਨ। ਚੰਗੇ ਮਾੜੇ ਸਮੇਂ ਵਿੱਚ ਸਿਰਾਂ ਨਾਲ ਨਿਭਣ ਵਾਲੇ ਨੂੰ ਹੀ ਦੋਸਤ ਆਖਿਆ ਜਾ ਸਕਦਾ ਹੈ। ਜਿੱਥੇ ਦੋਸਤੀ ਕਿਸੇ ਸਾਂਝੇ ਹਾਸੇ ਦਾ ਨਾਂ ਹੈ ਉੱਥੇ ਹੀ ਦੁੱਖ ਨੂੰ ਅੱਧੋ ਅੱਧ ਕਰਨ ਦਾ (ਵੰਡਾੳਣ) ਸਾਹਸ ਵੀ ਦੋਸਤ ਹੀ ਕਰ ਸਕਦਾ ਹੈ। ਇਹੋ ਤਾਂ ਦੋਸਤੀ ਦੀ ਸੁੱਚੀ ਪਛਾਣ ਦਾ ਸੱਚਾ ਕੇਂਦਰ ਬਿੰਦੂ ਹੁੰਦਾ ਹੈ। ਦੋਸਤੀ ਬਾਰੇ ਬਹੁਤ ਕੁੱਝ ਸੁਣਨ ਨੂੰ ਮਿਲਦਾ ਹੈ। ਇਹ ਤਾਂ ਦਿਲ ਮਿਲੇ ਦਾ ਮੇਲਾ ਵਾਲੀ ਗੱਲ ਹੈ। ਕਿਤੇ ਰਾਜੇ-ਰੰਕ ਵਾਲੀ ਦੋਸਤੀ ਦੀ ਮਿਸਾਲ ਦੇਣ ਵਾਲੇ ਕ੍ਰਿਸ਼ਨ ਸੁਧਾਮੇ ਦੀ ਦੋਸਤੀ ਦੀ ਮਿਸਾਲ ਪੇਸ਼ ਕਰਦੇ ਹਨ। ਪੰਜਾਬੀ ਸਮਾਜ ਵਿਚ ਜੀਊਣੇ ਮੌੜ ਤੇ ਇਹਦੇ ਵਰਗੀਆਂ ਹੋਰ ਦੰਦ ਕਥਾਵਾਂ ਦੋਸਤੀ ਵਾਲੇ ਸਦੰਰਭ ਦੇ ਅੰਦਰ ਝਾਕਦੀਆਂ ਹਨ।
ਦੋ ਨੰਬਰੀ
ਲੋਕ ਆਮ ਤੌਰ ’ਤੇ ਸਮੇਂ ਦੀ ਧਾਰਾ ਵੇਖ ਕੇ ਚੱਲਣ ਦੇ ਆਦੀ ਹੋ ਗਏ ਹਨ। ਨਵੀਆਂ ਪੈੜਾਂ ਪਾਉਣ ਵਾਲੇ ਬਹੁਤ ਹੀ ਘੱਟ ਲੋਕ ਮਿਲਦੇ ਹਨ, ਜੋ ਸੱਚਮੁੱਚ ਜਿ਼ੰਦਗੀ ਨਾਲ ਸਬੰਧਤ ਗੰਭੀਰ ਮੁੱਦਿਆਂ/ਮਸਲਿਆਂ ਵਲ ਸੁਹਿਰਦਤਾ ਤੇ ਸੋਝੀ ਭਰੀ ਰੁਚੀ ਰੱਖਦੇ ਹੋਣ। ਬਹੁਤੇ ਤਾਂ ‘ਵਗਦੀ ਗੰਗਾ’ ਵਿਚ ਹੱਥ ਧੋ ਕੇ ਆਪਣਾ ਆਪ ਛੱਡ ਹੋਰਾਂ ਵਰਗੇ ਹੋਏ ਚਾਹੁੰਦੇ ਹਨ ਜਾਂ ਫੇਰ ਉਸ ਵੱਗ ਵਿਚ ਰਲ਼ਿਆ ਚਾਹੁੰਦੇ ਹਨ ਜਿਹੜਾ ਵੱਗ ਗਲ਼ ਪਈ ਪੰਜਾਲੀ ਦਾ ਭਾਰ ਢੋਣ ਅਤੇ ਖੋਪੇ ਲੱਗੀ ਜਿ਼ੰਦਗੀ ਹੰਢਾਉਣ ਦਾ ਆਦੀ ਹੋ ਚੁੱਕਿਆਂ ਹੈ, ਕਿਉਂਕਿ ਹਵਾ ਦੇ ਰੁਖ ਚੱਲਣਾ ਸੌਖਾ ਹੁੰਦਾ ਹੈ। ਹਵਾ ਦਾ ਰੁਖ ਮੋੜਨਾ ਔਖਾ ਤਾਂ ਜ਼ਰੂਰ ਹੁੰਦਾ ਹੈ ਪਰ ਅਸੰਭਵ ਬਿਲਕੁਲ ਨਹੀਂ। ਇਤਿਹਾਸ ਵਿਚ ਇਸ ਦੀਆਂ ਕਾਫੀ ਸਾਰੀਆਂ ਮਿਸਾਲਾਂ ਮਿਲਦੀਆਂ ਹਨ।
ਲੇਖਕ ਦੀ ਮਜ਼ਦੂਰੀ
ਜਦੋਂ ਵੀ ਕੋਈ ਇਨਸਾਨ ਸੁਚੇਤ ਹੋ ਕੇ ਸਮਾਜ ਬਾਰੇ ਸੋਚਣ/ਸਮਝਣ ਲਗਦਾ ਹੈ ਤਾਂ ਉਸਦੀ ਰਾਤਾਂ ਦੀ ਨੀਂਦ, ਮਨ ਦਾ ਅਮਨ-ਚੈਨ ਝੋਰੇ ਦੇ ਵਸ ਪੈ ਜਾਂਦੇ ਹਨ। ਇਹ ਝੋਰਾ ਸਦਾ ਉਦਾਸੀ ਵਰਗਾ ਨਹੀਂ ਹੁੰਦਾ ਸਗੋਂ ਇਹ ਝੋਰਾ ਰੋਹ ਦਾ ਰੂਪ ਧਾਰਨ ਕਰਨ ਵਲ ਵਧ ਜਾਂਦਾ ਹੈ। ਜਾਗਦੀ ਜ਼ਮੀਰ ਵਾਲੇ ਅਨੁਭਵੀ ਉਹ ਕਰਮ ਚੁਣਨ ਲਈ ਮਜਬੂਰ ਹੋ ਜਾਂਦੇ ਹਨ ਜਿਹੜਾ ਭਾਵੇਂ ਦੁੱਖਾਂ, ਤਕਲੀਫਾਂ , ਤੰਗੀਆਂ ਅਤੇ ਕੰਡਿਆਂ ਭਰਿਆ ਹੁੰਦਾ ਹੈ। ਪਰ, ਉਸਦੇ ਅੰਦਰ ਅਵਾਮ ਦੀ ਵੱਡੀ ਗਿਣਤੀ ਅੰਦਰਲੀ ਗੁਰਬਤ, ਜੀਵਨ ਵਿਚ ਅਸਮਾਨਤਾ ਅਤੇ ਉਨ੍ਹਾਂ ਦੇ ਹੁੰਦੇ ਅਪਮਾਨ ਤੋਂ ਮੁਕਤੀ ਦਾ ਰਾਹ ਲੁਕਿਆ ਹੁੰਦਾ ਹੈ।
ਜਹਾਲਤ ਭਰੀ ਸੋਚ ਵਾਲੇ ਹਾਕਮਾਂ ਅਤੇ ਮੌਜੂਦਾ ਪ੍ਰਬੰਧ ਦੀ ਲੁੱਟ-ਖੋਹ ਵਾਲੀ ਕਮੀਨਗੀ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਅਤੇ ਉਸਤੋਂ ਸੁਚੇਤ ਕਰਨ ਵਾਲੇ ਕਲਮਕਾਰ ਆਪਣੀਆਂ ਰਚਨਾਵਾਂ ਰਾਹੀਂ ਲੋਕਾਂ ਨੂੰ ਇਸ ਸਭ ਕਾਸੇ ਬਾਰੇ ਸੋਚਣ ਵਲ ਤੁਰਨ ਦਾ ਹੋਕਾ ਦਿੰਦੇ ਹਨ ਜੀਹਦੇ ਨਾਲ ਜਿ਼ੰਦਗੀ ਖੁਬਸੂਰਤੀ ਵਲ ਵਧਣ ਦਾ ਰਾਹ ਫੜ੍ਹ ਲਵੇ। ਭਾਵੇਂ ਇਹ ਜਾਣੀ ਜਾਂਦੀ ਸਚਾਈ ਹੈ ਕਿ ਲੇਖਕ ਸਿੱਧੇ ਤੌਰ ’ਤੇ ਤਬਦੀਲੀ ਲਿਆਉਣ ਦੇ ਯੋਗ ਨਹੀਂ ਹੁੰਦੇ ਪਰ ਉਨ੍ਹਾਂ ਵਲੋਂ ਜੁੰਮੇਵਾਰੀ ਨਾਲ ਸਿਰਜੀਆਂ ਸੁਚੇਤ ਕਰਦੀਆਂ ਸੂਝ
ਜਮਹੂਰੀਅਤ ਬਨਾਮ : ਲੱਲਾ-ਲਾਲਟੈਣ
ਜਮਹੂਰੀ ਪ੍ਰਬੰਧ ਨੂੰ ਲੋਕ ਭਾਵਨਾਵਾਂ ਦੀ ਪ੍ਰਤੀਨਿਧਤਾ ਵਾਲਾ ਰਾਜ ਪ੍ਰਬੰਧ ਗਿਣਿਆ ਜਾਂਦਾ ਹੈ। ਜਮਹੂਰੀਅਤ, ਭਾਵ ਲੋਕ ਰਾਜ, ਜਿਸ ਰਾਜ-ਕਾਜ ਵਿਚ ਲੋਕਾਂ ਦੀ ਭਾਈਵਾਲੀ ਹੋਵੇ, ਲੋਕਾਂ ਦਾ ਸਿੱਧਾ ਦਖਲ ਤੇ ਸ਼ਮੂਲੀਅਤ ਹੋਵੇ। ਜਿਵੇਂ ਕਿ ਹਰ ਪ੍ਰਬੰਧ ਆਪਣੇ ਲੋਕਾਂ/ਨਾਗਰਿਕਾਂ ਵਾਸਤੇ ਨੇਮ, ਕਾਨੂਨ ਬਣਾਉਂਦਾ ਹੈ ਉਵੇਂ ਹੀ ਜਮਹੂਰੀ ਪ੍ਰਬੰਧ ਵਾਲੇ ਮੁਲਕ ਦੇ ਨਾਗਰਿਕ ਆਪਣੇ ਫ਼ਰਜ਼ ਤਾਂ ਪੂਰੇ ਕਰਦੇ ਹੀ ਹਨ ਪਰ ਉਨਾਂ੍ਹ ਵਾਸਤੇ ਆਪਣੇ ਹੱਕਾਂ ਪ੍ਰਤੀ ਵੀ ਸੁਚੇਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਸੁਚੇਤ ਹੋਣ ਕਰਕੇ ਹੀ ਨਾਗਰਿਕਾਂ ਦੇ ਸ਼ਹਿਰੀ/ਜਮਹੂਰੀ ਹੱਕਾਂ ਦੀ ਪ੍ਰਾਪਤੀ ਹੋ ਸਕਦੀ ਹੈ। ਬਹੁਤ ਵਾਰ ਤਾਕਤ ਦੇ ਨਸ਼ੇ ਵਿਚ ਭ੍ਰਿਸ਼ਟ ਹੋਏ ਹਾਕਮ ਆਮ ਲੋਕਾਂ ਨੂੰ ਲਤਾੜਨ ਵੀ ਤੁਰ ਪੈਂਦੇ ਹਨ। ਫੇਰ ਉਸ ਰਾਜ ਪ੍ਰਬੰਧ ਦੇ ਜਮਹੂਰੀ ਹੋਣ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ । ਜਿਵੇਂ ਕਿ ਸੰਸਾਰ ਵਿਚ ਅਜ ਬਹੁਤੇ ਥਾਵੀਂ ਜਮਹੂਰੀ ਪ੍ਰਬੰਧ ਹੁੰਦਿਆਂ ਹੋਇਆਂ ਵੀ ਇਹੋ ਸਵਾਲੀਆ ਨਿਸ਼ਾਨ ਲੱਗਾ ਨਜ਼ਰੀਂ ਪੈਂਦਾ ਹੈ।
ਜਮਹੂਰੀਅਤ ਅੰਦਰ ਲੋਕ/ਨਾਗਰਿਕ ਹੀ ਸਭ ਤੋਂ ਉੱਤਮ ਗਿਣੇ ਜਾਂਦੇ ਹਨ। ਇਸ ਪ੍ਰਬੰਧ ਦੀ ਅਗਵਾਈ ਕਰਨ ਵਾਸਤੇ 'ਡੋਰ' ਕਿਸਦੇ ਹੱਥ ਹੋਵੇ ਲੋਕਾਂ ਤੋਂ ਹੀ ਪੁੱਛਿਆ ਜਾਂਦਾ ਹੈ। ਇਸ ਵਾਸਤੇ ਚੋਣਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਲੋਕਾਂ ਦਾ ਫੈਸਲਾ ਹਰ ਕਿਸੇ ਨੂੰ ਮੰਨਣਾ ਪੈਂਦਾ ਹੈ। ਇਹ ਚੰਗੀ ਧਾਰਨਾ ਹੈ, ਪਰ
ਕੁਝ ਲੋਕ
ਸਮਾਂ ਬਹੁਤ ਕੀਮਤੀ ਹੈ, ਦੁਨੀਆਂ ਬਹੁਤ ਵੱਡੀ ਹੈ, ਲੋਕ ਵੀ ਇੱਕ ਸੁਰ ਨਹੀਂ ਤੇ ਹੋ ਵੀ ਨਹੀਂ ਸਕਦੇ। ਕਿੳਂੁਕਿ ਵੱਖੋ ਵੱਖ ਥਾਵੀਂ ਰਹਿੰਦੇ ਲੋਕਾਂ ਦੇ ਰਹਿਣ-ਸਹਿਣ ਅਤੇ ਜ਼ਿੰਦਗੀ ਜੀਊਣ ਦੇ ਤੌਰ ਤਰੀਕੇ ਆਪੋ ਆਪਣੀਆਂ ਸਥਿਤੀਆਂ ਅਤੇ ਰਹੁ-ਰੀਤਾਂ ਅਨੁਸਾਰ ਹੀ ਹੋ ਸਕਦੇ ਹਨ। ਕੁਦਰਤੀ ਸੋਮੇਂ ਮਨੁੱਖੀ ਜ਼ਿੰਦਗੀ ਦਾ ਹੁਲਾਰਾ ਬਣਕੇ ਉਸਾਰੂ ਤਬਦੀਲੀਆਂ ਦਾ ਅਧਾਰ ਬਣਦੇ ਹਨ। ਇਸ ਅਧਾਰ ਦੀ ਪਾਰਦਰਸ਼ਤਾ ਵਿਚੋ ਲੰਘਦਿਆਂ ਹੀ ਅਸਲ ਜ਼ਿੰਦਗੀ ਦਾ ਸੁੱਚਾ ਗੀਤ ਗਾਇਆ ਜਾ ਸਕਦਾ ਹੈ, ਭਾਵੇਂ ਕਿ ਸਮੇਂ ਅਨੁਸਾਰ ਉੱਠਦੇ ਮਸਲੇ ਪ੍ਰਸ਼ਨ ਬਣ ਕੇ ਸਦਾ ਹੀ ਮਨੁੱਖ ਦੇ ਅੱਗੇ ਖੜ੍ਹਦੇ ਹੀ ਰਹਿਣਗੇ। ਕਿਧਰੇ ਹੋਂਦ ਦਾ ਸਵਾਲ ਮੁੱਖ ਹੈ। ਕਿਧਰੇ ਦੂਸਰਿਆਂ ਨੂੰ ਦੁੱਖ ਦੇ ਕੇ ਖੱਟੇ (ਜਾਂ ਲੁੱਟੇ) ਗੈਰ ਜ਼ਰੂਰੀ ਮੁਨਾਫਿਆਂ ਰਾਹੀ ਧੰਨ ਦੇ ਅੰਬਾਰ ਖੜ੍ਹੇ ਕਰਨ ਦਾ। ਕਿਧਰੇ ਮਨੁੱਖ ਦੀ ਹੋਣੀ/ਹੋਂਦ ਹੀ ਦਾਅ ਤੇ ਲੱਗ ਜਾਂਦੀ ਹੈ ਅਤੇ ਕਿਧਰੇ ਇਨਸਾਨ ਖੁਦ ਆਪਣੇ ਹੱਥੀਂ ਕੁਦਰਤੀ ਸਾਧਨਾ ਦਾ ਸੱਤਿਆਨਾਸ ਕਰੀ ਜਾ ਰਿਹਾ ਹੈ। ਮੁਨਾਫੇਖੋਰ ਮਨੁੱਖ ਵਲੋਂ ਜ਼ਿੰਦਗੀ ਦੇ ਕੁਦਰਤੀ ਸੁਹਜ/ਸੁਹੱਪਣ ਨੂੰ ਮਨੁੱਖਤਾ ਤੋ ਖੋਹਣ ਦਾ ਇਹ ਪਹਿਲਾ ਪਰ ਸਭ ਤੋਂ ਕੋਝ੍ਹਾ ਜਤਨ ਆਖਿਆ ਜਾ ਸਕਦਾ ਹੈ। ਜਿਸ ਦੇ ਸਿੱਟੇ ਵਜੋਂ ਮਨੁੱਖ ਦੇ ਆਉਣ ਵਾਲੇ ਸੁਹਣੇ ਸਮੇਂ ਅੱਗੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਇਸ ਸਭ ਕੁੱਝ ਦੇ ਬਾਵਜੂਦ ਆਮ ਕਰਕੇ ਵਿਚਾਰ ਅਧੀਨ ਸਵਾਲ ਫੇਰ ਵੀ ਭਵਿੱਖ ਦਾ ਹੀ ਸੁਣਨ ਨੂੰ ਮਿਲਦਾ ਹੈ। ਕੁਝ ਲੋਕ ਸਦਾ ਹੀ ਇਸ ਪਾਸਿਉ ਬੇ-ਧਿਆਨੇ/ਅਵੇਸਲੇ ਰਹਿੰਦੇ ਹਨ। ਕਦੀਂ ਇਹ ਇਸ ਕਰਕੇ ਹੁੰਦਾ ਹੈ ਕਿ ਉਨ੍ਹਾਂ ਦੀਆਂ ਡੋਰੀਆਂ ਉੱਪਰ ਵਾਲੇ ਦੇ ਹੱਥ ਸੁਣੀਆਂ ਜਾਂਦੀਆਂ ਹਨ (ਜਾਂ ਉਹ ਇੰਝ ਸਮਝਦੇ ਹਨ) ਇਹ ਕੁੱਝ ਉਹ ਜਾਣ ਬੁੱਝ ਕੇ ਕਰਦੇ ਹਨ ਜਾਂ ਅਨਜਾਣਪੁਣੇ ਵਿਚ ਇਹ ਤਾਂ ਉਨ੍ਹਾਂ ਵਿਚੋਂ ਸ਼ਾਇਦ ਬਹੁਤੇ ਖੁਦ ਵੀ ਨਾ ਜਾਣਦੇ ਹੋਣ। ਸਮੇਂ ਦੀ ਕਦਰ ਕਰਨ ਵਾਲੇ ਤੁਰਦੇ ਸਮੇਂ ਵਲ ਨੀਝ ਭਰੀ ਅੱਖ ਰੱਖਦੇ ਹਨ। ਜਿਨ੍ਹਾ ਦੀ ਅੱਖ ਸਮਂੇਂ ਤੇ ਹੋਵੇ ਸਮਾਂ ਉਨ੍ਹਾਂ ਨੂੰ ਝਕਾਨੀ ਦੇ ਕੇ ਅੱਗੇ ਲੰਘ ਜਾਣ ਵਿਚ ਕਾਮਯਾਬ ਨਹੀਂ ਹੋ ਸਕਦਾ। ਇਸ ਤਰਾਂ ਦੇ ਜਾਗਦੇ ਮਨੁੱਖ ਆਪਣੀ ਮਿਹਨਤ ਦੇ ਸਦਕਾ ਹੀ ਵੱਡੀਆਂ ਪ੍ਰਾਪਤੀਆਂ ਕਰ ਲੈਂਦੇ ਹਨ। ਪਰ ਸਮੇਂ ਨਾਲ ਲੁਕਣਮੀਟੀ ਖੇਡਣ ਵਾਲੇ ਬਹੁਤੀ ਵਾਰ ਹਨੇਰੇ ਵਿਚ ਹੀ ਲੁਕੇ ਰਹਿ ਜਾਂਦੇ ਹਨ, ਚਾਨਣ ਉਨ੍ਹਾਂ ਦੀਆਂ ਅੱਖਾਂ ਮੂਹਰਿਉ ਹੁੰਦਾ ਹੋਇਆ ਲੰਘ ਜਾਂਦਾ ਹੈ ਪਰ ਉਨ੍ਹਾਂ ਨੁੰ ਪਤਾ ਹੀ ਨਹੀਂ ਲਗਦਾ।
ਅਗਿਆਨਤਾ ਭਰੇ ਆਲਸ ਵਿਚੋਂ ਜਾਗਣ ਤੋ ਬਾਅਦ ਜਦੋਂ ਉਨ੍ਹਾਂ ਨੂੰ ਅਸਲੀਅਤ ਦਾ ਪਤਾ ਲਗਦਾ ਹੈ ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਹੱਥਾਂ ਵਿਚੋ ਕਿਰ ਗਏ ਵਕਤ ਨੂੰ ਮੁੜ ਫੜ ਸਕਣਾ ਕੋਈ ਸੌਖਾ ਤਾਂ ਨਹੀ ਹੁੰਦਾ। ਪਛਤਾਵੇ ਨੂੰ ਫੜ ਕੇ ਬਹਿ ਜਾਣਾ ਇਸ ਦਾ ਇਲਾਜ ਬਿਲਕੁੱਲ ਨਹੀਂ ਆਖਿਆ ਜਾ ਸਕਦਾ। ਵਕਤ ਅਜਾਈਂ ਲੰਘ ਜਾਣ ਤੋ ਬਾਅਦ ਫੇਰ ਉਹ ਚਾਨਣ ਦੀਆਂ ਰਿਸ਼ਮਾਂ ਫੜਨ ਵਾਸਤੇ ਉਮਰ ਭਰ ਘੋਲ ਕਰਦੇ ਹਨ। ਕਦੀ ਘੋਲ ਮੁੱਕ ਜਾਂਦਾ ਹੈ ਕਦੀ ਉਮਰ, ਪਰ ਚਾਨਣ ਤੇ ਰਿਸ਼ਮਾਂ ਵਿਚੋਂ ਕੋਈ ਵੀ ਉਨ੍ਹਾਂ ਦੇ ਹੱਥ ਨਹੀਂ ਆੳਂੁਦਾ। ਬਸ! ਫੇਰ ਉਹ ਹੱਥ ਮਲਣ ਜੋਗੇ ਹੀ ਰਹਿ ਜਾਂਦੇ ਹਨ। ਹਕੀਕਤਾਂ ਸਾਹਮਣੇ ਹੁੰਦੇ ਹੋਏ ਵੀ ਕਈ ਭਰਮ ਪਾਲਣ ਵਲ ਸਰਗਰਮ ਰਹਿੰਦੇ ਹਨ। ਇਸ ਤਰਾਂ ਕਰਕੇ ਉਹ ਹੋਰ ਕਿਸੇ ਨਾਲ ਨਹੀਂ ਸਗੋਂ ਆਪਣੇ ਆਪ ਨਾਲ ਹੀ ਧੋਖਾ ਕਰ ਰਹੇ ਹੁੰਦੇ ਹਨ। ਧੋਖੇ ਵਿਚ ਵਿਚਰਦੇ ਮਨੁੱਖ ਵਲੋਂ ਢਾਹੂ ਰੁਚੀਆਂ ਵਲ ਤੁਰ ਜਾਣ ਦਾ ਖਦਸ਼ਾ ਸਦਾ ਹੀ ਬਣਿਆ ਰਹਿੰਦਾ ਹੈ, ਕਿਉਕਿ ਸੁਚੇਤ ਤੌਰ ’ਤੇ (ਭਾਵਂੇ ਪਰਦੇ ਹੇਠ ਹੀ ਹੋਵੇ) ਝੂਠ ਜੀੳਂੂਦੇ ਲੋਕ ਸੱਚ ਦੇ ਦਾਅਵੇਦਾਰ ਹੋਣ ਵਾਲਾ ਆਪਣਾ ਨੈਤਿਕ ਅਧਾਰ ਗੁਆ ਬੈਠਦੇ ਹਨ।
ਹਉਮੈ ਅੰਦਰ ਗ੍ਰਸੇ ਹੋਣਾ ਮਨੁੱਖ ਦੀ ਤਰਾਸਦੀ ਦਾ ਸਿਖਰ ਹੁੰਦਾ ਹੈ, ਜਿੱਥੋਂ ਉਸ ਦੇ ਚੰਗੇ ਰਾਹੇ ਅੱਗੇ ਵਧਣ ਦੇ ਆਸਾਰ ਘਟ ਜਾਂਦੇ ਹਨ। ਕਿੳਂਕਿ ਇਹ ਹੰਕਾਰ ਮਨ ਅੰਦਰ ਪਲਦੀ ਮੈਲ਼ (ਪ੍ਰਦੂਸ਼ਣ) ਦਾ ਬਾਹਰੀ ਅਕਸ ਹੁੰਦਾ ਹੈ। ਨਿਮਰਤਾ, ਮਿੱਠ ਬੋਲੜਾ ਤੇ ਗਿਆਨਵਾਨ ਹੋਣਾ ਮਨੁੱਖ ਦਾ ਗਹਿਣਾ ਹੈ, ਜੋ ਸਾਫ ਅਤੇ ਨਿਰਮਲ ਮਨ ਅੰਦਰ ਹੀ ਪੈਦਾ ਹੋ ਸਕਦੇ ਹਨ। ਪਰ ਇਸਦੇ ਵਾਸਤੇ ਗਿਆਨ ਦੀ ਪੌੜੀ ਦਾ ਅਗਲਾ ਡੰਡਾ (ਸਥਾਨ) ਫੜਨਾ ਪੈਂਦਾ ਹੈ। ਹਰ ਕੋਈ ਹੀ ਇਸ ਮੁਕਾਮ ਤੇ ਪਹੁੰਚਣ ਦਾ ਦਾਅਵਾ ਨਹੀਂ ਕਰ ਸਕਦਾ। ਇਹ ਰਾਹ ਕਰੜੀ ਅਤੇ ਈਮਾਨਦਾਰ ਸਾਧਨਾ ਦੀ ਮੰਗ ਕਰਦਾ ਹੈ। ਜਦੋਂ ਮਨੁੱਖ ਉੱਚੀ ਅਵਸਥਾ ਵਿਚ ਪਹੁੰਚ ਜਾਵੇ ਤਾਂ ਬਾਬਾ ਬੁੱਲੇ ਸ਼ਾਹ ਦੇ ਬੋਲ ਗੂੰਜਦੇ ਹਨ :
‘ਬੁੱਲਿਆ ਕੀ ਜਾਣਾਂ ਮੈਂ ਕੌਣ’
ਇੱਥੇ ਪਹੁੰਚ ਕੇ ਵੈਰ-ਵਿਰੋਧ, ਦੂਜ-ਤੀਜ ਤੇ ਬੇਗਾਨਗੀ ਦੇ ਹੱਦਾਂ-ਬੰਨੇ ਸਭ ਮੁੱਕ ਜਾਂਦੇ ਹਨ। ਕਿਸੇ ਦੇ ਪਿਆਰ, ਸਤਿਕਾਰ ਵਜੋਂ ਝੁਕ ਕੇ, ਨੀਵਾਂ ਹੋ ਕੇ ਲੰਘਣਾਂ, ਕਿਸੇ ਦੂਸਰੇ ਮਨੁੱਖ ਦੀ ਮਹਾਨਤਾ ਆਖੀ ਜਾ ਸਕਦੀ ਹੈ। ਆਕੜਖੋਰ ਮਨੁੱਖ ਸਿਰਫ ਪਸ਼ੂ ਬਿਰਤੀ ਦਾ ਮਾਲਕ ਹੀ ਹੋ ਸਕਦਾ ਹੈ ਜਾਂ ਇਸ ਪਾਸੇ ਵਲ ਵਧ ਸਕਦਾ ਹੈ। ਚੰਗਾ ਮਨੁੱਖ ਬਣਨ ਵਾਸਤੇ ਹਰ ਕਿਸੇ ਨੂੰ ਪਹਿਲਾਂ ਗਿਆਨ ਦੇ ਲੜ ਤਾਂ ਲੱਗਣਾ ਹੀ ਪੈਂਦਾ ਹੈ। ਇਸ ਵਾਸਤੇ ਧੋਖੇਬਾਜ਼ੀ, ਝੂਠ-ਫਰੇਬ, ਮੱਕਾਰੀ ਤੇ ਅੱਖੀਂ ਘੱਟਾ ਪਾਉਣ ਵਾਲੀ ਬੇਈਮਾਨੀ ਭਰੀ ਚਤਰਾਈ ਆਦਿ ਸਭ ਨੂੰ ਛੱਡਣਾ ਪਹਿਲੀ ਸ਼ਰਤ ਹੁੰਦੀ ਹੈ। ਬਹੁਤੇ ਧਾਰਮਿਕ ਕਹੇ ਜਾਂਦੇ ਵਿਅਕਤੀਆਂ ਬਾਰੇ ਬੜਾ ਕੁੱਝ ਰੰਗ-ਬਰੰਗਾ ਸੁਣਨ ਨੂੰ ਮਿਲਦਾ ਹੈ। ਉਨ੍ਹਾਂ ਦੇ ਆਪੇ ਸਜਾਏ ‘ਪ੍ਰਚਾਰਕ’, ‘ਬਾਬਿਆਂ ਦੀ ਮਹਿਮਾਂ’ ਨੂੰ ਧੋਖੇ ਭਰੇ ਲਫ਼ਜ਼ਾਂ ਵਾਲੀਆਂ ‘ਸ਼ਹਿਦ ਦੀਆਂ ਪੁੜੀਆਂ’ ਵਿਚ ਪਾ ਕੇ ਵੇਚਦੇ (ਵੰਡਦੇ ਨਹੀਂ) ਹਨ। ਪਰ ਰੱਬ ਦੇ ਭਗਤਾਂ ਨੇ ਜੇ ਅਸਲ ਗੱਲ ਸਮਝਣੀ ਹੋਵੇ ਤਾਂ ਬਾਬਾ ਬੁੱਲੇ ਸ਼ਾਹ ਨੂੰ ਲਾਜ਼ਮੀ ਹੀ ਸੁਣਨਾ ਪਵੇਗਾ। ਉਹ ਆਖਦੇ ਹਨ :-
‘ਗੱਲ ਸਮਝ ਲਈ ਤਾਂ ਰੌਲ਼ਾ ਕੀ
ਇਹ ਰਾਮ, ਰਹੀਮ ਤੇ ਮੌਲਾ ਕੀ ?’
ਇਸ ਤਰਾਂ ਦੇ ਬੋਲ ਜਦੋਂ ਕੰਨੀਂ ਪੈਂਦੇ ਹਨ ਤਾਂ ਸੰਵੇਦਨਸ਼ੀਲ ਮਨੁੱਖ ਦੇ ਅੰਦਰ ਇਕ ਰੀਝ ਪੈਦਾ ਹੁੰਦੀ ਹੈ, ਚਾਨਣ ਦੀ ਕੰਨੀ ਫੜਨ ਦੀ, ਕਿੳਂੁਕਿ ਹਰ ਮਨੁੱਖ ਦੇ ਅੰਦਰ ਭਰਪੂਰ ਜ਼ਿੰਦਗੀ ਨੂੰ ਜੀਊਣ ਦੀ ਤਾਂਘ ਸਦਾ ਬਣੀ ਹੀ ਰਹਿੰਦੀ ਹੈ। ਇਸ ਦੀ ਪੂਰਤੀ ਕਿਵਂੇ ਹੋਵੇ, ਬਸ! ਇਹ ਹੀ ਨੁਕਤਾ ਉਹਨਾ ਦੇ ਹੱਥ ਨਹੀਂ ਆੳਂਦਾ। ਅੱਜ ਦੇ ਸਮਾਜ ਦੀ ਸਮਾਜੀ ਬਣਤਰ ਬੜੀ ਹੀ ਉਲਝਣਾਂ ਭਰੀ ਹੈ, ਜਿਸ ਵਿਚ ਅਸੀਂ ਵਿਚਰ ਰਹੇ ਹਾਂ ਉੱਥੇ ਕੁੱਝ ਲੋਕ ਅਕਸਰ ਹੀ ਇਸ ਯਤਨ ਵਿਚ ਰਹਿੰਦੇ ਹਨ ਕਿ ਕਿਸੇ ਦੂਸਰੇ ਨੂੰ ਛੋਟਾ ਕਿਵੇਂ ਕੀਤਾ ਜਾਵੇ। ਇਹ ਸਿਰਫ ਛੋਟੀ ਸੋਚ ਵਾਲੇ ਵਿਅਕਤੀ ਹੀ ਸੋਚ/ਕਰ ਸਕਦੇ ਹਨ। ਜਤਨ ਤਾਂ ਇਹ ਹੋਣਾ ਚਾਹੀਦਾ ਹੈ ਕਿ ਆਪ ਵੱਡੇ, ਸਿਆਣੇ (ਗਿਆਨ ਦੇ ਖੇਤਰ ਵਿਚ) ਕਿਵੇਂ ਬਣਿਆਂ ਜਾਵੇ। ਇਸ ਵਾਸਤੇ ਕਿਸੇ ਵੈਦ/ਹਕੀਮ, ਡਾਕਟਰ ਤੋਂ ਗੋਲੀਆਂ ਜਾਂ ਪੁੜੀਆਂ ਤਾਂ ਮਿਲਣੋਂ ਰਹੀਆਂ। ਇਸ ਵਾਸਤੇ ਤਾਂ ਸਾਧਨਾਂ, ਕਰੜੀ ਮਿਹਨਤ, ਸੱਚ ਅਤੇ ਉੱਚੀ ਨੈਤਿਕਤਾ ਹੀ ਇਸ ਦਾ ਅਧਾਰ ਬਣ ਸਕਦੇ ਹਨ। ਜਿੱਥੋਂ ਗਿਆਨ ਦੇ ਤਿਹਾਏ ਨੂੰ ਕੁੱਝ ਬੂੰਦਾਂ ਮਿਲ ਸਕਦੀਆਂ ਹੋਣ ਤਾਂ ਉਹ ਔਖੇ ਰਸਤਿਆਂ ਵਿਚੋ ਲੰਘਦਾ ਹੋਇਆ ਵੀ ਜ਼ਿੰਦਗੀ ਦਾ ਹਾਸਲ ਫੜਨ ਵਾਸਤੇ ਸਦਾ ਜਤਨਸ਼ੀਲ ਰਹੇਗਾ। ਇਹੋ ਹੀ ਗਤੀਸ਼ੀਲਤਾ ਮਨੁੱਖੀ ਜਿ਼ੰਦਗੀ ਦੀ ਸਾਰਥਿਕਤਾ ਬਣ ਜਾਂਦੀ ਹੈ। ਸਮੇਂ ਨਾਲ ਜੁੜੇ ਬਿਨਾ ਹਰ ਵਿਖਿਆਨ ਵਿਅਰਥ ਹੈ। ਕਿਸੇ ਦੂਜੇ ਨੂੰ ਜਿੱਤਣ ਵਾਸਤੇ ਮੋਹ ਭਰੇ ਬੋਲਾਂ ਦੀ ਲੋੜ ਪੈਂਦੀ ਹੈ। ਮੋਹ ਹੀ ਸੰਸਾਰ ਦਾ ਮੂਲ਼ ਹੈ, ਜਿਸ ਨਾਲ ਰਿਸ਼ਤਿਆਂ ਦੀ ਮੈਲ਼ ਧੋਤੀ ਜਾ ਸਕਦੀ ਹੈ। ਚੰਗੇ ਮਨੁੱਖ ਦੇ ਮਨ ਅੰਦਰਲਾ ਮੋਹ ਹੀ ਨਿਮਰਤਾ ਬਣਕੇ ਲਿਫਦਾ ਹੈ। ਇਹ ਆਪਣੇ ਮਨ ਤੇ ਕਾਬੂ ਪਾ ਲੈਣ ਅਤੇ ਸਮੇਂ ਦਾ ਸੰਗੀ ਹੋ ਜਾਣ ਦਾ ਰਸਤਾ ਵੀ ਹੋ ਸਕਦਾ ਹੈ। ਸਮੇਂ ਦੇ ਨਾਲ ਤੁਰਦਿਆਂ ਕਦਮ ਅੱਗੇ ਵਲ ਹੀ ਵਧਦੇ ਹਨ। ਮਨ ਅੰਦਰ ਪਲਦੇ ਖੋਟ ਤੋਂ ਛੁਟਕਾਰਾ ਪਾਉਣਾ ਬਹੁਤ ਔਖਾ ਤਾਂ ਹੈ, ਅਸੰਭਵ ਬਿਲਕੁੱਲ ਨਹੀਂ। ਪਰ ਚੰਗੀ, ਸੁਚੱਜੀ, ਸਾਊ, ਮਨੁੱਖਵਾਦੀ ਅਤੇ ਸੁਹਜਮਈ ਸਲੀਕੇ ਵਾਲੀ ਭਰਪੂਰ ਜ਼ਿੰਦਗੀ ਜੀਊਣ ਵਾਲੇ ਰਾਹ ਪੈਣ ਵਾਸਤੇ ਇਹ ਬਹੁਤ ਜਰੂਰੀ ਹੈ।
****
ਹੀਣ ਭਾਵਨਾ ਦਾ ਡੰਗ
ਆਮ ਤੌਰ ਤੇ ਘੱਟ ਅਕਲ ਵਾਲੇ ਲੋਕ ਕਿਸੇ ਦੂਜੇ ਨੂੰ ਐਵੇਂ ਹੀ ਠਿੱਠ ਕਰਦਿਆਂ ਆਪਣੀ ਵਡੱਤਣ ਸਮਝਣ ਲੱਗ ਪੈਂਦੇ ਹਨ। ਉਹ ਇਹ ਬਿਲਕੁੱਲ ਨਹੀਂ ਸੋਚਦੇ ਕਿ ਉਨ੍ਹਾਂ ਵਲੋਂ ਇੰਜ ਕੀਤਿਆਂ ਦੂਜੇ ਦੇ ਮਨ ’ਤੇ ਕੀ ਬੀਤਦੀ ਹੈ? ਸੁਚੇਤ ਹੋ ਕੇ ਨਾ ਸੋਚਣ ਵਾਲੇ ਜਦੋਂ ਕੋਈ ਅਜਿਹੀ ਗੱਲ ਦਿਲ ਨੂੰ ਲਾ ਲੈਂਦੇ ਹਨ ਜਿਸ ਦੀ ਉਨ੍ਹਾਂ ਨੂੰ ਪੂਰੀ ਸਮਝ ਨਾ ਪਈ ਹੋਵੇ ਕਿ ਗੱਲ ਕਰਨ ਵਾਲੇ ਦਾ ਅਸਲ ਇਰਾਦਾ ਕੀ ਸੀ ਤਾਂ ਉਹ ਅੰਦਰੋ- ਅੰਦਰੀਂ ਨਿਘਰਨ ਲੱਗ ਪੈਂਦੇ ਹਨ। ਅਜਿਹੇ ਵਿਅਕਤੀ ਦੇ ਸਵੈਮਾਣ ਨੂੰ ਸੱਟ ਲਗਦੀ ਹੈ ਸਿੱਟੇ ਵਜੋਂ ਉਸਦੀ ਮਾਨਸਿਕਤਾ ਜ਼ਖ਼ਮੀ ਹੋਣ ਲੱਗ ਪੈਂਦੀ ਹੈ। ਸਵੈ-ਵਿਸ਼ਵਾਸ ਗੁਆਚਣ ਲਗਦਾ ਹੈ। ਭਾਵ ਕਿ ਉਸ ਮਨੁੱਖ ਦੀ ਸ਼ਖਸੀਅਤ ਨੂੰ ਖੋਰਾ ਲੱਗਣ ਲੱਗ ਪੈਂਦਾ ਹੈ ਮਨ ਤਣਾਉ ਦੇ ਰੋਗ ਦੀ ਪੀੜ ਸਹਿੰਦਾ ਹੈ ਜਿਸ ਨਾਲ ਉਹ ਐਵੇਂ ਹੀ ਹੀਣ ਭਾਵਨਾ ਦਾ ਸਿ਼ਕਾਰ ਹੋ ਜਾਂਦਾ ਹੈ।
ਅਜਿਹੇ ਲੋਕ ਵੀ ਮਿਲਦੇ ਹਨ ਜਿਨ੍ਹਾਂ ਨੂੰ ਜਿ਼ੰਦਗੀ ਦੇ ਸਫਰ ਨੇ ਸਖਤ ਮਿਹਨਤ ਦੇ ਰਾਹੇ ਪਾਇਆ ਹੁੰਦਾ ਹੈ ਅਤੇ ਅਜਿਹੇ ਦ੍ਰਿੜਤਾ ਭਰੇ ਆਪਣੇ ਅਨੁਭਵ ਜਾਂ ਤਜ਼ੁਰਬੇ ਵਿਚੋਂ ਹੀ ਉਨ੍ਹਾਂ ਨੇ ਆਪਣੇ ਆਪ ਤੇ ਵਿਸ਼ਵਾਸ ਕਰਨਾ ਸਿੱਖਿਆ ਹੁੰਦਾ ਹੈ ਅਤੇ ਸੱਚ ਦਾ ਰਾਹ ਫੜਿਆ ਹੁੰਦਾ ਹੈ। ਅਜਿਹੇ ਲੋਕ ਜਦੋਂ ਵੀ ਕਿਸੇ ਕੰਮ ਨੂੰ ਹੱਥ ਪਾਉਂਦੇ ਹਨ ਤਾਂ ਨਿਸ਼ਾਨਾ ਮਿੱਥ ਕੇ ਸਹੀ ਸੇਧ ਨਾਲ ਤੁਰਨ ਲਗਦੇ ਹਨ। ਦਿਸ਼ਾ ਸਹੀ ਹੋਵੇ ਤਾਂ ਦਸ਼ਾ ਬਦਲਣ ਲਈ ਘੋਲ਼ ਦਾ ਰਾਹ ਸੌਖਾ ਕੀਤਾ ਜਾ ਸਕਦਾ ਹੈ। ਕਈ ਵਾਰ ਹਾਲਤ ਹੀ ਅਜਿਹੇ ਕਠੋਰ ਹੁੰਦੇ ਹਨ ਕਿ ਉਹ ਮਿੱਥੇ ਨਿਸ਼ਾਨੇ ਵਿਚ ਸਫਲ ਨਹੀਂ ਹੁੰਦੇ। ਪਰ ਇਸ ਦਾ ਮਤਲਬ ਇਹ ਤਾਂ ਨਹੀਂ ਹੋਇਆ ਕਿ ਉਹ ਹਾਰ ਮੰਨ ਲੈਣ। ਸਫਲ ਨਾ ਹੋਣ ਦੇ ਬਾਵਜੂਦ ਉਹ ਅਸਫਲਤਾ ਨੂੰ ਪ੍ਰਵਾਨ ਨਹੀਂ ਕਰਦੇ । ਹੀਣ ਭਾਵਨਾ ਨੂੰ ਨੇੜੇ ਨਹੀਂ ਫਟਕਣ ਦਿੰਦੇ। ਅਜਿਹੀ ਸਥਿਤੀ ਵਿਚ ਉਹ ਫੇਰ ਮੁੱਢੋਂ ਆਪਣਾ ਘੋਲ਼ ਸ਼ੁਰੂ ਕਰਦੇ ਹਨ।ਨਵੇਂ ਖਿਆਲ, ਨਵੇਂ ਹੋਸ਼ ਤੇ ਨਵੇਂ ਜੋਸ਼ ਨਾਲ ਪੈਰੋ-ਪੈਰ ਅੱਗੇ ਵਧਦੇ ਹਨ। ਹਾਰ ਨਾ ਮੰਨਣਾ ਹੀ ਉਨ੍ਹਾਂ ਦੀ ਹੀਣ ਭਾਵਨਾ ’ਤੇ ਜਿੱਤ ਹੁੰਦੀ ਹੈ। ਇਹੋ ਸਥਿਤੀ ਹੀ ਮਨੁੱਖ ਨੂੰ ਤਣਾਉ ਮੁਕਤ ਕਰਨ ਦਾ ਸੁਚੱਜਾ ਕਾਰਜ ਕਰਦੀ ਹੈ। ਆਪਣੇ ਆਪ ਤੋਂ ਬੇਗਾਨੇ ਨਾ ਹੋਣ ਵਾਲੀ ਹਾਂਅ ਪੱਖੀ ਸੋਚ ਹੀ ਮਨੁੱਖ ਲਈ ਸਫਲਤਾ ਪ੍ਰਾਪਤੀ ਵਾਸਤੇ ਪ੍ਰੇਰਨਾ ਸ਼ਕਤੀ ਬਣਦੀ ਹੈ। ਉਂਜ ਵੀ ਦੋ-ਚਿਤੀ ਵਾਲਾ ਮਨੁੱਖ ਕਦੋਂ ਪਾਰ ਲੰਘਿਆ ਹੈ?
ਅੱਜ ਦਾ ਸਮਾਜ ਪੈਸੇ ਵਾਲੇ ਨੂੰ ਝੁਕ ਕੇ ਸਲਾਮ ਕਰਦਾ ਹੈ। ਇੱਥੇ ਗਰੀਬ ਨੂੰ ਇਮਾਨਦਾਰ ਤੇ ਸੂਝਵਾਨ ਹੋਣ ਦੇ ਬਾਵਜੂਦ ਬਹੁਤਾ ਇੱਜਤ-ਮਾਣ ਨਹੀਂ ਦਿੱਤਾ ਜਾਂਦਾ। ਪਰ ਜਦੋਂ ਕੋਈ ਗਰੀਬ ਕਿਸੇ ਅਮੀਰ ਨੂੰ ਉਹਦੀ ਅਮੀਰੀ ਦਾ ਭੇਤ/ਰਾਜ਼ ਪੁੱਛ ਲਵੇ ਤਾਂ ਅਜਿਹੇ ਢੁੱਠ ਵਾਲੇ ਅਮੀਰਜਾਦੇ ਨੂੰ ਉੱਥੋਂ ਭੱਜਣ ਦਾ ਰਾਹ ਨਹੀਂ ਲੱਭਦਾ, ਅਜਿਹੇ ਸਮੇਂ ਧਰਤੀ ਉਹਨੂੰ ਗਰਕਣ ਲਈ ਥਾਂ ਨਹੀਂ ਦਿੰਦੀ। ਜਵਾਬ ਦੇਣ ਜੋਗਾ ਉਹ ਹੁੰਦਾ ਹੀ ਨਹੀਂ। ਉਹਨੂੰ ਖੁਦ ਨੂੰ ਤਾਂ ਪਤਾ ਹੀ ਹੁੰਦਾ ਹੈ ਕਿ ਇਹ ਮਾਇਆ (ਅਮੀਰੀ) ਕਿਹੜੇ ‘ਮਹਾਰਾਜ’ ਨੇ ‘ਕਿਹੜੇ ਰਸਤੇ’ ਘੱਲੀ ਐ? ਬਾਬਾ ਨਾਨਕ ਦਾ ਕਥਨ ਝੂਠਾ ਕਰਨ ਜੋਗੇ ਅਜੇ ਉਹ ਹੋਏ ਨਹੀਂ ਉਹ ਕਥਨ ਅਜੇ ਵੀ ਸੱਚ ਐ ਕਿ :
ਪਾਪਾਂ ਬਾਝਹੁ ਹੋਇ ਨਾਹਿ ਮੋਇਆਂ ਸਾਥ ਨਾ ਜਾਈ......
ਇਸ ਦੁਨੀਆਂ ਵਿਚ ਕੌਣ ਚਾਹੁੰਦਾ ਹੈ ਕਿ ਉਹਨੂੰ ਗਰੀਬੀ ਮਿਲੇ? ਸਾਡਾ ਸਮਾਜਕ ਤੇ ਆਰਥਕ ਢਾਂਚਾ ਹੀ ਇਹੋ ਜਿਹਾ ਹੈ ਕਿ ਜਿੱਥੇ ਕਿਸੇ ਮਾਇਆਧਾਰੀ, ਜਗੀਰਦਾਰ ਤੇ ਕਾਰਖਾਨੇਦਾਰ ਦਾ ਨਲ਼ੀਚੋਚੋ ਜਿਹਾ ‘ਸਾਹਿਬਜਾਦਾ’ ਜਿਸ ਨੂੰ ਇੱਲ੍ਹ ਤੇ ਕੋਕੋ ਦੇ ਫਰਕ ਦਾ ਵੀ ਪਤਾ ਨਹੀਂ ਹੁੰਦਾ, ਸੌ ਤੱਕ ਗਿਣਤੀ ਵੀ ਟੁੱਟ-ਭੱਜ ਕੇ ਹੀ ਆਉਂਦੀ ਹੁੰਦੀ ਐ ਉਹਨੂੰ ਹੀ ਗਰਜਾਂ ਬੱਝੇ ਲੋਕ ‘ਛੋਟਾ ਸਰਦਾਰ’, ‘ਛੋਟਾ ਚੌਧਰੀ’, ‘ਨਿੱਕਾ ਮੀਆਂ’ ਆਦਿ ਆਖ ਕੇ ਵਡਿਆਈ ਕਰਦੇ ਹਨ। ਭਲਾਂ ਕਿਉਂ? ਕਿਉਂਕਿ ਪਿਉ ਦੀ ਜਾਇਦਾਦ ਉਹਦੇ ਨਾਂ ਨਾਲ ਕਲਗੀ ਲਾ ਦਿੰਦੀ ਐ ਅਤੇ ਗਰਦਨ ਵਿਚ ਆਕੜ ਤੇ ਘੁਮੰਡ ਦਾ ਕਿੱਲ ਠੋਕ ਦਿੰਦੀ ਹੈ। ਗਰੀਬ ਦੇ ਪੁੱਤਰ ਦਾ ਕਿੱਡਾ ਵੱਡਾ ਨਾਮ ਹੋਵੇ ਆਪਣੇ ਆਪ ਨੂੰ ਵੱਡੇ ਅਖਵਾਉਣ ਵਾਲੇ ਲੋਕ ਉਹਨੂੰ ਅੱਧਾ ਕਰਨ ਦੀ ਜਿਦ ਫੜ ਲੈਣਗੇ। ਇਸ ਸਬੰਧ ਵਿਚ ਪੁਰਾਣੀ ਕਹਾਵਤ ਅਜੇ ਵੀ ਸੱਚ ਐ ਕਿ ਪਰਸੂ, ਪਰਸਾ, ਪਰਸ ਰਾਮ। ਵਿਚਾਰੇ ਲੋਕ। ਸਮਾਜ ਦੇ ਆਰਥਕ ਢਾਂਚੇ ਵਿਚਲੀਆਂ ਚੋਰ ਮੋਰੀਆਂ ਵਿਚੀਂ ਲੰਘ ਕੇ ਨੀਚ ਸੋਚਣੀ ਵਾਲਾ ਬੰਦਾ ਵੀ ਜਦੋਂ ‘ਵੱਡਾ’ (ਦਰਅਸਲ ਅਜਿਹੇ ਬੰਦੇ ਕਦੇ ਵੀ ਵੱਡੇ ਮਨੁੱਖ ਨਹੀਂ ਬਣਦੇ ਸਿਰਫ ਉਰਲ-ਪਰਲ ਕਰਕੇ ਪੈਸੇ ਇਕੱਠੇ ਕਰ ਲੈਂਦੇ ਹਨ) ਹੋ ਜਾਂਦਾ ਹੈ ਤਾਂ ਦੂਜਿਆਂ ਨੂੰ ਆਪਣੇ ਆਪ ਤੋਂ ਹੀਣੇ ਦੱਸਣ ਲੱਗ ਪੈਂਦਾ ਹੈ। ਕਿਸੇ ਦੂਸਰੇ ਵਾਸਤੇ ਇਹ ਜ਼ਹਿਰੀ ਡੰਗ ਹੋ ਜਾਂਦਾ ਹੈ। ਉਸਦੇ ਦਿਲ-ਦਿਮਾਗ ਉੱਤੇ ਇਸ ਦਾ ਭੈੜਾ ਅਸਰ ਹੁੰਦਾ ਹੈ। ਇਹ ਸਮਾਜੀ, ਆਰਥਕ ਢਾਂਚੇ ਤੇ ਕਾਬਜ ਸ਼ੈਤਾਨ ਬਿਰਤੀ ਵਾਲਿਆ ਵਲੋਂ ਆਪਣਾ ਭਾਰ/ਦੁੱਖ ਘੱਟ ਕਰਨ ਦੇ ਨੁਸਖੇ ਤਹਿਤ ਆਮ ਮਨੁੱਖ ਦੇ ਮੋਢੇ ਧਰਿਆ ਕੋਝਾ ‘ਸਰਾਪ’ ਹੁੰਦਾ ਹੈ। ਗਰੀਬ ਨੂੰ ਆਪਣੀ ਗਰੀਬੀ ’ਤੇ ਝੂਰਨ ਦੀ ਥਾਵੇਂ ਇਹਦੇ ਕਾਰਨਾਂ ਨੂੰ ਜਾਨਣ ਦੀ ਤੇ ਉਨ੍ਹਾਂ ਦੇ ਖਾਤਮੇ ਦੀ ਸਬੀਲ ਸੋਚਣੀ, ਬਨਾਉਣੀ ਚਾਹੀਦੀ ਹੈ। ਆਪਣੇ ਵਰਗੇ ਹੋਰ ਲੋਕਾਂ ਨਾਲ ਰਲ ਕੇ ਸਾਂਝੇ ਉਪਰਾਲਿਆਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਤਾਂ ਕਿ ਉਹ ਆਪਣੇ ਗਰੀਬ ਹੋਣ ਵਾਲੀ ਹੀਣ ਭਾਵਨਾ ਤੋਂ ਛੁਟਕਾਰਾ ਪਾ ਸਕੇ। ਜਿ਼ੰਦਗੀ ਦੀ ਸਫਲਤਾ ਵਲ ਜਾਣ ਵਾਲਾ, ਭਰਪੂਰ ਤੇ ਸੁਹਣੀ-ਸੁਚੱਜੀ ਜਿ਼ੰਦਗੀ ਜੀਊਣ ਦਾ ਇਹ ਵੀ ਇਕ ਰਾਹ ਹੈ। ਲੋੜ, ਜਿਗਰੇ ਨਾਲ ਇਸ ’ਤੇ ਪੈਰ ਧਰ ਕੇ ਲਗਾਤਾਰ ਅੱਗੇ ਵਧਣ ਦੀ ਹੈ।
ਭਾਰਤੀ ਸਮਾਜ ਅੰਦਰ ਸਿਰੇ ਦਾ ਨਸਲਵਾਦ ਸਦੀਆਂ ਤੋਂ ਪਲ ਰਿਹਾ ਹੈ। ਜਾਤ-ਪਾਤ ਸਮਾਜੀ ਕੋਹੜ ਹੈ। ਮਨੁੱਖਾਂ ਵਿਚ ਦਲੀਲ ਰਹਿਤ ਵੰਡੀਆਂ ਪਾਉਣ ਵਾਲਾ। ਜਿੱਥੇ ਅਖੌਤੀ ਉੱਚੀਆਂ ਜਾਤਾਂ ਵਾਲੇ ਅਖੌਤੀ ਨੀਵੀਆਂ ਜਾਤਾਂ ਨੂੰ ਆਪਣੇ ਆਪ ਤੋਂ ਹੀਣਾਂ ਅਤੇ ਘਟੀਆਂ ਸਮਝਦੇ ਹਨ। ਇਸ ਮਿਣਤੀ ਦਾ ਗਜ਼ ਉਨ੍ਹਾਂ ਨੇ ਭਲਾਂ ਕਿੱਥੋਂ ਲਿਆ? ਕੋਈ ਨਹੀਂ ਜਾਣਦਾ। ਜਾਤ-ਪਾਤ ਦੀ ਘੋਖ ਕੀਤੀ ਜਾਵੇ ਤਾਂ ਸ਼ਰਮਿੰਦਗੀ ਉਪਜਦੀ ਹੈ। ਆਪਣੇ ਆਪ ਨੂੰ ਉੱਚੀ ਜਾਤ ਕਹਾਉਣ ਵਾਲੇ ਬ੍ਰਾਹਮਣਾਂ ਵਿਚ ਹੀ ਨੌਤੀ ਸੌ ‘ਕਿਸਮਾਂ’ ਦੇ ਬ੍ਰਾਹਮਣ ਪਾਏ ਜਾਂਦੇ ਹਨ। ਉਨ੍ਹਾਂ ਵਿਚੋਂ ਕਈ ਦੂਜਿਆਂ ਨੂੰ ਆਪਣੇ ਆਪ ਤੋਂ ਘਟੀਆ ਸਮਝਦੇ ਹਨ। ਕੀ ਇਹ ਜ਼ਰੂਰੀ ਹੈ ਕਿ ਬ੍ਰਾਹਮਣ ਦੇ ਘਰ ਜੰਮਿਆਂ ਬੱਚਾ ਕਿਸੇ ਛੋਟੀ ਕਹੀ ਜਾਂਦੀ ਜਾਤ ਦੇ ਬੱਚੇ ਨਾਲੋਂ ਹੁਸਿ਼ਆਰ ਤੇ ਅਕਲਮੰਦ ਹੋਵੇਗਾ? ਇਹ ਦਲੀਲ ਬੇ ਸਿਰ ਵਿਚ ਬੇ-ਅਕਲੀ ਦਾ ਸੋਟਾ ਮਾਰਨ ਵਾਲੀ ਗੱਲ ਨਹੀਂ ਤਾਂ ਹੋਰ ਕੀ ਹੈ? ਕਿਸੇ ਛੋਟੀ ਕਹੀ ਜਾਂਦੀ ਜਾਤ ਵਿਚ ਜਨਮ ਲੈਣ ਵਾਲੇ ਬੱਚੇ ਨੂੰ ਵੱਡੇ ਹੁੰਦਿਆਂ ਆਪਣੇ ਅੰਦਰ ਅਜਿਹੀ ਹੀਣ ਭਾਵਨਾ ਪੈਦਾ ਕਰਨ ਦੀ ਕੀ ਲੋੜ ਹੈ? ਲੋੜ ਹੈ ਤਾਂ ਆਪਣੀ ਸਿਆਣਪ ਨਾਲ ਅੱਗੇ ਵਧਦਿਆਂ ਮਨੁੱਖਾਂ ਅੰਦਰ ਵੰਡੀਆਂ ਪਾਉਣ ਵਾਲੇ ਸਮਾਜਿਕ ਢਾਂਚੇ ਨੂੰ ਤੋੜਨ ਦੀ ਅਤੇ ਉਸਨੂੰ ਬਲ ਬਖਸ਼ਦੇ ਰਾਜਨੀਤਕ ਅਤੇ ਆਰਥਕ ਪ੍ਰਬੰਧ ਦੇ ਖਿਲਾਫ ਬੇਕਿਰਕ ਲੜਾਈ ਲੜਨ ਦੀ। ਸਮਾਜੀ, ਸਿਆਸੀ ਅਤੇ ਆਰਥਕ ਵਿਤਕਰੇ ਅਧੀਨ ਹੀਣ ਭਾਵਨਾ ਹੰਢਾਉਂਦੇ ਲੋਕਾਂ ਨੂੰ ਲੋੜ ਹੈ ਸ਼ੈਤਾਨਾਂ ਦੇ ਲੁੱਟ ਅਧਾਰਤ ਸਿਰਜੇ ਹੋਏ ਸਰਮਾਏਦਾਰੀ ਪ੍ਰਬੰਧ ਅਤੇ ਉਸਨੂੰ ਹੱਕਣ (ਚਲਾਉਣ) ਵਾਲੇ ਛਟੇ ਹੋਏ ਹਾਕਮਾਂ ਤੇ ਉਨ੍ਹਾਂ ਦੇ ਅਫਸਰਸ਼ਾਹਾਂ ਨੂੰ ਨੰਗਿਆਂ ਕਰਨ ਦੀ ਤਾਂ ਕਿ ਲੋਕ ਇਸ ਅਸਲੀਅਤ ਨੂੰ ਜਾਣ ਸਕਣ। ਧਰਮਾਂ ਵਾਲੇ ਵੀ
ਝੂਠ ਨੂੰ ‘ਦਲੀਲ’ ਬਣਾ ਕੇ ਇਹਨੂੰ ਮਨੁੱਖ ਦੇ ਕਰਮਾਂ ਦਾ ਫਲ ਆਖ ਕੇ ਸਿੱਧੀ ਗੱਲ ਨੂੰ ਵੀ ਗੋਲ਼-ਮੋਲ਼ ਕਰਕੇ ਸਿਰਫ ਆਪਣੇ ਹਲਵੇ-ਮੰਡੇ ਦੀ ਪੂਰਤੀ ਦੇ ਲੋਭ ਵਿਚ ਇਸ ਸ਼ੈਤਾਨੀ ਪ੍ਰਬੰਧ ਦੀ ਭਰਪੂਰ ਸੇਵਾ ਕਰਦੇ ਹਨ। ਸਿਆਸਤਦਾਨ ਇਸ ਬਾਂਦਰ ਵੰਡ ਨੂੰ ਕਾਇਮ ਰੱਖਣ ਵਿਚ ਸਹਾਈ ਹੁੰਦੇ ਹਨ। ਆਪਣੀਆਂ ਕੋਝੀਆਂ ਗਰਜ਼ਾਂ ਖਾਤਰ ਉਹ ਵੀ ਇਸ ਹੀਣ ਭਾਵਨਾ ਦੇ ਡੰਗ ਨਾਲ ਸਮਾਜ ਦੇ ਲਤਾੜੇ ਜਾ ਰਹੇ ਵਰਗਾਂ ਨੂੰ ਵਾਰ ਵਾਰ ਜ਼ਖ਼ਮੀ ਵੀ ਕਰਦੇ ਹਨ ਅਤੇ ਨਾਲ ਹੀ ਆਪਣੇ ਆਪ ਨੂੰ ਉਨ੍ਹਾਂ ਦੇ ਹਮਦਰਦ ਬਣਾ ਕੇ ਪੇਸ਼ ਕਰਦੇ ਹਨ। ਸ਼ਾਇਦ ਇਸੇ ਕਰਮ ਨੂੰ ਹੀ ਚਲਿੱਤਰ ਆਖਿਆ ਜਾਂਦਾ ਹੈ।
ਜ਼ਮਾਨਾ ਬਹੁਤ ਅੱਗੇ ਵਧ ਗਿਆ ਹੈ, ਸਮਾਂ ਲਗਾਤਾਰ ਤੁਰ ਰਿਹਾ ਹੈ। ਸੁਚੱਜੀ ਸੋਚ ਦੇ ਮਾਲਕਾਂ ਨੂੰ ਬੌਣੀ ਸੋਚ ਦਾ ਖਹਿੜਾ ਛੱਡ ਕੇ ਪੂਰੇ-ਸੂਰੇ ਮਨੁੱਖ ਬਣਨ ਦਾ ਜਤਨ ਕਰਨਾ ਪਵੇਗਾ। ਹਰ ਵਿਤਕਰੇ ਨੂੰ ਲਲਕਾਰਨਾ ਪਵੇਗਾ ਤਾਂ ਕਿ ਇਹ ਲਲਕਾਰ ਇਕ ਰਾਹ ਬਣਕੇ ਲੁੱਟ, ਵਿਤਕਰਿਆ ਅਤੇ ਵੰਡਾਂ ਤੋਂ ਮੁਕਤ ਸਮਾਜ ਦੀ ਸਿਰਜਣਾ ਵਲ ਵਧ ਸਕੇ ਜਿੱਥੇ ਕਿਸੇ ਨੂੰ ਵੀ ਆਪਣੇ ਆਪ ਨੂੰ ਹੀਣਾ ਨਾ ਸਮਝਣਾ ਪਵੇ। ਉਹ ਸਮਾਜ ਦਾ ਮਾਣ ਭਰਿਆ ਅੰਗ ਹੋਵੇ ਅਤੇ ਉਸ ਨੂੰ ਸਮਾਜ ਅੰਦਰ ਵਿਚਰਦਿਆਂ ਖੁਸ਼ੀ ਭਰੇ ਪਲਾਂ ਦਾ ਸੰਗ-ਸਾਥ ਨਿਭਾਉਣ ਦਾ ਅਤੇ ਹਰ ਕਿਸੇ ਦੇ ਬਰਾਬਰ ਦਾ ਮੌਕਾ ਮਿਲੇ। ਜਦੋਂ ਕੋਈ ਵੀ ਮਨੁੱਖ ਦੂਜਿਆਂ ਵਲੋਂ ਆਪਣੇ ’ਤੇ ਬਿਨਾ ਕਿਸੇ ਕਾਰਨ ਤੋਂ ਲੱਦਿਆ ਹੀਣ ਭਾਵ ਦਾ ‘ਭਾਰ’ ਤਿਆਗ ਦੇਵੇਗਾ ਤਾਂ ਉਹ ਸਮਾਜ ਅੰਦਰ ਪੂਰੇ ਮਨੁੱਖ ਤੇ ਤੌਰ ’ਤੇ ਵਿਚਰੇਗਾ। ਇਹ ਕਾਰਜ ਔਖਾ ਤਾਂ ਜ਼ਰੂਰ ਹੈ ਪਰ ਅਸੰਭਵ ਨਹੀਂ।
****
ਖ਼ਤਰਨਾਕ ਖੇਡ
ਜਿ਼ੰਦਗੀ ਜੀਊਂਦਿਆਂ ਮਨੁੱਖ ਨੂੰ ਬਹੁਤ ਸਾਰੇ ਉਤਰਾਵਾਂ-ਚੜ੍ਹਾਵਾਂ ਰਾਹੀਂ ਲੰਘਣਾ ਪੈਂਦਾ ਹੈ। ਇਹ ਸਦਾ ਹੀ ਸਿੱਧੇ-ਸਾਦੇ ਤੇ ਸੁੱਖ ਭਰੇ ਨਹੀਂ ਹੁੰਦੇ। ਅੱਜ ਦੇ ਤੇਜ ਰਫਤਾਰ ਅਤੇ ਜਟਿਲਤਾ ਭਰਪੂਰ ਸਮੇਂ ਅੰਦਰ ਇਨ੍ਹਾਂ ‘ਗੇੜਾਂ’ ਨੂੰ ਸਮਝਣਾ ਬਹੁਤ ਔਖਾ ਹੈ, ਪਰ ਇਸ ਤੋਂ ਪਾਸਾ ਵੱਟ ਕੇ ਲੰਘ ਜਾਣਾ ਵੀ ਸੰਭਵ ਨਹੀਂ। ਜਿਵੇਂ ਜਿਵੇਂ ਅਸੀਂ ਪੇਚੀਦਾ ਸਵਾਲਾਂ ਦੇ ਅੰਦਰ ਝਾਕਣ ਦਾ ਜਤਨ ਕਰਦੇ ਹਾਂ, ਉਨ੍ਹਾਂ ਦੀਆਂ ਹੋਰ ਤਹਿਆਂ ਫਰੋਲਦੇ ਹਾਂ ਤਾਂ ਅੱਗਿਉਂ ਕਿਸੇ ਲੀਰਾਂ ਦੀ ਗੇਂਦ ਵਾਂਗ ਉਘੜੇ-ਦੁਗੜੇ ਵਲ਼ ਨਿਕਲਦੇ ਹੀ ਚਲੇ ਆਉਂਦੇ ਹਨ।
ਮਾਇਆਧਾਰੀ ਯੁੱਗ ਵਿੱਚ ਅਜਿਹਾ ਬਹੁਤ ਕੁਝ, ਹੈ ਜੋ ਆਮ ਤੌਰ ਤੇ ਸਾਡੀ ਸੋਚ ਧਾਰਾ ਨੂੰ ਪ੍ਰਭਾਵਿਤ ਕਰ ਜਾਂਦਾ ਹੈ ਐਵੇਂ ਤਾਂ ਨਹੀ ਇਸ ਭੋਗਵਾਦੀ ਸਮਾਜ ਅੰਦਰ ਭਗਵੇਂ-ਚਿੱਟੇ ਚੋਲ਼ੇ ਪਾਈ ਆਪਣੇ-ਆਪ ’ਤੇ ਆਪ ਹੀ ‘ਸਾਧ-ਸੰਤ’ (?) ਹੋਣ ਦਾ ਲੇਬਲ ਲਾਈ ਫਿਰਦੇ ਆਪੇ ਬਣੇ ਇਹ ‘ਮਹਾਂਪੁਰਸ਼’ (ਜਰੂਰੀ ਨਹੀਂ ਇਹ ਨੇਕ ਪੁਰਸ਼ ਵੀ ਹੋਣ) ਵਧੀਆ ਕਾਰਾਂ ਤੇ ਸੁੱਖ ਅਰਾਮ, ਦਰਅਸਲ ਐਸ਼ਪ੍ਰਸਤੀ ਵਾਲੀ ਜਿ਼ੰਦਗੀ (ਜੋ ਮਹਾਨ ਭਾਰਤ ਅੰਦਰ ਸਿਰਫ ਵਿਹਲੜਾਂ, ਜਾਂ ਮਾੜੇ ਕੰਮ ਕਰਨ ਵਾਲਿਆਂ ਨੂੰ ਹੀ ਨਸੀਬ ਹੁੰਦੀ ਹੈ) ਦੀ ਕਾਮਨਾ ਕਰਨ ਲੱਗ ਜਾਂਦੇ ਹਨ ਅਤੇ ਹੁਣ ਉਹ ਸਮਾਧੀ ਕਿਸੇ ਕੁਟੀਆਂ, ਵਣ ਜਾਂ ਜੰਗਲ-ਬੇਲੇ ਵਿੱਚ ਨਹੀਂ ਲਗਾਉਂਦੇ ਇਸ ਕੰਮ ਲਈ ਵੀ ੳਨ੍ਹਾਂ ਨੂੰ ਅਜੋਕੇ ਯੁੱਗ ਦੇ ਪਦਾਰਥਾਂ ਨਾਲ ਭਰਪੂਰ ਇਕਾਂਤ ਵਾਲੀ ਏਅਰਕੰਡੀਸ਼ਨ ਕੋਠੀ ਚਾਹੀਦੀ ਹੈ (ਜਦੋਂ ੳਹ ਆਪਣੀਆਂ ਕਰਤੂਤਾਂ ਕਰਕੇ ਜੇਲ੍ਹ ਜਾਂਦੇ ਹਨ, ਉੱਥੇ ਵੀ ਉਹ ਪੂਰੀਆਂ ਸਹੂਲਤਾਂ ਮੰਗਦੇ ਤੇ ਪ੍ਰਾਪਤ ਕਰ ਲੈਂਦੇ ਹਨ), ਹੋ ਸਕਦਾ ਹੈ ਉਨ੍ਹਾਂ ਨੇ ਆਪਣੇ ‘ਭਗਵਾਨ’ ਨੂੰ ਆਪਣੇ ਵਰਗਾ ਹੀ ਕਰ ਲਿਆ ਹੋਵੇ, ਜਾਂ ਫਿਰ ਉਹ ਆਪ ਉਂਜ ਹੀ ਸਮਝਣ ਲੱਗ ਪਏ ਹੋਣ ।
ਪਹਿਲੇ ਸਮਿਆਂ ਵਿੱਚ ਲੋਕਾਂ ਅੰਦਰ ਸਹਿਜ ਭਰਿਆ ਸੁਭਾਅ, ਬੋਲਾਂ ’ਚ ਮਿਠਾਸ, ਦੂਜੇ ਪ੍ਰਤੀ ਮੋਹ ਆਦਿ ਆਮ ਹੀ ਵੇਖਣ ਨੂੰ ਮਿਲਦੇ ਸਨ, ਪਰ ਉਦੋਂ ਤੇ ਅੱਜ ਦਾ ਫਰਕ ਕੀਤਿਆਂ ਪਤਾ ਲੱਗਦਾ ਹੈ ਕਿ ਹਰ ਪਾਸੇ ਹੀ ਬੇ-ਮਤਲਬ ਦੌੜ ਜਾਂ ਕਾਹਲ ਹੀ ਨਹੀਂ, ਸਗੋਂ ਹਫੜਾ-ਦਫੜੀ ਜਿਹੀ ਮਚੀ ਹੋਈ ਨਜ਼ਰੀਂ ਪੈਂਦੀ ਹੈ । ਆਮ ਤੌਰ ਤੇ ਸਹਿਜ ਦਿਸਦਾ ਵਿਅਕਤੀ ਵੀ ਜਦੋਂ ਉਸ ਦਾ ਕਿਸੇ ਦੂਸਰੇ ਨਾਲ ਵਾਹ ਪੈਂਦਾ ਹੈ, ਅੰਦਰੋਂ ਖੌਲ਼ਦਾ ਜਿਹਾ ਦਿਸਣ ਲੱਗ ਪੈਂਦਾ ਹੈ, ਬੋਲੇਗਾ ਤਾਂ ਮੂੰਹੋਂ ਅੱਗ ਸੁੱਟਣ ਦਾ ਯਤਨ ਕਰਦਾ ਹੋਇਆ ਦਿਖਾਈ ਦੇਵੇਗਾ। ਉਸ ਵਿਅਕਤੀ ਦਾ ਇਹ ਪ੍ਰਤੀਕ੍ਰਮ ਸਮਾਜ ਅੰਦਰ ਵਾਪਰਦੇ ਨਿੱਤ ਦੇ ਕਾਰਜਾਂ ਦਾ ਹੀ ਇੱਕ ਰੂਪ ਹੈ। ਕੌਣ ਭਲਾਂ ਦੂਸਰੇ ਵੱਲ ਉਂਗਲ ਕਰੇ? ਕੌਣ ਦੂਸਰੇ ਤੋ ਬੁਰਾ-ਭਲਾ ਸੁਣੇ? ਆਪਣਾ ਚਿੰਤਨ ਕਰਨ ਤੋਂ ਹਰ ਕੋਈ ਕਤਰਾਉਂਦਾ ਹੈ। ਸਮਾਜ ਨੇ ਹਰ ਖੇਤਰ ਅੰਦਰ ਬਹੁਤ ਤਰੱਕੀ ਕੀਤੀ ਹੈ, ਪਰ ਇਸ ਦੇ ਹੋਏ ਵਿਕਾਸ ਨੇ ਕਈ ਮਾੜੇ ਪੱਖ ਵੀ ਨਾਲ ਹੀ ਲੈ ਆਂਦੇ ਹਨ। ਇੱਥੇ ਵਿਗਿਆਨ ਅੰਦਰਲੀ ਤਰੱਕੀ ਜਾਂ ਵਿਕਾਸ ਨੂੰ ਉਸਾਰੂ ਪਾਸੇ ਘੱਟ, ਮਾਇਕ ਪੱਖੋਂ ਤਕੜੇ ਹੋਣ ਵਾਸਤੇ ਵੱਧ ਵਰਤਣ ਦੇ ਯਤਨ ਹੋ ਰਹੇ ਹਨ। ਤਕੜੇ ਮੁਲਕ ਜੰਗਾਂ ਦਾ ਸਮਾਨ ਲੜਾਕੇ ਜਹਾਜ, ਟੈਂਕ, ਤੋਪਾਂ ਆਦਿ ਬਣਾ ਕੇ ਗਰੀਬ ਲੋਕਾਂ ਦੇ ਮੂੰਹ ਦੀ ਰੋਟੀ ਖੋਹ ਰਹੇ ਹਨ। ਮੌਤ ਦਾ ਇਹ ਸਮਾਨ ਵੇਚਣ ਨਾਲ ਉਨ੍ਹਾਂ ਦੀਆਂ ਤਿਜੌਰੀਆਂ ਭਰਦੀਆਂ ਹਨ। ਜਦੋਂ ਕਿਸੇ ਹੋਰ ਮੁਲਕ ਦੇ ਉਨ੍ਹਾਂ ਵਰਗੇ ਉਜੱਡ ਆਗੂ ਵੀ ਬੰਬ ਬਣਾ ਕੇ ਬੋਝੇ ਪਾਈ ਫਿਰਨ ਤਾਂ ਉਨ੍ਹਾਂ ਨੂੰ ਦਬਕੇ ਮਾਰਦੇ ਹਨ। ਸਿਆਸਤ ਦੀ ਇਹ ਖੇਡ ਲੋਕਾਂ ਦੇ ਪੱਲੇ ਨਮੋਸ਼ੀ ਹੀ ਪਾਉਂਦੀ ਹੈ। ਜਿੱਥੇ ਜੀਊਣ ਦੇ ਹੱਕ ’ਤੇ ਡਾਕਾ ਮਾਰਨ ਦੇ ਯਤਨ ਕੀਤੇ ਜਾਂਦੇ ਹੋਣ, ਜਿੱਥੇ ਭਰਾਵਾਂ ਨੂੰ ਗਲਵਕੜੀ ਪਾਉਣ ਤੋ ਪਹਿਲਾਂ ਹੀ ਠਾਹ ਦੀ ਅਵਾਜ਼ ਸੁਣਨੀ ਪਵੇ, ਜਿੱਥੇ ਆਪਣਿਆਂ ਨੂੰ ਪਰਾਇਆ ਐਲਾਨ ਦਿੱਤਾ ਜਾਵੇ ਉੱਥੇ ਤਾਂ ਮਨ ਸਿਰਫ ਉਦਾਸ ਹੀ ਹੋ ਸਕਦਾ ਹੈ। ਐਹੋ ਜਹੀ ਹਾਲਤ ਵਿਚ ਤਾਂ ਮਨੁੱਖ ਆਪਣੇ ਆਪ ਨਾਲ ਵੀ ਰੁੱਸਿਆਂ ਵਰਗਾ ਹੀ ਵਿਹਾਰ ਕਰਦਾ ਹੈ।
ਕੰਪਿਊਟਰ ਆਇਆ ਤਾਂ ਲੋਕ ਅਸ਼ ਅਸ਼ ਕਰ ਉੱਠੇ ਕਿ ਕੰਮ ਦੇ ਫਾਹੇ ਵਢਦਾ ਐ ਜੀ ਅਤੇ ਇੰਟਰਨੈਟ ਨੇ ਤਾਂ ਹਵਾ ਨਾਲ ਗੱਲਾਂ ਕਰਨ ਲਾ ਦਿੱਤੇ ਲੋਕ। ਇਸ ਰਾਹੀਂ ਸੂਚਨਾਵਾਂ ਦੇ ਭੰਡਾਰ ਇੱਕਠੇ ਹੋ ਕੇ ਮਿੰਟਾਂ ਸਕਿੰਟਾਂ ਅੰਦਰ ਲੋਕਾਂ ਤੱਕ ਪਹੁੰਚਣ ਲੱਗੇ ਪਰ ਨਾਲ ਹੀ ਹਰਾਮੀ ਕਿਸਮ ਦੇ ਮਾਫੀਆਂ ਗਰੁੱਪ (ਕਾਲੀਆਂ ਭੇਡਾਂ) ਵੀ ਪਿੱਛੇ ਨਹੀਂ ਰਹੇ, ਇਸ ਤਰੱਕੀ ’ਚੋਂ ਹਿੱਸਾ ਵੰਡਾੳਣ ਵੇਲੇ। ਉਨ੍ਹਾਂ ਨੇ ਆਪਣੇ ਹਿਤਾਂ ਵਾਲੀ ਸੂਚਨਾਂ ਨੂੰ ਇੰਟਰਨੈਟ ਦੇ ਸਹਾਰੇ ਦੂਰ-ਦੁਰਾਡੇ ਪਹੁੰਚਾਇਆ। ਇਨਾਂ ਵਿੱਚ ਸਮਗਲਰ, ਭੰਨ-ਤੋੜ ਕਰਨ-ਕਰਾਉਣ ਵਾਲੇ, ਬਲੈਕ ’ਚ ਹਥਿਆਰ ਵੇਚਣ ਤੇ ਖਰੀਦਣ ਵਾਲੇ ਅਤੇ ਦੇਹ ਵਪਾਰ ਕਰਨ-ਕਰਵਾਉਣ ਵਾਲੇ, ਉੱਚੀਆਂ ਪਹੁੰਚਾਂ ਦੇ ਆਸਰੇ ਗੈਰ ਕਾਨੂੰਨੀਂ ਧੰਦਿਆਂ, ਚਕਲਿਆਂ ਤੋ ਧੰਨ ਕਮਾੳਣ ਵਾਲੇ ਅਤੇ ਉਨ੍ਹਾਂ ਦੇ ਦਿਸਦੇ-ਅਣਦਿਸਦੇ ਰਾਜ ਸੱਤਾ ਤੇ ਕਾਬਜ਼ ਜਾਂ ਰਾਜ ਸੱਤਾ ਵਿਚ ਵਿੰਗੇ–ਸਿੱਧੇ ਭਾਈਵਾਲ, ਲੁਕਵੇਂ ਮਾਲਕ ਸਭ ਸ਼ਾਮਿਲ ਹੋ ਗਏ । ਵਸਤਾਂ ਨੂੰ ਦੇਖਣ-ਪਰਖਣ ਦਾ ਢੰਗ-ਤਰੀਕਾ ਵੀ ਬਦਲ ਗਿਆ ਹੈ। ਪੂਰੇ ਤੌਰ ਤੇ ਅਜਾਦ ਹੁੰਦੇ ਹੋਏ ਵੀ ਖਰੀਦਦਾਰੀ ਅਸੀਂ ਆਪਣੀ ਮਰਜੀ ਨਾਲ ਨਹੀਂ, ਸਗੋਂ ਬਹੁਤੀ ਨਿੱਤ ਹੁੰਦੇ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਕਰਦੇ ਹਾਂ। ਅਖਬਾਰਾਂ, ਰੇਡੀੳ, ਟੈਲੀਵੀਜ਼ਨ, ਆਦਿ ਦੇ ਨਾਲ ਹੀ ਨਿੱਤ ਘਰਾਂ ਵਿੱਚ ਸੁੱਟੀ ਜਾਂਦੀ ਮੁਫਤ ਦੀ ਪਰਚਾਰ ਸਮੱਗਰੀ ਸਾਨੂੰ ਇਸ ਪਾਸੇ ਪ੍ਰਭਾਵਤ ਕਰਕੇ ਪ੍ਰੇਰਦੀ ਹੈ। ਹੁਣ ਤਾਂ ਲੋੜੀਂਦਾ ਸਮਾਨ ਲੋਕਾਂ ਵਲੋਂ ਫੋਨ ਰਾਹੀਂ ਦਿੱਤੇ ਆਰਡਰ ਤੇ ਹੀ ਕੰਪਨੀਆਂ ਘਰ ਪਹੁੰਚਾ ਦਿੰਦੀਆਂ ਹਨ। ਇਹ ਹੀ ਕੰਪਨੀਆਂ ਜੋ ਪਰਚਾਰ ਦੇ ਆਸਰੇ ਕਰੋੜਾਂ, ਅਰਬਾਂ ਰੁਪਏ ਕਮਾਉਂਦੀਆਂ ਹਨ। ਇਨ੍ਹਾਂ ਦੇ ਕਾਰਜ ਖੇਤਰ ਅੰਦਰ ਸਿਆਸੀ ਸਮਾਜੀ ਤੇ ਇੱਥੋਂ ਤੱਕ ਕੇ ਆਰਥਿਕ ਢਾਂਚੇ ਨੂੰ ਪ੍ਰਭਾਵ ਕਰਨ ਦੀ ਸਮਰੱਥਾ ਹੈ।
ਮਿਸਾਲ ਵਜੋਂ ਪਿਛਲੇ ਡੇਢ ਕੁ ਦਹਾਕੇ ਤੋਂ ਬੰਦਿਆਂ ਨੂੰ ਹਾਰ-ਸ਼ਿੰਗਾਰ ਕਰਨਾ ਚਾਹੀਦਾ ਹੈ ਕਿ ਨਹੀਂ, ਦੀ ਬਹਿਸ ਤੁਰੀ ਹੀ ਰਹਿੰਦੀ ਹੈ। ਇਹੋ ਹੀ ਖੂਬਸੂਰਤੀ ਦਾ ਸਮਾਨ ਤਿਆਰ ਕਰਨ ਵਾਲੀਆਂ ਮਾਡਰਨ ਕੰਪਨੀਆਂ ਲੋਕਾਂ ਨੂੰ ਪ੍ਰਭਾਵਤ ਕਰਕੇ ਸੈਮੀਨਾਰਾਂ ਆਦਿ ਰਾਹੀਂ ਇਸ ਵਿਸ਼ੇ ਵੱਲ ਖਿੱਚਦੇ ਹਨ ਅਤੇ ਬਹੁਤ ਸਾਰੇ ਇਸ ਪਾਸੇ ਪ੍ਰੇਰੇ ਵੀ ਜਾਂਦੇ ਹਨ । ਉਹ ਕੰਪਨੀਆਂ ਔਰਤਾਂ ਵਾਲੇ ਮੇਕ-ਅੱਪ ਦੇ ਸਮਾਨ ਦੇ ਨਾਲ ਹੀ (ਥੋੜੇ ਜਿਹੇ ਹੇਰ ਫੇਰ ਨਾਲ ) ਬੰਦਿਆਂ ਦੇ ਮੇਕ-ਅੱਪ ਦਾ ਸਮਾਨ ਤਿਆਰ ਕਰਦੀਆਂ ਹਨ। ਜਿਹੜੇ ਸਮਾਨ ਅੰਦਰ ਚਮੜੀ ਨੂੰ ਤਬਾਹ ਕਰਨ ਵਾਲੇ ਕੈਮੀਕਲਾਂ (ਖਤਰਨਾਕ ਰਸਾਇਣਕ ਤੱਤ) ਦੀ ਭਰਮਾਰ ਹੁੰਦੀ ਹੈ, ਕੀ ਹੁਣ ਖੂਬਸੂਰਤੀ ਦਾ ਰਾਜ ਕਰੀਮਾਂ, ਪਾਊਡਰ ਤੇ ਸੁਰਖੀਆਂ ਹੀ ਗਿਣੀਆਂ ਜਾਣ ਜਾਂ ਫਿਰ ਮਨੁੱਖ ਦਾ ਮਨੁੱਖਤਾ ਪ੍ਰਤੀ ਵਤੀਰਾ, ਗੁਆਂਢੀ ਨਾਲ ਵਿਹਾਰ, ਮੁਲਕ ਦੇ ਲੋਕਾਂ ਵੱਲ ਸੂਝ ਭਰੀ ਸੋਚ, ਸਮਾਜ ਅੰਦਰ ਸਮਾਜਕ, ਆਰਥਕ ਬਰਾਬਰੀ ਵਾਸਤੇ ਅਤੇ ਲੁੱਟ ਅਧਾਰਤ ਪ੍ਰਬੰਧ ਨੂੰ ਬਦਲਣ ਲਈ ਲੜੇ ਜਾਂਦੇ ਘੋਲਾਂ ਵਿੱਚ ਸ਼ਮੂਲੀਅਤ ਆਦਿ । ਇਹ ਸੋਚਣਾ ਤਾਂ ਬਣਦਾ ਹੀ ਹੈ ।
ਸਮਾਜ ਦੇ ਅਮੀਰ ਤਬਕੇ ਥਲੜੇ ਤਬਕਿਆਂ ਲਈ ਸ਼ੀਸ਼ਾ ਨਹੀ ਬਣ ਸਕਦੇ। ਅਮੀਰ ਔਰਤਾਂ ਹਾਰ ਸ਼ਿੰਗਾਰ ਦਾ ਸਮਾਨ ਖਰੀਦਣ ਵੇਲੇ ਖਿਆਲ ਰਖਦੀਆਂ ਹਨ ਕੁਆਲਟੀ ਦਾ, ਪਰ ਗਰੀਬ ਔਰਤਾਂ ਕੋਲ ਇਹ ਖਿਆਲ ਰੱਖਣ ਜੋਗਾ ਬੋਝਾ ਨਹੀ ਹੁੰਦਾ, ਪਰ ਸ਼ੌਕੀਨੀ ਉਨ੍ਹਾਂ ਨੇ ਵੀ ਕਰਨੀ ਹੁੰਦੀ ਹੈ, ਸੋਹਣੀਆਂ ਉਨ੍ਹਾਂ ਨੇ ਵੀ ਦਿਸਣਾ ਹੁੰਦਾ ਹੈ। ਫਿਰ ਘਟੀਆਂ ਕਿਸਮ ਦਾ ਸਮਾਨ ਖਰੀਦ ਕੇ ਆਪਣੀ ਚਮੜੀ, ਜਿਸਮ ਨੂੰ ਤਬਾਹ ਕੀਤਾ ਜਾਂਦਾ ਹੈ। ਜਦੋਂ ਚਮੜੀ ਦੇ ਰੋਗ ਹੋਣ ਲਗਦੇ ਹਨ ਤਾਂ ਮੇਕ-ਅੱਪ ਹੋਰ ਸੰਘਣਾ ਹੋਣ ਲੱਗਦਾ ਹੈ, ਉਦੋ ਤਾਂ ਕਈ ਲੋਕ ਆਪਣੀ ਬੀਵੀ ਨੂੰ ਚੁੰਮਣ ਤੋਂ ਵੀ ਪਾਸਾ ਵੱਟਣ ਲਗਦੇ ਹਨ, ਅਖੇ ਜੀ ਕਿਹੜਾ ਕਰੀਮ-ਪਾਊਡਰ ਚੱਟਦਾ ਫਿਰੇ। ਫੇਰ ਕੀ ਲੋੜ ਅਜਿਹੇ ਸੁਹੱਪਣ ਦੀ ਜਿੱਥੇ ਰਿਸ਼ਤਿਆਂ ਵਿਚ ਵੀ ਕਾਲਖ਼ ਪੈਦਾ ਹੋਣ ਲੱਗ ਪਵੇ? ਅੱਜ ਸੋਚ ਦਾ ਜ਼ਮਾਨਾ ਹੈ, ਗਿਆਨ ਇਕੱਠਾ ਕਰਕੇ ਖੁਦ ਕੋਈ ਫੈਸਲਾ ਕਰ ਲੈਣ ਵਿੱਚ ਹਰਜ ਵੀ ਕੋਈ ਨਹੀਂ। ਅਸੀਂ ਜਿਸ ਸਮਾਜ ਵਿੱਚ ਰਹਿ ਰਹੇ ਹਾਂ, ਇੱਥੇ ਬਹੁਤ ਖਤਰਨਾਕ ਖੇਡ ਖੇਡੀ ਜਾ ਰਹੀ ਹੈ। ਇਸ ਵਿੱਚ ਸ਼ਾਮਿਲ ਹੋਣ ਵੇਲੇ ਵਾਰ ਵਾਰ ਸੋਚਣ ਦੀ ਲੋੜ ਹੈ। ਸਾਵਧਾਨੀ ਹਾਂ ਪੱਖੀ ਹੋ ਸਕਦੀ ਹੈ।
****
ਪੰਜਾਬੀਅਤ ਦਾ ਪਸਾਰ
ਭਾਈਚਾਰਿਆਂ ਅੰਦਰਲੀ ਸਾਂਝ, ਸਮਾਜ ਦੇ ਬਹੁਪੱਖੀ ਵਿਕਾਸ ਦੀ ਬੁਨਿਆਦ ਆਖੀ ਜਾ ਸਕਦੀ ਹੈ। ਪੰਜਾਬੀ ਵੀ ਹੋਰ ਲੋਕਾਂ ਵਾਂਗ ਵਧਣਾ-ਫੁਲਣਾ ਚਾਹੁੰਦੇ ਹਨ, ਅੱਗੇ ਵਧਣ ਦੀ ਤਾਂਘ ਰਖਦੇ ਹਨ। ਨਿੱਤ ਦਿਨ ਪੰਜਾਂ ਪਾਣੀਆਂ ਵਾਲੇ ਪੰਜਾਬ ਨੂੰ ਹਰ ਥਾਵੇਂ ਯਾਦ ਕੀਤਾ ਜਾਂਦਾ ਹੈ। ਇੱਥੇ ਦੇ ਲੋਕ ਗੀਤ, ਲੋਕ ਕਥਾਵਾਂ ਅਤੇ ਪਿਆਰ ਕਥਾਵਾਂ ਨੂੰ ਵੰਡਿਆ ਨਹੀਂ ਜਾ ਸਕਦਾ। ਸਵਾਲ ਤਾਂ ਹੋਰ ਵੀ ਬਹੁਤ ਹਨ, ਕਿ ਸੂਫੀ ਕਿਹੜੇ ਪਾਸੇ ਦੇ ਹਨ? ਵਾਰਸ, ਬੁੱਲ੍ਹੇ ਤੇ ਹਾਸ਼ਮ ਦੇ ਵਾਰਿਸ ਕੌਣ ਹਨ? ਸੁਲਤਾਨ ਬਾਹੂ ਕਿਨ੍ਹਾਂ ਦੀ ਸੱਦ ਲਾਉਂਦਾ ਹੈ? ਦੁੱਲੇ ਦੀ ਵਾਰ ਦੋਹੀਂ ਪਾਸੀਂ ਲੋਕ ਮਨਾਂ ਦਾ ਢਾਰਸ ਬਣਦੀ ਹੈ । ਅਤੇ ਉੱਚੇ ਕੱਦ ਵਾਲੇ ਅਣਖੀ ਇਨਸਾਨ ਤੇ ਪੰਜਾਬੀ ਅਦੀਬ ਉਸਤਾਦ ਦਾਮਨ ਦਾ ਨਾਂ ਸੁਣਦਿਆਂ ਕਿਸ ਦਾ ਸਿਰ ਸਤਿਕਾਰ ਵਿੱਚ ਨਹੀਂ ਝੁਕਦਾ। ਅਮ੍ਰਿਤਾ ਪ੍ਰੀਤਮ ਚੜ੍ਹਦੇ-ਲਹਿੰਦੇ ਜਾਂ ਬਾਹਰਲੇ ਪੰਜਾਬਾਂ ਵਿੱਚ ਕਿੱਥੇ ਵੱਧ ਸਤਿਕਾਰੀ ਜਾਂਦੀ ਹੈ? ਹੀਰ ਰਾਂਝਾ, ਸੱਸੀ ਪੁਨੂੰ, ਮਿਰਜ਼ਾ ਸਾਹਿਬਾਂ, ਕੀਮਾਂ ਮਲਕੀ ਤੇ ਹੋਰ ਅਜਿਹੀਆਂ ਪ੍ਰੀਤ ਕਹਾਣੀਆਂ ਕਿਵੇਂ ਪੰਜਾਬੀਆਂ ਦੀ ਰੂਹ ਦਾ ਰੱਜ ਬਣਦੀਆਂ ਹਨ। ਪੰਜਾਬੀਅਤ ਦਾ ਘੇਰਾ ਸਾਰੀ ਦੁਨੀਆਂ ਅੰਦਰ ਫੈਲਿਆ ਹੋਇਆ ਹੈ। ਹੁਣ ਪੰਜਾਬੀਅਤ ਦੀ ਗੱਲ ਕਰਦਿਆਂ ਗਲੋਬਲ ਪੱਧਰ ਤੇ ਸੋਚਣ ਤੇ ਸਿੱਝਣ ਦੀ ਲੋੜ ਹੈ। ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਉੱਤੇ ਗੰਭੀਰ ਤੌਰ ’ਤੇ ਸਰਗਰਮ ਜਤਨ ਹੋਣੇ ਚਾਹੀਦੇ ਹਨ ਤਾਂ ਹੀ ਪੰਜਾਬੀ ਦੁਨੀਆਂ ਅੰਦਰਲੀ ਸਥਿਤੀ ਦੇ ਹਾਣੀ ਹੋਣ ਵਾਲੇ ਕਦਮ ਪੁੱਟ ਸਕਦੇ ਹਨ।
ਸਿਆਸਤ ਪੰਜਾਬੀਅਤ ਦੇ ਘੇਰੇ ਨੂੰ ਸਰਹੱਦਾਂ ਅੰਦਰ ਕੈਦ ਰੱਖਣਾ ਚਾਹੁੰਦੀ ਹੈ। ਇਹ ਤਾਂ ਸੱਭਿਆਚਾਰਕ, ਸਾਹਿਤ ਤੇ ਕਲਾ ਦੇ ਖੇਤਰ ਅੰਦਰ ਸਰਗਰਮ ਕਾਮੇ ਹੀ ਹਨ ਜੋ ਪੰਜਾਬੀਅਤ ਦੇ ਬੂਟੇ ਨੂੰ ਵਧਦਾ-ਫੁਲਦਾ ਕਰ ਸਕਦੇ ਹਨ। ਪਰ ਇੱਥੋਂ ਤੱਕ ਪਹੁੰਚਣ ਲਈ ਵੱਡੀ ਲੋਕ ਲਹਿਰ ਦੀ ਉਸਾਰੀ ਲੋੜਾਂ ਦੀ ਲੋੜ ਹੈ ।
ਪੰਜਾਬੀ ਚੜ੍ਹਦੇ-ਲਹਿੰਦੇ ਪੰਜਾਬ ਵਿੱਚ ਹੀ ਨਹੀਂ ਦੁਨੀਆਂ ਦੇ ਹੋਰ ਵੀ 112 ਤੋਂ ਵੱਧ ਮੁਲਕਾਂ ਵਿੱਚ ਰਹਿੰਦੇ ਹਨ। ਇਹਨਾਂ ਮੁਲਕਾਂ ਵਿੱਚ ਵੀ ਵਖਰੇਵਾਂ ਹੈ। ਕਈ ਮੁਲਕਾਂ ਵਿੱਚ ਜਿਵੇਂ ਅਮਰੀਕਾ, ਕੈਨੇਡਾ ਤੇ ਇੰਗਲੈਂਡ ਆਦਿ ਆਪਣੇ ਲੋਕ ਬਹੁਤ ਵੱਡੀ ਗਿਣਤੀ ਵਿੱਚ ਰਹਿ ਰਹੇ ਹਨ। ਹੋਰ ਵੀ ਬਹੁਤ ਸਾਰੇ ਮੁਲਕ ਹਨ, ਜਿੱਥੇ ਆਪਣੇ ਲੋਕਾਂ ਦੀ ਕਾਫੀ ਘੱਟ ਗਿਣਤੀ ਹੈ। ਪਰ ਉਹ ਥੋੜੇ ਜਿਹੇ, ਉਦਾਸ ਬਿਰਤੀ ਨਾਲ ਵਿਚਰਦੇ ਹੋਏ ਵੀ ਆਪਣੇਪਨ ਲਈ ਤਾਂਘਦੇ ਹਨ। ਇਹ ਤਾਂਘ ਹੀ ਤਾਂ ਪੰਜਾਬੀਅਤ ਦਾ ਅਸਲੀ ਰੂਪ ਹੈ। ਇੱਥੇ ਲੋਕ ਸਾਰਥਕ ਜਤਨ ਕਰਦੇ ਹਨ ਅਤੇ ਪੰਜਾਬੀਅਤ ਵਧਦੀ-ਫੁਲਦੀ ਹੈ । ਨਵੇਂ ਦਿਸਹੱਦਿਆਂ ਤੱਕ ਪਹੁੰਚਣ ਜਾਂ ਉਨ੍ਹਾਂ ਨੂੰ ਫੜਨ ਦਾ ਹੌਸਲਾ ਰੱਖਣ ਵਾਲੇ ਵਖਰੇਵੇਂ ਵਾਲੀਆਂ ਹਾਲਤਾਂ, ਵੱਖਰੇ ਸਮਾਜਕ, ਧਾਰਮਕ ਪਿਛੋਕੜ ਅਤੇ ਨਵੀਆਂ ਆਰਥਕ ਹਾਲਤਾਂ ਨਾਲ ਜਿਵੇਂ ਹੀ ਸਮਝੌਤਾ ਕਰਨ ਲਈ ਤਿਆਰ ਹੁੰਦੇ, ਇਹੀ ਤਾਂ ਉਨ੍ਹਾਂ ਵਲੋਂ ਸਮੇਂ ਦੇ ਹਾਣ ਦਾ ਹੋਣ ਵਾਸਤੇ ਜਤਨ ਹੁੰਦਾ ਹੈ। ਫੇਰ ਆਪਣੇ ਤਜ਼ਰਬੇ ਵਿੱਚੋਂ ਲੰਘਦਿਆਂ ਉਹ ਆਪਣੇ ਸੰਸਕਾਰਾਂ/ਰਹੁ-ਰੀਤਾਂ/ਰਵਾਇਤਾਂ ਨੂੰ ਨਵਿਆਉਂਦੇ ਹਨ। ਸਮੇਂ ਦੇ ਹਾਣ ਅਤੇ ਮੇਚ ਦਾ ਹੋਣ ਵਾਸਤੇ ਇਹ ਜਰੂਰੀ ਹੁੰਦਾ ਹੈ ਕਿ ਸਮੇਂ ਦੀ ਧਾਰਾ ਵਿਚਲੇ ਹਾਂਅ ਪੱਖੀ ਰੁਝ੍ਹਾਨਾਂ ਦਾ ਸਰਗਰਮ ਸਾਥ ਦਿੱਤਾ ਜਾਵੇ। ਜਿਹੜਾ ਇਸ ਤਰਾਂ ਨਹੀਂ ਕਰਦਾ ਉਹ ਪਛੜ ਜਾਂਦਾ ਹੈ। ਪਛੜੇ ਲੋਕ ਕਿਹੜੇ ਪਾਸੇ ਜਾ ਸਕਦੇ ਹਨ, ਇਸ ਦੀ ਵਿਆਖਿਆ ਕਰਨ ਦੀ ਲੋੜ ਨਹੀਂ ।
ਪੰਜਾਬੀ ਜਿੱਥੇ ਵੀ ਵਸਦੇ ਹਨ ਉਨ੍ਹਾਂ ਦੀ ਸਾਂਝੀ ਤੰਦ ਪੰਜਾਬੀ ਬੋਲੀ/ਭਾਸ਼ਾ, ਪੰਜਾਬੀ ਸੱਭਿਆਚਾਰ ਹੈ। ਅੱਜ ਇਸਦੇ ਪਸਾਰ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਧਰਮਾਂ-ਮਜ੍ਹਬਾਂ ਤੇ ਆਪੋ ਆਪਣੇ ਵਿਸ਼ਵਾਸ਼ਾਂ ਦੀ ਝੂਠੀ ਕੰਧ ਨੂੰ ਇਸ ਦੇ ਦਰਮਿਆਨ ਖੜ੍ਹੀ ਕਰਕੇ ਪੰਜਾਬੀਅਤ ਦੇ ਵਿਕਾਸ ਅੰਦਰ ਰੋੜੇ ਨਹੀਂ ਅਟਕਾਉਣੇ ਚਾਹੀਦੇ ਸਗੋਂ ਭਾਈਚਾਰਿਆਂ ਅੰਦਰ ਉਠਦੇ ਵਿਰੋਧ ਜਾਂ ਮਸਲੇ ਗੱਲਬਾਤ ਨਾਲ ਸੁਲ਼ਝਾਏ ਜਾਣ ਤਾਂ ਕਿ ਪੰਜਾਬੀਅਤ ਦੀ ਬੁਲੰਦੀ ਵਾਸਤੇ ਸਾਂਝੀ ਸਰਗਰਮੀ ਮੱਠੀ ਨਾ ਪਵੇ । ਦੋਹਾਂ ਪੰਜਾਬਾਂ (ਚੜ੍ਹਦੇ-ਲਹਿੰਦੇ) ਵਿੱਚ 1947 ਦੀ ਵੰਡ ਤੋ ਬਾਅਦ ਪੰਜਾਬੀ ਭਾਸ਼ਾ ਲਈ ਵਰਤੀ ਜਾਣ ਵਾਲੀ ਲਿੱਪੀ ਦਾ ਮਸਲਾ ਵੀ ਕਾਫੀ ਪੇਚੀਦਾ ਹੈ। ਕਿਉਂਕਿ ਚੜ੍ਹਦੇ ਪਾਸੇ ਗੁਰਮੁਖੀ ਅਤੇ ਲਹਿੰਦੇ ਪਾਸੇ ਸ਼ਾਹਮੁਖੀ (ਫਾਰਸੀ) ਇਸ ਲਈ ਵਰਤੋਂ ਵਿੱਚ ਆਈਆ। ਅਜਾਦੀ ਤੋ ਬਾਅਦ ਦੋਹਾਂ ਪੰਜਾਬਾਂ ਵਿੱਚ ਅੱਧੇ-ਅੱਧੇ ਪੰਜਾਬੀ ਹੀ ਪੈਦਾ ਹੋਏ। ਅੱਧ ਨਾਲੋ ਹਮੇਸ਼ਾ ਹੀ ਕੱਟੇ ਰਹੇ। ਹੋਣਾ ਤਾਂ ਇਹ ਨਹੀਂ ਸੀ ਚਾਹੀਦਾ, ਪਰ ਇਤਿਹਾਸ ਇਸ ਦਾ ਗਵਾਹ ਹੈ ਕਿ ਇੰਜ ਹੋਇਆ। ਜਤਨ ਹੋਣੇ ਚਾਹੀਦੇ ਹਨ ਕਿ ਜਦੋਂ ਤੱਕ ਲਿੱਪੀ ਦਾ ਮਸਲਾ ਹੱਲ ਨਹੀ ਹੁੰਦਾ ਉਦੋਂ ਤੱਕ ਪੰਜਾਬੀ ਸਾਹਿਤ (ਅਤੇ ਹੋਰ ਵਿਸ਼ਿਆਂ ਸਬੰਧੀ ਵੀ) ਦੀਆਂ ਚੰਗੀਆਂ ਕਿਤਾਬਾਂ ਦਾ ਲਿੱਪੀ ਅੰਤਰ ਹੋਵੇ। ਇਸ ਨਾਲ ਪੰਜਾਬੀ ਸਾਹਿਤ/ਸੱਭਿਆਚਾਰ ਅਮੀਰ ਹੋਵੇਗਾ। ਲੋਕ ਇੱਕ ਦੂਜੇ ਵਾਲੇ ਪਾਸੇ ਵਾਪਰ ਰਹੇ ਚੰਗੇ-ਮਾੜੇ ਤੋਂ ਜਾਣੂ ਰਹਿਣਗੇ । ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇ ਸਰਕਾਰਾਂ ਇਹੋ ਜਿਹੇ ਕਾਰਜਾਂ ਵਾਸਤੇ ਵੱਡੇ ਫੰਡ ਰੱਖਣ ਅਤੇ ਇਸ ਸਬੰਧ ’ਚ ਜਿਹੜੇ ਮਹਿਕਮੇ ਕੰਮ ਕਰਨ ਦੇ ਯੋਗ ਸਮਝੇ ਜਾਣ ਲਿਪੀਅੰਤਰ ਕਰਨ-ਕਰਵਾੳਣ ਦਾ ਜਤਨ ਕਰਨ ਮਿਸਾਲ ਵਜੋਂ (ਚੜ੍ਹਦੇ ਪਾਸੇ) ਇਹ ਕੰਮ ਭਾਸ਼ਾ ਵਿਭਾਗ ਪੰਜਾਬ, ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਪੰਜਾਬੀ ਦੇ ਵਿਕਾਸ ਲਈ ਕੰਮ ਕਰ ਰਹੇ ਹੋਰ ਅਦਾਰਿਆਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਜੇ ਇਹ ਅਦਾਰੇ ਇਸ ਪਾਸੇ ਸਰਗਰਮ ਹੋਣ ਤਾਂ ਮਸਲਾ ਬਹੁਤ ਵੱਡਾ ਨਹੀਂ ਰਹਿ ਜਾਂਦਾ ।
ਦੋਹਾਂ ਪੰਜਾਬਾਂ ਦੇ ਅਦੀਬਾਂ ਦੀਆ ਪੰਜਾਬੀ ਬੋਲੀ/ਭਾਸ਼ਾ, ਸਾਹਿਤ, ਸੱਭਿਆਚਾਰ ਦੇ ਮਸਲਿਆ ਤੇ ਸਾਂਝੀਆਂ ਬੈਠਕਾਂ, ਗੋਸ਼ਟੀਆਂ, ਕਾਨਫਰੰਸਾਂ ਹੋਣੀਆ ਚਾਹੀਦੀਆ ਹਨ। ਜਿੱਥੇ ਸਾਹਿਤ, ਸੱਭਿਆਚਾਰ ਨਾਲ ਜੁੜੇ ਮਸਲਿਆਂ ਨੂੰ ਦੁਨੀਆਂ ਅੰਦਰਲੀ ਸਥਿਤੀ ਤਹਿਤ ਹੀ ਵਿਚਾਰਿਆ ਜਾਣਾ ਚਾਹੀਦਾ ਹੈ। ਹੋਰ ਬੋਲੀਆਂ ਭਾਸ਼ਾਵਾ ਨੂੰ ਸਾਹਮਣੇ ਰੱਖ ਕੇ ਪੰਜਾਬੀ ਦਾ ਕਦ ਮਿਣਿਆ ਜਾਵੇ ਤਾਂ ਹੀ ਅਸੀਂ ਆਪਣੇ ਆਪ ਨੂੰ ਗਲੋਬਲ ਪੱਧਰ ਤੇ ਪਰਖਣ ਦੇ ਯੋਗ ਹੋ ਸਕਦੇ ਹਾਂ ।
ਕਿਤਾਬਾਂ, ਰਸਾਲਿਆਂ, ਅਖਬਾਰਾਂ ਪ੍ਰਕਾਸ਼ਤ ਜਾਂ ਗੈਰ ਪ੍ਰਕਾਸ਼ਤ ਸਮੱਗਰੀ ਇਕ-ਦੂਜੇ ਮੁਲਕ ਨੂੰ ਭੇਜਣ–ਮੰਗਵਾੳਣ ਲਈ ਦੋਹਾਂ ਪੰਜਾਬਾਂ ਦਰਮਿਆਨ ਕੋਈ ਪਾਬੰਦੀ ਨਾ ਹੋਵੇ। ਲੇਖਕਾਂ, ਸਾਹਿਤਕਾਰਾਂ, ਸੱਭਿਆਚਾਰਕ ਕਾਮਿਆਂ, ਨਾਟ ਮੰਡਲੀਆ, ਸੰਗੀਤ ਮੰਡਲੀਆਂ ਅਤੇ ਹਰ ਕਿਸਮ ਦੇ ਕਲਾਕਾਰਾਂ ਦੇ ਦੋਹੀ ਪਾਸੀਂ ਆਉਣ-ਜਾਣ ਦੀ ਬਿਨਾਂ ਰੋਕ-ਟੋਕ ਖੁੱਲ੍ਹ ਹੋਵੇ । (ਇਨ੍ਹਾਂ ਨੂੰ ਵੀਜ਼ੇ ਤੋਂ ਛੋਟ ਜ਼ਰੂਰੀ ਹੈ) ਇੱਥੇ ਮੁਲਕਾਂ ਦੀਆਂ ਸਰਹੱਦਾਂ ਦੇ ਨਿਯਮਾਂ ਨੂੰ ਦੋਸਤੀ, ਮੋਹ ਤੇ ਲੋਕਾਂ ਅੰਦਰਲੇ ਪਣਪਦੇ ਨਿੱਘ ਅਤੇ ਪੰਜਾਬੀਅਤ ਦੇ ਵਿਕਾਸ ਨੂੰ ਰੋਕਣ ਲਈ ਕਦਾਚਿਤ ਨਹੀਂ ਵਰਤਿਆ ਜਾਣਾ ਚਾਹੀਦਾ, ਸਗੋਂ ਅਜਿਹੇ ਦੋਸਤੀ, ਮੋਹ ਤੇ ਭਰੱਪਣ ਭਰੇ ਕਦਮਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਹ ਪੰਜਾਬੀਅਤ ਦੀ ਹੀ ਨਹੀਂ ਸਗੋਂ ਇਨਸਾਨੀਅਤ ਦੀ ਵੀ ਸੇਵਾ ਹੋਵੇਗੀ। ਇਸ ਨਾਲ ਜ਼ਖ਼ਮੀ ਅਤੀਤ ਨੂੰ ਭੁੱਲ ਕੇ ਆਉਣ ਵਾਲੇ ਕੱਲ੍ਹ ਨੂੰ ਖੁਸ਼ਗਵਾਰ ਬਣਾਇਆ ਜਾ ਸਕਦਾ ਹੈ। ਘੂਰਦੀਆਂ ਨਜ਼ਰਾਂ ਨੂੰ ਇਸ ਤਰ੍ਹਾਂ ਹੀ ਗਲਵਕੜੀਆਂ ਵਿਚ ਬਦਲਿਆ ਜਾ ਸਕਦਾ ਹੈ।
ਸ਼ਹਿਰਾਂ, ਕਸਬਿਆਂ ਤੇ ਨਾਲ ਨਾਲ ਪਿੰਡਾਂ ਵਿੱਚ ਵੀ ਲਾਇਬ੍ਰੇਰੀਆਂ ਖੋਲ੍ਹਣ ਦੇ ਜਤਨ ਹੋਣੇ ਚਾਹੀਦੇ ਹਨ। ਜਿਸ ਨਾਲ ਲੋਕ ਕਿਤਾਬਾਂ ਨਾਲ ਜੁੜਨ ਅਤੇ ਨਵੀਂ ਸੂਝ ਦਾ ਪੱਲਾ ਫੜਨ। ਇਹੋ ਜਿਹੇ ਕਾਰਜਾਂ ਖਾਤਰ ਤਾਂ ਵੱਧ ਖਰਚ ਅਤੇ ਵੱਧ ਸਰਗਰਮੀ ਦੇ ਜਤਨ ਕਰਨੇ ਚਾਹੀਦੇ ਹਨ। ਇਹ ਸੱਭਿਆ ਸਮਾਜ ਵੱਲ ਜਾਂਦਾ ਸੂਝ ਭਰਿਆ ਰਸਤਾ ਹੈ। ਇਸ ਨੂੰ ਇਖ਼ਤਿਆਰ ਕੀਤੇ ਬਿਨਾਂ ਕੋਈ ਵੀ ਸਮਾਜ ਤਰੱਕੀ ਨਹੀਂ ਕਰ ਸਕਦਾ। ਪੰਜਾਬ ਦੇ ਵਿਦਵਾਨ ਪੰਜਾਬੀਅਤ ਖਾਤਰ ਗੱਲੀਂ-ਬਾਤੀਂ ਬੁੱਤਾ ਸਾਰਿਆ ਚਾਹੁੰਦੇ ਹਨ। ਇਹ ਭਾਵਕ ਕਿਸਮ ਦੀ ਜ਼ਹਿਨੀਅਤ ਦੇ ਸ਼ਿਕਾਰ ਹਨ। ਦੇਰ-ਸਵੇਰ ਇਨ੍ਹਾਂ ਨੂੰ ਭਾਵਕਤਾ ਤੋ ਮੁਕਤ ਹੋ ਕੇ ਗੰਭੀਰਤਾ ਵੱਲ ਤੁਰਨ ਦੇ ਜਤਨ ਕਰਨੇ ਹੀ ਪੈਣੇ ਹਨ। ਇਨ੍ਹਾਂ ਵਿਦਵਾਨਾਂ ਨੂੰ ਬਹੁਤ ਚਿੰਤਾ ਰਹਿੰਦੀ ਹੈ ਕਿ ਪਰਦੇਸਾਂ ਵਿੱਚ ਪੰਜਾਬੀਅਤ ਵਧੇ-ਫੁਲੇ। ਉਨ੍ਹਾਂ ਦੀ ਇਹ ਚਿੰਤਾ ਜਾਇਜ਼ ਹੈ। ਪਰ ਉਹ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਤੋ ਅੱਖਾਂ ਕਿਉਂ ਮੀਟ ਲੈਂਦੇ ਹਨ? ਕਿਹੜੀਆਂ ਕੋਸਿ਼ਸ਼ਾਂ ਕਰਦੇ ਹਨ ਉਹ ਦੋਵਾਂ ਪੰਜਾਬਾਂ ਵਿੱਚ ਡੁਬਦੀ ਜਾਂਦੀ ਪੰਜਾਬੀਅਤ (ਇਸ ਦੀ ਬੁਨਿਆਦ ਪੰਜਾਬੀ) ਨੂੰ ਬਚਾੳਣ ਦੀਆਂ? ਉਹ ਬਾਹਰ ਵਸਦੇ ਪੰਜਾਬੀਆਂ ਨੂੰ ‘ਨੇਕ’ ਸਲਾਹਾਂ ਦੇਣ ਆਉਂਦੇ ਹਨ। ਉਨ੍ਹਾਂ ਮਸਲਿਆ ਬਾਰੇ ਜਿਨਾਂ ਬਾਰੇ ਉਨ੍ਹਾਂ ਨੂੰ ਮਾੜਾ ਮੋਟਾ ਹੀ ਗਿਆਨ ਹੁੰਦਾ ਹੈ। ਸੁਣੀਆਂ-ਸੁਣਾਈਆਂ ਗੱਲਾਂ ਜਾਂ ਘੜੇ-ਘੜਾਏ ਫਾਰਮੂਲੇ ਕੱਛ ਹੇਠ ਦੇ ਕੇ ਨਿਕਲ ਤੁਰਦੇ ਹਨ ‘ਮੱਤਾਂ’ ਵੰਡਣ। ਰੌਲਾ ਬਾਹਰਲਾ ਗੇੜਾ ਜਾਂ ਵਲੈਤੀ ਦਾਰੂ-ਵੱਤਾ ਅਤੇ ਸੈਰ ਕਰਨ ਦਾ ਹੁੰਦਾ ਹੈ, ਪੰਜਾਬੀਅਤ ਦੇ ਬਹਾਨੇ। ਬੱਸ ਜਿਵੇਂ ਆਉਂਦੇ ਹਨ ਉਵੇਂ ਹੀ ਮੁੜ ਜਾਂਦੇ ਹਨ। ਉਨ੍ਹਾ ਨੂੰ ਦੇਖਿਆ, ਸੁਣਿਆ (ਸਿੱਖਿਆ ਹੋਇਆ ਨਹੀਂ ਕਿਉਂਕਿ ਸਿੱਖਣ ਦੀ ਤਾਂ ਉਨ੍ਹਾਂ ਨੂੰ ਲੋੜ ਹੀ ਕੋਈ ਨਹੀਂ, ਬਹੁਤਿਆਂ ਕੋਲ ਸਿੱਖਣ ਦੀ ਸਮਰੱਥਾ ਵੀ ਨਹੀਂ) ਦੇਸ਼ ਨੁੰ ਜਾਣ ਵੇਲੇ ਨਾਲ ਲੈ ਕੇ ਜਾਣਾ ਚਾਹੀਦਾ ਹੈ। ਉਸ ਦੇ ਆਸਰੇ ਆਪਣੇ ਲੋਕਾਂ, ਅਦਬੀ ਅਤੇ ਬੌਧਕ ਹਲਕਿਆਂ ਅੰਦਰ ਬਹਿਸ ਛੇੜਨੀ ਚਾਹੀਦੀ ਹੈ । ਪਰ ਅਜੇ ਤੱਕ ਇੰਜ ਘੱਟ ਹੀ ਦੇਖਣ ਨੂੰ ਮਿਲਿਆ ਹੈ ।
ਪੰਜਾਬੀ ਖਾਤਰ ਕਾਨਫੰਰਸਾਂ ਵੀ ਹੁੰਦੀਆਂ ਹਨ। ਵਿਚਾਰੇ ਜਾਂਦੇ/ਗਏ ਮਸਲਿਆ ’ਤੇ ਅਮਲ ਕਰਵਾੳਣ ਵਾਸਤੇ ਤਾਂ ਲੋਕ ਲਹਿਰ ਨੂੰ ਉਸਾਰਨਾ ਹੁੰਦਾ ਹੈ। ਪਰ, ਅਜਿਹਾ ਅਜੇ ਤੱਕ ਨਹੀਂ ਹੋਇਆ। ਵਿਦਵਾਨ ਤਾਂ ਆਪਣੀਆਂ ਕੁਰਸੀਆਂ ਉੱਚੀਆਂ ਚੁੱਕਣ ਦੇ ਆਹਰ ਵਿਚ ਹਨ। ਇਹ ਮਾੜੀ ਬਿਰਤੀ ਹੈ। ਪੰਜਾਬੀਅਤ ਦੇ ਭਲੇ ਵਾਸਤੇ ਇਸ ਰੋਗ ਦੇ ‘ਮਰੀਜ਼ਾਂ’ ਲਈ ਇਸ ਤੋ ਛੁਟਕਾਰਾ ਪਾਉਣਾ ਬਹੁਤ ਜ਼ਰੂਰੀ ਹੈ। ਪੰਜਾਬੀਆਂ ਦੀ ਅਜੋਕੀ ਪੀੜ੍ਹੀ ਨੂੰ ਪੰਜਾਬ ਦੇ ਬੀਤੇ ਦਾ ਬਹੁਤਾ ਸਹੀ ਗਿਆਨ ਨਹੀਂ। ਇਸ ਵਾਸਤੇ ਪੰਜਾਬੀ ਸਾਹਿਤ ਦਾ ਸਾਂਝਾ ਇਤਿਹਾਸ ਛਾਪਿਆ ਜਾਣਾ ਸਮੇਂ ਦੀ ਸਭ ਤੋ ਵੱਡੀ ਲੋੜ ਹੈ । ਜੋ ਇੱਕੋ ਸਮੇਂ ਦੋਹੀਂ ਪਾਸੀਂ ਦੋਹਾਂ ਲਿੱਪੀਆਂ ਵਿੱਚ ਪ੍ਰਕਾਸ਼ਿਤ ਹੋਵੇ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਵਿਦਵਾਨਾਂ, ਅਦੀਬਾਂ ਤੋਂ ਲੇਖ ਲਿਖਵਾ ਕੇ ਇਸ ਵਿੱਚ ਸ਼ਾਮਲ ਕੀਤੇ ਜਾਣ। ਹੁਣ ਤੱਕ ਜਦੋਂ ਵੀ ਪੰਜਾਬੀ ਸਾਹਿਤ ਦਾ ਇਤਿਹਾਸ ਪੜ੍ਹਦੇ ਹਾਂ ਤਾਂ 12-14 ਲੇਖ ਇੱਕ ਪਾਸੇ ਦੇ ਵਿਦਵਾਨਾਂ ਦੇ ਹੁੰਦੇ ਹਨ ਤੇ ਇੱਕ ਅੱਧਾ ਲੇਖ ਦੂਜੇ ਪਾਸੇ ਵਾਲੇ ਅੱਧ ਦੇ ਕਿਸੇ ਵਿਦਵਾਨ ਦਾ। ਇਹ ਗਲਤ ਰਾਹ ਹੀ ਨਹੀਂ ਇਹ ਤਾਂ ਸਰਾਸਰ ਧੋਖਾ ਹੈ, ਆਪਣੇ ਨਾਲ, ਪੰਜਾਬੀ ਸਾਹਿਤ/ਅਦਬ ਨਾਲ ਅਤੇ ਪੰਜਾਬੀਅਤ ਨਾਲ। ਇਸ ਪਾਸੇ ਸਰਗਰਮੀ ਭਰੇ ਸੁੱਚਜੇ ਤੇ ਸਾਰਥਕ ਜਤਨ ਬਹੁਤ ਜ਼ਰੂਰੀ ਹਨ। ਇਸ ਵਿੱਚ ਪਰਦੇਸੀਂ ਵਸਦੇ ਪੰਜਾਬੀ ਭਾਈਚਾਰੇ (ਸਾਹਿਤਕ) ਨੂੰ ਸ਼ਾਮਲ ਕਰਨਾ ਵੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਅਧੂਰਾ ਕਾਰਜ ਹੀ ਹੋਵੇਗਾ। ਇਸ ਤਰਾਂ ਦੀ ਬਹੁਮੁੱਲੀ ਰਚਨਾ ਨੂੰ ਵੱਧੋ ਵੱਧ ਲੋਕਾਂ ਤੱਕ ਪਹੁੰਚਾ ਕੇ ਮਨਾਂ ਵਿੱਚ ਦੋਸਤੀ ਦਾ ਨਿੱਘ ਪੈਦਾ ਕੀਤਾ ਜਾਵੇ, ਨਵੀਂ ਲੋਅ ਵਾਲੇ ਦੀਵੇ ਉਨ੍ਹਾਂ ਦੇ ਮੱਥਿਆਂ ਵਿੱਚ ਚਮਕਣ। ਜਿਸ ਦੇ ਆਸਰੇ ਪੰਜਾਬੀਅਤ ਵਧੇ-ਫੁਲੇ ਤੇ ਇਸ ਦਾ ਪਸਾਰ ਹੋਵੇ। ਇਸ ਸਭ ਤੋਂ ਬਿਨਾ ਪੰਜਾਬੀਅਤ ਦੀਆਂ ਗੱਲਾ ਚਲ਼ੇ ਵਿੱਚ ਲਾਠੀ ਫੇਰਨ ਤੋ ਵਾਧੂ ਕੁੱਝ ਵੀ ਨਹੀਂ। ਭਲਾਂ ਅਸੀਂ ਹੋਰ ਕਦੋਂ ਕੁ ਤੱਕ ਚਲ਼ੇ ਵਿੱਚ ਲਾਠੀ ਹੀ ਫੇਰੀ ਜਾਂਵਾਂਗੇ? ਹੁਣ ਵੇਲਾ ਗੱਲਾਂ-ਬਾਤਾਂ ਹੀ ਕਰੀ ਜਾਣ ਦਾ ਨਹੀਂ ਸਗੋਂ ਅਮਲ ਕਰਨ ਦਾ ਹੈ।
****
ਕੱਚ ਦੇ ਗਲਾਸ ਵਰਗੀ
ਮੀਂਹ ਵਰ੍ਹ ਹਟਣ ਤੋ ਮਗਰੋਂ ਜਦੋਂ ਢਲਦੀ ਦੁਪੈਹਰ ਸੂਰਜ ਚਮਕਦਾ ਹੈ ਦੂਰ ਉੱਭਰ ਆਈ ਸਤਰੰਗੀ ਪੀਂਘ ਅਸਮਾਨ ਦੇ ਹੁਸਨ ਨੂੰ ਚਾਰ ਚੰਨ ਲਾ ਕੇ ਹਰ ਅੱਖ ਨੂੰ ਆਪਣੇ ਵੱਲ ਖਿੱਚਦੀ ਹੈ। ਇਸ ਰੰਗਾਂ ਦੇ ਜਾਦੂ ਵਿੱਚੋਂ ਹਰ ਕੋਈ ਕੁਦਰਤ ਨੂੰ ਪਿਆਰ ਕਰਨ ਵਾਲਾ ਜਿ਼ੰਦਗੀ ਦੀ ਰੰਗੀਨੀ ਵਾਸਤੇ ਮੋਹ ਢੂੰਡਣ ਦਾ ਜਤਨ ਕਰਦਾ ਹੈ। ਇਨ੍ਹਾਂ ਪਲਾਂ ਦਾ ਸਹੀ ਵਰਣਨ ਕਰਨ ਵਾਸਤੇ ਸਹੀ ਸ਼ਬਦ ਤਾਂ ਕੋਈ ਸ਼ਬਦਾਂ ਦਾ ਜਾਦੂਗਰ ਹੀ ਦੱਸ ਸਕਦਾ ਹੈ । ਇੱਕ ਗੀਤ ਵੱਜਦਾ ਹੁੰਦਾ ਸੀ ਨਰਿੰਦਰ ਬੀਬਾ ਦਾ ਗਾਇਆ ਹੋਇਆ:
‘ਕਾਹਨੂੰ ਮਾਰਦੈਂ ਚੰਦਰਿਆ ਛਮਕਾਂ ਮੈ ਕੱਚ ਦੇ ਗਲਾਸ ਵਰਗੀ’
ਕੱਚ ਦੇ ਗਲਾਸ ਦੀ ਤੁਲਨਾ ਜਿੱਥੇ ਸੁਹੱਪਣ ਨਾਲ ਕੀਤੀ ਜਾ ਸਕਦੀ ਹੈ, ਉੱਥੇ ਨਾਲ ਹੀ ਨਿਮਰਤਾ ਅਤੇ ਲਾਜ ਪਾਲਣ ਵਾਲੀ ਪਿਆਰ ਭਰੀ ਤੱਕਣੀ ਵੀ ਇਸ ਨੂੰ ਆਖਿਆ ਜਾ ਸਕਦਾ ਹੈ। ਸਾਫ ਤੇ ਸੁੱਚਮਤਾ ਵਾਲੀ ਸੋਚ ਤੇ ਰੂਹ ਦੀ ਪਾਕੀਜ਼ਗੀ ਇਸੇ ਕੱਚ ਦੇ ਗਲਾਸ ਦੇ ਅਰਥ ਪੇਸ਼ ਕਰਦੇ ਹਨ। ਵੈਰ-ਵਿਰੋਧ ਤੋਂ ਦੂਰ, ਮੋਹ ਦੀਆਂ ਭੁੱਖੀਆਂ ਤੇ ਮੋਹ ਭਰੀਆਂ ਇਨਸਾਨੀ ਜਿੰਦਾਂ ਹੀ ਤਾਂ ਹੋ ਸਕਦੀਆਂ ਹਨ, ਇਹੋ ਜਿਹੀਆਂ ਸਮਾਜੀ ਸੰਦਰਭ ਵਿੱਚ ਇਸ ਦੇ ਅਰਥਾਂ ਵਿੱਚੋ ਗੁਜ਼ਰਦਿਆਂ ਕੁਝ ਹੋਰ ਗੱਲਾਂ ਪੱਲੇ ਪੈਂਦੀਆਂ ਹਨ। ਲੋਕ ਹਰ ਚੀਜ਼ ਜਾਂ ਵਰਤਾਰੇ ਦਾ ਬਾਹਰੀ ਰੂਪ ਤਾਂ ਦੇਖਦੇ ਹਨ, ਪਰ ਅੰਦਰਲੀ ਟੁੱਟ-ਭੱਜ, ਭੁੱਖ, ਲੋਭ ਉਦੋਂ ਨਜ਼ਰ ਆਉਂਦੇ ਹਨ, ਜਦੋਂ ੳਹ ਸਮਾਜ ਦੇ ਮੱਥੇ ਦਾ ਕਲੰਕ ਬਣ ਜਾਂਦੇ ਹਨ ਜਾਂ ਫੇਰ ਸਮਾਜਕ ਸਾੜ੍ਹਸਤੀ (ਕੋਹੜ) ਵੀ ਆਖਿਆ ਜਾ ਸਕਦਾ ਹੈ, ਇਸ ਵਰਤਾਰੇ ਨੂੰ ਜਦੋਂ ਛਮਕਾਂ ਦੀ ਗੱਲ ਤੁਰਦੀ ਹੈ, ਤਾਂ ਦੇਖਦੇ ਹਾਂ ਕਿ ਮਰਦ ਪ੍ਰਧਾਨ ਸਮਾਜ ਅੰਦਰ ਉਹ ਕਿਹੜੀ ਵਧੀਕੀ ਹੈ, ਜਿਹੜੀ ਔਰਤਾਂ ਨਾਲ ਨਹੀਂ ਹੁੰਦੀ? ਛਮਕਾਂ ਹਰ ਥਾਵੇਂ ਵੱਜਦੀਆ ਹਨ। ਸਮਾਜਕ ਤੇ ਆਰਥਕ ਖੇਤਰ ਅੰਦਰ ਤਸੀਹੇ ਹੀ ਨਹੀਂ ਲੁੱਟ ਵੀ ਹੈ, ਲੁੱਟ ਸਮੁੱਚੇ ਔਰਤਪਨ ਦੀ, ਲਿੰਗ ਅਧਾਰਤ ਆਪਣੇ ਸਮਾਜ ਅੰਦਰ ਤਾਂ ਇਹ ਜਨਮ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਗਰਭ ਟੈਸਟ ਦੇ ਆਸਰੇ ਬੱਚੀ ਦਾ ਜਨਮ ਤੋਂ ਪਹਿਲਾਂ ਹੀ ਕਤਲ ਕਰ ਦਿੱਤਾ ਜਾਂਦਾ ਹੈ। ਸਾਇੰਸ ਦੀ ਹੋਈ ਤਰੱਕੀ ਦਾ ਵੀ ਜਲੂਸ ਕੱਢਿਆ ਜਾਂਦਾ ਹੈ।
ਔਰਤ ਮਾਂ, ਭੈਣ, ਧੀ, ਮਹਿਬੂਬ ਤੇ ਪਤਨੀ ਹੈ। ਔਰਤ ਜਗਤ ਦੀ ਜਣਨੀ ਹੈ, ਫੇਰ ਇਸ ਜਣਨੀ ਨੂੰ ਧਿਰਕਾਰ ਕਿਉਂ? ਔਰਤਾਂ ਨਾਲ ਧੱਕਾ ਉਨ੍ਹਾਂ ਦੇ ਪੇਟੋਂ ਜੰਮਿਆਂ ਇਨਸਾਨ ਹੀ ਕਰਦਾ ਹੈ। ਔਰਤਾਂ ਨਾਲ ਧੱਕਾ ਤੇ ਬਲਾਤਕਾਰ ਕਰਨ ਵਾਲਾ ਮਰਦ, ਉਨ੍ਹਾਂ ਨੂੰ ਕੋਠਾ ਪੇਸ਼ ਕਰਨ ਵਾਲਾ ਮਰਦ, ਦੱਲਾ ਬਣ ਕੇ ਮਾਂ, ਭੈਣ ਦਾ ਮਾਸ ਵੇਚਣ ਵਾਲਾ ਵੀ ਮਰਦ ਹੈ। ਉਸਦੀ ਹਵਸ ਸਾਰੇ ਹੱਦਾਂ-ਬੰਨੇ ਟੱਪ ਜਾਂਦੀ ਹੈ, ਬੇ-ਹਯਾਈ ਦੇ। ਮਾਂ ਤਾਂ ਮਮਤਾ ਦੀ ਮੂਰਤ ਹੁੰਦੀ ਹੈ। ਮਾਂ ਤਾਂ ਧਰਤੀ ਵਰਗਾ ਜੇਰਾ ਰੱਖਦੀ ਹੈ, ਪਰ ਮਰਦ ਪ੍ਰਧਾਨ ਸਮਾਜ ਉਸ ਦੇ ਇਸ ਜੇਰੇ ਦੀਆਂ ਲੀਰਾਂ ਕਰਨ ਬਾਰੇ ਹੀ ਸੋਚਦਾ ਰਹਿੰਦਾ ਹੈ। ਸਕੀਮਾਂ ਘੜਦਾ ਹੈ। ਚਤਰਾਈ ਨਾਲ ਜੂਏ ਦੇ ਦਾਅ ’ਤੇ ਲਾਅ ਦਿੰਦਾ ਹੈ, ਉਸ ਧਰਤੀ ਵਰਗੀ ਪਵਿੱਤਰ ਔਰਤ ਨੂੰ ਇਸ ਸਮਾਜ ਵਿੱਚ ਰਿਸ਼ਤਿਆਂ ਦੀ ਭੰਨ–ਤੋੜ ਕਰਕੇ ਉਨ੍ਹਾਂ ਦੀਆਂ ਵੰਡੀਆਂ ਪਾਉਣਾ ਮੁਨਾਫੇ ਬਖਸ਼ ਸਮਝਿਆ ਜਾਂਦਾ ਹੈ। ਮੁਨਾਫੇ ਦੇ ਯੁਗ ਵਿੱਚ ਇਸ ਤੋਂ ਕਿੰਨੇ ਕੁ ਬਚਦੇ ਹਨ? ਸਾਡੇ ਸਮਾਜ ਦਾ ਇਕ ਨਾਂਹ ਪੱਖੀ ਵਰਤਾਰਾ ਬਦਲਣ ਵਾਸਤੇ ਹਰ ਕਿਸੇ ਨੂੰ ਜ਼ੋਰ ਲਾਉਣਾ ਚਾਹੀਦਾ ਹੈ। ਹਰ ਕੋਈ ਜਾਣਦਾ ਹੈ ਕਿ ਲੜਾਈ-ਝਗੜੇ ਵੇਲੇ ਜਿੰਨੀਆਂ ਵੀ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ ਉਹ ਮਾਂ, ਭੈਣ ਤੇ ਧੀ ਦਾ ਨਾਂ ਲੈ ਕੇ ਹੀ ਕੱਢੀਆਂ ਜਾਂਦੀਆਂ ਹਨ। ਹੈ ਕੋਈ ਅਜਿਹੀ ਗਾਲ੍ਹ ਜਿਹੜੀ ਮਰਦਾਂ ਦਾ ਨਾਂ ਲੈ ਕੱਢੀ ਜਾਂਦੀ ਹੋਵੇ? ਮਰਦ ਆਪਸ ਵਿਚ ਲੜਦੇ ਸਮੇਂ ਮਾਂ, ਭੈਣ ਤੇ ਧੀ ਨੂੰ ਨੰਗਿਆਂ ਕਰਨ ਦਾ ਕੁਕਰਮ ਆਮ ਹੀ ਕਰਦੇ ਹਨ। ਹਰ ਭੈੜਾ ਬੋਲ ਔਰਤ ਵਾਸਤੇ ਹੀ ਕਿਉਂ? ਕੀ ਕਿਸੇ ਸਿਹਤਮੰਦ ਸਮਾਜ ਵਿਚ ਅਜਿਹਾ ਵਾਪਰ ਸਕਦਾ ਹੈ? ਕੀ ਕੋਈ ਅਜਿਹੀ ਬੋਦੀ ਸੋਚ ਰਖਦਾ ਸਮਾਜ ਆਧੁਨਿਕਤਾ ਦੇ ਹਾਣੀ ਹੋਣ ਦਾ ਦਮ ਭਰ ਸਕਦਾ ਹੈ? ਮੁਲਕਾਂ ਦੀਆਂ ਜੰਗਾਂ, ਧਰਮਾਂ ਦੇ ਝਗੜੇ ਤੇ ਸ਼ਰੀਕਿਆਂ ਦੇ ਵੈਰ ਹੋਣ ਤਾਂ ਧੱਕਾ ਕਿਸ ਦੇ ਨਾਲ ਹੁੰਦਾ ਹੈ? ਆਬਰੂ ਕਿਸ ਦੀ ਰੁਲਦੀ ਹੈ? ਹੌਕੇ ਤੇ ਸਿਸਕੀਆਂ ਆਸਮਾਨ ਨੂੰ ਕਿਸ ਦੀਆਂ ਛੂੰਹਦੀਆਂ ਹਨ? ਔਰਤ ਦੀਆਂ 1947 ਦੂਰ ਨਹੀਂ, ਅਜੇ ਤੱਕ ਭੁੱਲਿਆਂ ਵੀ ਨਹੀਂ ਕਿਸੇ ਨੂੰ, ਗੱਲ ਕੀ ਸੀ ਤੇ ਹੋਇਆ ਕੀ ? ਇਨ੍ਹਾਂ ਦਾ ਸਤ ਭੰਗ ਕੀਤਾ ਗਿਆ। ਆਖਰ ਕਿਉਂ? ਸੁਣੀਆਂ ਕਿਸੇ ਨੇ ਮਜ਼ਲੂਮਾ ਦੀਆਂ ਚੀਕਾਂ? ਮੰਨੇ ਕਿਸੇ ਨੇ ਮਮਤਾ ਭਰੇ ਜੋੜੇ ਹੱਥਾਂ ਦੇ ਤਰਲੇ? ਅਜੇ ਕੱਲ੍ਹ ਦੀ ਗੱਲ ਕੁਵੈਤ ਅਤੇ ਇਰਾਕ ਦੀ ਲੜਾਈ, ਉਹ ਤਾਂ ਇੱਕੋ ਧਰਮ ਵਾਲੇ ਸਨ। ਯੂਗੋਸਲਾਵੀਆਂ ਦੇ ਮੁਸਲਮਾਨਾਂ ਤੇ ਸਰਬਾਂ ਦੇ ਖੂਨ ਦੀ ਸਾਂਝ ਕਿੰਝ ਖਿਲਰਦੀ ਦੇਖੀ ਸਭ ਨੇ। ਪਰ ਇੱਜਤ-ਆਬਰੂ ਕੀਹਦੀ ਨੀਲਾਮ ਹੋਈ? ਦੁਹੱਥੜੀਂ ਛਾਤੀਆਂ ਕੀਹਨੇ ਪਿੱਟੀਆਂ? ਉਨ੍ਹਾਂ ਔਰਤਾਂ ਨੇ ਜਿਨ੍ਹਾਂ ਨੂੰ ਵਿਰੋਧੀ ਧਿਰ ਗਿਣਿਆ ਗਿਆ। ਮਿਸਾਲਾਂ ਹੋਰ ਵੀ ਬਹੁਤ ਹਨ, ਦੁਨੀਆਂ ਦੇ ਹੋਰ ਬਹੁਤ ਸਾਰੇ ਮੁਲਕਾਂ ਵਿਚ ਅਜਿਹਾ ਕੁੱਝ ਨਿੱਤ ਵਾਪਰਦਾ ਹੈ। ਸਾਰਾ ਜੱਗ ਸੁਹੱਪਣ ਦੀ ਕਦਰ ਕਰਦਾ ਹੈ। ਫੇਰ ਉਹ ਕੌਣ ਹਨ, ਜੋ ਹਵਸ ਭਰੀਆਂ ਨਜ਼ਰਾਂ ਲੈ ਕੇ ਘੁੰਮ ਰਹੇ ਹਨ? ਜੋ ਆਪਣੀਆਂ ਕਮੀਨੀਆਂ ਕਰਤੂਤਾਂ ਨਾਲ ਸਾਰੀ ਮਨੁੱਖ ਜਾਤੀ ਨੂੰ ਸ਼ਰਮਿੰਦਾ ਕਰਦੇ ਹਨ? ਮੋਹ, ਮਮਤਾ ਤੇ ਮੁਹੱਬਤਾਂ ਦਾ ਕਤਲ ਕਰਕੇ ਬਦੀ ਹੱਸਦੀ ਹੈ। ਇਹੋ ਬਦੀ ਪਿਛਲਾ ਲੰਮਾਂ ਸਮਾਂ ਪੰਜਾਬ ਵਿੱਚ ਵੀ ਹੱਸਦੀ ਰਹੀ। ਆਪਣੇ ਆਪ ਨੂੰ ਸੂਰਮੇ ਅਖਵਾਂਉਂਦੇ ਕਿਵੇਂ ਧੀਆਂ, ਭੈਣਾ ਦੀ ਆਬਰੂ ਨਾਲ ਆਪਣੀ ‘ਸੂਰਮਗਤੀ’ ਦੇ ਆਸਰੇ ਖੇਡਦੇ ਰਹੇ? ਕਿਸ ‘ਬਾਬੇ’ ਦਾ ਹੁਕਮ ਬਜਾਇਆ ਉਨ੍ਹਾਂ ਨੇ? ਸਿਆਸੀ ਸਿੰਘਾਸਨਾਂ ਤੇ ਬੈਠੇ ਹਾਕਮ ਅਤੇ ਉਨ੍ਹਾਂ ਦੇ ਵਰਦੀਆਂ ਵਾਲੇ ਮੋਹਰੇ ਤਾਕਤ ਦੇ ਨਸ਼ੇ ਵਿੱਚ ਆਪਣੇ ਮੋਢਿਆ ਤੇ ਲੱਗੀਆਂ ਫੀਤੀਆਂ ਦੇ ਆਸਰੇ ਇਨਸਾਨੀ ਲਿਬਾਸ ਲਾਹ ਲਾਹ ਸੁਟੱਦੇ ਰਹੇ, ਇਨਸਾਨੀਅਤ ਨੂੰ ਅੱਖੋਂ ਪਰੋਖੇ ਕਰਦੇ ਰਹੇ ਅਤੇ ਆਪਣੇ ਇਨਸਾਨੀ ਤੇ ਕਾਨੂੰਨੀ ਫਰਜਾਂ ਨਾਲ ਪੂਰੇ ਨਾ ਨਿਭੇ। ਐਹੋ ਜਿਹੇ ਸਮੇਂ ਧਰਤੀ ਤੇ ਕਹਿਰ ਵਾਪਰਦਾ ਹੈ ਤੇ ਧਰਤੀ ਰੋਂਦੀ ਹੈ, ਆਪਣੇ ਹੀ ਜਾਇਆਂ ਹੱਥੋਂ ਜ਼ਲੀਲ ਹੁੰਦੀ ਹੈ। ਸੱਚ ਦੇ ਪਾਸੇ ਭਾਵੇਂ ਥੋੜੇ ਹੀ ਹੋਣ ੳਹ ਹਮੇਸ਼ਾਂ ਵੰਗਾਰਦੇ ਹਨ ਬਦੀ ਅਤੇ ਬਦੀ ਦੇ ਪੁੱਤਰਾਂ ਨੂੰ ਸੱਚ ਮਰਦਾ ਵੀ ਨਹੀ, ਆਖਰ ਜਿੱਤ ਸੱਚ ਦੀ ਹੀ ਹੁੰਦੀ ਹੈ। ਪਰ, ਸਮਾਜ ਨੂੰ ਇਸ ਦੀ ਬਹੁਤ ਵੱਡੀ ਕੀਮਤ ਤਾਰਨੀ ਪੈਂਦੀ ਹੈ।
ਸਾਹਿਰ ਲੁਧਿਆਣਵੀ ਸਾਡਾ ਬਹੁਤ ਉੱਘਾ ਅਦੀਬ ਹੋਇਆ ਹੈ ਉਹਦਾ ਲਿਖਿਆ ਤੇ ਲਤਾ ਮੰਗੇਸ਼ਕਰ ਦਾ ਗਾਇਆ ਗੀਤ :
ਔਰਤ ਨੇ ਜਨਮ ਦੀਆ ਮਰਦੋਂ ਕੋ
ਮਰਦੋਂ ਨੇ ਉਸੇ ਧਿਤਕਾਰ ਦੀਆ…
ਸੁਣ ਕੇ ਸੀਨੇ ਵਿੱਚ ਦਿਲ ਰੱਖਦਾ ਕਿਹੜਾ ਇਨਸਾਨ ਹੈ ਜੋ ਤਿਪ ਤਿਪ ਹੋ ਕੇ ਨਹੀਂ ਖੁਰਦਾ? ਇਨਸਾਨੀ ਜਾਮੇਂ ਵਾਲੇ ਦਰਿੰਦਿਆਂ ਦੀਆਂ ਕਰਤੂਤਾਂ ਅਤੇ ਉਨ੍ਹਾਂ ਵੱਲੋਂ ਆਪਣੀ ਹੀ ਜਣਨੀ ਨੂੰ ਮਾਰੀਆਂ ਛਮਕਾਂ ਦਾ ਸੇਕ ਨਾ ਸਹਾਰਦਾ ਹੋਇਆ ਸ਼ਰਮਿੰਦਾ ਨਹੀਂ ਹੁੰਦਾ? ਇਨ੍ਹਾਂ ਕਾਰਿਆਂ ਤੇ ਸ਼ਰਮਿੰਦਾ ਹੋਣਾ ੳਸ ਦੀ ਇਨਸਾਨੀਅਤ ਹੈ। ਕਿਸੇ ਵਲੋਂ ਵੀ ਇਹੋ ਜਿਹੀ ਸਥਿਤੀ ਤੇ ਹੰਝੂ ਕੇਰਨੇ ੳਸਦੇ ਦਿਲ ਦਾ ਦਰਦ ਹੈ। ਲੋਕ ਭੁੱਲ ਜਾਂਦੇ ਹਨ ਮਹਾਂਪੁਰਸ਼ ਕੀ ਕਹਿੰਦੇ ਹਨ। ਗੁਰਬਾਣੀ ਕਿਵੇਂ ਮਹਿਮਾ ਗਾਂੳਦੀ ਹੈ, ਇਸ ਜਣਨੀ ਦੀ? ਕਈ ਤਾਂ ਐਵੇਂ ਹੀ ਪਾਗਲ ਹੋ ਗਏ ਸਾਨ੍ਹ ਵਰਗਾ ਮਰਦਊਪੁਣਾ ਹੀ ਦਿਖਾਉਣਾ ਚਾਹੁੰਦੇ ਹਨ। ਕੁੱਝ ਵੀ ਕਰਨ-ਕਰਾਉਣ ਜੋਗੇ ਉਹ ਹੁੰਦੇ ਹੀ ਨਹੀਂ।
ਲੋੜ ਹੈ ਅੱਜ ਅਜਿਹੇ ਸੂਝ ਤੇ ਦਰਦ ਭਰੇ ਦਿਲਾਂ ਦੀ, ਜੋ ਔਰਤ ਦੇ ਖਿਲਾਫ ਉਠਦੀਆਂ ਛਮਕਾਂ ਨੂੰ ਤੋੜ ਸੁੱਟਣ। ਵਿਤਕਰੇ ਭਰੇ ਉਸ ਸਮਾਜੀ ਤੇ ਆਰਥਕ ਪ੍ਰਬੰਧ ਨੂੰ ਖਤਮ ਕਰਨ ਵੱਲ ਵਧਣ, ਜੋ ਇਹਨਾਂ ‘ਛਮਕਾਂ’ ਨੂੰ ਬਲ ਬਖਸ਼ਦਾ ਹੈ। ਕੱਚ ਦੇ ਗਲਾਸ ਵਰਗੀ ਸੁੱਚੀ, ਸਾਫ ਅਤੇ ਪਾਰਦਰਸ਼ੀ ਸੋਚ ਚਾਹੀਦੀ ਹੈ ਸਮੇਂ ਨੂੰ। ਕੱਚ ਦੇ ਗਲਾਸ ਵਰਗੀ ਦੇ ਅਰਥਾਂ ਨੂੰ ਸਪਸ਼ਟ ਕਰਨ ਵਾਸਤੇ ਲੋੜ ਇਹਨਾਂ ਸ਼ਬਦਾ ਦੇ ਸਹੀ ਅਰਥ ਸਮਝਣ ਦੀ ਹੈ।
****
ਮਨਾਂ ਦੀ ਮੈਲ਼
ਵਿਅਕਤੀ ਸਮਾਜ ਵਿੱਚ ਵਿਚਰਦਿਆਂ ਸੁਪਨੇ ਸਿਰਜਦਾ ਹੈ ਅਤੇ ਉਨ੍ਹਾਂ ਦੀ ਪੂਰਤੀ ਦੀ ਖਾਹਿਸ਼ ਕਰਦਾ ਹੈ। ਕੁਦਰਤ ਦੇ ਵਰਤਾਰੇ ਵੀ ਇਸ ਵਿਚ ਸਹਾਈ ਹੁੰਦੇ ਹਨ। ਇੱਥੋਂ ਬਹੁਤ ਕੁਝ ਸਿੱਖਿਆ ਤੇ ਸਮਝਿਆ ਜਾ ਸਕਦਾ ਹੈ, ਜਿਸ ਨਾਲ ਬਿਨਾਂ ਮਨ ਅੰਦਰ ਪ੍ਰਦੂਸ਼ਣ ਪੈਦਾ ਕੀਤਿਆਂ ਅੱਗੇ ਵਧਿਆ ਜਾ ਸਕੇ। ਪਰ ਅਜਿਹਾ ਹੁੰਦਾ ਬੜਾ ਘੱਟ ਹੈ, ਕਿਉਂਕਿ ਮਨੁੱਖੀ ਜੀਵਨ ਨੂੰ ਸੇਧ ਸਮਾਜਕ, ਆਰਥਕ ਤੇ ਰਾਜਨੀਤਕ ਪ੍ਰਬੰਧ ਦਿੰਦੇ ਹਨ। ਜਿਨ੍ਹਾਂ ਦੀ ਸਿਰਜਣਾ ਤੇ ਅਗਵਾਈ ਆਮ ਕਰਕੇ ਭ੍ਰਿਸ਼ਟ ਰਾਜਨੀਤਕਾਂ ਦੇ ਹੱਥ ਹੈ। ਇਹੋ ਜਿਹੇ ਮਹੌਲ ਵਿੱਚ ਅੱਗੇ ਵਧਣ ਲਈ ਜਿਹੜਾ ਮਨੁੱਖ ਨੂੰ ਸੈ਼ਤਾਨ ਬਨਾਉਣ ਵਿਚ ਸਹਾਈ ਹੁੰਦਾ ਹੈ, ਕਿੰਨੇ ਕੁ ਰਹਿ ਜਾਂਦੇ ਹਨ ਜੋ ਇਸ ਸ਼ੈਤਾਨ ਬਿਰਤੀ ਨੂੰ ਅਪਨਾਉਣ ਤੋਂ ਇਨਕਾਰੀ ਹੋਣ? ਆਮ ਸੁਣਨ ਦੀਆਂ ਗੱਲਾ ਹਨ ਕਿ ਅਮੀਰ ਕੋਈ ਜੁਰਮ ਵੀ ਕਰੇ ਤਾਂ ਸਜਾ ਦਾ ਭਾਗੀ ਹੁੰਦਿਆਂ ਹੋਇਆਂ ਵੀ ਆਪਣੀ ਥਾਵੇਂ ਕਿਸੇ ਗਰੀਬ ਆਦਮੀ ਉੱਤੇ ਨਵਾਂ ਲੇਬਲ ਲਾ ਕੇ ਆਪਣੇ ਕੀਤੇ ਜੁਰਮ ਦਾ ਭਾਰ ਉਸ ਦੇ ਮੋਢੇ ਧਰ ਕੇ ਆਪਣੇ ਹਿੱਸੇ ਦੀ ਸਜਾ ਭੁਗਤਨ ਲਈ ਖਰੀਦ ਲੈਂਦਾ ਹੈ। ਉਸੇ ਤਰ੍ਹਾਂ ਹੀ ਜਿਵੇਂ ਪੱਛਮੀ ‘ਸੱਭਿਆ’ ਸਮਾਜ ਅੰਦਰ ਅਮੀਰ ਔਰਤਾਂ ਡਾਲਰਾਂ ਦੇ ਰੋਅਬ ਨਾਲ ਆਪਣੇ ਬਾਂਝਪਣ ਨੂੰ ਹਰਾ ਕਰਨ ਵਾਸਤੇ ਗਰੀਬ ਔਰਤਾਂ ਦੀ ਕੁੱਖ ਖਰੀਦ ਲੈਂਦੀਆਂ ਹਨ। ਉਹ ਗਰੀਬ ਔਰਤਾਂ ਅਮੀਰਾਂ ਵਾਸਤੇ ਭਾੜੇ ਉੱਤੇ ਬੱਚੇ ਜੰਮਦੀਆਂ ਹਨ। ਇਹ ਸਾਰਾ ਕੁਝ ਉਨ੍ਹਾਂ ਦੇਸ਼ਾਂ ਵਿੱਚ ਹੁੰਦਾ ਹੈ ਜੋ ਆਪਣੇ ਆਪ ਨੂੰ ਅਮੀਰ, ਸੱਭਿਅਕ ਤੇ ਦੁਨੀਆਂ ਦੇ ਆਗੂ ਵਜੋਂ ਪੇਸ਼ ਕਰਦੇ ਨਹੀਂ ਥੱਕਦੇ ।
ਮਨੁੱਖੀ ਮਨਾਂ ਅੰਦਰ ਵਧਦੀ ਮੈਲ਼ ਦਾ ‘ਜਲਵਾ’ ਹਰ ਥਾਵੇਂ ਦੇਖਿਆ ਜਾ ਸਕਦਾ ਹੈ। ਕਹਿੰਦੇ ਹਨ ਧਰਮ ਸਹਿਣਸ਼ੀਲਤਾ ਸਿਖਾਉਂਦੇ ਹਨ। ਪਰ, ਇਹਨਾਂ ਧਰਮ ਦੇ ਮੋਹਰੀਆਂ ਤੇ ਲੜ ਲੱਗਿਆਂ ਨਾਲ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿਚਲੇ ਬਹੁਤਿਆਂ ਦੇ ਮੂੰਹੋਂ ਤੇ ਨੱਕੋਂ ਨਫ਼ਰਤ ਦੇ ਠੂੰਹੇ ਡਿਗਦੇ ਹਨ। ਸਹਿਣਸ਼ੀਲਤਾ ਨੇੜੇ-ਤੇੜੇ ਵੀ ਨਹੀਂ ਦਿਸਦੀ। ਇੱਕ ਦੂਜੇ ਦੇ ਧਰਮ ਨੂੰ ਆਪਣੇ ਤੋਂ ਹੀਣਾਂ ਸਮਝਦੇ ਹਨ। ਇਨ੍ਹਾਂ ਦੇ ਭੜਾਸ ਭਰੇ ਮਨ ਇਸੇ ਧਾਰਨਾ ਅਧੀਨ ਦੂਜਿਆਂ ਨੂੰ ਸੰਬੋਧਨ ਹੋਣ ਵੇਲੇ ਨੈਤਿਕਤਾ ਦਾ ਪੱਲਾ ਛੱਡ ਜਾਂਦੇ ਹਨ ਅਤੇ ਬੋਲਾਂ ਨੂੰ ਕੁਬੋਲ ਬਣਾ ਕੇ ਸਿੱਖਾਂ ਨੂੰ ਸਿਖੜੇ, ਮੁਸਲਮਾਨਾ ਨੂੰ ਮੁਸਲੇ ਤੇ ਹਿੰਦੂਆਂ ਨੂੰ ਬੋਦੀ ਵਾਲੀ ਲੱਲੀ ਛੱਲੀ ਅਤੇ ਜਾਤ ਤੋਂ ਕੁਜਾਤ ਕਰਕੇ ਬੁਲਾਉਂਦੇ ਹਨ। ਕੀ ਇਹ ਹੀ ਹੁੰਦੀ ਹੈ ਸਹਿਣਸ਼ੀਲਤਾ ਅਤੇ ਪ੍ਰੇਮ ਦੀ ਡੋਰ, ਜੋ ਇਨ੍ਹਾਂ ਅੰਦਰ ਪਲਦੀ ਹੈ? ਆਪਣੇ ਆਪ ਨੂੰ ਰੱਬ ਦੇ ਭਗਤ ਕਹਾੳਣ ਵਾਲੇ ਦੂਜੇ ਧਰਮ ਵਾਲਿਆਂ ਦੇ ਧਾਰਮਿਕ ਸਥਾਨ (ਰੱਬ ਦੇ ਘਰ) ਨੂੰ ਹੀ ਢਾਹ ਦਿੰਦੇ ਹਨ। ਇਹ ਸਿਰਫ ਉਹ ਹੀ ਕਰ ਸਕਦੇ ਹਨ ਜਿਨਾਂ ਦੇ ਮਨ ਮੈਲ਼ੇ ਹੋਣ। ਨਿਰਮਲ/ਸੱਚੇ ਮਨ ਵਾਲਾ ਸੰਵਾਦ ਦੇ ਰਾਹੇ ਪੈਂਦਾ ਹੈ। ਬਦੀ ਦੇ ਲੜ ਨਹੀਂ ਲਗਦਾ, ਪਰ ਇੱਥੇ ਤਾਂ ਧਰਮ ਦੇ ਨਾਂ ਉੱਤੇ ਬਦੀ ਦਾ ਢੋਲ ਪਿਟਿੱਆਂ ਜਾਂਦਾ ਹੈ, ਬੇਸ਼ਰਮੀ ਦੇ ਡਗੇ ਨਾਲ ।
ਗੱਲ ਰੱਬ ਦੇ ਚਾਲੂ ਜਹੇ ਭਗਤਾਂ ਦੀ ਕਰੀਏ ਤਾਂ ਬੇੜਾ ਗਰਕ ਜਿਹਾ ਹੀ ਹੋਇਆ ਨਜ਼ਰ ਆਉਂਦਾ ਹੈ। ਸਤਿਸੰਗਾਂ, ਜਗਰਾਤਿਆਂ ਆਦਿ ਰਾਹੀਂ ਸੰਘ ਪਾੜ ਪਾੜ ਕੇ ਟੱਲੀਆਂ-ਛੈਣਿਆਂ ਦੇ ਆਸਰੇ ਪਤਾ ਨਹੀਂ ਕਿਹੜੀਆਂ ਮਾਤਾ ਤੇ ਕਿਹੜਿਆਂ ਬਾਬਿਆਂ ਨੂੰ ਆਵਾਜਾਂ ਮਾਰਦੇ ਹਨ? ਜੋ ਉਨ੍ਹਾਂ ਦੇ ਹੱਥ ਹੀ ਨਹੀਂ ਆ ਰਹੇ? ਕਥਾ ਕੀਰਤਨ ਕਰਨ ਵਾਲੇ ਆਪਣੇ ਪਰਚਾਰ ਨਾਲ ਲੋਕਾਂ ਨੂੰ ਚੰਗੀਆਂ ਮੱਤਾ ਚੰਗਾ ਜੀਵਨ ਗੁਜਾਰਨ, ਲੋਭ, ਮੋਹ ਮਾਇਆ ਦਾ ਹੰਕਾਰ ਤਿਆਗਣ ਦਾ ੳਪਦੇਸ਼ ਦਿੰਦੇ ਹਨ, ਪਰ ਜਦੋਂ ਵਾਰੀ ਮਿੱਥੀ ਗਈ ਫੀਸ (ਦਾਨ ਦੱਛਣਾ) ਵਸੂਲ ਕਰਨ ਦੀ ਆਉਂਦੀ ਹੈ ਤਾਂ ਇਹ ਨਿਰਮਲ ਚਿੱਤ ਵਾਲੀਆਂ ‘ਬੀਬੀਆਂ ਸੂਰਤਾਂ’ ਮਾਇਆ ਪਿੱਛੇ ਜੂਤ-ਪਤਾਨ ਹੁੰਦੀਆਂ ਨਜ਼ਰ ਆਉਂਦੀਆਂ ਹਨ। ਕੀ ਉਪਦੇਸ਼ ਸਿਰਫ ਦੂਜਿਆਂ ਵਾਸਤੇ ਹੀ ਹੁੰਦਾ ਹੈ? ਆਪਣੇ ਵਲੋਂ ਕੀਤੇ ਹਲੀਮੀ ਦੇ ਪ੍ਰਚਾਰ ਨੂੰ ਇਹ ਚੌਰਾਹੇ ਗੱਡ ਦਿੰਦੇ ਹਨ। ਆਪ ਹਉਮੈ ਦੇ ਘੋੜੇ ਚੜ੍ਹਕੇ ਵੱਡੇ ਬਣਦੇ ਹਨ, ਦੂਜਿਆਂ ਨੂੰ ਆਪਣੇ ਆਪ ਤੋਂ ਨੀਵਾਂ ਗਿਣਦੇ ਹਨ। ਪਤਾ ਨਹੀਂ ਕਿਉਂ ਭੁੱਲ ਜਾਂਦੇ ਹਨ ਉਨ੍ਹਾਂ ਨੂੰ ਮਹਾਪੁਰਸ਼ਾਂ ਦੇ ਵਾਕ ‘ਮਿੱਠੁਤ ਨੀਵੀਂ ਨਾਨਕਾ...’ ਇਹ ਮਨਾਂ ਦੀ ਮੈਲ਼ ਦਾ ਹੀ ਨਤੀਜਾ ਹੈ ਕਿ ਉਹ ਦੂਜਿਆਂ ਨੂੰ ਨਾਮ ਦੇ ਲੜ ਲੱਗਣ ਦਾ ਪ੍ਰਚਾਰ ਕਰਦੇ ਹਨ, ਅਤੇ ਆਪਣੀ ਅੱਖ ਮਾਇਆ ਦੀ ਗਠੜੀ ਤੇ ਧਰੀ ਬੈਠੇ ਰਹਿੰਦੇ ਹਨ, ਵਿਚਾਰੇ ਲੋਭੀ ਜੀਊੜੇ। ਇਹੋ ਹਾਲ ਰਾਜਨੀਤਕਾਂ ਦਾ ਹੈ। ਉਨ੍ਹਾਂ ਦੇ ਮਨ ਦੀ ਮੈਲ਼ ਸਮਾਜਾਂ ਤੇ ਦੇਸ਼ਾਂ ਅੰਦਰ ਵਿਰੋਧ ਖੜ੍ਹੇ ਕਰਦੀ ਹੈ। ਆਪਣੇ ਲੋਕਾਂ ਅੰਦਰ ਦੂਜਿਆਂ ਪ੍ਰਤੀ ਨਫਰਤ, ਵੱਖੋ ਵੱਖ ਭਾਈਚਾਰਿਆਂ ਨੂੰ ਇੱਕ ਦੂਜੇ ਤੋ ਵੰਡਣਾਂ ਤੇ ਰਾਜ ਕਰਨਾ, ਕੌਮੀ ਕੌਮਾਂਤਰੀ ਝਗੜੇ ਜੋ ਜੰਗਾਂ ਦਾ ਰੂਪ ਧਾਰ ਲੈਂਦੇ ਹਨ ਇਸੇ ਮਨਾਂ ਦੀ ਮੈਲ਼ ਦਾ ਸਿੱਟਾ ਹੁੰਦੇ ਹਨ। ਸਮਾਜਕ ਪੱਧਰ ਤੇ ਕੰਮ ਕਰਨ ਵਾਲੇ ਦੇਖਦੇ ਹੀ ਰਹਿੰਦੇ ਹਨ ਤੇ ਕਦੀਂ ਕਦੀਂ ਅਪੀਲਾਂ ਦਾ ਪ੍ਰਸ਼ਾਦ ਵੰਡਦੇ ਹਨ। ਬਿਆਨਾਂ ਦੇ ਡੂੰਨਿਆਂ ਵਿੱਚ ਪਾ ਕੇ ਆਪਣੀ ਬੇਹਿੰਮਤੀ ਨੂੰ ਦਰਦ ਭਰੇ ਹੰਝੂਆਂ ਨਾਲ ਧੋ ਲੈਂਦੇ ਹਨ। ਉਨ੍ਹਾਂ ਦੇ ਇਹ ਹੰਝੂੰ ਬੇਵਸੀ ਭਰੇ ਧੋਖੇ ਤੋਂ ਵੱਧ ਕੁੱਝ ਵੀ ਨਹੀਂ ਹੁੰਦੇ। ਆਮ ਜਿਹੀ ਗੱਲ ਹੈ ਕਿ ਬਹੁਤੇ ਜੀਊੜੇ ਆਪਣੇ ਆਪ ਨੂੰ ਉੱਚਾ/ਵੱਡਾ ਸਾਬਤ ਕਰਨ ਵਾਸਤੇ ਦੂਜੇ ਨੂੰ ਨੀਵਾਂ ਕਰਨਾਂ ਚਾਹੁੰਦੇ ਹਨ। ਜਦੋਂ ਕਿ ਆਪ ਵੱਡਾ ਬਣਨ ਵਾਸਤੇ ਕਿਸੇ ਨੂੰ ਛੋਟਾ ਕਰਨਾ ਜਰੂਰੀ ਨਹੀਂ ਹੁੰਦਾ। ਆਪਣੇ ਆਪ ਨੂੰ ਤਮੀਜ਼/ਤਹਿਜ਼ੀਬ ਵਾਲਾ ਦੱਸਣ ਖਾਤਰ ਜ਼ਰੂਰੀ ਨਹੀ ਕਿਸੇ ਹੋਰ ਨੂੰ ਬਦਤਮੀਜ਼ ਦੱਸਿਆ ਜਾਵੇ। ਵੱਡਾ ਕੋਈ ਆਪ ਹੀ ਆਪਣੀ ਫੋਕੀ ਵਡਿਆਈ ਕਰਕੇ ਹੀ ਨਹੀਂ ਬਣ ਜਾਂਦਾ ਇਸ ਵਾਸਤੇ ਈਮਾਨਦਾਰੀ, ਸਚਾਈ, ਲੋੜ ਵੇਲੇ ਕਿਸੇ ਦੇ ਕੰਮ ਆਉਣ ਅਤੇ ਕਿਸੇ ਦੂਜੇ ਦੀ ਪੀੜ ਨੂੰ ਹੰਢਾਅ ਸਕਣ ਵਾਲਾ ਔਖਾ ਰਾਹ ਅਪਨਾਉਣਾ ਪੈਂਦਾ ਹੈ। ਇਨਸਾਨ ਨੂੰ ਇਨਸਾਨ ਸਮਝਣ ਵਾਲੀ ਬਿਰਤੀ ਅਪਨਾੳਣੀ ਪੈਂਦੀ ਹੈ। ਮਨ ਨੂੰ ਕਾਬੂ ਵਿਚ ਰੱਖਣ ਤੇ ਮਨ ਦੀ ਮੈਲ਼ ਧੋਣ ਵਾਸਤੇ ਗੁਰਬਾਣੀ ਦਾ ਉਪਦੇਸ਼ ਸੁਣਨ ਦੀ ਹੀ ਨਹੀਂ ਇਸ ਨੂੰ ਅਮਲ ਵਿੱਚ ਲਿਆੳਣ ਦੀ ਲੋੜ ਹੁੰਦੀ ਹੈ :-
‘ਮਨ ਜੀਤੈ ਜਗੁ ਜੀਤ’
ਟੱਲੀਆਂ ਬਜਾਇਆਂ ਅਤੇ ਟੋਕਰੇ, ਪਰਾਤਾਂ ਭਰ ਭਰ ਕੇ ਪ੍ਰਸ਼ਾਦ ਵੰਡਿਆਂ ਕਿਸੇ ਦੀ ਨੀਤ ਨਹੀਂ ਬਦਲੀ ਜਾ ਸਕਦੀ। ਉੱਚਾ ਉੱਠਣ ਵਾਸਤੇ ਦੂਜਿਆ ਤੋਂ ਵੱਡਾ ਅਤੇ ਚੰਗਾ ਕੰਮ ਕਰਨਾ ਪੈਂਦਾ ਹੈ। ਇੱਥੇ ਇੱਕ ਮਿਸਾਲ ਕੁਥਾਂਹ ਨਹੀ ਹੋਵੇਗੀ। ਇੱਕ ਸਕੂਲ ਦੀ ਜਮਾਤ ਵਿੱਚ ਅਧਿਆਪਕ ਨੇ ਆ ਕੇ ਬਲੈਕ ਬੋਰਡ ਉੱਤੇ ਚਾਕ ਨਾਲ ਇੱਕ ਲਕੀਰ ਖਿੱਚ ਦਿੱਤੀ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸ ਲਕੀਰ ਨੂੰ ਛੋਟੀ ਕਰਕੇ ਦਿਖਾੳਣ। ਇੱਕ ਵਿਦਿਆਰਥੀ ਕਾਹਲੀ ਨਾਲ ਉੱਠਿਆ ਅਤੇ ਉਸ ਨੇ ਸੂਫਾ ਜਿਹਾ ਫੜ ਕੇ ਲਕੀਰ ਨੁੰ ਖੱਬੇ ਪਾਸਿਉਂ ਥੋੜਾ ਜਿਹਾ ਮਿਟਾ ਦਿੱਤਾ। ਇਸੇ ਤਰਾਂ ਦੂਜੇ ਵਿਦਿਆਰਥੀ ਨੇ ਉਸ ਲਕੀਰ ਨੂੰ ਥੋੜਾ ਜਿਹਾ ਮਿਟਾੳਣ ਦਾ ਯਤਨ ਕੀਤਾ। ਪਰ ਅਧਿਆਪਕ ਨੇ ਕਿਹਾ ਇਸ ਲਕੀਰ ਨੂੰ ਮਟੇਣਾ ਨਹੀ ਛੋਟਾ ਕਰਨਾ ਹੈ। ਜਮਾਤ ਅੰਦਰ ਬੈਠੇ ਵਿਦਿਆਰਥੀ ਚੁੱਪ ਦਾ ਰੂਪ ਧਾਰ ਗਏ। ਅੰਤ ਵਿੱਚ ਇੱਕ ਵਿਦਿਆਰਥੀ ਉੱਠਿਆ ਬਲੈਕ ਬੋਰਡ ਦੇ ਸਾਹਮਣੇ ਆਇਆ ਹੱਥ ਵਿੱਚ ਚਾਕ ਲੈ ਕੇ ਅਧਿਆਪਕ ਵੱਲੋਂ ਵਾਹੀ ਲਕੀਰ ਦੇ ਬਰਾਬਰ ਉਸ ਤੋਂ ਵੱਡੀ ਲਕੀਰ ਖਿੱਚ ਦਿੱਤੀ ਜਿਸ ਨਾਲ ਪਹਿਲਾਂ ਵਾਹੀ ਲਕੀਰ ਆਪਣੇ ਆਪ
ਛੋਟੀ ਹੋ ਗਈ। ਇਸੇ ਤਰ੍ਹਾਂ ਕਿਸੇ ਤੋਂ ਵੱਡਾ ਜਾਂ ਚੰਗਾ ਬਣਨ ਲਈ ਉਸ ਤੋਂ ਵੱਧ ਚੰਗੇ ਤੇ ਵੱਡੇ ਕੰਮ ਕਰਨੇ ਪੈਂਦੇ ਹਨ। ਇਹ ਰਾਹ ਔਖਾ ਹੈ ਪਰ ਅਸੰਭਵ ਨਹੀਂ। ਮਿਹਨਤ ਕੀਤਿਆਂ ਫਲ ਦੀ ਆਸ ਰੱਖਣੀ ਹੀ ਚਾਹੀਦੀ ਹੈ। ਪ੍ਰੇਰਨਾ ਬਿਨਾਂ ਇਹ ਕੰਮ ਨਹੀਂ ਹੋ ਸਕਦਾ। ਇਸਦੇ ਵਾਸਤੇ ਸਮਾਜ ਸੁਧਾਰਕਾਂ, ਰਾਜਨੀਤਕਾਂ, (ਜੋ ਭ੍ਰਿਸ਼ਟ ਨਹੀਂ ਭਾਵੇਂ ਕਿ ਉਹ ਵਿਰਲੇ ਟਾਵੇਂ ਹੀ ਹਨ) ਨੂੰ ਮੋਹਰੀ ਰੋਲ ਅਦਾ ਕਰਨਾ ਪਵੇਗਾ। ਤਦ ਹੀ ਲੋਕ ਪਾਈਆਂ ਨਵੀਆਂ ਪੈੜਾਂ ਦਾ ਰਾਹ ਫੜ ਸਕਦੇ ਹਨ। ਹਿੰਸਾ, ਤਸ਼ੱਦਦ, ਝੂਠ, ਨਫਰਤ, ਧੋਖਾ, ਲੁੱਟ, ਬੇਈਮਾਨੀ, ਰਿਸ਼ਵਤਖੋਰੀ ਅਤੇ ਕਿਸੇ ਦਾ ਹੱਕ ਮਾਰਨਾ ਆਦਿ ਇਹ ਸਭ ਮਨ ਦੀ ਮੈਲ਼ (ਮਨ ਦਾ ਪ੍ਰਦੂਸ਼ਣ) ਹਨ । ਮਨਾਂ ਦੀ ਮੈਲ਼ ਸਮਾਜਾਂ ਨੂੰ ਗੰਦਾ ਅਤੇ ਪਲੀਤ ਕਰ ਦਿੰਦੀ ਹੈ । ਇਸ ਤੋ ਛੁਟਕਾਰਾ ਪਾਏ ਬਿਨਾਂ ਕਿਸੇ ਵੀ ਸਮਾਜ ਦੀ ਸਿਹਤਮੰਦ ਉਸਾਰੀ ਨਹੀਂ ਹੋ ਸਕਦੀ।
****
ਇਨਸਾਨ ਬਣੀਏਂ
ਇੱਕੀਵੀ ਸਦੀ ਦੇ ਸ਼ੁਰੂ ਹੋਣ ਵੇਲੇ ਹਰ ਪਾਸੇ ਬਹੁਤ ਹੀ ਸ਼ੋਰ ਭਰਿਆ ਰੌਲ਼ਾ ਸੀ, ਉਤਸ਼ਾਹ ਪੂਰਵਕ ਰੌਲ਼ਾ। ਇਸ ਮੌਕੇ ’ਤੇ ਮਿਲੇਨੀਅਮ ਪਾਰਟੀਆਂ-ਮੇਲਿਆਂ ਅਤੇ ਢੋਲ-ਢਮੱਕਿਆਂ ਦੀ ਆਵਾਜ ਉੱਚੀ ਕਰਨ ਦੇ ਬੇਲੋੜੇ ਪਰ ਬੇਥਾਅ ਜਤਨ ਕੀਤੇ ਗਏ ਸਨ। ਭਾਵੇਂ ਕਿ ਇਨ੍ਹਾਂ ਦੀ ਬਹੁਤ ਲੋੜ ਨਹੀਂ ਸੀ। ਭੁੱਖੇ ਅੱਗੇ ਸਵਾਲ ਪਾਇਆਂ ਜਵਾਬ ਰੋਟੀ ਹੀ ਹੋਣਾ ਹੁੰਦਾ ਹੈ। ਦੋ ਡੰਗ ਦੀ ਪੇਟ ਭਰ ਕੇ ਰੋਟੀ ਲਈ ਤਰਸਦੇ ਲੋਕਾਂ ਨੂੰ ਮਿਲੇਨੀਅਮ ਪਾਰਟੀਆਂ ਨਾਲ ਹੋਰ ਸ਼ਰਮਿੰਦਾ ਕਰਨ ਦੇ ਯਤਨ ਵੀ ਕੀਤੇ ਗਏ ਸਨ? ਮੌਕਾ ਸ਼ੁਭ ਇਸ ਕਰਕੇ ਸੀ ਕਿ ਅਸੀਂ ਇੱਕਵੀ ਸਦੀ ਦੀ ਸ਼ੁਰੂਆਤ ਵੇਲੇ ਮੌਕੇ ਦੇ ਗਵਾਹ ਸਾਂ। ਇਹ ਮੌਕਾ ਸ਼ਾਇਦ ਹਰ ਇਨਸਾਨੀ ਪੀੜੀ ਦੇ ਹਿੱਸੇ ਨਹੀਂ ਆਉਂਦਾ । ਇਸ ਮੌਕੇ ਸਵਾਲ ਉੱਚੇ ਕੀਤੇ ਜਾਣੇ ਜਰੂਰੀ ਸਨ ਅਤੇ ਕੀਤੇ ਵੀ ਗਏ ਸਨ ਕਿ ਕੀ ਵੀਹਵੀਂ ਸਦੀ ਦੇ ਬੀਤਣ ਤੇ ਇੱਕੀਵੀਂ ਸਦੀ ਦੇ ਸ਼ੁਰੂ ਹੋਣ ਨਾਲ ਕੁਝ ਚੰਗਾ ਵੀ ਵਾਪਰੇਗਾ? ਸਾਡੀਆਂ ਭਵਿੱਖੀ ਸ਼ੁਭ ਇੱਛਾਵਾ ਨੂੰ ਬੂਰ ਪਵੇਗਾ? ਜਾਂ ਕੀ ਇਹ ਸ਼ੁਭ ਇੱਛਾਵਾਂ ਸ਼ੁਭ ਸ਼ਗਨਾਂ ਵਰਗੀਆਂ ਬਣਨਗੀਆਂ? ਕੀ ਅਸੀਂ ਇਸ ਯੋਗ ਵੀ ਹਾਂ ਕਿ ਸਦੀ ਦੀ ਪਹਿਲੀ ਤੋਰ ਨੂੰ ਸੋਧ ਕੇ ਚੰਗੇ ਪਾਸੇ ਵਲ ਮੋੜ ਦੇ ਸਕੀਏ? ਅੱਜ ਲੋੜਾਂ ਦੀ ਲੋੜ ਮਨੁੱਖੀ ਸੂਝ ਦੀ ਸੁਚੱਜੀ ਤੇ ਈਮਾਨਦਾਰ ਵਰਤੋਂ ਅਤੇ ਉਸ ਦੇ ਸਿੱਟਿਆਂ ਨੂੰ ਹਾਂਅ–ਪੱਖੀ ਮੋੜ ਦੇਣਾ ਹੈ। ਲੋੜ ਹੈ ਭਰੋਸੇ ਅਤੇ ਹੌਸਲੇ ਵਾਲੇ ਪਾਸੇ ਤੁਰਨ ਦੀ ਅਤੇ ਅੱਗੇ ਵਧਣ ਲਈ ਹੋਸ਼ਮੰਦ ਕਦਮਾਂ ਦੀ। ਗੰਭੀਰਤਾ ਇਸ ਵਾਸਤੇ ਲਾਜਮੀ ਸ਼ਰਤ ਹੈ। ਪਰ ਦੇਖਣਾ ਇਹ ਹੈ ਕਿ ਕਿੰਨੇ ਕੁ ਸਿਆਣੇ ਲੋਕ ਜੁੜਨਗੇ, ਜੋ ਅਜਿਹੇ ਜਤਨਾਂ ਵਾਸਤੇ ਗੰਭੀਰਤਾ ਭਰੀ ਦਿਲਚਸਪੀ ਨਾਲ ਜਤਨਸ਼ੀਲ ਹੋਣਗੇ । ਅਪਣੇ ਆਪ ਜਾਂ ਸਿਰਫ ਚਾਹੁਣ ਨਾਲ ਤਾਂ ਕੁਝ ਵੀ ਨਹੀਂ ਬਦਲ ਸਕਦਾ। ਇਸ ਵਾਸਤੇ ਹਰਕਤ ਲੋੜੀਂਦੀ ਹੈ। ਬੀਤ ਗਈ ਸਦੀ ਬਹੁਤ ਹੀ ਹਲਚਲ ਭਰਭੂਰ ਸੀ। ਚੰਗੀਆਂ ਮੰਦੀਆਂ ਬਹੁਤ ਸਾਰੀਆਂ ਘਟਨਾਵਾਂ ਇਤਿਹਾਸ ਦੇ ਸਫੇ ਤੇ ਤੇਜ ਧੁੱਪ ਨਾਲ ਚਮਕਦੇ ਸੂਰਜ ਵਾਂਗ ਚਮਕੀਆਂ ਅਤੇ ਫੇਰ ਕਈ ਅਲੋਪ ਹੋ ਗਈਆਂ, ਪਰ ਉਹ ਸਦੀ ਦੇ ਇਤਿਹਾਸ ਨਾਲ ਜੁੜੀਆਂ ਰਹਿਣਗੀਆਂ। ਅਜਿਹੇ ਹਾਂਅ-ਪੱਖੀ ਤੇ ਨਾਂਹ-ਪੱਖੀ ਬੀਤ ਗਏ ਵਰਤਾਰੇ ਲੋਕਾਈ ਦੀ ਬਹਿਸ ਦਾ ਵਿਸ਼ਾ ਬਣਦੇ ਰਹੇ ਹਨ ਅੱਗੇ ਵੀ ਬਣਦੇ ਰਹਿਣਗੇ। ਉਂਜ ਵੀ ਭਵਿੱਖ ਨੂੰ ਰੋਸ਼ਨ ਕਰਨ ਵਾਸਤੇ ਇਤਿਹਾਸ ਨੂੰ ਦਲੀਲ ਭਰੀ ਤਰਕਸ਼ੀਲ ਜਾਂ ਕਹੀਏ ਕਿ ਹਾਂਅ-ਪੱਖੀ ਸੋਚ ਰਾਹੀਂ ਰਿੜਕਦੇ ਰਹਿਣਾ ਚਾਹੀਦਾ ਹੈ ਤਾਂ ਜੋ ਹੋ ਗਈਆਂ ਭੁੱਲਾਂ, ਰਹਿ ਗਈਆਂ ਘਾਟਾਂ ਤੋ ਸਬਕ ਸਿੱਖਿਆ ਜਾ ਸਕੇ। ਆਪਣੀਆਂ ਗਲਤੀਆਂ ਜਾਂ ਘਾਟਾਂ ਨੂੰ ਸੋਧ ਕੇ ਅੱਗੇ ਤੁਰਨ ਵਾਲੇ ਹਮੇਸ਼ਾ ਹੀ ਮੰਜਿ਼ਲਾਂ ਤੇ ਪਹੁੰਚਣ ਲਈ ਜਤਨਸ਼ੀਲ ਰਹਿੰਦੇ ਹਨ। ਜਤਨਸ਼ੀਲ ਰਹਿਣਾ ਸਿਰਜਣਾ ਵਾਸਤੇ ਲਾਜਮੀ ਸ਼ਰਤ ਹੁੰਦੀ ਹੈ। ਸਿਰਜਣਾਤਮਕ ਸ਼ਕਤੀ ਇਸ ਸੰਸਾਰ ਦੇ ਪਹੀਏ ਨੂੰ ਅੱਗੇ ਤੋਰਦੀ ਹੈ । ਹਰ ਰੋਸ਼ਨ ਦਿਮਾਗ ਇਨਸਾਨ ਇਸ ਦਾ ਇਛੁੱਕ ਹੈ ।
ਬੀਤ ਗਈ ਸਦੀ ਹੀ ਸੀ, ਜਦੋਂ ਬੇਕਸੂਰ ਮਨੁੱਖਾਂ ਦੀ ਤਬਾਹੀ ਵਾਸਤੇ ਦੋ ਸੰਸਾਰ ਜੰਗਾਂ ਤੇ ਹਜਾਰਾਂ ਹੀ ਹੋਰ ਛੋਟੀਆਂ ਜੰਗਾਂ (ਅਤੇ ਘਰੇਲੂ ਯੁੱਧਾਂ) ਰਾਹੀਂ ਮਨੁੱਖੀ ਮਾਨਸਿਕਤਾ ਨੂੰ ਵਾਰ ਵਾਰ ਜਖ਼ਮੀ ਕੀਤਾ ਗਿਆ। ਜਦੋਂ ਧਰਮਾਂ ਵਾਲਿਆਂ ਨੇ ਮਨੁੱਖੀ ਭਰੱਪਣ, ਇਨਸਾਨੀ ਦੋਸਤੀ ਅਤੇ ਮੁਹੱਬਤ ਦੇ ਅਰਥਾਂ ਨੂੰ ਕਤਲ ਕਰਨ ਵਾਲੇ ਜਹਾਦ ਛੇੜੇ। ਸਿਆਸੀ ਧੌਂਸ ਤੇ ਬਦਮਾਸ਼ੀ ਰਾਹੀਂ ਕਿਸੇ ਦਾ ਸਿਰ ਨੀਵਾਂ ਕਰਨ ਵਾਸਤੇ ਪਸ਼ੂਪੁਣੇ ਵਾਲੀ ਬਿਰਤੀ ਅਪਣਾਈ ਅਤੇ ਐਟਮ ਬੰਬ ਸੁੱਟ ਕੇ ਹੀਰੋਸ਼ੀਮਾਂ ਤੇ ਨਾਗਾਸਕੀ ਵਰਗੇ ਬਦਨੁਮਾ ਧੱਬੇ ਇਤਿਹਾਸ ਦੀ ਹਿੱਕ ਤੇ ਦਾਗ ਦਿੱਤੇ। ਜਦੋਂ ਵੱਖਰੇ ਧਰਮ ਰਾਹੀਂ ਆਪਣੀ ਵੱਖਰੀ ਹੋਂਦ, ਪਹਿਚਾਣ ਤੇ ਅਕੀਦਾ ਰੱਖਣ ਵਾਲਿਆਂ ਨੂੰ ਸਿਆਸੀ ਹਵਸ ਨਾਲ ਭਰਪੂਰ ਸੰਸਾਰ ਜਿਤੱਣ ਦੇ ਫੁਕਰੇਪਣ ਵਾਲੇ ਸੁਪਨੇ ਸਿਰਜਣ ਵਾਲੇ ਨਾਜ਼ੀਵਾਦੀਆਂ ਨੇ 65 ਲੱਖ ਤੋਂ ਵੀ ਜਿ਼ਆਦਾ ਗਿਣਤੀ ਵਿੱਚ ਯਹੂਦੀ ਬੱਚਿਆਂ, ਬੁੱਢਿਆਂ, ਜਵਾਨ ਧੀਆਂ, ਮਾਂਵਾਂ ਦਾ ਲਿਹਾਜ ਕੀਤੇ ਬਿਨਾਂ ਸਿਰੇ ਦੀ ਦਰਿੰਦਗੀ ਦਾ ਨਾਚ ਨੱਚਦਿਆਂ ਜੀਊਂਦਿਆਂ ਨੂੰ ਗੈਸ ਭੱਠੀਆਂ ਵਿਚ ਸੁੱਟ ਕੇ ਫੂਕਿਆ ਸੀ ਤਾਂ ਉਨ੍ਹਾਂ ਸੰਸਾਰ ਇਤਿਹਾਸ ਦੇ ਸਫੇ ਤੇ ਮਨੁੱਖੀ ਪਸ਼ੂਪੁਣੇ ਅਤੇ ਦਰਿੰਦਗੀ ਦਾ ਸੋਗ ਭਰਿਆ ਕਾਲਾ ਧੱਬਾ ਚਿਪਕਾ ਦਿੱਤਾ ਸੀ। ਕਦੇ ਫੇਰ ਇਸ ਹੀ ਸਦੀ ਦੇ ਅਖੀਰਲੇ ਪਹਿਰੀਂ ਜਿੳਂੂਦਿਆਂ ਦੇ ਗਲ਼ਾਂ ਵਿਚ ਸੜਦੇ ਟਾਇਰ ਪਾ ਕੇ ਇਨਸਾਨਾਂ ਨੂੰ ਮਾਰ ਮੁਕਾਇਆ, ਮਾਂਵਾਂ, ਭੈਣਾਂ ਦੀਆਂ ਇੱਜਤਾਂ ਰੋਲੀਆਂ ਸੁਹਾਗ ਉਜਾੜੇ, ਬੱਚਿਆਂ ਨੂੰ ਸਦਾ ਵਾਸਤੇ ਯਤੀਮ ਬਣਾ ਦਿੱਤਾ ਗਿਆ। ਕੀ ਕੁੱਝ ਨਹੀ ਵਾਪਰਿਆ। ਰੱਬ ਦੇ ਭਗਤ ਹੀ ਰੱਬ ਦੇ ਘਰ ਢਾਹੁੰਦੇ ਰਹੇ। ਆਪਣੇ ਹੀ ਇਸ਼ਟ ਦੀ ਇਜੱਤ ਨਾਲ ਖੇਡਦੇ ਰਹੇ। ਕਿਹੜਾ ਰੱਬ ਤੇ ਕਿਸਦੇ ਇਹ ਭਗਤ? ਕੀ ਕੋਈ ਧਰਮੀ ਕਹਾਉਣ ਵਾਲਾ ਵੀ ਇਹੋ ਜਹੀ ਕਰਤੂਤ ਕਰ ਸਕਦਾ ਹੈ? ਕੀ ਇਹੋ ਜਹੇ ਲੋਕ ਵੀ ਇਨਸਾਨ ਕਹਾਉਣ ਦੇ ਹੱਕਦਾਰ ਹੋ ਸਕਦੇ ਹਨ?
ਕਦੇ ਮੁਲਕਾਂ ਦੀਆਂ ਵੰਡਾਂ, ਵੰਡ-ਵੰਡਾਰਿਆਂ, ਧਰਤੀ ਦੇ ਛੋਟੇ ਛੋਟੇ ਹਿੱਸਿਆਂ ’ਤੇ ਕਬਜੇ ਦੀ ਹਵਸ ਨੇ ਮਨੁੱਖ ਨੂੰ ਮਨੁੱਖ ਨਾ ਰਹਿਣ ਦਿੱਤਾ। ਨਵੀਆਂ ਵੰਡੀਆਂ ਨੇ ਮਨੁੱਖਤਾ ਦੇ ਨਵੇਂ ਪੈਮਾਨੇ ਕਾਇਮ ਕੀਤੇ। ਮਨੁੱਖਾਂ ਦੇ ਅੰਦਰ ਵਸਦੀ ਸਿਆਸੀ, ਆਰਥਿਕ ਭੁੱਖ ਨੇ ਉਨ੍ਹਾਂ ਨੂੰ ਹਾਵੜਪੁਣੇ ਦੇ ਵੱਸ ਪਾ ਦਿੱਤਾ ਅਤੇ ਉਹ ਨਿੱਘਰਦਾ ਗਿਆ, ਕਾਫੀ ਸਾਰੇ ਮਨੁੱਖੀ ਸਰੂਪ ਵਿੱਚ ਦੈਂਤ ਬਣ ਕੇ ਵਿਚਰਦੇ ਰਹੇ । ਵਾਰ ਵਾਰ ਮਨੁੱਖੀ ਰੂਹ ਕਤਲ ਕੀਤੀ ਜਾਂਦੀ ਰਹੀ। ਨੇਕੀ ਨੂੰ ਬਦੀ ਵੱਲੋਂ ਲਤਾੜਿਆ ਜਾਂਦਾ ਰਿਹਾ, ਪਰ ਇਹ ਜਰਵਾਣੇ ਭੁੱਲਦੇ ਰਹੇ ਕਿ ਕਦੇ ਨੇਕੀ ਵੀ ਹਾਰੀ ਹੈ?
ਬੀਤ ਗਈ ਸਦੀ ਹੀ ਸੀ, ਜਦੋ ਅਸੱਭਿਅਕ ਸਾਮਰਾਜੀਆਂ ਵੱਲੋ ਕੂਟਨੀਤਕ ਚਾਲਾਂ, ਧੱਕੇ ਤੇ ਗੁੰਡਾਗਰਦੀ ਨਾਲ ਦੂਜਿਆਂ ਮੁਲਕਾਂ ਨੂੰ ਆਪਣੀਆਂ ਬਣਾਈਆਂ ਬਸਤੀਆਂ ਦੇ ਹੋਸ਼ਮੰਦ ਲੋਕ ਜਾਗੇ ਤੇ ਬਹੁਤਿਆਂ ਨੇ ਆਪਣੇ ਗਲੋਂ ਗੁਲਾਮੀ ਦਾ ਜੂਲ਼੍ਹਾ ਲਾਹ ਸੁੱਟਿਆ। ਆਜਾਦੀ ਪ੍ਰਾਪਤ ਕਰਕੇ ਆਪਣੇ ਚੰਗੇ ਮਾੜੇ ਰਾਜ ਕਾਇਮ ਕੀਤੇ। ਇਹੋ ਸਦੀ ਹੀ ਸੀ, ਜਦੋ ਸਿਆਸੀ ਪੱਧਰ ’ਤੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਸਮਝਿਆ ਗਿਆ । ਲੰਬੇ ਸੰਘਰਸ਼ਾਂ ਤੋਂ ਬਾਅਦ ਉਸ ਨੂੰ ਵੋਟ ਦਾ ਹੱਕ ਮਿਲਿਆ। ਜਦੋਂ ਤਕੜੇ ਤੋਂ ਕਮਜ਼ੋਰ ਮੁਲਕਾਂ ਦੀ ਰਾਖੀ, ਅਤੇ ਆਪਸੀ ਝਗੜੇ ਅਮਨ ਪੂਰਵਕ ਨਿਪਟਾਉਣ ਵਾਸਤੇ ਸੰਯੁਕਤ ਰਾਸ਼ਟਰ ਤੇ ਹੋਰ ਬਹੁਤ ਸਾਰੇ ਕੌਮਾਂਤਰੀ ਅਦਾਰੇ ਕਾਇਮ ਹੋਏ । ਇਸ ਸਦੀ ਅੰਦਰ ਹੀ ਇਸ ਧਰਤੀ ਤੇ ਸਮਾਜਵਾਦੀ ਸਮਾਜ ਦੀ ਸਥਾਪਨਾ ਹੋਈ। ਹੱਥੀਂ ਕਿਰਤ ਕਰਨ ਵਾਲਿਆਂ ਦਾ ਆਪਣਾ ਰਾਜ ਕਾਇਮ ਹੋਇਆ। ਪਰ, ਪੌਣੀ ਸਦੀ ਬਾਅਦ ਹੀ ਇਸ ਮਨੁੱਖੀ ਭਲੇ ਵਾਲੇ ਸਮਾਜਵਾਦੀ ਪ੍ਰਬੰਧ ਦੇ ਨਿਘਾਰ ਕਰਕੇ ਇਸਦੇ ਅੰਤ ਦਾ ਵਾਪਰ ਜਾਣਾ ਖੁਸ਼ੀ ਨੂੰ ਸੋਗ ਵਿੱਚ ਬਦਲ ਗਿਆ। ਕੁੱਲ ਲੋਕਾਈ ਦਾ ਭਲਾ ਕਰਨ ਵਾਲੇ ਆਖਰ ਛੋਟੀ ਮਾਨਸਿਕਤਾ ਦੇ ਮਾਲਕ ਕਿਵਂੇ ਬਣ ਬੈਠੇ? ਕਿਉਂ ਉਨ੍ਹਾਂ ਦੇ ਅੰਦਰੋਂ ਨਵੇਂ ਤੇ ਸੁਚੱਜੇ ਮਨੁੱਖ ਦੀ ਸਿਰਜਣਾ ਦਾ ਸੁਪਨਾ ਮਰ ਮੁੱਕ, ਸੁੱਕ ਗਿਆ। ਇਸ ਸੋਚ ਦੇ ਪੈਰੋਕਾਰਾਂ ਦੇ ਮਨਾਂ ਅੰਦਰ ਘੋਰ ਉਦਾਸੀ ਦਾ ਪ੍ਰਛਾਵਾਂ ਆ ਗਿਆ। ੳਹ ਆਪਣੇ ਆਪ ਨੂੰ ਹਾਰਿਆਂ ਵਰਗੇ ਮਹਿਸੂਸ ਕਰਨ ਲੱਗੇ। ਹੋਈ ਤਰੱਕੀ ਦਾ ਆਪਣੇ ਥਾਂ ਜਿਕਰ ਕਰਨਾ ਬਣਦਾ ਹੈ। ਮਨੁੱਖ ਦਾ ਚੰਦ ਤੱਕ ਦਾ ਅਤੇ ਉਸ ਤੋਂ ਵੀ ਅੱਗੇ ਮੰਗਲਗਹ੍ਰਿ ਤੱਕ ਦਾ ਸਫਰ ਇਹ ਮਨੁੱਖੀ ਸਿਰਜਣਾ ਦੇ ਉੱਤਮ ਕਾਰਨਾਮੇ ਹਨ। ਇਹ ਤਾਂ ਜਾਰੀ ਹੀ ਰਹਿਣਗੇ। ਅੱਜ ਤੱਕ ਦੀ ਮਨੁੱਖੀ ਨੇੜਤਾ ਵਧਾਉਂਦੀ ਤਕਨੀਕੀ ਤਰੱਕੀ ਇੰਟਰਨੈਟ ਦੇ ਯੁੱਗ ਤੇ ਦੁਨੀਆਂ ਨੂੰ ਨੇੜੇ ਲੈ ਆੳਣ ਵਾਲਾ ਤਕਨੀਕੀ ਇਨਕਲਾਬ ਲਿਆਂਦਾ ਹੈ। ਮਨੁੱਖਤਾ ਦੇ ਭਲੇ ਵਾਸਤੇ ਹੋਈਆਂ ਨਵੀਆਂ ਖੋਜਾਂ ਨੂੰ ਤੋਪਾਂ ਦੇ ਬੰਬਾ ਵਿੱਚੋਂ ਨਿਕਲਦਾ ਵਹਿਸ਼ੀ ਧੂੰਆਂ ਆਪਣੀ ਜ਼ਹਿਰ ਨਾਲ ਡੰਗਦਾ ਹੈ। ਮੁਨਾਫੇ ਦੀ ਹਵਸ ਮਨੁੱਖ ਨੂੰ ਨਿਘਾਰ ਵਲ ਧੱਕੀ ਜਾ ਰਹੀ ਹੈ। ਮਨੁੱਖਤਾ ਲਈ ਇਹ ਸਭ ਤੋਂ ਵੱਡਾ ਖਤਰਾ ਹੈ।
‘ਧਰਮੀਆਂ’ ਤੇ ਗੈਰ ਧਰਮੀਆਂ ਨੇ ਇੱਕ ਦੂਜੇ ਦੇ ਵਿਸ਼ਵਾਸ਼ਾਂ/ਅਕੀਦਿਆਂ ਨੂੰ ਉਜਾੜਿਆਂ, ਤਬਾਹ ਕੀਤਾ, ਜੋ ਗੈਰ ਮਨੁੱਖੀ ਕਿਸਮ ਦਾ ਗੁਨਾਹ ਹੈ। ਇਸ ਦਾ ਹੀ ਸਿੱਟਾ ਹੈ ਕਿ ਕੌਮਾਂ, ਧਰਮ, ਦੇਸ਼ ਸਭ ਸ਼ਬਦ ਬੌਣੇ ਹੁੰਦੇ ਗਏ ਤੇ ਮਨੁੱਖ ਖੁਦ ਵੀ ਬੌਣਾ ਹੁੰਦਾ ਗਿਆ। ਅੱਜ ਇੰਨਾ ਬੌਣਾ ਹੋ ਗਿਆ ਹੈ ਕਿ ਆਪਣੀ ਅਸਲੀ ਪਹਿਚਾਣ ਗਵਾਉਣ ਦੇ ਨੇੜੇ ਪਹੁੰਚ ਗਿਆ ਹੈ। ਭਲਾਂ ਇਹ ਹੋਰ ਕਿੱਥੇ ਕੁ ਤੱਕ ਨਿੱਘਰੇਗਾ। ਇਸ ਸਵਾਲ ਦਾ ਜਵਾਬ ਤਾਂ ਭਵਿੱਖ ਦੀ ਕੁੱਖ ਵਿਚ ਲੁਕਿਆ ਪਿਆ ਹੈ। ਕੀ ਧਰਮ, ਮੁਲਕ, ਕੌਮ ਇਹ ਸ਼ਬਦ ਮਨੁੱਖ ਤੋਂ ਵੀ ਉੱਪਰ ਹਨ? ਇਨਸਾਨ ਤੋਂ ਉੱਤਮ ਇੱਥੇ ਕੁਝ ਵੀ ਨਹੀਂ। ਜਿਸ ਇਨਸਾਨ ਨੇ ਰੱਬ ਦੀ ਸਿਰਜਨਾ ਕੀਤੀ, ਫੇਰ ਉਹ ਆਪਣੇ ਆਪੇ ਸਿਰਜੇ ਰੱਬ ਤੋਂ ਕਿਉਂ ਡਰਨ ਲੱਗਾ? ਆਪਣੇ ਕੀਤੇ ਗੁਨਾਹ ਕਿਸੇ ਦੂਸਰੇ ਦੀ ਮਰਜੀ ਕਹਿ ਕੇ ਮਨ ਨੂੰ ਕਿਉਂ ਰਾਜੀ ਰੱਖਣ ਲੱਗਾ? ਦਲੀਲ ਤੇ ਇਹ ਵਿਚਾਰ ਪੂਰਾ ਨਹੀ ਉਤਰਦਾ। ਇਸ ਨੂੰ ਤਰਕ ਨਾਲ ਰੱਦ ਕੀਤਾ ਜਾਣਾ ਚਾਹੀਦਾ ਹੈ। ਕਿਸੇ ਦੂਸਰੇ ਦੇ ਵਿਸ਼ਵਾਸ਼ ਜਾਂ ਅਵਿਸ਼ਵਾਸ਼ ਨੂੰ ਮੰਨਣਾ ਜਾਂ ਨਾ ਮੰਨਣਾ ਹਰ ਕਿਸੇ ਦੀ ਆਪਣੀ ਮਰਜੀ ਹੈ, ਪਰ ਕਿਸੇ ਵੀ ਹੋਰ ਨੂੰ ਅਪਮਾਨਤਾ ਕਰਨ ਦਾ ਹੱਕ ਕਿਸੇ ਵੀ ਦੂਜੇ ਨੂੰ ਨਹੀ। ਪਰ ਇੱਥੇ ਤਾਂ ਵਾਰ ਵਾਰ ਵਾਪਰਦਾ ਹੀ ਇਹੋ ਕੁੱਝ ਹੈ। ਆਖਰ ਕਿਉਂ? ਮਨੁੱਖ ਨੇ ਬੀਤੇ ਤੋਂ ਕੀ ਸਿੱਖਿਆ?
ਸਦੀਆਂ ਤੋਂ ਤੁਰਿਆ ਆਉਂਦਾ ਅਣਮਨੁੱਖੀ ਵਿਹਾਰ ਅਤੇ ਵਿਚਾਰ, ਜਿਸ ਨੂੰ ਆਮ ਕਰਕੇ ਭਾਰਤੀ ਨਸਲਵਾਦ (ਜਾਤ–ਪਾਤ ਦਾ ਪ੍ਰਬੰਧ ਅਣਮਨੁੱਖੀ ਤੇ ਗੈਰ ਹਰੀਕੀ ਹੈ) ਵੀ ਕਿਹਾ ਜਾਂਦਾ ਹੈ। ਇਸ ਨਵੀਂ ਸਦੀ ਵਿਚ ਐਹੋ ਜਹੇ ਘਟੀਆ ਵਿਚਾਰਾਂ ਨੂੰ ਨਕਾਰਨਾ/ਭੰਡਣਾਂ ਹੀ ਕਾਫੀ ਨਹੀਂ ਸਗੋਂ ਆਪਣੀ ਪੂਰੀ ਸ਼ਕਤੀ ਨਾਲ ਇਸ ਦੇ ਖਾਤਮੇ ਲਈ ਕੰਮ ਕਰਨਾ ਹਰ ਸੱਚੇ ਇਨਸਾਨ ਦਾ ਫਰਜ ਹੋਣਾ ਚਾਹੀਦਾ ਹੈ ਤਾਂ ਕਿ ‘ਮਹਾਨ’ ਕਹੇ ਜਾਂਦੇ ਭਾਰਤ ਦੇ ਮੱਥੇ ਤੋਂ ਨਸਲਵਾਦ ਦਾ ਦਾਗ ਧੋਤਾ ਜਾ ਸਕੇ। ਹਰ ਮਨੁੱਖ ਨੂੰ ਮਨੁੱਖ ਹੋਣ ਦਾ ਬਰਾਬਰ ਦਾ ਹੱਕ ਮਿਲੇ। ਹੁਣ ਕੀ ਲੋੜੀਂਦਾ ਹੈ? ਮਨੁੱਖੀ ਮਨ ਪਿਆਰ–ਮੁਹੱਬਤਾਂ ਦਾ ਮੁਜੱਸਮਾ ਬਣੇ। ਕਿਸੇ ਕਵੀ ਦੀ ਕਲਪਨਾ ਕਿ ‘ਹਰ ਇੱਕ ਬੰਦਾ ਸ਼ਾਹ ਦੁਨੀਆਂ ਦਾ, ਹਰ ਇੱਕ ਤੀਵੀਂ ਰਾਣੀ’ ਸੱਚ ਹੋਵੇ, ਸਾਕਾਰ ਹੋਵੇ। ਵੱਡਾ ਤੇ ਮਹੱਤਵਪੂਰਨ ਸੁਪਨਾ ਕਿ ਖਿਲਰਿਆ ਮਨੁੱਖ ਸੁੱਚਾ, ਸੁਚੱਜਾ, ਦੂਜੇ ਦਾ ਦੁੱਖ-ਪੀੜ ਜਰਨ ਵਾਲਾ ਸਮਾਜੀ ਜੀਵ ਬਣੇ। ਮਨੁੱਖੀ ਮਨ ਵਿੱਚ ਵੰਡੀਆਂ ਤੇ ਦੁਸ਼ਮਣੀਆਂ ਦਾ ਮੈਲ ਭਰਿਆ ਪਲਦਾ ਰੋਗ ਖ਼ਤਮ ਹੋਵੇ। ਆਉਣ ਵਾਲਾ ਸਮਾਂ ਹੋਰ ਵੀ ਤੇਜ ਰਫਤਾਰ ਵਾਲਾ ਹੋਵੇਗਾ। ਉਪਭੋਗਤਾਵਾਦੀ ਸਮਾਜੀ-ਸਿਆਸੀ ‘ਸੱਭਿਆਚਾਰਕ’ ਵਰਤਾਰਾ ਮਨੁੱਖੀ ਨਿਘਾਰ ਦਾ ਸੂਚਕ ਹੈ। ਮਨੁੱਖੀ ਸੂਝ ਨੂੰ ਲਾਹੇਵੰਦ ਕਾਰਜਾਂ ਵਾਸਤੇ ਵਰਤਣਾ, ਨਿੱਘਰਦੇ ਜਾ ਰਹੇ ਸਮਾਜ ਨੂੰ ਨਵੀਂ ਸੇਧ ਦੇਣ ਦਾ ਸਬੱਬ ਪੈਦਾ ਕਰ ਸਕਦਾ ਹੈ। ਨਵੀਂ ਸੋਚ, ਨਵੀਆਂ ਜੁਗਤਾਂ ਰਾਹੀਂ ਹੀ ਨਵੇਂ ਸਮਾਜ ਅਤੇ ਨਵੇਂ ਮਨੁੱਖ ਦੀ ਸਿਰਜਣਾ ਤੇ ਉਸਾਰੀ ਹੋ ਸਕਦੀ ਹੈ। ਇਹ ਸਦੀ ਦਾ ਸੱਚਾ ਸੰਦੇਸ਼ ਕਿ ਹੱਥੀਂ ਕਿਰਤ ਕਰਨ ਵਾਲਾ ਜਹਾਨ ਦਾ ਪਾਲਕ ਦੁੱਖ ਭਰੇ ਨਰਕੀ ਜੀਵਨ ਤੋਂ ਮੁਕਤ ਹੋਵੇ। ਇਹ ਸਦੀ ਸੱਚ ਦੇ ਨਾਂ ਹੋਵੇ, ਇਹ ਸਦੀ ਕਿਰਤ ਅਤੇ ਕਿਰਤੀ ਦੇ ਨਾਂ ਹੋਵੇ । ਇਹ ਸਦੀ ਸਾਡੀ ਹੋਵੇ। ਮਨੁੱਖ ਜਦੋਂ ਵੀ ਚਾਹੇ ਤਾਂ ਕਿਸੇ ਵੀ ਸਮਾਜੀ, ਸਿਆਸੀ ਵਿਚਾਰਧਾਰਾ ਦਾ ਅੰਗ ਬਣ ਸਕਦਾ ਹੈ, ਕਿਸੇ ਵੀ ਧਰਮ ਦਾ ਲੜ ਫੜ ਸਕਦਾ ਹੈ। ਪਰ, ਇਸ ਤੋਂ ਵੀ ਜ਼ਰੂਰੀ ਅੱਜ ਲੋੜਾਂ ਦੀ ਲੋੜ ਕਿ ਸਭ ਤੋਂ ਪਹਿਲਾਂ ਸੰਸਾਰ ਅਮਨ ਦਾ ਹੋਕਾ ਦਿੰਦਿਆ, ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਨਾਅਰਾ ਉੱਚਾ ਹੋਵੇ ਕਿ ਹੋਰ ਕੁਝ ਵੀ ਬਣਨ ਤੋਂ ਪਹਿਲਾ ਅਸੀਂ ਸੱਚੇ ਸੁੱਚੇ ਇਨਸਾਨ ਬਣੀਏਂ।
ਹਿੰਸਾ ਤੇ ਬੱਚੇ
ਜੱਗ ਤੇ ਆਏ ਹਰ ਪ੍ਰਾਣੀ ਨੂੰ ਜੀਊਣ ਦਾ ਹੱਕ ਹੈ, ਪਰ ਬਹੁਤ ਸਾਰੇ ਜੀਊਂਦੇ ਨਹੀਂ, ਸਿਰਫ ਦਿਨ-ਕਟੀ ਕਰਨ ਲਈ ਮਜਬੂਰ ਕਰ ਦਿੱਤੇ ਜਾਂਦੇ ਹਨ, ਉਨ੍ਹਾਂ ਵਿੱਚੋਂ ਬਹੁਤ ਵੱਡੀ ਗਿਣਤੀ ਬੱਚਿਆਂ ਦੀ ਹੈ। ਜਿਨ੍ਹਾਂ ਦੇ ਬਚਪਨ ਨੂੰ ਵਧਣ-ਫੁਲਣ ਦੇ ਮੌਕੇ ਹੀ ਨਹੀਂ ਦਿੱਤੇ ਜਾਂਦੇ, ਸਗੋਂ ਉਨ੍ਹਾਂ ਦੇ ਅਰਮਾਨ ਕੁਚਲ ਦਿੱਤੇ ਜਾਂਦੇ ਹਨ। ਉਨ੍ਹਾਂ ਦੀ ਸ਼ਖਸੀਅਤ ਦੇ ਵਿਕਾਸ ਵਾਲੇ ਰਾਹ ਵਿੱਚ ਕੰਡੇ ਖਿਲਾਰ ਦਿੱਤੇ ਜਾਂਦੇ ਹਨ। ਦੁਨੀਆਂ ਅੰਦਰ ਬੱਚਿਆਂ ਵੱਲੋ ਜੁਰਮਾਂ ਦੇ ਰਾਹੇ ਪੈਣ ਦਾ ਬਹੁਤ ਰੌਲ਼ਾ ਪੈਂਦਾ ਹੈ, ਪਰ ਅਜਿਹਾ ਕਿਉਂ ਹੁੰਦਾ ਹੈ? ਕੌਣ ਹੈ ਇਸ ਦਾ ਜੁੰਮੇਵਾਰ? ਹੱਲ ਕੀ ਹੋਵੇ? ਆਦਿ ਸਵਾਲਾਂ ਨੂੰ ਵਿਗਾੜਨ ਜਾਂ ਦਬਾਉਣ ਦਾ ਸੁਚੇਤ ਜਤਨ ਵੀ ਕੀਤਾ ਜਾਂਦਾ ਹੈ। ਲੋਕਾਂ ਨੂੰ ਬੁੱਧੂ ਬਨਾਉਣ ਵਾਸਤੇ ਤਿਕੜਮ ਵਾਲੀਆਂ, ਬੇਸ਼ਰਮੀ ਭਰੀਆਂ ਕੁਚਾਲਾਂ ਚੱਲੀਆਂ ਜਾਂਦੀਆਂ ਹਨ। ਸਿਆਣੇ ਤੇ ਬੁੱਧੀਮਾਨ ਅਖਵਾਉਣ ਵਾਲੇ ‘ਮਹਾਂਪੁਰਸ਼’ ਵੀ ਇਸ ਕੰਮ ਲਈ ਵਰਤੇ ਜਾਂਦੇ ਹਨ। ਮੀਡੀਏ ਅੰਦਰ ਕੰਮ ਕਰਦੇ ਬਹੁਤ ਸਾਰੇ ਪੜ੍ਹੇ-ਲਿਖੇ ਤੇ ਉੱਚੇ ਅਹੁਦਿਆਂ ’ਤੇ ਬੈਠੇ ਆਪਣੇ ਇਨਸਾਨੀ ਤੇ ਕਾਨੂੰਨੀ ਫਰਜ਼ ਭੁੱਲ ਕੇ ਚਗਲ਼ ਸਿਆਸਤਦਾਨਾਂ ਤੇ ਭਾੜਚੀ ਬਣ ਕੇ ਕੰਮ ਕਰਦੇ ਹਨ। ਉਨ੍ਹਾਂ ਦੀਆਂ ਭੁੱਖੀਆਂ ਨਜ਼ਰਾਂ (ਰੂਹਾਂ) ਸੱਚ ਨੂੰ ਲੱਤ ਮਾਰ ਕੇ ਟੁਕੜਬੋਚ ਬਣ ਬੈਠਦੀਆਂ ਹਨ। ਦੱਲਿਆਂ ਵਾਲੀ ਅਉਧ ਹੰਢਾਂਉਣ ਦੇ ਰਾਹੇ ਪੈ ਜਾਂਦੇ ਹਨ, ਇਹ ਜੀਊੜੇ। ਜੇ ਬਹੁਤ ਕੁਝ ਨਾ ਕਹਿਣਾ ਹੋਵੇ ਤਾਂ ਇਹ ਹੀ ਕਿਹਾ ਜਾ ਸਕਦਾ ਹੈ ਕਿ ਉਹ ਖੁਦ ਆਪਣੀ ਜ਼ਮੀਰ ਦਾ ਹੱਥੀਂ ਕਤਲ ਕਰਕੇ ਫੇਰ ਆਪਣੀ ਮਾਨਸਿਕਤਾ ਨਾਲ ਵਾਰ ਵਾਰ ‘ਬਲਾਤਕਾਰ’ ਕਰਦੇ ਹਨ ।
ਪਛੜੇ ਤੇ ਗਰੀਬ ਮੁਲਕਾਂ ਦੀ ਗੱਲ ਹੀ ਨਿਆਰੀ ਹੈ, ਬੱਚੇ ਰੱਬ ਦੀ ਦਾਤ ਵਜੋਂ ਆਈ ਜਾਂਦੇ ਹਨ ਜਾਂ ਫਿਰ ਬਹੁਤ ਸਾਰਿਆਂ ਨੇ ਅਣ-ਜੰਮਿਆਂ (ਖਾਸ ਕਰਕੇ ਲੜਕੀਆਂ) ਦੇ ਕਤਲਾਂ ਦਾ ਰਾਹ ਫੜਿਆ ਹੋਇਆ ਹੈ। ਸਰਕਾਰ ਦੇ ਮੋਹਰੀ ਅੱਖਾਂ ਮੀਟ ਕੇ ਇਸ ਪੱਖੋਂ ਘੇਸਲ ਮਾਰੀ ਬੈਠੇ ਰਹਿੰਦੇ ਹਨ। ਪੈਸੇ ਦੇ ਭੁੱਖੇ ਜਿਹੜੇ ਕਿਸੇ ਦੀ ਜਾਨ ਦੀ ਪ੍ਰਵਾਹ ਵੀ ਨਹੀਂ ਕਰਦੇ ਵੱਡੇ ਮੁਨਾਫੇ ਕਮਾ ਰਹੇ ਹਨ । ਧਾਰਮਕ ਆਗੂ ਲੋਕਾਂ ਦੀਆਂ ਅਸਲ ਸਮੱਸਿਆਵਾਂ ਤੋਂ ਪਾਸਾ ਵੱਟਦਿਆਂ ਰੱਬ ਦੇ ਨਾਂ ਦਾ ਚੂਸਾ ਲੋਕਾਂ ਦੇ ਹੱਥ ਫੜਾ ਕੇ ਉਨ੍ਹਾਂ ਦਾ ਦਿਲ ਪ੍ਰਚਾਇਆ ਚਾਹੁੰਦੇ ਹਨ। ਬਹੁ-ਗਿਣਤੀ ਗਰੀਬ ਲੋਕਾਂ ਨੂੰ ਪੇਟ ਭਰ ਕੇ ਰੋਟੀ ਦੇ ਸੰਸੇ ਲੱਗੇ ਰਹਿੰਦੇ ਹਨ ਇਸ ਕਰਕੇ ਬੱਚਿਆਂ ਨੂੰ ਖੇਡਣ–ਮੱਲ੍ਹਣ ਦੀ ਉਮਰੇ ਹੀ ਘਰ ਦੇ ਜੀਆਂ ਵਾਸਤੇ ਰੋਟੀ-ਟੁੱਕ ਇੱਕਠਾ ਕਰਨ ਦੇ ਰਾਹੇ ਪਾ ਦਿੰਦੇ ਹਨ। ਕੋਈ ਬੂਟ ਪਾਲਿਸ਼ ਕਰੇ, ਕੋਈ ਹੋਟਲਾਂ-ਢਾਬਿਆਂ ’ਤੇ ਝੂਠੇ ਭਾਂਡੇ ਮਾਂਜੇ, ਕੋਈ ਕਿਸੇ ਨਾਲ ਸੀਰੀ/ਸਾਂਝੀ ਰਲਕੇ ਉਸ ਦੇ ਡੰਗਰ-ਪਸ਼ੂ ਚਾਰੇ, ਕੋਲੇ ਦੀਆਂ ਖਾਣਾਂ ਵਿੱਚੋਂ ਹੱਥੀਂ ਰੇਹੜੀ ਰੋੜ੍ਹ ਕੇ ਕੋਲਾ ਬਾਹਰ ਕੱਢੇ, ਇੱਟਾਂ ਦੇ ਭੱਠਿਆਂ ਤੇ ਪਥੇਰ ਦਾ ਕੰਮ ਕਰੇ, ਜਾਂ ਥੋੜਾ ਜਿਹਾ ਵੱਡਾ ਹੋਵੇ ਰਿਕਸ਼ਾ ਚਲਾਵੇ, ਪੱਲੇਦਾਰੀ ਕਰੇ ਜਾਂ ਹੋਰ ਕਿਸੇ ਅਜਿਹੇ ਧੰਦੇ ਦੇ ਭਾਰ ਹੇਠ ਆਇਆ ਹੋਵੇ। ਅਜਿਹੇ ਹੋਰ ਵੀ ਬਹੁਤ ਸਾਰੇ ਧੰਦੇ ਗਿਣਵਾਏ ਜਾ ਸਕਦੇ ਹਨ, ਜੋ ਸਿਹਤ ਲਈ ਅੱਤ ਦੇ ਹਾਨੀਕਾਰਕ ਹਨ। ਟੈਕਸਟਾਈਲ ਦੇ ਖੇਤਰ ਵਿੱਚ ਕਤਾਈ ਮਿੱਲਾਂ, ਧਾਗਾ ਰੰਗਣ, ਜੂਟ ਜਾਂ ਰਬੜ ਆਦਿ ਦੀਆਂ ਫੈਕਟਰੀਆਂ, ਲੋਹੇ ਦਾ ਤੇ ਲਕੜ ਦਾ ਬੂਰਾ ਆਦਿ ਵਾਲੇ ਥਾਵੀਂ ਕੰਮ ਕਰਨ ਵਾਲੇ ਬੱਚੇ ਟੀ. ਬੀ ਅਤੇ ਕੈਂਸਰ ਦੇ ਮਰੀਜ਼ ਹੋ ਜਾਂਦੇ ਹਨ ਜਾਂ ਫੇਰ ਹੋ ਜਾਣ ਦਾ ਡਰ ਬਣਿਆ ਰਹਿੰਦਾ ਹੈ। ਤਣਾਉ (ਸਟਰੈਸ), ਡਰ ਹੇਠ ਜੀਊਣਾ ਉਂਜ ਵੀ ਬੀਮਾਰੀ ਤੋ ਘੱਟ ਨਹੀਂ ਹੁੰਦਾ। ਮਨੁੱਖ ਦੇ ਅੰਦਰਲੇ ਤਣਾਉ ਨੂੰ ਬਹੁਤ ਸਾਰੀਆਂ ਬੀਮਾਰੀਆਂ ਦੇ ਲੱਗ ਜਾਣ ਦਾ ਕਾਰਨ ਗਿਣਿਆ ਜਾਂਦਾ ਹੈ। ਧਾਗਾ ਆਦਿ ਰੰਗਣ ਵਾਸਤੇ ਵਰਤੇ ਜਾਂਦੇ ਘਟੀਆਂ ਰੰਗਾਂ ਵਿੱਚੋ ਅਜਿਹੇ ਖਤਰਨਾਕ ਤੱਤ ਮਿਲਣ ਬਾਰੇ ਸੁਣਿਆ ਜਾਂਦਾ ਹੈ, ਜਿਸ ਨਾਲ ਕੈਂਸਰ ਆਦਿ ਹੋ ਜਾਣ ਦਾ ਡਰ ਹੁੰਦਾ ਹੈ। ਕੀ ਇਹ ਬੱਚਿਆਂ ’ਤੇ ਹਿੰਸਾ ਨਹੀਂ ? ਜਾਂ ਫੇਰ ਅੱਖਾਂ ਵਾਲੇ ਅੰਨ੍ਹੇ, ਪੜ੍ਹੇ ਲਿਖੇ ‘ਸਿਆਣੇ’, ਬੁੱਧੀਜੀਵੀ ਅਤੇ ਹਰਾਮੀ ਮਾਨਸਿਕਤਾ ਰੱਖਣ/ਹੰਢਾਉਣ ਵਾਲੇ ਸਿਆਸੀ ਲੀਡਰ ਇਸ ਨੂੰ ਕੀ ਨਾਂ ਦੇਣਗੇ?
ਜਦੋਂ ਗੱਲ ਜੁਰਮਾਂ ਦੀ ਤੁਰਦੀ ਹੈ ਤਾਂ ਇਹ ਨਹੀਂ ਭੁੱਲਣਾ ਚਾਹੀਦਾ ਕਿ ਦੁਨੀਆਂ ਦੇ ਪੱਧਰ ਤੇ ਅੱਜ ਮਾਫੀਆਂ ਹਰ ਥਾਵੇਂ ਮੋਹਰੀ ਹੈ (ਸਮੇਤ ਸਿਆਸਤ ਦੇ) ਫੇਰ ਤਾਂ ਉਹ ਹੀ ਹੋਊ ਜੋ ਉਹ ਚਾਹੁਣਗੇ। ਪੱਛਮੀ ਸਮਾਜ ਦੇ ਸੱਭਿਆ ਹੋਣ ਦੀਆਂ ਡੀਗਾਂ ਮਾਰਨ ਵਾਲਿਆਂ ਨੂੰ ਇਸ ਗੱਲ ਦਾ ਜਵਾਬ ਦੇਹ ਹੋਣਾ ਪੈਂਦਾ ਹੈ, ਦੇਹ ਵਪਾਰ (ਪੋਰਨੋਗਰਾਫੀ) ਦੇ ਧੰਦੇ ਵਿੱਚ ਬੱਚਿਆਂ ਦੁਆਰਾ ਬੇਥਾਹ ਡਾਲਰਾਂ ਦੀ ਕਮਾਈ, ਕੀ ਹਿੰਸਾ ਨਹੀਂ ਹੈ? ਕਿੱਡੀ ਵੱਡੀ ਗਿਣਤੀ ਹੈ ਉਨ੍ਹਾਂ ਪੱਛਮੀ ਲੋਕਾਂ ਦੀ ਜੋ ਜਿਨਸੀ ਭੁੱਖ ਤ੍ਰਿਪਤ ਕਰਨ ਲਈ ਥਾਈਲੈਂਡ, ਹਾਂਗਕਾਂਗ, ਫਿਲਪਾਈਨਜ਼ ਤੇ ਇੱਥੋਂ ਤੱਕ ਕਿ ਚੀਨ ਵੱਲ ਦੀ ‘ਸੈਰ’ ਕਰਨ ਨਿਕਲਦੇ ਹਨ। ਇਹ ਬੀਮਾਰ ਪਰ ਹਰਾਮੀ ਸੋਚ ਵਾਲੇ ਇੰਨੇ ਨਿਘਰੇ ਹੋਏ ਹਨ ਕਿ ਆਪਣੇ ਨਾਲ ‘ਸੌਣ’ ਵਾਸਤੇ ਘੱਟ ਤੋ ਘੱਟ ਉਮਰ ਦੇ ਬੱਚਿਆਂ ਦੀ ਮੰਗ ਕਰਦੇ ਹਨ। ਦੱਲਿਆਂ ਦੇ ਗਰੋਹ (ਸਰਪ੍ਰਸਤੀ ਇੱਥੇ ਵੀ ਮਾਫੀਏ ਦੀ ਹੈ, ਮਾਫੀਏ ਦੇ ਸਿਰ ’ਤੇ ਹੱਥ ਆਮ ਕਰਕੇ ਹਕੂਮਤੀ ਸਿਆਸਤਦਾਨਾਂ ਦਾ ਹੀ ਹੁੰਦਾ ਹੈ) ਇੰਟਰਨੈਟ ਤੱਕ ਨੂੰ ਇਸ ਵਾਸਤੇ ਵਰਤ ਰਹੇ ਹਨ। ਉਹ ਆਪਣੇ ਮੁਲਕ ਬੈਠੇ ਹੀ ਇਨ੍ਹਾਂ ਹਰਾਮੀਆਂ ਨਾਲ ਹਮਬਿਸਤਰ ਹੋਣ ਵਾਲੇ ਬੱਚੇ ਦੀ ਚੋਣ ਤੇ ਸੌਦਾ ਤੈਅ ਕਰਦੇ ਹਨ। ਇਨ੍ਹਾਂ ‘ਅੰਕਲ’ ਕਹਾਉਣ ਵਾਲੇ ਹਰਾਮੀ/ਬਦਮਾਸ਼ਾਂ ਵਲੋਂ ਬੱਚਿਆਂ ਨੂੰ ਸਰੀਰਕ ਪੱਖੋਂ ਰੱਜ ਕੇ ਕੋਹਿਆ ਜਾਂਦਾ ਹੈ। ਮਾਨਸਿਕ ਪੱਖੋਂ ਗਲੀਆਂ ਤੇ ਕੱਖਾਂ ਤੋ ਵੀ ਹੌਲ਼ਾ ਕਰ ਦਿੱਤਾ ਜਾਂਦਾ ਹੈ ਉਨ੍ਹਾਂ ਦੇ ਬਚਪਨ ਨੂੰ।
ਸਾਇੰਸ ਦੀਆਂ ਮਨੁੱਖ ਦੀ ਭਲਾਈ ਵਾਸਤੇ ਕੱਢੀਆਂ ਕਾਢਾਂ ਅੱਜ ਬਦਮਾਸ਼ਾ ਦੀ ਮਾਰ ਹੇਠੋਂ ਬਚੀਆ ਹੋਈਆਂ ਨਹੀਂ ਸਗੋ ਖੱਜਲ ਖੁਆਰ ਹੋ ਰਹੀਆਂ ਹਨ। ਪੈਸੇ ਦੀ ਹਵਸ ਵਿੱਚ ਗੁੰਮਿਆਂ ਗੁਆਚਿਆ ਮਨੁੱਖ ਆਪਣੇ ਤੇ ਆਪਣੇ ਬੱਚਿਆਂ ਦੇ ਭਵਿੱਖ ਤੋਂ ਬਹੁਤ ਹੀ ਬੇਖਬਰ ਹੈ । ਸਵਾਲ ਇਹ ਹੈ ਕਿ ਬੱਚਿਆਂ ਨੂੰ ਸੇਧ ਕਿਵਂੇ ਦਿੱਤੀ ਜਾਵੇ? ਅਨਹੋਣੀਆਂ ਤੋਂ ਕਿਵੇਂ ਬਚਿਆ/ਬਚਾਇਆ ਜਾਵੇ? ਸਰਕਾਰਾਂ ਵਿਚ ਬੈਠੇ ਲੋਕ ਆਪਣੇ ਆਪ ਨੂੰ ਅਤੇ ਆਪਣੇ ਫਰਜ਼ਾਂ ਨੂੰ ਪਹਿਚਾਨਣ। ਅੰਤਰਰਾਸ਼ਟਰੀ ਪੱਧਰ ਤੇ ਬੱਚਿਆਂ ਦੇ ਭਲੇ ਵਾਸਤੇ ਕੰਮ ਕਰਦੀਆਂ ਜੱਥੇਬੰਦੀਆਂ ਸਰਕਾਰਾਂ ਨੂੰ ਬੱਚਿਆ ਦੇ ਭਲੇ ਵਾਸਤੇ ਅਤੇ ਬੱਚਿਆਂ ਦੀ ਸੁਰੱਖਿਆ ਦੇ ਸਾਰੇ ਸਾਧਨ ਵਰਤਣ ਲਈ ਮਜਬੂਰ ਕਰਨ । ਸਿਆਣੇ ਲੋਕਾਂ ਦੀ ਅਗਵਾਈ ਸਮਾਜ ਨੂੰ ਸਿਹਤਮੰਦ ਭਵਿੱਖ ਦੇ ਸਕਦੀ ਹੈ। ਵਿੱਦਿਅਕ ਢਾਂਚੇ ਨੂੰ ਸੋਧਣਾ ਅਤੇ ਆਮ ਲੋਕਾਂ ਦੀ ਪਹੁੰਚ ਵਿਦਿਆ ਤੱਕ ਸੌਖੀ ਕਰਨੀ
ਲੋੜਾਂ ਦੀ ਲੋੜ। ਲੋਕਾਂ ਨੂੰ ਸਿਆਸਤ ਵਲੋਂ ਉਦਾਸੀਨਤਾ ਛੱਡ ਕੇ ਇਸ ਵਿੱਚ ਸਰਗਰਮ ਸ਼ਮੂਲੀਅਤ ਦੇ ਜਤਨ ਕਰਨੇ ਚਾਹੀਦੇ ਹਨ। ਜਿਸ ਰਾਹੀਂ ਆਉਣ ਵਾਲਾ ਕੱਲ੍ਹ ਭਾਵ ਅੱਜ ਦੇ ਬੱਚੇ ਖੁਸ਼ਗਵਾਰ ਮਹੌਲ ਵਿੱਚੋ ਲੰਘ ਕੇ ਆਪਣੇ ਤੇ ਸਮਾਜ ਉੱਤੇ ਮਾਣ ਕਰਨ ਦੇ ਯੋਗ ਹੋ ਸਕਣ ।
ਕੁੱਝ ਸਾਲ ਹੋਏ ਬੱਚਿਆਂ ਦੇ ਦਿਹਾੜੇ ਤੋਂ ਕੁਝ ਦਿਨ ਪਹਿਲਾਂ ਪੰਜਾਬ ਦੀ ਉਸ ਵੇਲੇ ਦੀ ਸਰਕਾਰ ਵਲੋਂ ਸਿਆਣੇ, ਬੁੱਧੀਮਾਨਾਂ ਅਤੇ ਅਕਲ ਵਾਲੇ ਲੋਕਾਂ, ਵਿਦਵਾਨਾਂ ਵਲੋਂ ਦਲੀਲ ਨਾਲ ਵਰਜਣ ਦੇ ਬਾਵਜੂਦ ਪੰਜਾਬ ਦੇ ਬੱਚਿਆਂ ਉੱਤੇ ਉਨ੍ਹਾਂ ਦੀ ਮਾਂ ਬੋਲੀ ਵੱਲੋ ਮੋਹ ਤੋੜਨ ਵਾਸਤੇ ਅੰਗਰੇਜੀ ਲਾਗੂ ਕਰਕੇ ਹਿੰਸਾ ਭਰਪੂਰ ਹਮਲਾ ਕੀਤਾ ਗਿਆ ਸੀ। ਆਪਣੇ ਹੀ ਆਉਣ ਵਾਲੇ ਕੱਲ੍ਹ ਨੂੰ ਕਲੰਕਿਤ ਕਰਨ ਦਾ ਸਭ ਤੋਂ ਵੱਡਾ ਜਤਨ ਸੀ ਇਹ। ਆਪਣੀ ਹੀ ਮਾਂ/ਮਾਂ ਬੋਲੀ ਨਾਲ ਧਰੋਹ ਕਮਾਉਣ ਵਾਲੀ ਅਕ੍ਰਿਤਘਣਤਾ। ਜਿਸ ਦੇ ਸਿੱਟੇ ਹੁਣ ਦੇਖਣ ਨੂੰ ਮਿਲ ਰਹੇ ਹਨ, ਪ੍ਰਾਇਮਰੀ ਸਕੂਲਾਂ ਵਿਚ ਅੰਗਰੇਜ਼ੀ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਖੁਦ ਅੰਗਰੇਜ਼ੀ ਨਹੀਂ ਆਉਂਦੀ ਨਾ ਹੀ ਉਨ੍ਹਾਂ ਨੂੰ ਅੰਗਰੇਜ਼ੀ ਪੜ੍ਹਾਉਣ ਦਾ ਗਿਆਨ ਹੈ, ਫੇਰ ਉਹ ਕਿਹੜੇ ‘ਚੰਦ’ ਚਾੜ੍ਹਨਗੇ? ਇਹ ਕਿਸੇ ਵਿਆਖਿਆ ਦੇ ਮੁਥਾਜ ਨਹੀਂ। ਬੱਚਿਆਂ ਨੂੰ ਨਾ ਅੰਗਰੇਜ਼ੀ ਆਉਂਦੀ ਹੈ ਨਾ ਪੰਜਾਬੀ। ਇਸਦਾ ਜੰਮੇਵਾਰ ਕੌਣ ਹੈ? ਉਹ ਲੋਕ ਜਿਨ੍ਹਾਂ ਨੇ ਪੰਜਾਬੀ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਵਾਲਾ ਅਕਲ ਵਿਹੂਣਾ ਫੈਸਲਾ ਕੀਤਾ ਸੀ। ਅੰਗਰੇਜ਼ੀ ਪੜ੍ਹੀ ਜਾਣੀ ਚਾਹੀਦੀ ਹੈ, ਦੁਨੀਆਂ ਦੀਆਂ ਹੋਰ ਜ਼ੁਬਾਨਾ ਵੀ ਪੜ੍ਹੀਆਂ ਜਾਣੀਆਂ ਚਾਹੀਦੀਆਂ ਹਨ, ਪਰ ਪਹਿਲੀ ਤੋਂ ਕਿਉਂ? ਪਹਿਲਾਂ ਪੰਜਾਬ ਦੇ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਬੋਲੀ ਦੇ ਆਸਰੇ ਆਪਣੀ ਪਹਿਚਾਣ ਤਾਂ ਹੋ ਲੈਣ ਦਿਉ। ਜਿਸ ਦੇ ਕੋਲ ਆਪਣਾ ਕੁਝ ਨਾ ਹੋਵੇ, ਉਹ ਬੇਗਾਨਾ ਹੋ ਜਾਂਦਾਂ ਹੈ, ਪੰਜਾਬ ਦੇ ਆਉਣ ਵਾਲੇ ਕੱਲ ਨੂੰ ਆਪਣੇ ਤੋਂ ਬੇਗਾਨਾ ਕਰਨਾ ਹਿੰਸਾ ਨਹੀਂ ਤਾਂ ਹੋਰ ਕੀ ਹੈ?
ਬੱਚਿਆਂ ਦੇ ਦਿਹਾੜੇ ਮਨਾੳਣ ਦਾ ਮਕਸਦ ਲੋਕਾਂ ਦੇ ਮਨਾਂ ਤੱਕ ਜਾਵੇ, ਇਸ ਕਾਰਜ ਲਈ ਸਿਆਣੇ ਲੋਕਾਂ ਨੂੰ ਜਾਗਣ ਦੀ ਲੋੜ ਹੈ। ਬੱਚਿਆਂ ਨੂੰ ਉਨ੍ਹਾਂ ਦਾ ਸੁਰੱਖਿਅਤ, ਮਕਸਦ ਭਰਪੂਰ ਭਵਿੱਖ ਦੇਣਾ ਸਿਰਫ ਸਰਕਾਰਾਂ ਦੀ ਹੀ ਨਹੀਂ ਸਗੋਂ ਸਮੁੱਚੇ ਸਮਾਜ ਦੀ ਜੁੰਮੇਵਾਰੀ ਹੈ। ਬੱਚਿਆਂ ਨੂੰ ਹਿੰਸਾ ਰਾਹੀਂ ਹਿੰਸਾ ਵੱਲ ਤੋਰਨ ਦੀਆਂ ਕੋਸਿ਼ਸ਼ਾਂ ਬੰਦ ਹੋਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਹੀ ਅਮਨ ਭਰੇ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੈ।
****
ਸ਼ਬਦ ਦੀ ਦਾਤ
ਆਪਣੀਆਂ ਗੈਰ-ਹਕੀਕੀ ਖਾਹਿਸ਼ਾਂ ਨੂੰ ਹਰ ਹੀਲੇ ਪੂਰਿਆਂ ਕਰਨ ਵਾਲੀ ਜਿ਼ਦ ਕਰਨ ਦੀ ਹਓਮੈ ਇਕ ਅਜਿਹਾ ਰੋਗ ਹੈ ਕਿ ਇਹ ਜਿਸਨੂੰ ਵੀ ਚਿੰਬੜ ਜਾਵੇ ਉਹ ਇਨਸਾਨ ਦੇ ਜਾਮੇ ਵਿਚ ਵਿਚਰਦਿਆਂ ਹੋਇਆਂ ਵੀ ਕੁੱਝ ਓਪਰਾ ਜਿਹਾ ਲਗਦਾ ਹੈ। ਉਸ ਦੇ ਅੰਦਰ ਗੈਰ-ਜ਼ਰੂਰੀ, ਗੈਰ-ਕੁਦਰਤੀ ਅਤੇ ਅਣਮਨੁੱਖੀ ਅਲਾਮਤਾਂ ਪਲਦੀਆਂ ਹਨ। ਜਿਨ੍ਹਾਂ ਦੀ ਪੂਰਤੀ ਹੀ ਉਸ ਦੇ ਕਰਮ ਦਾ ਕੇਂਦਰ-ਬਿੰਦੂ ਬਣ ਜਾਂਦਾ ਹੈ, ਜੋ ਸਦਾ ਹੀ ਨਿਆਂ ਅਧਾਰਤ ਨਹੀਂ ਹੁੰਦਾ। ਅਸੀਂ ਆਮ ਕਰਕੇ ਬਹਾਨਿਆਂ ਰਾਹੀਂ ਕਿਸੇ ਢੁੱਕਵੇਂ ਮੌਕੇ ਕਿਸੇ ਦੂਸਰੇ ਨੂੰ ਕੁੱਝ ਦੇਣ ਦਾ ਜਤਨ ਕਰਦੇ ਹਾਂ। ਬਹੁਤ ਵਾਰ ਇਹ ਸਮਾਜੀ ਰਹੁ-ਰੀਤਾਂ ਦੇ ਅਸਰ ਵਾਲੇ ਦਬਾਅ ਹੇਠ ਹੀ ਕੀਤਾ ਜਾਂਦਾ ਹੈ। ਪਰ ਖੁੱਲੇ ਮਨ/ਦਿਲ ਨਾਲ ਕੀਤਾ ਗਿਆ ਇਹ ਹੀ ਕਾਰਜ ਜਿੱਥੇ ਉਸ ਵਿਅਕਤੀ ਪ੍ਰਤੀ ਚੰਗੀ ਭਾਵਨਾ ਦਾ ਪ੍ਰਤੀਕ ਬਣਦਾ ਹੈ। ਇਸ ਦੇ ਨਾਲ ਹੀ ਉਹ ਦੁਨੀਆਂ ਨੂੰ ਦੇਖਣ, ਪਰਖਣ ਦੀ ਨਵੀਂ ਸ਼ੁਰੂਆਤ ਕਰਦਾ ਹੈ ਅਤੇ ਸ਼ਬਦਾਂ ਦੇ ਆਸਰੇ ਮਨੁੱਖ ਦੇ ਅੰਦਰਲੀ ਸੰਵੇਦਨਸ਼ੀਲਤਾ ਗੂੜ੍ਹ-ਗਿਆਨ ਦੀ ਪ੍ਰਾਪਤੀ ਦੇ ਰਾਹੇ ਪੈਂਦੀ ਹੈ। ਇਤਿਹਾਸ ਵਿਚ ਦੇਖਦੇ ਹਾਂ ਕਿ ਬੋਲੀਆਂ ਦਾ ਭਾਸ਼ਾਵਾਂ ਬਣਨ ਤੱਕ ਦਾ ਸਫਰ ਬਹੁਤ ਲੰਬਾ ਹੈ-ਸਦੀਆਂ ਲੰਬਾਂ। ਕਦੇ ਪੱਤਲ਼ਾਂ ਤੇ ਲਿਖੀਆਂ ਜਾਂਦੀਆਂ ਲਿਖਤਾਂ ਅੱਜ ਕਿੱਥੇ ਪਹੁੰਚ ਚੁੱਕੀਆਂ ਹਨ, ਦੇਖ ਕੇ ਅਚੰਭਾ ਹੁੰਦਾ ਹੈ। ਸ਼ਬਦ ਦਾ ਪ੍ਰਚਾਰ-ਪਰਸਾਰ ਸਿੱਧਾ ਨਹੀਂ ਹੋਇਆ। ਕਾਫੀ ਦੇਰ ਪਹਿਲਾਂ ਈਸਾਈ ਮਿਸ਼ਨਰੀਆਂ ਨੇ ਆਪਣੇ ਅਕੀਦੇ ਦੇ ਪ੍ਰਚਾਰ ਹਿਤ ਸ਼ਬਦ ਦਾ ਆਸਰਾ ਲਿਆ ਅਤੇ ਆਪਣੇ ਵਿਚਾਰਾਂ ਨੂੰ ਧਾਰਮਕ ਸਥਾਨਾਂ ਤੋਂ
ਬਾਹਰ ਨਿਕਲ ਕੇ ਛਾਪੇਖਾਨੇ ਦੀ ਮੱਦਦ ਨਾਲ ਲੋਕਾਂ ਤੱਕ ਪਹੁੰਚਾਉਣ ਦਾ ਜਤਨ ਅਰੰਭਿਆ। ਇਸ ਤੋਂ ਬਾਅਦ ਹੋਰ ਛੋਟੀਆਂ-ਵੱਡੀਆਂ ਧਾਰਮਕ, ਸਮਾਜੀ ਤੇ ਸਿਆਸੀ ਲਹਿਰਾਂ ਨੇ ਵੀ ਇਸ ਰਾਹੇ ਤੁਰਨ ਦੀ ਕੋਸਿ਼ਸ਼ ਕੀਤੀ, ਇਸ ਰਾਹੀਂ ਉਹ ਆਪਣੇ ਮਕਸਦ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਕਾਫੀ ਹੱਦ ਤੱਕ ਕਾਮਯਾਬ ਹੋਏ। ਇਸ ਨਾਲ ਲੋਕਾਂ ਅੰਦਰ ਹੋਰ ਜਾਨਣ ਦੀ ਖਿੱਚ ਵਧੀ ਸਿੱਟੇ ਵਜੋਂ ਛਾਪੇਖਾਨੇ ਦਾ ਵੀ ਵਿਕਾਸ ਹੋਇਆ। ਮਗਰੋਂ ਨਵੀਂ ਤਕਨੀਕ ਨੇ ਇਸ ਖੇਤਰ ਵਿਚ ਨਵੀਆਂ ਪ੍ਰਾਪਤੀਆਂ ਦੇ ਦਰ ਖੋਲ੍ਹੇ। ਇੰਨਾ ਕੁੱਝ ਚੰਗਾ ਹੋਣ ਦੇ ਬਾਵਜੂਦ ਗੱਲ ਤਾਂ ਫੇਰ ਝਾੜੀਆਂ ਵਿਚ ਫਸਕੇ ਰਹਿ ਜਾਂਦੀ ਹੈ। ਜਦੋਂ ਦੇਖਦੇ ਹਾਂ ਕਿ ਅੱਜ ਦੀਆਂ ਧਾਰਮਕ, ਸਮਾਜਕ ਲਹਿਰਾਂ ਸ਼ਬਦ ਦਾਤ ਦੀ ਮਹੱਤਤਾ ਤੋਂ ਨਾ ਮੁਨਕਰ ਹੁੰਦੇ ਹੋਏ ਵੀ ਪ੍ਰਚਾਰ ਕਰਦੇ ਹੋਇਆਂ ਵੀ ਇਸ ਦੇ ਅਸਲ ਮਕਸਦ ਤੋਂ ਆਮ ਕਰਕੇ ਸੱਖਣੇ ਜਾਪਦੇ ਹਨ ਜਾਂ ਆਪਣੇ ਮੁੱਖ ਮਕਸਦ ਤੋਂ ਬਾਹਰਲੀਆਂ ਗਰਜ਼ਾਂ ਦੇ ਮਾਰੇ ਇਸ ਤੋਂ ਕੰਨੀਂ ਕਤਰਾਉਂਦੇ ਹਨ , ਭਾਵ ਬਿੱਲੀ ਦੇਖਕੇ ਚੂਹਾ ਅੱਖਾਂ ਮੀਟ ਰਿਹਾ ਹੈ। ਸਰਕਾਰਾਂ ਵਲੋਂ ਤਾਂ ਅਜਿਹੇ ਮਿਸ਼ਨਾਂ ਦੀ ਭੰਨ-ਤੋੜ ਸਮਝ ਪੈਂਦੀ ਹੈ। ਜਦੋਂ ਉਹ ਲੋਕਾਂ ਅੰਦਰ ਨਵੀਂ ਸੂਝ ਪੈਦਾ ਕਰਨ ਦੇ ਦਮਗਜ਼ੇ ਮਾਰਦੇ ਹਨ। ਉਸ ਝੂਠੇ ਪ੍ਰਚਾਰ ਦੇ ਆਸਰੇ ਲਾਮਬੰਦ ਕੀਤੀ ਥੋੜੀ-ਬਹੁਤੀ ਲੋਕ ਰਾਇ ਨੂੰ ਆਪਣੀਆਂ ਫੌੜ੍ਹੀਆਂ ਬਨਾਉਣਾ ਚਾਹੁੰਦੇ ਹਨ, ਕਿਉਂਕਿ ਸਿਆਸਤ ਨੇ ਜ਼ਮਾਨੇ ਦੇ ਰੰਗਾਂ ਅਤੇ ਢੰਗਾਂ ਨੂੰ ਆਪਣੀ ਧੌਂਸ ਹੇਠ ਰੱਖਣ ਦੇ ‘ਅਧਿਕਾਰ’ ਰਾਖਵੇਂ ਰੱਖੇ ਹੋਏ ਹਨ, ਅਤੇ ਸ਼ੈਤਾਨ ਬਿਰਤੀ ਹਰ ਹੀਲੇ ਉਹਦੇ ’ਤੇ ਆਪਣਾ ਕਬਜ਼ਾ ਜਾਰੀ ਰੱਖਣਾ ਚਾਹੁੰਦੀ ਹੈ। ਅਫਸੋਸ ਕਿ ਅਜੇ ਤੱਕ ਸਮਾਜ ਅੰਦਰ ਉਨ੍ਹਾਂ ਦੀ ਇਸ ‘ਕਾਮਯਾਬੀ’ ਨੂੰ ਮਾਨਤਾ ਪ੍ਰਾਪਤ ਹੈ। ਈਸਾਈ ਪ੍ਰਚਾਰਕਾਂ ਸਮੇਤ ਹੋਰ ਵੀ ਬਹੁਤ ਸਾਰੇ ਲੋਕ ਸ਼ਬਦ ਦਾ ਆਸਰਾ ਲੈਂਦੇ ਹਨ। ਉਹ ਆਪਣੇ ਹੱਕ ਵਿਚ ਪ੍ਰਚਾਰ ਕਰਨ ਵਾਸਤੇ ਆਪਣੇ ਖਜ਼ਾਨੇ ਵਿਚੋਂ (ਜੋ ਉਨ੍ਹਾਂ ਦੇ ਸ਼ਰਧਾਲੂਆਂ ਵਲੋਂ ਹੀ ਭਰਿਆ ਹੁੰਦਾ ਹੈ) ਖੁੱਲ੍ਹੇ ਦਿਲ ਨਾਲ ਧਨ ਖਰਚ ਕੇ ਕਿਤਾਬਾਂ/ਕਿਤਾਬਚੇ ਛਾਪਕੇ ਵੰਡਦੇ/ਵੇਚਦੇ ਹਨ। ਇਹਦੇ ਵਿਚੋਂ ਬਹੁਤ ਸਾਰੀ ਸਮਗਰੀ ਵਹਿਮਾਂ ਭਰੀਆਂ ਸਾਖੀਆਂ ਰਾਹੀਂ ਧੁੰਦ ਖਿਲਾਰਨ ਦਾ ਕਾਰਨ ਵੀ ਬਣਦੀ ਹੈ। ਇਸ ਲਈ ਉਹ ‘ਪ੍ਰਚਾਰਕ’ ਖੁਦ ਲੋਕਾਂ ਦੇ ਘਰਾਂ ਤੱਕ ਵੀ ਪਹੁੰਚ ਕਰਦੇ ਹਨ। ਕਾਫੀ ਗਿਣਤੀ ਵਿਚ ਵੱਡੀਆਂ ਵੱਡੀਆਂ ਕਿਤਾਬਾਂ ਮੁਫਤ ਜਾਂ ਨਿਗੂਣੀ ਜਹੀ ਕੀਮਤ ਬਦਲੇ ਦਿੰਦੇ ਹਨ। ਇਹ ਵੀ ਕੋਸਿ਼ਸ਼ ਕਰਦੇ ਹਨ ਕਿ ਵੱਧ ਤੋਂ ਵੱਧ ਜ਼ੁਬਾਨਾਂ ਰਾਹੀਂ ਉਨ੍ਹਾਂ ਦਾ ਪ੍ਰਚਾਰ ਬਹੁਤੇ ਲੋਕਾਂ ਤੱਕ ਪਹੁੰਚੇ। ਇਹਦੇ ਪਿੱਛੇ ਲੋਭ ਤਾਂ ਉਨ੍ਹਾਂ ਦਾ ਆਪਣਾ ਹੀ ਹੁੰਦਾ ਹੈ ਪਰ ਇਹ ਸਾਰਾ ਕੁੱਝ ਸ਼ਬਦ ਦੀ ਦਾਤ ਦੇ ਆਸਰੇ ਹੀ ਕੀਤਾ ਜਾਂਦਾ ਹੈ। ਸਾਡੇ ਭਲਾਂ ਇਸ ਦੇ ਉਲਟ ਕਿਉਂ ਹੁੰਦਾ ਹੈ। ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ( ਹਾਲ ਹੋਰ ਧਰਮਾਂ ਅਤੇ ਉਨ੍ਹਾਂ ਉੱਤੇ ਕਾਬਜ਼ “ਕਮੇਟੀਆਂ” ਦਾ ਵੀ ਇਹੋ-ਜਿਹਾ ਹੀ ਹੈ) ਇਸਦਾ ਸਾਲਾਨਾ ਬੱਜਟ ਵੀ ਕਾਫੀ ਵੱਡਾ ਸੁਣੀਂਦਾ ਹੈ। ਕਰੋੜਾਂ (?) ਰੁਪਏ ਇਸਦੀ ਚੋਣ ’ਤੇ ਖਰਚ ਕੀਤੇ ਜਾਂਦੇ ਸੁਣੀਂਦੇ ਹਨ। ਪਰ ਕਦੇ ਕਿਸੇ ਨਹੀਂ ਸੁਣਿਆਂ ਕਿ ਸ਼੍ਰੋਮਣੀ ਕਮੇਟੀ ਦੇ ਬੱਜਟ ਦਾ ਪੰਜ ਫੀਸਦੀ ਵੀ
ਲੋਕਾਂ ਅੰਦਰ ਸ਼ਬਦ ਦਾਤ ਦਾ ਪ੍ਰਚਾਰ ਕਰਨ ਵਾਸਤੇ ਖਰਚ ਕੀਤਾ ਜਾਂਦਾ ਹੋਵੇ। ਕਦੇ ਦੇਖਿਆ ਹੈ ਕਿਸੇ ਨੇ ਕਿ ਹਰ ਗੁਰਦੁਆਰੇ ਅੰਦਰ ਕਿਤਾਬਾਂ ਦੀ ਵੱਡੀ ਅਲਮਾਰੀ ਜਾਂ ਸ਼ੈਲਫ ਹੋਵੇ ਜਾਂ ਸਾਰੇ ਵੱਡੇ ਧਾਰਮਕ ਸਥਾਨਾਂ ਵਿਚ ਆਪਣੀ ਲਾਇਬ੍ਰੇਰੀ ਹੋਵੇ। ਜਿੱਥੋਂ ਇਤਿਹਾਸ, ਗੁਰਮਤਿ ਅਤੇ ਗੁਰੂ ਸਾਹਿਬਾਨ ਦੇ ਜੀਵਨ ਅਤੇ ਫਲਸਫੇ ਸਬੰਧੀ ਸਹੀ ਜਾਣਕਾਰੀ ਅਤੇ ਸਾਹਿਤ ਅਸਾਨੀ ਨਾਲ ਘੱਟ ਕੀਮਤ ’ਤੇ (ਜਾਂ ਮੁਫਤ) ਪ੍ਰਾਪਤ ਹੋ ਸਕੇ ਉਂਜ ਤਾਂ ਸਾਹਿਤ ਸਮੁਚੇ ਸੱਭਿਆਚਾਰ ਨਾਲ ਸਬੰਧਤ ਰੱਖਿਆ ਜਾਣਾ ਚਾਹੀਦਾ ਹੈ, ਕਿਉਂਕਿ ਧਰਮ ਸੱਭਿਆਚਾਰ ਦਾ ਹੀ ਅੰਗ ਹੈ) ਇਨ੍ਹਾਂ ਧਾਰਮਕ ਸਥਾਨਾਂ ਅੰਦਰ ਚਾਨਣੀਆਂ, ਕਨਾਤਾਂ, ਕੜਾਹੀਆਂ, ਪਰਾਤਾਂ, ਥਾਲ਼-ਥਾਲ਼ੀਆਂ ਤੇ ਬਾਟਿਆਂ ਆਦਿ ਦੀ ਤਾਂ ਬਥੇਰੀ ਭਰਮਾਰ ਹੈ। ਸਟੋਰ ਭਰੇ ਪਏ ਹਨ, ਜੇ ਇਹ ਕੁੱਝ ਹੈ ਤਾਂ ਸਾਹਿਤ ਕਿਉਂ ਨਹੀਂ? ਸ਼ਬਦ ਕਿਉਂ ਨਹੀਂ? ਇਹ ਸੋਚਣਾਂ ਤਾਂ ਬਣਦਾ ਹੀ ਹੈ। ਇਸ ਕਰਕੇ ਅੱਜ ਸੋਚਣ ਵਾਲੇ ਸਿਰਾਂ ਦੀ ਵੀ ਲੋੜ ਹੈ। ਸਿੱਖ ਧਰਮ ਦੀ ਭਾਵਨਾਂ ਹਰ ਵਿਅਕਤੀ ਨੂੰ ਸ਼ਬਦ ਦੇ ਲੜ ਲੱਗਣ ਦਾ ਸੱਦਾ ਦਿੰਦੀ ਹੈ। ਸ਼ਬਦ ਸਿਰਫ ਧਰਮ ਨਾਲ ਹੀ ਨਹੀਂ ਜੀਵਨ ਦੇ ਹਰ ਖੇਤਰ ਨਾਲ ਸਬੰਧਤ ਹਨ ਤੇ ਸੂਝ ਦਾ ਵਿਕਾਸ ਕਰਦੇ ਹਨ। ਪਰ ਜਿਨ੍ਹਾਂ ਧਰਮ ਪ੍ਰਚਾਰਕਾਂ ’ਤੇ ਵੱਡੀਆਂ ਰਕਮਾਂ ਖਰਚੀਆਂ ਜਾਂਦੀਆਂ ਹਨ ਉਨ੍ਹਾਂ ਨੇ ਆਪਣੇ ਪ੍ਰਚਾਰ ਨਾਲ ਕਿੰਨੇ ਕੁ ਲੋਕਾਂ ਨੂੰ ਸ਼ਬਦ ਦੇ ਲੜ ਲਾਇਆ ਹੈ? ਗੱਲ ਸਮਾਜੀ, ਸਿਆਸੀ ਤੇ ਸਾਹਿਤਕ ਪੱਧਰ ’ਤੇ ਵਿਚਰਦੀਆਂ ਲਹਿਰਾਂ ਬਾਰੇ ਵੀ ਹੋ ਸਕਦੀ ਹੈ। ਪਿਛਲੇ ਸਮੇਂ ਅੰਦਰ ਜਿਨ੍ਹਾਂ ਕੁੱਝ ਵਿਦਵਾਨਾਂ ਨੇ ਖੋਜ ਰਾਹੀਂ ਲੋਕਾਂ ਨੂੰ ਸ਼ਬਦ ਦੇ ਨੇੜੇ ਲਿਆਉਣ ਦਾ ਜਤਨ ਕੀਤਾ ਉਨ੍ਹਾਂ ਨੂੰ ‘ਧਰਮ’ ਤੇ ਕਾਬਜ਼, ਧਰਮੋਂ ਸੱਖਣੇ ਟੋਲੇ ਨੇ ਜ਼ਲੀਲ ਹੀ ਕੀਤਾ। ਗੱਲ ਇੱਥੇ ਮੰਗਤਿਆਂ ਦੀ ਵੀ ਕੀਤੀ ਜਾਣੀ ਚਾਹੀਦੀ ਹੈ। ਮਾਫ ਕਰਨਾ ਇਹ ਸੜਕਾਂ ਦੇ ਕੰਢੇ ਬੈਠੇ ਮੰਗਤੇ ਨਹੀਂ ਸਗੋਂ ਇਹ ਉਹ ਹਨ ਜੋ ‘ਵੱਡੇ ਲੋਕ’ ‘ਇੱਜ਼ਤਦਾਰ’ ‘ਮਾਣ-ਸਤਿਕਾਰ’ ਰੱਖਦੇ ਆਪਣੇ ਆਪ ਨੂੰ ‘ਚੌਧਰੀ ਸਾਹਿਬ’ ਜਾਂ ‘ਸਰਦਾਰ ਸਾਹਿਬ’ ਅਖਵਾਉਂਦੇ ਹਨ। ਜੋ ਸਮਾਜ ਅੰਦਰਲੇ ਹਰ ਧਰਮ, ਜਾਤ ਅਤੇ ਫਿਰਕੇ ਵਿਚ ਮਿਲਦੇ ਹਨ। ਉਹ ਵੱਡੇ ਅਹੁਦਿਆਂ ਤੇ ਬੈਠੇ ਛੋਟੇ-ਵੱਡੇ ਅਫਸਰ ਵੀ ਹੋ ਸਕਦੇ ਹਨ। ਵੱਡੀਆਂ ਵੱਡੀਆਂ ਕੋਠੀਆਂ, ਜਾਇਦਾਦਾਂ ਤੇ ਕਾਰਖਾਨਿਆਂ ਦੇ ਮਾਲਕ ਵੀ ਹੋ ਸਕਦੇ ਹਨ। ਇਨ੍ਹਾਂ ਮੰਗਤਿਆਂ ਦੀਆਂ ਕਰਤੂਤਾਂ ਉੱਤੇ ਹਰ ਕਿਸੇ ਨੂੰ ਸ਼ਰਮ ਆਉਂਦੀ ਹੈ ਅਤੇ ਤਰਸ ਵੀ। ਇਨ੍ਹਾਂ ਨੂੰ ਦੇਖ ਕੇ ਹਰ ਕਿਸੇ ਨੂੰ ਕਹਿਣਾ ਹੀ ਪੈਂਦਾ ਹੈ ਕਿ ਕਿੰਨੇ ਕਮੀਨੇ ਹੁੰਦੇ ਹਨ ਖਚਰੇ ਹਾਸੇ ਵਾਲੇ ਬੀਬੇ ਚਿਹਰੇ। ਬੇਸ਼ਰਮ, ਬੇਰਹਿਮ ਅਤੇ ਇਖ਼ਲਾਕੋਂ ਸੱਖਣੇ। ਧੀਆਂ-ਪੁੱਤਰਾਂ ਨੂੰ ਹਰ ਕੋਈ ਆਪਣਾ ਭਵਿੱਖ ਆਖਦਾ ਹੈ। ਚੰਗਾ ਪਾਲਣ-ਪੋਸ਼ਣ ਤੇ ਉੱਚ ਵਿੱਦਿਆ ਦਾ ਵਿਚਾਰ ਇੱਥੋਂ ਹੀ ਪੈਦਾ ਹੁੰਦੇ ਹਨ। ਪੁੱਤਰਾਂ ਨੂੰ ਉੱਚ ਵਿੱਦਿਆ ਤਾਂ ਆਪਣੇ ਬੁਢਾਪੇ ਨੂੰ ਆਸਰਾ ਦੇਣ ਦਾ ਵਿਚਾਰ ਅੱਗੇ ਰੱਖ ਕੇ ਹੀ ਦਿਵਾਈ ਜਾਂਦੀ ਹੈ- ਆਪਣੇ ਸੁਖ ਵਾਸਤੇ। ਜਦੋਂ ਲੋਕ ਧੀਆਂ ਨੂੰ ਉੱਚ ਵਿੱਦਿਆ ਦਿਵਾਉਂਦੇ ਹਨ ਤਾਂ ਧੀਆਂ ਦੇ ਭਵਿੱਖ ਨੂੰ ਸੁਖ ਨਾਲ ਭਰਨ ਦਾ ਵਿਚਾਰ ਵੀ ਹੁੰਦਾ ਹੈ ਅਤੇ ਉਨ੍ਹਾਂ ਦੇ ਅੰਦਰ ਸਵੈਮਾਣ ਪੈਦਾ ਕਰਨ ਦਾ ਵੀ। ਸਮਾਜਕ ਅਤੇ ਆਰਥਕ ਬਰਾਬਰੀ ਦਾ ਨੁਕਤਾ ਵੀ ਸਾਹਮਣੇ ਹੁੰਦਾ ਹੈ। ਚੰਗੇ ਸਮਾਜ ਦੀ ਸਿਰਜਣਾ ਵੀ ਚੰਗੀਆਂ ਮਾਵਾਂ ਹੀ ਕਰ ਸਕਦੀਆਂ ਹਨ। ਧੀਆਂ ਡਾਕਟਰ, ਅਧਿਆਪਕ, ਵਕੀਲ, ਇੰਜਨੀਅਰ ਤੇ ਸਫਲ ਘਰੇਲੂ ਔਰਤਾਂ ਵੀ ਬਣਦੀਆਂ ਹਨ, ਗੱਲ ਕੀ ਹਰ ਖੇਤਰ ਵਿਚ ਧੀਆਂ ਦੀ ਕਾਮਯਾਬੀ ਸਮਾਜ ਦੀ ਬਹੁਪੱਖੀ ਤਰੱਕੀ ਦੀ ਬੁਨਿਆਦ ਬਣਦੀ ਹੈ। ਜਦੋਂ ਧੀ ਦੀ ਸ਼ਾਦੀ ਦਾ ਵਕਤ ਆਉਂਦਾ ਹੈ ਤਾਂ ਆਮ ਕਰਕੇ ਧੀ ਦੇ ਬਾਪ ਦੇ ਘਰ ਛੋਟੇ-ਵੱਡੇ ਮੰਗਤੇ ਆਉਣ ਲਗਦੇ ਹਨ। ਰਿਸ਼ਤੇ ਵੇਲੇ ਕੁੜੀ ਦੀ ਵਿੱਦਿਆ, ਜੀਵਨ ਵਿਚ ਇਕੱਠੀ ਕੀਤੀ ਸ਼ਬਦ ਦਾਤ, ਗਿਆਨ-ਸੂਝ ਦੀ ਗੱਲ ਘੱਟ ਕੀਤੀ ਜਾਂਦੀ ਹੈ, ਪਰ ਕਾਰਾਂ, ਕੋਠੀਆਂ ਤੇ ਬੈਂਕ ਖਾਤਿਆਂ ਦੀ ਗੱਲ ਵੱਧ, ਮੰਗਤੇ ਜੁ ਹੋਏ। ਅਜਿਹੀਆਂ ਗੱਲਾਂ ਕਰਦਿਆਂ ਲੋਕ ਸ਼ਰਮ-ਹਯਾ ਦੀ ਪ੍ਰਵਾਹ ਨਹੀਂ ਕਰਦੇ। ਆਪਣੇ ਆਪ ਨੂੰ ਪੂਰੀ ਬੇਸ਼ਰਮੀ, ਬੇਹਯਾਈ ਅਤੇ ਢੀਠਤਾਈ ਨਾਲ ਪੇਸ਼ ਕਰਦੇ ਹਨ। ਕੁੜੀ ਦੇ ਬਾਪ ਨੇ ਆਪਣੀ ਧੀ ਨੂੰ ਉੱਚ ਵਿੱਦਿਆਂ ਦਿਵਾ ਕੇ ਸਮਾਜ ਅੰਦਰ ਉਹਦੇ ਮਾਣ ਤੇ ਸਵੈਮਾਣ ਦੀ ਧਰਤ ਤਿਆਰ ਕੀਤੀ ਹੁੰਦੀ ਹੈ। ਪਰ, ਦੂਜੇ ਬੰਨਿਉਂ ਗੱਲ ਹੀ ਹੋਰ ਹੁੰਦੀ ਹੈ। ਚਾਹੀਦਾ ਤਾਂ ਇਹ ਹੈ ਕਿ ਮੁੰਡੇ ਵਾਲੇ ਕੁੜੀ ਦੇ ਵਿਆਹ ਵੇਲੇ ਜੇ ਉਸਦੀ ਵਿੱਦਿਆ ਪ੍ਰਾਪਤੀ ’ਤੇ ਹੋਇਆ ਖਰਚ ਨਾ ਵੀ ਦੇਣ ਤਾਂ ਕੁੜੀ ਦੇ ਪਿਉ ਦਾ ਲੱਖ ਵਾਰ ਧੰਨਵਾਦ ਕਰਨ, ਜਿਨ੍ਹਾਂ ਨੇ ਸ਼ਬਦ ਦਾਤ ਨਾਲ ਉਨ੍ਹਾਂ ਦਾ ਘਰ ਭਰਿਆ ਹੁੰਦਾ ਹੈ। ਸ਼ਬਦਾਂ ਦੀ ਦਿੱਤੀ ਦਾਤ ਗੌਲ਼ੀ ਨਹੀਂ ਜਾਂਦੀ, ਦਾਜ ਘੱਟ ਲਿਆਉਣ ਕਰਕੇ ਕਈ ਵਾਰ ਜਾਨ ਜ਼ਰੂਰ ਲੈ ਲਈ ਜਾਂਦੀ ਹੈ ਜਾਂ ਫੇਰ ਰਾਤ-ਦਿਨ ਮਿਹਣਿਆਂ ਆਦਿ ਨਾਲ ਉਹਨੂੰ ਜ਼ਲੀਲ ਕੀਤਾ ਜਾਂਦਾ ਹੈ। ਪੁੱਛਿਆ ਜਾਣਾ ਚਾਹੀਦਾ ਹੈ ਕਿ ਛੋਟੇ-ਵੱਡੇ ਅਹੁਦਿਆਂ ’ਤੇ ਬੈਠੀਆਂ ਇਹ ਧੀਆਂ (ਨੂਹਾਂ ਬਣ ਜਾਣ ਤੋਂ ਬਾਅਦ ਵੀ) ਜੋ ਹਰ ਮਹੀਨੇ ਆਪਣੇ ਪਤੀ ਦੇ ਘਰ ਵਾਸਤੇ ਕਮਾਉਂਦੀਆਂ ਹਨ, ਉਹ ਉਸੇ ਸ਼ਬਦ-ਦਾਤ ਦੀ ਬਦੌਲਤ ਹੈ ਜੋ ਉਹ ਆਪਣੇ ਪਿਉ ਦੇ ਘਰੋਂ ਲੈ ਕੇ ਆਈਆਂ ਹੁੰਦੀਆਂ ਹਨ। ਕਈ ਵਾਰ ਸੂਝਹੀਣ ਲੋਕ ਆਪਣੀਆਂ ਸਿਆਣੀਆਂ ਧੀਆਂ ਨੂੰ ਅਹੁਦਿਆਂ, ਜਾਇਦਾਦਾਂ ਦੇ ਲਾਲਚਵਸ ਖੋਤਿਆਂ ਵਰਗੀ ਬੁੱਧੀ ਵਾਲੇ ਮੁੰਡਿਆਂ ਦੇ ਲੜ ਲਾ ਦਿੰਦੇ ਹਨ। ਫੇਰ ਲਾਲ ਨੂੰ ਖੋਤੇ ਦੇ ਲੜ ਬੰਨਣ ਦੀ ਕਹਾਵਤ ਸਾਰਾ ਜੱਗ ਦੇਖਦਾ ਹੈ। ਇਸ ਸਭ ਕੁੱਝ ਦੇ ਸੁਧਾਰ ਵਾਸਤੇ ਤਾਂ ਵੱਡੇ ਸਮਾਜੀ ਅੰਦੋਲਨ ਦੀ ਲੋੜ ਹੈ। ਸ਼ਬਦ ਦੀ ਦਾਤ ਨੂੰ ਨਕਾਰਨ ਵਾਲੇ ਤੋਂ ਵੱਡਾ ਮੂਰਖ ਤੇ ਉਜੱਡ ਹੋਰ ਕੋਈ ਨਹੀਂ ਹੁੰਦਾ।
****
ਪੜ੍ਹਨ ਦੀ ਚੇਟਕ
ਕੰਮ ਕੋਈ ਵੀ ਹੋਵੇ ਇਨਸਾਨ ਤਦ ਹੀ ਉਸਨੂੰ ਕਰਦਾ ਹੈ ਜੇ ਉਸਦੀ ਲੋੜ ਜਾਂ ਆਦਤ ਬਣ ਜਾਵੇ। ਚੰਗੀ ਆਦਤ ਪਾਉਣੀ ਕੋਈ ਸੌਖਾ ਕਾਰਜ ਨਹੀਂ ਸਗੋਂ ਇਹ ਬਹੁਤ ਹੀ ਔਖਾ ਹੈ ਪਰ ਹੈ ਬਹੁਤ ਜ਼ਰੂਰੀ। ਇਸਤੋਂ ਬਿਨਾ ਮਨੁੱਖ ਭਰਪੂਰ ਜਿ਼ੰਦਗੀ ਜੀਊਣ ਵਲੋਂ ਸੱਖਣਾ ਰਹਿ ਜਾਂਦਾ ਹੈ। ਸ਼ਰੀਕੇ ਭਾਈਚਾਰੇ ਅੰਦਰ ਪੈਦਾ ਹੋਈ ਬਦਮਗਜ਼ੀ ਦੀਆਂ ਕਿੜਾਂ ਕੱਢਣ ਲਈ ਕਈ ਵਾਰ ਲੋਕ ਮਿੱਠੇ ਹੋ ਕੇ ਕਿਸੇ ਦੂਸਰੇ ਨੂੰ ਥੱਲੇ ਲਾਉਣ ਵਾਸਤੇ ਉਨ੍ਹਾਂ ਦੀ ਔਲਾਦ ਨੂੰ ਮਾੜੀਆਂ ਆਦਤਾਂ ਜਾਂ ਨਸਿ਼ਆਂ ਆਦਿ ਦੇ ਵਸ ਪਾ ਕੇ ਭੈੜੇ ਰਾਹ ਪਾ ਦਿੰਦੇ ਹਨ ਜਿਸ ਦੇ ਸਿੱਟੇ ਵਜੋਂ ਉਸ ਮਨੁੱਖ ਦੀ ਜਿ਼ੰਦਗੀ ਤਬਾਹੀ ਵਲ ਵਧਦੀ ਹੈ। ਪਰ ਕਦੇ ਕਦੇ ਸ਼ਰੀਕੇ-ਭਾਈਚਾਰੇ ਵਿਚਲੇ ਲੋਕਾਂ ਦੇ ਦਿਲਾਂ ਵਿਚ ਜਾਗੀ ਅਪਣੱਤ ਸ਼ਰੀਕੇ ਵਿਚਲੀਆਂ ਮੋਹ ਦੀਆਂ ਤੰਦਾਂ ਨੂੰ ਪੱਕਿਆਂ ਕਰਨ ਦਾ ਕਾਰਜ ਨਿਭਾਉਂਦੀ ਹੈ। ਫੇਰ ਤਾਂ ਜੇ ਕਿਸੇ ਨੂੰ ਮਾੜੀ ਆਦਤ ਹੋਵੇ ਵੀ ਤਾਂ ਸ਼ਰੀਕੇ ਭਾਈਚਾਰੇ ਦੇ ਲੋਕ ਉਸ ਮਾੜੇ ਰਾਹ ਤੁਰੇ ਜਾਂਦੇ ਨੂੰ ਦੇਖਕੇ ਆਪਣਾ ਸਮਝ ਕੇ ਉੱਧਰੋਂ ਵਰਜਣਗੇ ਕਿ ਕਿਉਂ ਜਿ਼ੰਦਗੀ ਖਰਾਬ ਕਰਦੈਂ? ਅਕਲ ਕਰ ਬਈ, ਰਾਹ ਚੰਗੇ ਪਾਸੇ ਵੀ ਜਾਂਦਾ ਹੈ ਭਾਵ ਪਿਆਰ ਨਾਲ ਸਮਝਾਉਂਦੇ ਹਨ। ਇਸ ਤਰ੍ਹਾਂ ਦੇ ਅਪਣੱਤ ਭਰਪੂਰ ਵਿਹਾਰ ਨਾਲ ਪੁੱਠੇ ਰਾਹ ਤੁਰੇ ਜਾਂਦੇ ਮਨੁੱਖ ਦੇ ਚੰਗੇ ਪਾਸੇ ਤੁਰ ਪੈਣ ਦੀ ਆਸ ਕੀਤੀ ਜਾ ਸਕਦੀ ਹੈ। ਬਹੁਤ ਵਾਰ ਅਜਿਹਾ ਵਾਪਰ ਵੀ ਜਾਂਦਾ ਹੈ ਤੇ ਕਿਸੇ ਦੀ ਜਿ਼ੰਦਗੀ ਸੁਧਰ ਜਾਂਦੀ ਹੈ। ਪੜ੍ਹਨ ਦਾ ਸਬੰਧ ਆਮ ਤੌਰ ’ਤੇ ਜਮਾਤਾਂ ਪਾਸ ਕਰਨ ਨਾਲ ਹੀ ਗਿਣਿਆਂ ਜਾਂਦਾ ਹੈ ਜਾਂ ਡਿਗਰੀਆਂ ਲੈਣਾਂ ਹੀ ਗਿਣਿਆ ਜਾਂਦਾ ਹੈ। ਪਰ, ਇਹ ਪੂਰਾ ਸੱਚ ਨਹੀਂ ਸਗੋਂ ਅੱਧਾ ਸੱਚ ਹੈ। ਬੱਚਾ ਜੇ ਸਕੂਲ ਪੜ੍ਹਦਿਆਂ ਆਪਣੇ ਸਕੂਲੀ ਪਾਠ ਪੁਸਤਕਾਂ ਤੋਂ ਬਾਹਰਲੀ ਕੋਈ ਪੁਸਤਕ ਪੜ੍ਹਨੀ ਚਾਹੇ ਤਾਂ ਤਾਂ ਸਭ ਤੋਂ ਪਹਿਲੀ ਨਾਂਹ ਵੀ ਘਰੋਂ ਹੀ ਹੁੰਦੀ ਹੈ। ਜਿਨ੍ਹਾਂ ਘਰਾਂ ਵਿਚ ਅਜਿਹੀ ਫੁਰਸਤ ਨਾ ਹੋਵੇ ਤਾਂ ਗੱਲ ਸਮਝ ਆਉਂਦੀ ਹੈ। ਉਨ੍ਹਾਂ ਘਰਾਂ ਵਿਚ ਤਾਂ ਇਹਨੂੰ ਪੈਸੇ ਖੂਹ ਵਿਚ ਸੁੱਟਣਾ ਹੀ ਆਖਿਆ ਜਾਂਦਾ ਹੈ। ਜਿਨ੍ਹਾਂ ਘਰਾਂ ਵਿਚ ਮਾਇਕ ਪੱਖੋਂ ਸਥਿਤੀ ਠੀਕ ਹੋਵੇ ਉੱਥੇ ਨਾਂਹ ਕਰਨ ਦਾ ਕਾਰਨ ਅਗਿਆਨਤਾ ਹੀ ਹੋ ਸਕਦੀ ਹੈ। ਆਪਣੀ ਆਉਣ ਵਾਲੀ ਪੀੜ੍ਹੀ ਨੂੰ ਅਗਿਆਨਤਾ ਦੇ ਵਸ ਪਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਪੜ੍ਹਨ ਦੀ ਆਦਤ ਜੇ ਬਚਪਨ ਤੋਂ ਪੈ ਜਾਵੇ ਤਦ ਹੀ ਇਸਦੇ ਅੱਗੇ ਵਧਣ ਦੇ ਸਬੱਬ ਪੈਦਾ ਹੁੰਦੇ ਹਨ। ਮਾਪੇ ਅਤੇ ਅਧਿਆਪਕ ਬੱਚੇ ਦੀ ਇਸ ਬੌਧਿਕ ਰੁਚੀ ਨੂੰ ਅੱਗੇ ਵਧਾਉਣ ਦਾ ਧੁਰਾ ਬਣਦੇ ਹਨ। ਮਾਪੇ ਆਪਣੇ ਬੱਚਿਆਂ ਵਾਸਤੇ ਬਹੁਤ ਸਾਰੀਆਂ ਲੋੜ ਦੀਆਂ ਚੀਜ਼ਾਂ ਖਰੀਦਦੇ ਹੀ ਰਹਿੰਦੇ ਹਨ। ਪਰ, ਅਜੇ ਤੱਕ ਵੀ ਬੱਚਿਆਂ ਵਾਸਤੇ ਸਕੂਲੀ ਸਲੇਬਸ ਤੋਂ ਬਾਹਰਲੀਆਂ ਭਾਵ ਸਹਿਤਕ ਰੁਚੀ ਪੈਦਾ ਕਰਨ ਵਾਲੀਆਂ ਪੁਸਤਕਾਂ ਖਰੀਦਣ ਦਾ ਰਿਵਾਜ ਆਮ ਨਹੀਂ ਹੈ। ਜਦੋਂ ਤੱਕ ਇਹ ਆਮ ਨਹੀਂ ਬਣਦਾ ਉਦੋਂ ਤੱਕ ਇਹ ਬੱਚਿਆਂ ਦੇ ਬਹੁ-ਪੱਖੀ ਬੌਧਿਕ ਵਿਕਾਸ ਰੋਕਣ ਵਾਲਾ ਅਮਲ ਹੀ ਰਹੇਗਾ। ਜਨਮ ਦਿਨ ਮਨਾਉਣ ਦੀ ਰੀਸ ਤਾਂ ਦਿਨੋਂ-ਦਿਨ ਵਧ ਰਹੀ ਹੈ। ਜਿੱਥੇ ਨਵੀਆਂ ਪੌਸ਼ਾਕਾਂ, ਖਾਣਿਆਂ, ਕੇਕਾਂ ਅਤੇ ਮੀਟ-ਸ਼ਰਾਬਾਂ ਵਾਲੀਆਂ ਪਾਰਟੀਆਂ ਉੱਤੇ ਦੂਜਿਆਂ ਨੂੰ ਦਿਖਾਉਣ ਜਾਂ ਧੌਂਸ ਜਮਾਉਣ ਵਾਸਤੇ ਦਿਲ ਖੋਲ੍ਹ ਕੇ ਪੈਸੇ ਖਰਚੇ ਜਾਂ ਰੋੜ੍ਹੇ ਜਾਂਦੇ ਹਨ। (ਜਿਨ੍ਹਾਂ ਕੋਲ ਹਰਾਮਦਾ ਪੈਸਾ ਹੈ ਉਨ੍ਹਾਂ ਦਾ ਇਸ ਪੱਖੋਂ ਹੋਰ ਵੀ ਮਾੜਾ ਹਾਲ ਹੈ) ਅਜਿਹੇ ਮੌਕੇ ਬੱਚੇ ਨੂੰ ਗੈਰ-ਜ਼ਰੂਰੀ ਤੇ ਉਹਦੀ ਨਾਪਸੰਦ ਵਾਲੇ ਤੋਹਫੇ ਵੀ ਬਥੇਰੇ ਦਿੱਤੇ ਜਾਂਦੇ ਹਨ। ਕੋਈ ਵਿਰਲਾ-ਟਾਵਾਂ ਹੀ ਹੁੰਦਾ ਹੈ ਜੋ ਬੱਚੇ ਨੂੰ ਪੁਸਤਕ/ਪੁਸਤਕਾਂ ਦੇਵੇ। ਤੋਹਫੇ ਵਿਚ ਪੁਸਤਕਾਂ ਦੇਣ ਵਲੋਂ ਬੱਚਿਆਂ ਨੂੰ ਭਲਾਂ ਵਾਂਝਿਆਂ ਕਿਉਂ ਰੱਖਿਆ ਜਾਂਦਾ ਹੈ? ਕੀ ਅਜਿਹੇ ਮੌਕੇ ਇਹ ਸਾਰਥਕ ਨਹੀਂ ਹੋ ਸਕਦਾ ਕਿ ਤੋਹਫੇ ਵਜੋਂ ਬੱਚੇ ਨੂੰ ਬੱਚਿਆਂ ਦੇ ਪੜ੍ਹਨ ਵਾਲੇ ਇਕ-ਦੋ ਮੈਗਜ਼ੀਨ/ਸਾਹਿਤਕ ਰਸਾਲੇ (ਉਹਦੀ ਉਮਰ ਅਨੁਸਾਰ) ਸਾਲ ਭਰ ਵਾਸਤੇ ਲੁਆ ਦਿੱਤੇ ਜਾਣ ਤਾਂ ਕਿ ਅਗਲੇ ਜਨਮ ਦਿਨ ਤੱਕ ਜਨਮ ਦਿਨ ਦਾ ਜਸ਼ਨ ਜਾਰੀ ਰਹੇ। ਸਕੂਲ ਜਾਣ ਸਮੇਂ ਬੱਚੇ ਉੱਤੇ ਬਹੁਤਾ ਪ੍ਰਭਾਵ ਜਾਂ ਅਸਰ ਅਧਿਆਪਕ ਦਾ ਹੁੰਦਾ ਹੈ। ਅਧਿਆਪਕ ਸੂਝਵਾਨ ਅਤੇ ਸਮਾਜ ਜਾਂ ਸਮਾਜਕ ਮਸਲਿਆਂ ਪ੍ਰਤੀ ਸੁਚੇਤ ਹੋਵੇ ਤਾਂ ਉਹ ਆਪਣੇ ਵਿਦਿਆਰਥੀਆਂ ਦਾ ਭਵਿੱਖ ਵਲ ਜਾਂਦਾ ਰਾਹ ਸੌਖਾ ਕਰਨ ਵਿਚ ਬਹੁਤ ਸਹਾਈ ਹੋ ਸਕਦਾ ਹੈ। ਉਹ ਆਪਣੇ ਵਿਦਿਆਰਥੀਆਂ ਦੇ ਪੱਲੇ ਜਿ਼ੰਦਗੀ ਦੀ ਸਾਰਥਕਤਾ ਪਾਵੇਗਾ। ਜੇ ਕੋਈ ਅਧਿਆਪਕ ਸਿਰਫ ਤਨਖਾਹ ਵਾਸਤੇ ਹੀ ਨੌਕਰੀ ਕਰ ਰਿਹਾ ਹੈ ਤਾਂ ਉਹ ਬੱਚਿਆਂ ਨੂੰ ਜਮਾਤਾਂ ਤਾਂ ਪਾਸ ਕਰਵਾ ਸਕਦਾ ਹੈ ਪਰ ਚਾਰੇ ਪਾਸੇ ਕੀ ਹੋ ਰਿਹਾ ਹੈ? ਕੀ ਗਲਤ ਕੀ ਠੀਕ? ਕੀ ਹੋਣਾ ਚਾਹੀਦਾ ਆਦਿ ਦੀ ਜਾਂ ਸਮਾਜ ਬਾਰੇ ਸਰਵਪੱਖੀ ਸੋਝੀ ਦੇਣ ਤੋਂ ਅਸਮਰਥ ਰਹੇਗਾ। ਇੰਜ ਸਵਾਲ ਤਾਂ ਸਵਾਲ ਹੀ ਰਹਿ ਜਾਣਗੇ। ਜਿਸ ਦੇ ਸਿੱਟੇ ਵਜੋਂ ਅੱਜ ਦਾ ਉਹ ਵਿਦਿਆਰਥੀ ਆਉਣ ਵਾਲੇ ਕੱਲ੍ਹ ਦਾ ਨਾਲਾਇਕ ਸਮਾਜੀ, ਧਾਰਮਕ, ਰਾਜਸੀ ਨੇਤਾ ਵੀ ਹੋ ਸਕਦਾ ਹੈ ਅਤੇ ਅਫਸਰਸ਼ਾਹ ਵੀ। ਫੇਰ ਸਮਾਜ ਕਿਹੜੇ ਪਾਸੇ ਜਾਵੇਗਾ? ਜੇ ਸਬੂਤ ਦੀ ਲੋੜ ਹੋਵੇ ਤਾਂ ਆਪਣੇ ਸਮਾਜ ਵਲ ਨਿਗਾਹ ਮਾਰ ਲੈਣੀ ਹੀ ਕਾਫੀ ਹੋਵੇਗੀ। ਬਹੁਤੇ, ਖਾਸ ਕਰਕੇ ਪੇਂਡੂ ਸਕੂਲਾਂ ਵਿਚ ਲਾਇਬ੍ਰੇਰੀ ਹੁੰਦੀ ਹੀ ਨਹੀਂ ਜਾਂ ਬਹੁਤੇ ਵਿਦਿਆਰਥੀਆਂ ਨੂੰ ਇਸ ਬਾਰੇ ਪਤਾ ਹੀ ਨਹੀਂ ਹੁੰਦਾ। ਜੇ ਲਾਇਬ੍ਰੇਰੀ ਹੋਵੇ ਵੀ ਜਦੋਂ ਤੱਕ ਛੋਟੇ ਹੁੰਦੇ ਕਿਸੇ ਬੱਚੇ ਨੂੰ ਪੜ੍ਹਨ ਦੀ ਆਦਤ ਨਾ ਪਾਈ ਹੋਵੇ ਤਾਂ ਉਹ ਪੜ੍ਹੇਗਾ ਕਿਵੇਂ? ਅਧਿਆਪਕ ਦਾ ਫ਼ਰਜ਼ ਬਣਦਾ ਹੈ ਇਸ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਏ। ਇਸੇ ਤਰ੍ਹਾਂ ਕਾਲਜਾਂ/ਯੂਨੀਵਰਸਟੀਆਂ ਅੰਦਰ ਵੀ ਹੈ। ਉੱਥੇ ਲਾਇਬ੍ਰੇਰੀਆਂ ਵੀ ਹਨ ਤੇ ਲਾਇਬ੍ਰੇਰੀਅਨ ਵੀ ਪਰ ਕੀ ਨਵੀਆਂ ਛਪੀਆਂ ਪੁਸਤਕਾਂ ਵੀ ਉੱਥੇ ਪਹੁੰਚਦੀਆਂ ਹਨ? ਫੰਡਾਂ ਦੀ ਘਾਟ ਜਾਂ ਫੇਰ ਬੱਜਟ ਦੇ ਘਾਟੇ ਦੀ ਮਜਬੂਰੀ ਹੇਠ ਆ ਕੇ ਪੁਸਤਕਾਂ ਵਾਲੇ ਹਿੱਸੇ ਨੂੰ ਲਕਵਾ ਮਾਰ ਜਾਂਦਾ ਹੈ?
ਬਾਹਰਲੇ ਮੁਲਕੀਂ ਜੋ ਇਸ ਖੇਤਰ ਵਿਚ ਹੁੰਦਾ ਹੈ ਉਸ ਵਲ ਦੇਖ ਕੇ ਹੈਰਾਨੀ ਵੀ ਹੁੰਦੀ ਹੇ ਤੇ ਖੁਸ਼ੀ ਵੀ। ਬੱਚਾ ਜੰਮਣ ਤੋਂ ਬਾਅਦ ਅਜੇ ਰੁੜ੍ਹਨਾ ਹੀ ਸ਼ੁਰੂ ਕਰਦਾ ਹੈ ਉਸ ਵਾਸਤੇ ਘਰ ਵਿਚ ਪੁਸਤਕਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਗੂੜ੍ਹੇ ਰੰਗਾਂ (ਗੂੜ੍ਹੇ ਰੰਗ ਬੱਚੇ ਦੀ ਨਜ਼ਰ ਵਾਸਤੇ ਵੀ ਠੀਕ ਹੁੰਦੇ ਹਨ) ਤੇ ਤਸਵੀਰਾਂ ਵਾਲੀਆਂ ਜੋ ਚੰਗੇ ਗੱਤੇ ਤੇ ਛਪੀਆਂ ਹੁੰਦੀਆਂ ਹਨ। ਜੇ ਬੱਚਾ ਉਸਨੂੰ ਮੂਹ ਵਿਚ ਪਾ ਲਵੇ ਤਾਂ ਉਹ ਸਿਹਤ ਵਾਸਤੇ ਨੁਕਸਾਨਦੇਹ ਨਹੀਂ ਹੁੰਦਾ, ਲੋਕ ਇਨ੍ਹਾਂ ਨੂੰ ਆਮ ਖਰੀਦਦੇ ਹਨ। ਜਦੋਂ ਬੱਚਾ ਕਿੰਡਰਗਾਰਟਨ (ਨਰਸਰੀ ਜਾਂ ਬਾਲਕੇਂਦਰ) ਵਲ ਦਾ ਰੁਖ ਕਰਦਾ ਹੈ ਤਾਂ ਉਸਨੂੰ ਅੱਖਰਾਂ ਤੇ ਹਿਣਸਿਆਂ ਨਾਲ ਜਾਣਕਾਰੀ ਕਰਵਾਉਂਦੀਆਂ ਤਸਵੀਰਾਂ ਵਾਲੀਆਂ ਪੁਸਤਕਾਂ ਖਰੀਦ ਕੇ ਦਿੱਤੀਆਂ ਜਾਂਦੀਆਂ ਹਨ। ਅਜਿਹਾ ਸਾਰਾ ਸਮਾਨ ਬਾਲ ਕੇਂਦਰ ਵਿਚ ਵੀ ਹੁੰਦਾ ਹੈ। ਇੱਥੇ ਇਹ ਵੀ ਯਾਦ ਰਹੇ ਕਿ ਛੋਟੀ ਉਮਰ ਦੇ ਬੱਚਿਆਂ ਵਾਸਤੇ ਤਸਵੀਰਾਂ ਤੋਂ ਬਿਨਾਂ ਪੁਸਤਕਾਂ ਬੱਚੇ ਦੀ ਕਿਤਾਬਾਂ ਵਲ ਵਧਦੀ ਰੁਚੀ ਨੂੰ ਉਦਾਸ ਕਰ ਸਕਦੀਆਂ ਹਨ। ਫੇਰ ਸਕੂਲ ਜਾਣ ਸਮੇਂ ਪਹਿਲੀ ਜਮਾਤ ਤੋਂ ਹੀ ਅਧਿਆਪਕਾਵਾਂ/ਅਧਿਆਪਕ ਬੱਚਿਆਂ ਨੂੰ ਉਨ੍ਹਾਂ ਦੇ ਸਲੇਬਸ ਦੀ ਪੜਾਈ ਕਰਵਾਉਣ ਦੇ ਨਾਲ ਨਾਲ ਸ਼ਹਿਰ ਅੰਦਰ ਪੁਸਤਕਾਂ ਦੀਆਂ ਦੁਕਾਨਾਂ ਅਤੇ ਲਾਇਬ੍ਰੇਰੀਆਂ ਵਿਚ ਲੈ ਕੇ ਜਾਂਦੇ ਹਨ, ਜਿੱਥੇ ਉਨ੍ਹਾਂ ਨੂੰ ਪੁਸਤਕਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਕਈ ਵਾਰ ਛੋਟੇ-ਮੋਟੇ ਤੋਹਫੇ ਵੀ। ਲਾਇਬ੍ਰੇਰੀ ਦੇ ਜੁੰਮੇਵਾਰ ਕਾਮੇ ਬੱਚਿਆਂ ਨਾਲ ਬੱਚਿਆਂ ਵਰਗੇ ਹੋ ਕੇ ਉਨ੍ਹਾ ਨੂੰ ਪੁਸਤਕਾਂ ਵਿਖਾਉਂਦੇ ਹਨ ਅਤੇ ਵੱਖੋ-ਵੱਖ ਵਿਸਿ਼ਆਂ ਤੇ ਛਪੀਆਂ ਪੁਸਤਕਾਂ ਬਾਰੇ ਜਾਣਕਾਰੀ ਦਿੰਦੇ ਅਤੇ ਬੱਚਿਆਂ ਵਲੋਂ ਪੁੱਛੇ ਹਰ ਸਵਾਲ ਦਾ ਜਵਾਬ ਦਿੰਦੇ ਹਨ। ਇਸੇ ਤਰ੍ਹਾਂ ਹੀ ਲਾਇਬ੍ਰੇਰੀਆਂ ਵਾਲੇ ਬਾਲ ਸਾਹਿਤ ਲਿਖਣ ਵਾਲੇ ਲੇਖਕਾਂ ਨੂੰ ਸੱਦ ਕੇ ਬੱਚਿਆਂ ਨਾਲ ਮਿਲਾਉਂਦੇ ਹਨ, ਉਹ ਬੱਚਿਆਂ ਨਾਲ ਆਪਣੇ ਜਹੇ ਹੋ ਕੇ ਵਿਚਰਦੇ ਹਨ। ਇਸ ਤਰ੍ਹਾਂ ਦੇ ਕਾਰਜ ਬੱਚਿਆਂ ਅੰਦਰ ਪੜ੍ਹਨ ਦੀ ਰੁਚੀ ਪੈਦਾ ਕਰਦੇ ਹਨ। ਲਾਇਬ੍ਰੇਰੀਆਂ ਅੰਦਰ ਜਿੱਥੇ ਹਰ ਵਿਸ਼ੇ ਨਾਲ ਸਬੰਧਤ ਪੁਸਤਕਾਂ ਮਿਲਦੀਆਂ ਹਨ ਉੱਥੇ ਹੀ ਬੱਚਿਆਂ ਵਾਸਤੇ ਵੀ ਭਾਰੀ ਗਿਣਤੀ ਵਿਚ ਪੁਸਤਕਾਂ ਰੱਖੀਆਂ ਜਾਂਦੀਆਂ ਹਨ। ਬੱਚਿਆਂ ਦੇ ਗੀਤਾਂ ਆਦਿ ਦੀਆਂ ਆਡੀਉ-ਵੀਡੀਉ ਕੈਸਿਟਾਂ ਵੀ ਰੱਖੀਆਂ ਜਾਂਦੀਆਂ ਹਨ।
ਲਾਇਬ੍ਰੇਰੀਆਂ ਵਾਲੇ ਲੋਕਾਂ ਨੂੰ ਆਪਣੇ ਮੈਂਬਰ ਬਣਾਉਂਦੇ ਹਨ। ਸਾਲ ਦਾ ਕਾਰਡ ਦਿੰਦੇ ਹਨ ਥੋੜੀ ਜਹੀ ਮੈਂਬਰਸਿ਼ੱਪ ਫੀਸ ਲਈ ਜਾਂਦੀ ਹੈ। ਸਕੂਲੀ ਵਿਦਿਆਰਥੀਆਂ ਤੋਂ
ਉਨ੍ਹਾਂ ਦੇ ਨਾਂ ਤੇ ਦਿੱਤੇ ਕਾਰਡ ਦੇ ਬਦਲੇ ਕੋਈ ਮੈਂਬਰਸਿ਼ੱਪ ਫੀਸ ਨਹੀਂ ਲਈ ਜਾਂਦੀ। ਇਸ ਤਰ੍ਹਾਂ ਬੱਚੇ ਉੱਥੋਂ ਆਪਣੀ ਲੋੜ/ਸ਼ੌਕ ਵਾਲੀਆਂ ਪੁਸਤਕਾਂ ਲੈ ਜਾਂਦੇ ਹਨ ਅਤੇ ਪੜ੍ਹਨ ਤੋਂ ਬਾਅਦ ਮਿੱਥੀ ਮਿਆਦ (ਲੱਗਭੱਗ ਚਾਰ ਕੁ ਹਫਤੇ) ਦੇ ਅੰਦਰ ਹੀ ਵਾਪਸ ਕਰ ਜਾਂਦੇ ਹਨ। ਇਸੇ ਤਰ੍ਹਾਂ ਜਦੋਂ ਕਿਧਰੇ ਪੁਸਤਕ ਮੇਲੇ ਲਗਦੇ ਹਨ ਤਾਂ ਬੱਚਿਆਂ ਦਾ ਖਿਆਲ ਕਰਦਿਆਂ ਮੇਲੇ ਵਿਚ ਬਹੁਤ ਸਾਰੇ ਸਟਾਲ ਬਾਲ ਸਾਹਿਤ ਦੇ ਵੀ ਹੁੰਦੇ ਹਨ। ਪ੍ਰਕਾਸ਼ਕ ਆਪਣੇ ਸਟਾਲਾਂ ’ਤੇ ਬਾਲ ਸਾਹਿਤ ਲਿਖਣ ਵਾਲੇ ਲੇਖਕਾਂ ਨੂੰ ਸੱਦਦੇ ਹਨ , ਬੱਚਿਆਂ ਨਾਲ ਮਿਲਾਉਂਦੇ ਹਨ। ਮਾਪੇ ਵੀ ਪੁਸਤਕ ਮੇਲੇ ’ਤੇ ਜਾਣ ਸਮੇਂ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਹਨ।
ਤੁਸੀਂ ਕਿਧਰੇ ਵੀ ਜਾਉ ਡਾਕਟਰ ਦੇ, ਵਕੀਲ ਦੇ ਜਾਂ ਹਜਾਮਤਾਂ ( ਵਾਲ ਕੱਟਣ ਦੀ ਦੁਕਾਨ) ਵਾਲਿਆਂ ਦੇ ਜਿੱਥੇ ਕੁੱਝ ਸਮਾਂ ਉਡੀਕ ਕਰਨੀ ਪਵੇ ਤਾਂ ਉਡੀਕ ਵਾਲੇ ਕਮਰੇ ਵਿਚ ਵੱਖੋ-ਵੱਖ ਵਿਸਿ਼ਆਂ ਨਾਲ ਸਬੰਧਤ ਦਸ-ਪੰਦਰਾਂ ਮੈਗਜ਼ੀਨ ਪੜ੍ਹਨ ਵਾਸਤੇ ਮਿਲ ਹੀ ਜਾਣਗੇ। ਇਹ ਐਵੇਂ ਜਹੇ ਨਹੀਂ ਹੁੰਦੇ। ਅੰਦਾਜਾ ਤਾਂ ਇੱਥੋਂ ਹੀ ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਵਿਚ ‘ਡੇਅਰ ਸ਼ਪੀਗਲ’ (ਜੋ ਅੰਗਰੇਜ਼ੀ ਦੇ ਕੌਮਾਂਤਰੀ ਹਫਤਾਵਾਰੀ ‘ਨਿਊਜ਼ਵੀਕ’ ਜਾਂ ‘ਟਾਈਮ’ ਦੇ ਪੱਧਰ ਦਾ ਹੈ) ਤੇ ਇਸ ਵਰਗੇ ਹੋਰ ਹਫਤਾਵਾਰੀ ਵੀ ਹੁੰਦੇ ਹਨ। ਇਹ ਸਿਰਫ ਵੱਡਿਆਂ ਵਾਸਤੇ ਹੀ ਨਹੀਂ ਹੁੰਦੇ ਇਨ੍ਹਾਂ ਵਿਚ ਬੱਚਿਆਂ ਵਾਸਤੇ ਬਾਲ ਸਾਹਿਤ ਨਾਲ ਸਬੰਧਤ ਪਰਚੇ ਵੀ ਹੁੰਦੇ ਹਨ। ਸਗੋਂ ਛੋਟੇ ਬੱਚਿਆਂ ਵਾਸਤੇ ਤਾਂ ਖਿਡੌਣੇ ਵੀ ਹੁੰਦੇ ਹਨ। ਪੇਟਿੰਗ ਕਰਨ ਵਾਸਤੇ ਰੰਗਦਾਰ ਪੈਨਸਿਲਾਂ ਅਤੇ ਸਫੈਦ ਕਾਗਜ਼ ਵੀ ਬੱਚਿਆਂ ਵਾਸਤੇ ਰੱਖੇ ਹੁੰਦੇ ਹਨ। ਇਸ ਸਬੰਧ ਵਿਚ ਬੱਚਿਆਂ ਦੀ ਉਮਰ ਦੇ ਲਿਹਾਜ਼ ਨਾਲ ਖਿਆਲ ਰੱਖਿਆ ਜਾਂਦਾ ਹੈ। ਪੁਸਤਕ ਤੇ ਖਿਡੌਣਾ ਬੱਚੇ ਦੀ ਉਮਰ ਮੁਤਾਬਕ ਹੀ ਠੀਕ ਹੁੰਦੇ ਹਨ। ਲੋਕ ਜਦੋਂ ਛੋਟੇ ਸਫਰ ਤੇ ਵੀ ਕਿਧਰੇ ਜਾਂਦੇ ਹਨ (ਰੇਲ ਗੱਡੀਆਂ, ਬੱਸਾਂ ਆਦਿ ਰਾਹੀਂ) ਤਾਂ ਜਿੱਥੇ ਖਾਣ-ਪੀਣ ਵਾਲੇ ਸਮਾਨ ਦਾ ਖਿਆਲ ਰੱਖਿਆ ਜਾਂਦਾ ਹੈ ਨਾਲ ਹੀ ਆਪਣੇ ਤੇ ਬੱਚਿਆਂ ਵਾਸਤੇ ਪੜ੍ਹਨ ਵਾਲੀਆਂ ਪੁਸਤਕਾਂ ਤੇ ਮੈਗਜ਼ੀਨ ਵੀ ਨਾਲ ਲੈ ਕੇ ਜਾਂਦੇ ਹਨ, ਇਹੋ ਹਾਲ ਛੁੱਟੀਆਂ ਕੱਟਣ ਵੇਲੇ ਦੂਰ-ਦੁਰਾਡੇ ਜਾਣ ਵਾਲਿਆਂ ਦਾ ਹੁੰਦਾ ਹੈ। ਇਕੱਲੇ-’ਕੈਹਰੇ ਤਾਂ ਰੇਲ, ਬੱਸ ਵਿਚ ਬਹਿੰਦਿਆਂ ਹੀ ਆਪਣੀ ਪੁਸਤਕ ਕੱਢ ਕੇ ਪੜ੍ਹਨ ਲੱਗ ਪੈਂਦੇ ਹਨ। ਗੱਡੀਆਂ, ਟਰਾਮਾਂ ਆਦਿ ਰਾਹੀਂ ਕੰਮਾਂ ਉੱਤੇ ਜਾਣ ਵੇਲੇ ਵੀ ਲੋਕ ਇਸ ਵਕਤ ਨੂੰ ਪੜ੍ਹਨ ਲਈ ਵਰਤ ਲੈਂਦੇ ਹਨ। ਬੱਚੇ, ਜਵਾਨ ਤੇ ਅੱਧਖੜ ਹੀ ਨਹੀਂ ਬੁੱਢੇ ਲੋਕ ਵੀ ਆਪਣੀ ਪਸੰਦ/ਸੁਹਜ ਵਾਲੇ ਪੁਸਤਕਾਂ ਤੇ ਮੈਗਜ਼ੀਨ ਨਾਲ ਹੀ ਰੱਖਦੇ ਹਨ ਤੇ ਆਮ ਪੜ੍ਹਦੇ ਦੇਖੇ ਜਾ ਸਕਦੇ ਹਨ। ਮਕਾਨ ਪਾਉਣ ਵਾਸਤੇ ਨੀਂਹ ਦੀ ਲੋੜ ਪੈਂਦੀ ਹੈ- ਮਜ਼ਬੂਤ ਨੀਂਹ ਦੀ। ਜਿਸ ਸਮਾਜ ਨੇ ਆਪਣੇ ਲੋਕਾਂ ਦੀ ਸੂਝ-ਸਮਝ ਦੇ ਪੱਧਰ ਨੂੰ ਉੱਚਿਆਂ ਚੁੱਕਣਾਂ ਹੈ ਉਸ ਨੂੰ ਪੁਸਤਕਾਂ ਦੀ ਹਰ ਹੀਲੇ ਲੋੜ ਪਵੇਗੀ। ਪੁਸਤਕਾਂ ਪੜ੍ਹਨ ਦੀ ਚੇਟਕ ਲਾਉਣੀ ਪੈਂਦੀ ਹੈ। ਪੜ੍ਹਨ ਦੀ ਚੇਟਕ ਲਾਉਣ ਦਾ ਕਾਰਜ ਬਚਪਨ ਤੋਂ ਹੀ ਸ਼ੁਰੂ ਕਰਨਾ ਚਾਹੀਦਾ ਹੈ। ਇਸ ਨਾਲ ਬੱਚਾ ਬੌਧਿਕ ਤੌਰ ’ਤੇ ਅਮੀਰ ਹੁੰਦਾ ਹੈ। ਨਿੱਤ-ਦਿਹਾੜੇ ਦੁਨੀਆਂ ਦੇ ਹੋਰ ਲੋਕਾਂ, ਕੌਮਾਂ, ਮੁਲਕਾਂ ਅਤੇ ਸੱਭਿਆਚਾਰਾਂ ਦੀ ਨਵੀਂ ਜਾਣਕਾਰੀ ਮਿਲਦੀ ਹੈ। ਬੱਚਿਆਂ ਦੇ ਪਾਲਣ-ਪੋਸ਼ਣ ਵਿਚ ਪੁਸਤਕਾਂ ਜ਼ਰੂਰੀ ਗਿਣਿਆਂ ਜਾਣ ਵਾਲਾ ਹਿੱਸਾ ਹਨ। ਉਨ੍ਹਾਂ ਦੇ ਬਹੁਪੱਖੀ ਅਤੇ ਮਨੋਵਿਗਿਆਨਕ ਵਿਕਾਸ ਦਾ ਸਿਹਤਮੰਦ ਤੱਤ ਹਨ। ਇਸ ਤੋਂ ਬਿਨਾਂ ਬੱਚੇ ਦੇ ਵਿਕਾਸ ਵਿਚ ਉਣਤਾਈਆਂ ਰਹਿ ਜਾਣ ਦੀ ਸੰਭਾਵਨਾਂ ਬਣੀ ਰਹੇਗੀ। ਨਵੀਂ ਜਾਣਕਾਰੀ ਨਾਲ ਬੱਚੇ ਦੇ ਅੰਦਰਲਾ ਸਵੈ-ਵਿਸ਼ਵਾਸ ਹੋਰ ਤਕੜਾ ਹੁੰਦਾ ਹੈ। ਇਹ ਸਵੈ-ਵਿਸ਼ਵਾਸ ਹੀ ਹੁੰਦਾ ਹੈ ਜੋ ਮਨੁੱਖੀ ਜਿ਼ੰਦਗੀ ਦੇ ਬੌਧਿਕ ਵਿਕਾਸ ਅਤੇ ਰੂਹਾਨੀ ਟਿਕਾਅ ਦੀ ਰੀੜ ਦੀ ਹੱਡੀ ਹੁੰਦੀ ਹੈ। ਉਸ ਨੂੰ ਤਕੜਿਆਂ ਕਰਨਾ ਹਰ ਇਨਸਾਨ ਦਾ ਫ਼ਰਜ਼ ਹੈ।
***
ਜਿੰਦ ਦਾ ਖੌਅ
ਕਿਸੇ ਵੀ ਇਨਸਾਨ ਵਾਸਤੇ ਜਿ਼ੰਦਗੀ ਤੋਂ ਵੱਧ ਪਿਆਰਾ ਹੋਰ ਕੁੱਝ ਨਹੀਂ ਹੋ ਸਕਦਾ। ‘ਜਾਨ ਨਾਲ ਜਹਾਨ’ ਵਾਲੀ ਕਹਾਵਤ ਇਥੋਂ ਹੀ ਪੈਦਾ ਹੁੰਦੀ ਹੈ। ਇਸ ਕਰਕੇ ਹੀ ਜਿ਼ੰਦਗੀ ਨੂੰ ਜੀਊਣ ਦਾ ਚਾਅ ਤੇ ਸੱਧਰ ਮਨ ਵਿਚ ਹੋਣੀ ਬਹੁਤ ਜ਼ਰੂਰੀ ਹੈ। ਜੇ ਕਿਸੇ ਮਨ ਵਿਚ ਜੀਊਣ ਦੀ ਸੱਧਰ ਹੀ ਪੈਦਾ ਨਾ ਹੋਵੇ ਤਾਂ ਕਾਹਦਾ ਜੀਊਣ? ਰੋਣ-ਧੋਣ ਵਾਲੀ ਜਿ਼ੰਦਗੀ ਵਿਚੋਂ ਵੀ ਕਦੇ ਕਿਸੇ ਨੇ ਕੁੱਝ ਖੱਟਿਆ? ਜੱਗ ਉੱਤੇ ਆਏ ਹਾਂ ਤਾਂ ਜਿੰ਼ਦਗੀ ਸਾਰਥਿਕ ਅਤੇ ਅਰਥ ਭਰਪੂਰ ਵੀ ਹੋਣੀ ਚਾਹੀਦੀ ਹੈ। ਅੱਜ ਦੁਨੀਆਂ ਤਕਨੀਕੀ ਤਰੱਕੀ ਦੀ ਸਿਖਰ ਛੋਹ ਰਹੀ ਹੈ। ਨਵੀਆਂ ਵਿਗਿਆਨਕ ਕਾਢਾਂ ਦੇ ਆਸਰੇ ਅੱਗੇ ਵਧਣ ਦੇ ਦਰ ਖੁੱਲ੍ਹ ਰਹੇ ਹਨ, ਨਵੇਂ ਸੁਖ, ਨਵੇਂ ਰਾਹ ਮਨੁੱਖ ਦੇ ਪੈਰਾਂ ਹੇਠ ਵਿਛ ਰਹੇ ਹਨ। ਇਹ ਮਨੁੱਖੀ ਸੋਚ-ਸੂਝ ਦੀ ਸਰਗਰਮੀ ਅਤੇ ਸਿਰਜਣਾ ਦੇ ਕ੍ਰਿਸ਼ਮੇ ਹਨ। ਇਨ੍ਹਾਂ ਵਲ ਧਿਆਨ ਨਾ ਦੇਣਾਂ ਆਪਣੇ ਆਪ ਨਾਲ ਬੇ-ਇਨਸਾਫੀ ਕਰਨ ਦੇ ਬਰਾਬਰ ਹੈ। ਪਰ ਇਹ ਵੀ ਸੱਚ ਹੈ ਕਿ ਬਹੁਤ ਸਾਰੇ ਲੋਕ ਇਸ ਨੂੰ ਸਮਝਣ ਤੋਂ ਵੀ ਅਸਮਰਥ ਹਨ। ਅਜਿਹੇ ਲੋਕ ਅੱਗੇ ਵੀ ਨਹੀਂ ਵਧ ਸਕਦੇ। ਇਸ ਕਰਕੇ ਹੀ ਉਹ ਆਪਣੇ ਆਪ ਅਤੇ ਸਮਾਜ ਵਾਸਤੇ ਸੁਖਾਵਾਂ ਮਹੌਲ ਸਿਰਜਣ ਤੋਂ ਵਿਰਵੇ ਰਹਿ ਜਾਂਦੇ ਹਨ। ਸਮਾਜੀ ਸੰਸਕਾਰ ਦਸਦੇ ਹਨ ਕਿ ਦੁਨੀਆਂ ਅੰਦਰ ਅਜੇ ਵੀ ਬਹੁਤ ਸਾਰੇ ਵਿਤਕਰੇ ਕਾਇਮ ਹਨ। ਬਹੁਤ ਵਾਰ ਪੱਖਪਾਤ ਘਰ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਭਾਰਤੀ ਸਮਾਜ ਨੂੰ ਇਸਦੇ ਗੁੰਝਲਦਾਰ ਢਾਂਚੇ ਅਤੇ ਵਤੀਰੇ ਕਰਕੇ ਸਮਝਣਾ ਬਹੁਤ ਔਖਾ ਹੈ। ਕੀ ਇਸ ਨੂੰ ਕੋਈ ਸਮਝਦਾਰੀ ਦੀ ਗੱਲ ਕਹਿ ਸਕਦਾ ਹੈ ਕਿ ਸਮਾਜ ਅੰਦਰ ਔਰਤ ਨੂੰ ਦੂਜੇ ਦਰਜੇ ਦਾ ਇਨਸਾਨ ਸਮਝਿਆ ਜਾਵੇ, ਉਹ ਵੀ ਔਰਤ ਦੇ ਆਪਣੇ ਹੀ ਜਾਇਆਂ ਵਲੋਂ? ਜੇ ਸੰਸਕਾਰਾਂ ਦੀ ਤਹਿ ਫਰੋਲਣ ਵਲ ਵਧੀਏ ਤਾਂ ਦੇਖਦੇ
ਹਾਂ ਕਿ ਮਰਦ ਪ੍ਰਧਾਨ ਸਮਾਜ ਨੇ ਔਰਤ ਨੂੰ ਹੀਣੀ ਸਮਝ ਕੇ ਬਹੁਤ ਰੋਲ਼ਿਆ ਹੈ, ਤੜਪਾਇਆ, ਦੁਖਾਇਆ, ਸਤਾਇਆ ਅਤੇ ਰੁਆਇਆ ਹੈ। ਸੰਤਾਪ ਭੋਗਣ ਵਾਸਤੇ ਮਜਬੂਰ ਕੀਤਾ ਹੈ। ਬੱਚੇ ਨਾ ਜੰਮਣ ਤਾਂ ਔਰਤ ਦਾ ਕਸੂਰ, ਬੱਚੇ ਬਹੁਤੇ ਜੰਮਣ ਤਾਂ ਵੀ ਔਰਤ ਦੋਸ਼ੀ। ਜੇ ਸਿਰਫ ਧੀਆਂ ਹੀ ਜੰਮ ਪੈਣ ਤਾਂ ਉਸਨੂੰ ਕੁਲੈਹਣੀ, ਕੁਲੱਛਣੀ ਤੇ ਹੋਰ ਭਲਾਂ ਕਿਹੜਾ ਅਜਿਹਾ ਭੈੜਾ ਸ਼ਬਦ ਹੈ ਜਿਹੜਾ ਉਹਦੇ ਵਾਸਤੇ ਨਹੀਂ ਵਰਤਿਆ ਜਾਂਦਾ? ਕੀ ਕਿਸੇ ਜਣਨੀ ਦਾ ਇਸ ਤਰ੍ਹਾਂ ਬਿਨਾ ਕਿਸੇ ਕਾਰਨ ਦੇ ਅਪਮਾਨ ਕਰਨਾ ਠੀਕ ਹੈ? ਕੀ ਮਰਦ ਕਦੇ ਵੀ ਕਸੂਰਵਾਰ ਨਹੀਂ ਹੁੰਦਾ? ਇਹਦੇ ਬਾਰੇ ਠੰਢੇ ਦਿਲ ਤੇ ਦਿਮਾਗ ਨਾਲ ਸੋਚਣਾ ਚਾਹੀਦਾ ਹੈ।
ਮਰਦ ਪ੍ਰਧਾਨ ਸਮਾਜ ਅੰਦਰ ਮਰਦਾਂ ਨੇ ਆਪਣੇ ਆਪ ਨੂੰ ਹੀ ਸੂਤ ਬੈਠਦੀਆਂ ਰਸਮਾਂ/ਰੀਤਾਂ (ਅਲਾਮਤਾਂ) ਸੰਸਕਾਰਾਂ ਦੇ ਨਾਂ ਹੇਠ ਮੱਲੋਜੋਰੀ ਬਿਨਾਂ ਉਹਦੀ ਮਰਜ਼ੀ ਤੋਂ ਔਰਤ ਦੇ ਗਲ਼ ਪਾਈਆਂ ਹਨ। ਕਿਉਂਕਿ ਇਸ ਤਰ੍ਹਾਂ ਮਰਦ ਦੀ ਹਓਮੈਂ ਨੂੰ ਪੱਠੇ ਪੈਂਦੇ ਹਨ। ਔਰਤ ਦੀ ਹੋਂਦ ਨੂੰ ਖੋਰਨ ਦਾ ਯਤਨ ਕੀਤਾ ਜਾਂਦਾ ਹੈ। ਸਵੈ ਮਾਣ ਅਤੇ ਸਵੈ-ਵਿਕਾਸ ਵਲ ਵਧਦੇ ਕਿਸੇ ਔਰਤ ਦੇ ਕਦਮਾਂ ਨੂੰ ਬ੍ਰਾਹਮਣੀ ਸੋਚ (ਜੋ ਗੈਰ ਮਨੁੱਖੀ ਹੈ) ਦਾ ਡਾਹਾ ਪਾਇਆ ਜਾਂਦਾ ਹੈ (ਜਿਨ੍ਹਾਂ ਲੋਕਾਂ ਨੇ ਛੋਟੇ ਹੁੰਦਿਆਂ ਪਸ਼ੂ ਚਾਰੇ ਹਨ ਉਨ੍ਹਾ ਨੂੰ ਪਤਾ ਹੋਣੈ ਕਿ ਨੱਠਣ ਭੱਜਣ ਵਾਲੇ ਅਵੈੜ ਕਿਸਮ ਦੇ ਪਸ਼ੂਆਂ ਦੇ ਬਾਹਰ ਜਾਣ ਵੇਲੇ ਰੱਸੇ ਨਾਲ ਬੰਨ੍ਹ ਕੇ ਗਲ਼ ਵਿਚ ਮਜਬੂਤ ਲੱਕੜ ਦਾ ਇਕ ਟੋਟਾ ਪਾ ਦਿੱਤਾ ਜਾਂਦਾ ਹੈ ਜਿਸਨੂੰ ਡਾਹਾ ਆਖਿਆ ਜਾਂਦਾ ਹੈ। ਜੇ ਪਸ਼ੂ ਨੱਠਣ-ਭੱਜਣ ਦਾ ਯਤਨ ਕਰੇ ਤਾਂ ਉਹ ਗਲ਼ ਪਾਇਆ ਡਾਹਾ ਉਹਦੇ ਗੋਡੇ-ਗਿੱਟੇ ਭੰਨਦਾ ਹੈ) ਬ੍ਰਾਹਮਣੀ ਸੋਚ ਨੇ ਔਰਤ ਨਾਲ ਸਦੀਆਂ ਤੱਕ ਇਹ ਹੀ ਵਿਹਾਰ ਕੀਤਾ। ਔਰਤ ਨੂੰ ਮਰੇ ਹੋਏ ਪਤੀ ਦੇ ਨਾਲ ਮੱਲੋ-ਜੋਰੀ ਜੀਊਂਦਿਆਂ ਸਾੜ ਕੇ ‘ਸਤੀ’ ਦਾ ‘ਖਿਤਾਬ’ ਦਿੱਤਾ ਜਾਂਦਾ ਸੀ। ਕੀ ਕਦੇ ਕਿਸੇ ਮਰਦ ਨੇ ਵੀ ਜੀਊਂਦਿਆਂ ‘ਸਤੀ’ ਹੋਣ ਵਰਗੀ ‘ਮਰਦਾਨਗੀ’ ਵਿਖਾਈ ਸੀ ਜਾਂ ਹੈ? ਸਮਾਜ ਦੇ ਇਨ੍ਹਾਂ ਆਪੇ ਬਣੇ ਦੱਲਿਆਂ ਵਰਗੇ ਮੁਖੀਆਂ ਵਲੋਂ ਵਿਧਵਾ ਔਰਤਾਂ ਨੂੰ ਨਰਕ ਵਰਗੀ ਜਿ਼ੰਦਗੀ ਭੋਗਣ ਵਾਸਤੇ ਮਜਬੂਰ ਕੀਤਾ ਜਾਂਦਾ ਰਿਹਾ। ਜਦੋਂ ਕੋਈ ਸਿਆਣੀ, ਸੂਝਵਾਨ, ਜਾਗ੍ਰਿਤ ਤੇ ਦਲੇਰ ਦੀਪਾ ਮਹਿਤਾ ਕਲਾ ਦੇ ਰਸਤੇ ਔਰਤ ਦੀ ਇਸ ਕੋਹਝ ਭਰੀ ਜਿ਼ੰਦਗੀ ਦਾ ਚਿਤ੍ਰਣ ਪੇਸ਼ ਕਰਨ ਦਾ ਸਾਹਸ ਤੇ ਯਤਨ ਕਰਦੀ ਹੈ ਤਾਂ ਬਦੀ ਅਤੇ ਹਨੇਰੇ ਦੀਆਂ ਹਮਾਇਤੀ, ਨੇਕੀ ਅਤੇ ਚਾਨਣ ਦੀਆਂ ਦੋਖੀ ਕਾਲ਼ੀਆਂ-ਕੁਲੈਹਣੀਆਂ ਬੇਸ਼ਰਮ ਤਾਕਤਾਂ ਆਪਣੀ ਸਿਆਸੀ ਰਖੇਲ ਰਾਜ ਸ਼ਕਤੀ ਨੂੰ ਵਰਤਦੀਆਂ ਹਨ। ਅਜਿਹੇ ਸਮੇਂ ਰਾਜ ਸੱਤਾ ਉੱਤੇ ਕਾਬਜ਼ ਲੋਕ ਦੋਖੀ, ਸਿਆਸੀ ਹੀਜੜੇ (ਜਿਨ੍ਹਾਂ ਨੂੰ ਰਾਜਸੀ ਨੇਤਾ ਵੀ ਆਖਿਆ ਜਾਂਦਾ ਹੈ) ਲੋਕ ਰਾਜ ਦੇ ਹਮਾਇਤੀ ਹੋਣ ਦੀ ਝੂਠੀ ਡੌਂਡੀ ਪਿੱਟਣ ਵਾਲੇ, ਆਪਣੇ ਵੋਟ ਬੈਂਕ ਦੀ ਰਾਖੀ ਕਰਨ ਦਾ ਦੰਭ ਪਾਲਦੇ ਹੋਏ, ਸੁੱਚੀਆਂ ਲੋਕ ਭਾਵਨਾਵਾਂ ਦਾ
ਅਪਮਾਨ ਕਰਦੇ ਹੋਏ ਗੈਰ-ਮਨੁੱਖੀ “ਸੰਸਕ੍ਰਿਤੀ” ਦੇ ਝੂਠੇ ਦਾਅਵੇਦਾਰਾਂ ਅੱਗੇ ਸਿਰ ਪਰਨੇ ਹੋ ਕੇ ਆਪਣੀ ਭੁੱਲ ਬਖਸ਼ਾਉਣ ਦੇ ਖੇਖਣ ਵੀ ਕਰਦੇ ਹਨ। ਕੀ ਝੂਠ ਦੇ ਇਨ੍ਹਾਂ ਪੁੱਤਰਾਂ ਵਲੋਂ ਇਸੇ ਤਰ੍ਹਾਂ ਦੇ ‘ਰਾਮ ਰਾਜ’ ਨੂੰ ਲਿਆਉਣ ਦੀ ਦੁਹਾਈ ਦਿੱਤੀ ਜਾਂਦੀ ਹੈ? ਫੇਰ ਤਾਂ ਇਸ ਤੋਂ ਇਨਕਾਰੀ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸਗੋਂ ਹਰ ਕਿਸੇ ਵਲੋਂ ਆਪੋ-ਆਪਣੀ ਸਮੱਰਥਾ ਮੁਤਾਬਿਕ ਇਸ ਕੁਚੱਜ ਦਾ ਸਰਗਰਮੀ ਨਾਲ ਜੋਰਦਾਰ ਵਿਰੋਧ ਕਰਨਾ ਪਵਿੱਤਰ ਮਨੁੱਖੀ ਫ਼ਰਜ਼ ਹੋਣਾ ਚਾਹੀਦਾ ਹੈ।
ਔਰਤ ਨੂੰ ‘ਸੰਸਕ੍ਰਿਤੀ’ ਦੇ ਨਾਂ ਹੇਠ ਲੱਜਾ, ਸ਼ਰਮ-ਹਯਾ ਦੇ ਬਹੁਤ ਪ੍ਰਵਚਨ ਸੁਣਾਏ ਜਾਂਦੇ ਹਨ। ਕੀ ਸ਼ਰਮ-ਹਯਾ ਦਾ ਮਸਲਾ ਸਿਰਫ ਔਰਤ ਤੱਕ ਹੀ ਸੀਮਤ ਹੋਣਾ ਚਾਹੀਦਾ ਹੈ? ਕੀ ਮਰਦਾਂ ਦਾ ਬੇ-ਲੱਜ ਤੇ ਬੇ-ਹਯਾ ਹੋਣਾ ਸਹਿਣਯੋਗ ਹੋ ਸਕਦਾ ਹੈ? ਕੀ ਇਹ ਸਿਹਤਮੰਦ ਸਮਾਜ ਦੀ ਨਿਸ਼ਾਨੀ ਹੋ ਸਕਦੀ ਹੈ? ਨਹੀਂ, ਬਿਲਕੁਲ ਨਹੀਂ। ਜਦੋਂ ਵੀ ਕਿਸੇ ਕਿਸਮ ਦੇ ਕਹਿਰ ਵਾਪਰਦੇ ਹਨ ਤਾਂ ਰਾਜ ਸੱਤਾ ਉੱਤੇ ਕਾਬਜ਼,ਸੱਚ ਦੇ ਨਾਂ ’ਤੇ ਝੂਠੀਆਂ ਕਸਮਾਂ ਖਾਣ ਵਾਲੇ ਝੂਠ ਦੇ ਪੁੱਤਰ ਲੋੜ ਵੇਲੇ ਸਮੇਂ ਅਤੇ ਸਮਾਜ ਵਲ ਪਿੱਠ ਕਰ ਲੈਂਦੇ ਹਨ। ਆਪਣੇ ਹੀ ਰਾਜ (ਜਿਸਨੂੰ ਉਹ ਲੋਕ ਰਾਜ ਵੀ ਕਹਿੰਦੇ ਹਨ) ਦੀ ਪ੍ਰਜਾ ਨੂੰ ਦਰਿੰਦਿਆਂ ਦੇ ਮੂੰਹ ਦੇਣ ਤੋਂ ਗੁਰੇਜ਼ ਨਹੀਂ ਕਰਦੇ ਅਤੇ ਆਪ ਬੇਸ਼ਰਮੀ ਦੇ ਘੋੜੇ ’ਤੇ ਸਵਾਰ ਹੋ ਕੇ ਨੈਤਿਕਤਾ ਬਾਰੇ ਲੈਕਚਰ ਵੀ ਝਾੜਦੇ ਫਿਰਨਗੇ। ਕਾਨੂੰਨ ਜਿਹੜੇ ਉਨ੍ਹਾਂ ਨੇ ਖੁਦ ਹੀ ਬਣਾਏ ਹੁੰਦੇ ਹਨ, ਉਨ੍ਹਾ ਦੇ ਕਮਜ਼ੋਰ ਹੋਣ ਦੀ ਦੁਹਾਈ ਦੇਣਗੇ। ਭਾਵ ਲੋਕਾਂ ਨੂੰ ਮੂਰਖ ਬਨਾਉਣ ਵਾਸਤੇ ਪੂਰਾ ਟਿੱਲ ਲਾ ਦਿੰਦੇ ਹਨ। ਆਪਣੇ ਵਲੋਂ ਪੂਰੀ ਕੋਸਿ਼ਸ਼ ਕਰਦੇ ਹਨ ਜਾਗਦਿਆਂ ਨੂੰ ਪੌਂਦੀ ਪਾਉਣ ਦੀ। ੳਜਿਹੇ ਕਮੀਨਿਆਂ ਨੂੰ ਬੇਈਮਾਨ ਨਾ ਕਿਹਾ ਜਾਵੇ ਤਾਂ ਕੀ ਕਿਹਾ ਜਾਵੇ? ਭਾਰਤੀ ‘ਸੰਸਕ੍ਰਿਤੀ’ ਜਿਸ ਨੂੰ ਆਮ ਕਰਕੇ ਹਿੰਦੂਵਾਦ ਦੇ ਨਾਂ ਥੱਲੇ ਹੋਏ ਵਾਪਰੇ, ਇਤਿਹਾਸਕ/ਮਿਥਿਹਾਸਕ ਕਲੋਲਾਂ ਨਾਲ ਬੰਨਣ ਦਾ ਯਤਨ ਕੀਤਾ ਜਾਂਦਾ ਹੈ। ਝੂਠ ਨੂੰ ਸੱਚ ਦੇ ਤੌਰ ’ਤੇ ਪੇਸ਼ ਕਰਨ ਦੇ ਮੱਲੋਜ਼ੋਰੀ ਗੈਰ-ਇਖ਼ਲਾਕੀ ਉਪਰਾਲੇ ਕੀਤੇ ਜਾਂਦੇ ਹਨ। ਚੇਤਿਆਂ ਵਿਚੋਂ ਨਾ ਵਿਸਰਨ ਦੇਣ ਵਾਲੀ ਮਹੱਤਵ ਭਰੀ ਗੱਲ ਇਹ ਹੈ ਕਿ ਭਾਰਤੀ ਸੱਭਿਆਚਾਰਕ ਰਵਾਇਤ ਸਾਰੀ ਦੀ ਸਾਰੀ ਬਿਲਕੁਲ ਗੈਰ-ਮਨੁੱਖੀ ਨਹੀਂ ਰਹੀ। ਇਸ ਅੰਦਰ ਸਹਿਣਸ਼ੀਲਤਾ, ਭਰੱਪਣ, ਆਪਸੀ ਸਾਂਝ ਅਤੇ ਮਸਲਿਆਂ ਸਬੰਧੀ ਸੰਵਾਦ ਰਚਾਉਣ ਦੇ ਜੋਰਦਾਰ ਹੰਭਲੇ ਵਜਦੇ ਰਹੇ ਹਨ। ਦੂਰ ਨਾ ਜਾਈਏ ਭਗਤੀ ਲਹਿਰ, ਗੁਰੂਆਂ ਦੀ ਬਾਣੀ ਅਤੇ ਸੂਫੀਆਂ ਦੇ ਸੁੱਚੇ ਦਰਵੇਸ਼ੀ ਬੋਲ ਕਾਹਦਾ ਸੱਦਾ ਦਿੰਦੇ ਹਨ ਭਲਾਂ? ਆਰਿਆਂ ਥੱਲੇ ਖੜ੍ਹੇ ਹੋਣਾ, ਜ਼ੁਲਮ ਨੂੰ ਵੰਗਾਰਦਿਆਂ ਤੱਤੀ ਤਵੀ ’ਤੇ ਬੈਠ ਤੱਤੀ ਰੇਤ ਸਿਰ ਵਿਚ ਪੈਂਦੀ ਸਹਿਣਾ, ਆਪਣਾ ਸਿਰ ਲੋਕਾਂ ਤੋਂ ਵਾਰ ਕੇ ਹਿੰਦ ਦੀ ਅਣਖ ਦਾ ਨੰਗਾ ਸਿਰ ਢਕਣਾ, ਦੇਸ਼ ਦੀ ਇੱਜਤ-ਅਣਖ ਖਾਤਰ ਤੋਪਾਂ ਮੂਹਰੇ ਖੜ੍ਹੇ ਹੋ ਤੂੰਬਾ ਤੂੰਬਾ ਹੋ ਕੇ ਉਡਣਾ, ਅਣਖੀ ਤੇ ਸੂਝਵਾਨ ਗੱਭਰੂਆਂ ਵਲੋਂ ਮੁਲਕ ਦੇ ਗਲ਼ ਪਏ ਗੁਲਾਮੀ ਦੇ ਸੰਗਲ ਕੱਟਣ ਵਾਸਤੇ ਹੱਸਦਿਆਂ ਫਾਂਸੀ ਦੇ ਰੱਸੇ ਚੁੰਮਣੇ ਆਦਿ ਇਹਨੂੰ ਕਹਿੰਦੇ ਹਨ ਨੈਤਿਕਤਾ, ਲੋਕ ਦਰਦ ਅਤੇ ਸਹਿਣਸ਼ੀਲਤਾ। ਇਹ ਹੈ ਭਾਰਤ ਦੇ ਸੂਰਬੀਰਾਂ ਵਲੋਂ ਸਿਰਜੀ ਅਸਲੀ ਰਵਾਇਤ ਅਣਖੀ ਤੇ ਸੂਝ ਭਰਪੂਰ।
ਜਦੋਂ ਵੀ ਬ੍ਰਾਹਮਣੀ ਸੋਚ/ਸੰਸਕਾਰਾਂ ਦੀ ਗੱਲ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਇਹ ਮਨੁੱਖਤਾ ਨੂੰ ਪਾੜਦੀ, ਇਨਸਾਨਾਂ ਦਰਮਿਆਨ ਇਕ ਦੂਜੇ ਪ੍ਰਤੀ ਨਫ਼ਰਤ ਪੈਦਾ ਕਰਦੀ ਨਜ਼ਰ ਆਉਂਦੀ ਹੈ। ਔਰਤ ਦਾ ਸਭ ਤੋਂ ਵੱਧ ਅਪਮਾਨ ਇਸ ਸੋਚ ਨੂੰ ਅਪਣਾਏ ਹੋਏ ਲੋਕਾਂ ਨੇ ਹੀ ਕੀਤਾ ਹੈ। ਔਰਤ ਨੂੰ ਸ਼ਰਮ-ਹਯਾ ਦਾ ਪਾਠ ਪੜ੍ਹਾਉਣ ਵਾਲੇ ਵਿਹਲੜ, ਨਿਕੰਮੇ , ਠਰਕੀ ਅਤੇ ਅੱਯਾਸ਼ ਕਿਸਮ ਦੇ “ਮਹਾਂਪੁਰਸ਼” ਔਰਤ ਨੂੰ ਜੂਏ ਤੇ ਦਾਅ ’ਤੇ ਲਾਉਣ ਅਤੇ ਹਾਰਨ ਵਰਗਾ ਕੁਕਰਮ ਵੀ ਕਰਦੇ ਰਹੇ ਹਨ। ਇਹ ਹੀ ਹਨ, ਸ਼ਰਮਾਂ ਵਾਲੇ ਨੈਤਿਕਤਾ ਦੇ ਵੱਡੇ ਠੇਕੇਦਾਰ? ਕਦੇ ਆਪਣੇ ਆਪ ਨੂੰ ਭਗਵਾਨ ਕਹਾਉਣ ਵਾਲੇ ਆਪਣੀ ਹੀ ‘ਅਰਧਾਂਗਨੀ’ (ਪਤਨੀ) ਨੂੰ ਸ਼ੱਕੀ ਸਮਝ ਕੇ ਅਗਨੀ ਪ੍ਰੀਖਿਆ ਦੇਣ ਵਾਸਤੇ ਆਖਦੇ ਰਹੇ। ਇਹਤੋਂ ਵੱਡਾ ਅਨੱਰਥ ਹੋਰ ਕੀ ਹੋ ਸਕਦਾ ਹੈ? ਇਹ ਤਾਂ ਭਾਰਤ ਦੇ ਭ੍ਰੱਪਣ ਭਰੇ ਸਾਂਝੇ ਲੋਕ ਸੱਭਿਆਚਾਰ ਦੇ ਇਤਿਹਾਸ ਉੱਤੇ ਪਏ ਕਾਲੇ ਧੱਬੇ ਹਨ। ਕਾਲੇ ਧੱਬਿਆਂ ਦੀ ਪੂਜਾ ਨਹੀਂ ਕੀਤੀ ਜਾ ਸਕਦੀ, ਦਲੀਲ ਨਾਲ ਪਰਖਦਿਆਂ ਇਨ੍ਹਾਂ ਨੂੰ ਨਕਾਰਨਾ ਸਮੇਂ ਦੀ ਵੱਡੀ ਲੋੜ ਹੈ।
ਸਮਾਜੀ ਰਹੁ-ਰੀਤਾਂ ਦੇ ਆਸਰੇ ਵੀ ਔਰਤ ਨੂੰ ਪਛਾੜਿਆ ਤੇ ਲਤਾੜਿਆ ਜਾਂਦਾ ਹੈ। ਔਰਤ ਦੇ ਪਤੀ-ਬ੍ਰਤਾ ਹੋਣ ਦਾ ਸਬੂਤ ਦੇਣ ਖਾਤਰ ਵਿਆਹ ਵੇਲੇ ਇਕ ਮੰਗਲ ਸੂਤਰ (ਦਰਅਸਲ ਇਹ ਸੰਗਲ ਸੂਤਰ ਹੈ, ਪਸ਼ੂਆਂ ਦੇ ਗਲ ਵਿਚ ਸੰਗਲ ਪਾਇਆ ਜਾਂਦਾ ਹੈ ਔਰਤਾਂ ਦੇ ਗਲ ਵਿਚ ਸੰਗਲ-ਸੂਤਰ) ਪਾਇਆ ਜਾਂਦਾ ਹੈ। ਦੂਜੇ ਸ਼ਬਦਾਂ ਵਿਚ ਇਸਨੂੰ ਪਸ਼ੂਆਂ ਦੇ ਗਲ ਵਿਚ ਪਾਏ ਜਾਣ ਵਾਲੇ ਡਾਹੇ ਦਾ ਹੀ ਸੁਧਰਿਆ ਰੂਪ ਕਹਿਣਾ ਚਾਹੀਦਾ ਹੈ। ਕੀ ਔਰਤ ਦੇ ਗਲ ਵਿਚ ਮੰਗਲ ਸੂਤਰ ਪਾਉਣਾ ਹੀ ਉਸਦੀ ਵਫ਼ਾਦਾਰੀ ਅਤੇ ਪ੍ਰੇਮ ਉੱਤੇ ਸ਼ੱਕ ਨਹੀਂ? ਮਰਦ ਪਤਨੀ-ਬ੍ਰਤਾ (ਪਤਨੀ ਦਾ ਵਫਾਦਾਰ) ਵਜੋਂ ਗਲ ਵਿਚ ਕਿਉਂ ਕੁੱਝ ਨਹੀਂ ਪਾਉਂਦਾ? ਕੀ ਮਰਦ ਵਾਸਤੇ ਸਭ ਕੁੱਝ ਜਾਇਜ਼ ਹੈ, ਉਹ ਸਿਆਹ ਕਰੇ ਜਾਂ ਸੁਆਹ? ਪ੍ਰੇਮ ਅਤੇ ਵਫ਼ਾਦਾਰੀ ਤਾਂ ਇਕ ਦੂਜੇ ਪ੍ਰਤੀ ਦਿਲਾਂ ਦੇ ਸੌਦੇ ਹਨ, ਅਪਣੱਤ ਦੀਆਂ ਗੰਢਾਂ ਹਨ। ਸੱਚਾ ਪਿਆਰ ਤਾਂ ਦੋ ਦਿਲਾਂ ਵਿਚਲੀ ਸਾਂਝ ਦੀ ਖੁਸ਼ਬੋਈ ਹੈ। ਇਹਨਾਂ ਕੱਚੇ ਧਾਗਿਆਂ (ਪੈਸੇ ਵਾਲੇ ਬੇਹੱਦ ਕੀਮਤੀ ਸੋਨੇ ਦੇ ਹੀਰਿਆਂ ਜੜੇ ਵੀ ਪਾਉਂਦੇ ਹਨ) ਤੋਂ ਬਿਨਾਂ ਆਪਸੀ ਵਿਸ਼ਵਾਸ ਡੋਲਣ ਨਹੀਂ ਲੱਗਾ, ਅਤੇ ਇਸ ਪਖੰਡ ਤੋਂ ਬਿਨਾ ਪ੍ਰੇਮ ਖਿਲਰਨ ਨਹੀਂ ਲੱਗਾ। ਇਹ ਤਾਂ ਸਿਰਫ ਔਰਤ ਨੂੰ ਹੀਣੀ ਕਰਨ ਦਾ ਸ਼ਰਾਰਤੀਆਂ ਵਲੋਂ ਕਮੀਨਗੀ ਭਰਿਆ ਸੁਚੇਤ ਯਤਨ ਹੀ ਆਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਔਰਤ ਦੇ ਨੱਕ ਵਿਚ ਪਾਏ ਕੋਕੇ ਅਤੇ ਨੱਥ ਦਾ ਹਵਾਲਾ ਵੀ ਦਿੱਤਾ ਜਾ ਸਕਦਾ ਹੈ। ਨੱਥ ਵੀ ਪਸ਼ੂਆਂ ਖਾਸ ਕਰਕੇ ਬਲ਼ਦਾਂ ਅਤੇ ਝੋਟਿਆਂ (ਸੰਢਿਆਂ) ਦੇ ਨੱਕ ਵਿਚ ਪਾਈ ਜਾਂਦੀ ਹੈ। ਇਸ ਤਰ੍ਹਾਂ ਇਹ ਵੀ ਆਖਿਆ ਜਾ ਸਕਦਾ ਹੈ ਕਿ ਇਹ ਮਰਦ ਪ੍ਰਧਾਨ ਸਮਾਜ ਅੰਦਰਲੀ ਭੈੜੀ ਅਤੇ ਬੌਣੀ ਸੋਚ ਵਲੋਂ ਔਰਤ ਨੂੰ ਇਨਸਾਨ ਤੋਂ ਹੀਣਾ ਕਰਨ ਵਲ ਤੁਰਦੇ ਕਦਮ ਹਨ। ਕਈ ਵਾਰ ਜਿਸਨੂੰ ‘ਬਹੁਤੇ ਸਿਆਣੇ’ ਹਿੰਦੂ ਰਹੁ-ਰੀਤਾਂ ਵੀ ਆਖ ਦਿੰਦੇ ਹਨ। ਇਹ ਜੋ ਕੁੱਝ ਵੀ ਹੋਵੇ ਪਰ ਸੱਚ ਨਹੀਂ, ਇਹ ਤਾਂ ਨਿਰਾ ਝੂਠ ਹੈ, ਦੰਭ ਹੈ , ਪਖੰਡ ਹੈ। ਇਹ ਭੰਡਣ ਯੋਗ ਤੋਂ ਵੀ ਅੱਗੇ ਨਕਾਰਨ ਯੋਗ ਹੈ। ਮਾਵਾਂ, ਭੈਣਾਂ, ਧੀਆਂ ਦਾ ਇਹ ਅਪਮਾਨ ਕਦੋਂ ਤੱਕ, ਆਖਰ ਕਦੋਂ ਕੁ ਤੱਕ? ਔਰਤਾਂ ਵਲੋਂ ਵਰਤਮਾਨ ਦੇ ਹਾਣ ਦਾ ਹੋ ਕੇ ਜੀਊਣ ਵਾਸਤੇ, ਆਪਣੇ ਸਵੈਮਾਣ ਦੀ ਰਾਖੀ ਲਈ ਇਹੋ ਜਹੇ ਪਖੰਡਾਂ ਨੂੰ ਛੱਡਣਾ ਬਹੁਤ ਜ਼ਰੂਰੀ ਹੈ। ਇਕ ਹੋਰ ਭੈੜੀ ਰੀਤ ਦਾ ਜਿ਼ਕਰ ਕਰਨਾ ਜ਼ਰੂਰੀ ਹੈ ਕਿ ਔਰਤ ਨੂੰ ਆਪਣੇ ਪਤੀ ਦੀ ਲੰਬੀ ਉਮਰ ਵਾਸਤੇ ਵਰਤ ਰੱਖਣ (ਕਰਵਾ ਚੌਥ ਆਦਿ) ਦਾ ਆਦੇਸ਼ ਹੈ। ਪਰਦੇਸ ਵਸਦੇ ਭਾਰਤੀ ਭਾਈਚਾਰੇ ਵਿਚ ਇਸ ਵਰਤਾਰੇ ਬਾਰੇ ਬੜਾ ਕੁੱਝ ਸੁਣਨ ਨੂੰ ਮਿਲਦਾ ਹੈ ਜਿਵੇਂ ਕਿ, ‘ਕੋਈ ਬੀਬੀ ਤੜਕੇ ਹੀ ਉੱਠਕੇ, ਲਾਈਟ ਜਗਾ ਕੇ ਘਰ ਦੇ ਅੰਦਰ ਇੱਧਰ ਤੋਂ ਉੱਧਰ ਅਤੇ ਉੱਧਰ ਤੋਂ ਇੱਧਰ ਫਿਰਨ ਲੱਗੀ। ਉਹ ਕਰਵਾ ਚੌਥ ਦਾ ਵਰਤ ਰੱਖਣ ਦੀ ਤਿਆਰੀ ਕਰ ਰਹੀ ਸੀ। ਸੁੱਤੇ ਪਏ ਉਸਦੇ ਘਰ ਵਾਲੇ ਦੀ ਅੱਖ ਖੁੱਲ੍ਹ ਗਈ ਉਹ ਕਹਿਣ ਲੱਗਾ, ਭਾਗਵਾਨੇ ਕੀ ਗੱਲ ਐ, ਘੜੀ ਸੌਂ ਲੈਣ ਦੇ ਫੇਰ ਕੰਮ ਤੇ ਵੀ ਜਾਣਾ ਹੈ। ਬੀਬੀ ਜੋ ਪਹਿਲਾਂ ਹੀ ਖਪੀ ਪਈ ਸੀ ਕਹਿਣ ਲੱਗੀ ‘ਚੁੱਪ ਕਰਕੇ ਪਏ ਰਹੋ ਤੁਹਾਡਾ ਹੀ ਸਿਆਪਾ ਕਰ ਰਹੀ ਹਾਂ’ ਇਸ ਦਾ ਭਾਵ ਸਮਝਣਾ ਸਮਝਾਉਣਾ ਔਖਾ ਨਹੀਂ। ਬਸ! ਮਜਬੂਰੀ ਦਾ ਨਾਂ ਸ਼਼ੁਕਰੀਆ ਹੈ।’ ਕੀ ਕਦੇ ਕਿਸੇ ਪਤੀ ਨੇ ਵੀ ਆਪਣੀ ਪਤਨੀ ਦੀ ਲੰਬੀ ਉਮਰ ਵਾਸਤੇ ਵਰਤ ਰੱਖਿਆ ਹੈ? ਜੇ ਨਹੀਂ ਤਾਂ ਔਰਤ ਦੇ ਗਲ਼ ਵਿਚ ਮਜਬੂਰੀ ਦਾ ਇਹ ਫਾਹਾ ਕਿਉਂ ਪਾਇਆ ਗਿਆ ਹੈ? ਔਰਤ ਵਾਸਤੇ ਇਹ ਮਜਬੂਰੀ ਕਿਉਂ? ਇਸ ਪੱਖਪਾਤ ਅਤੇ ਮਰਦ ਔਰਤ ਦੇ ‘ਵਰਤਾਂ ਬੱਧੇ ਰਿਸ਼ਤੇ’ ਵਾਲੀ ਅਸਮਾਨਤਾ ਵਿਚੋਂ ਘ੍ਰਿਣਾਂ ਦੀ ਬੋਅ ਆਉਂਦੀ ਹੈ। ਨਾ ਇਹਦੇ ਨਾਲ ਰਿਸ਼ਤੇ ਵਿਚ ਪਕਿਆਈ ਆਉਣ ਦੀ ਕੋਈ ਸੰਭਾਵਨਾ ਹੁੰਦੀ ਹੈ ਨਾ ਕਿਸੇ ਦੀ ਉਮਰ ਲੰਬੀ ਹੋ ਜਾਣ ਦੀ ਗਰੰਟੀ। ਥਾਲ਼ੀ ਵਿਚ ਪਾਏ ਪਾਣੀ ਜਾਂ ਛਾਨਣੀ ਵਿਚੋਂ ਚੰਨ ਸਾਫ ਨਹੀਂ ਘਸਮੈਲ਼ਾ ਹੀ ਨਜ਼ਰ ਆਵੇਗਾ, ਭਾਵੇਂ ਲੱਖ ਵਾਰ ਵੇਖੋ।
ਪ੍ਰਦੇਸ ਵਸਦੇ (ਦੇਸ ਵਿਚ ਵੀ ਵੱਖਰਾ ਨਹੀਂ) ਭਾਰਤੀ ਲੋਕਾਂ ਵਿਚੋਂ ਜਿਹੜੇ ਹਿੰਦੂ ਮੱਤ ਦੇ ਧਾਰਨੀ ਹਨ ਉਨ੍ਹਾਂ ਵਿਚਲੀ ਵੱਡੀ ਗਿਣਤੀ ਕਾਫੀ ਸਾਰੀਆਂ ਮਾੜੀਆਂ ਰਹੁ-ਰੀਤਾਂ ਨਾਲ ਹੀ ਚੁੱਕੀ ਫਿਰਦੇ ਹਨ। ਦੇਸ ਤੇ ਪ੍ਰਦੇਸ ਦੋਹੀਂ ਥਾਈਂ ਬਹੁਤ ਸਾਰੀਆਂ ਔਰਤਾਂ ਬੇਸਮਝੀ ਵਿਚ ਹੀ ਸੋਨੇ ਦੇ ਮੋਟੇ ਮੋਟੇ ‘ਸੰਗਲ ਸੂਤਰ’ ਗਲ਼ਾਂ ਵਿਚ ਲਟਕਾਈ ਫਿਰਦੀਆਂ ਮਿਲਣਗੀਆਂ। ਇਨ੍ਹਾਂ ਵਿਚ ਸਾਰੀਆਂ ਹਿੰਦੂ ਔਰਤਾਂ ਹੀ ਨਹੀਂ, ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਹ ਗੁਰਦੁਆਰਿਆਂ ਵਿਚ ਵੀ ਦੇਖੀਆਂ ਜਾ ਸਕਦੀਆਂ ਹਨ। ਗੁਰੁ ਨਾਨਕ ਦੇ ਕਿਸੇ ਵੀ ਨਾਮ ਲੇਵਾ ਤੋਂ ਕਦੇ ਵੀ ਅਜਿਹੀ ਆਸ ਨਹੀਂ ਰੱਖੀ ਜਾ ਸਕਦੀ ਪਰ ਇਹ ਹੋ ਰਿਹਾ ਹੈ। ਦੁੱਖ ਹੁੰਦਾ ਹੈ ਜਦੋਂ ਸਦੀਆਂ ਪਹਿਲਾਂ ਝੂਠ, ਦੰਭ, ਪਖੰਡ ਤੇ ਹਰ ਕਿਸਮ ਦੀਆਂ ਬੋਦੀਆਂ ਰਸਮਾਂ ਦੇ ਖਿਲਾਫ ਪਰਚਾਰ ਕਰਨ ਵਾਲੇ ਬਾਬੇ ਨਾਨਕ ਦੇ ਪੈਰੋਕਾਰ ਵੀ ਇਸ ਰਾਹੇ ਤੁਰਦੇ ਦੇਖਦੇ ਹਾਂ। ਵਿਆਹਾਂ ਦੇ ਇਕੱਠਾਂ ਵਿਚ ਇਹ ਤਮਾਸ਼ਾ ਕਾਫੀ ਵੱਡੇ ਪੱਧਰ ਤੇ ਹੁੰਦਾ ਹੈ। ਖਾਸ ਕਰਕੇ ਮਾਵਾਂ-ਭੈਣਾਂ-ਧੀਆਂ ਦੇ ਸੋਚਣ ਦਾ ਵੇਲਾ ਹੈ। ਆਪਣੀ ਹੋਂਦ ਨੂੰ ਖੋਰਾ ਲਾਉਣ ਦਾ ਜਾਂ ਆਪਣੀ ਹੀ ਕਦਰ ਘਟਾਈ ਕਰਨ ਦਾ ਯਤਨ ਬਿਲਕੁੱਲ ਨਹੀਂ ਕਰਨਾ ਚਾਹੀਦਾ। ਅਜਿਹੇ ਯਤਨਾਂ ਵਿਚ ਸ਼ਰੀਕ ਹੋਣ ਤੋਂ ਇਨਕਾਰ ਕਰਨਾ ਚਾਹੀਦਾ ਹੈ ਅਤੇ ਅਜਿਹੇ ਯਤਨਾਂ ਨੂੰ ਉਤਸ਼ਾਹਿਤ ਕਰਨ ਵਾਲੇ ਹਰ ਕਦਮ ਦਾ ਜੋਰਦਾਰ ਵਿਰੋਧ ਵੀ ਹੋਣਾ ਚਾਹੀਦਾ ਹੈ। ਸੱਚ ਭਰਿਆ ਅਜਿਹਾ ਵਿਰੋਧ ਹੀ ਤੁਹਾਡੇ ਵਿਕਾਸ ਦਾ ਅਸਲ ਨੁਕਤਾ ਹੈ। ਅਸਲੋਂ ਸਮਝਣ ਵਾਲਾ ਮਸਲਾ ਇਹ ਹੈ ਕਿ ਤੁਹਾਡੇ ਗਲ਼ਾਂ ਵਿਚ ਪਾਇਆ ਇਹ ਸ਼ਰਾਰਤੀ ‘ਮੰਗਲ ਸੂਤਰ’ ਦਰਅਸਲ ‘ਸੰਗਲ ਸੂਤਰ’ ਹੈ, ਜੋ ਤੁਹਾਡੀ ਅਜਾਦ ਸ਼ਖਸੀਅਤ, ਤੁਹਾਡੇ ਸਵੈਮਾਣ ਅਤੇ ਤੁਹਾਡੇ ਬਹੁ ਪੱਖੀ ਵਿਕਾਸ ਦੇ ਰਾਹ ਦਾ ਵੱਡਾ ਰੋੜਾ ਹੈ। ਮਰਦ ਪ੍ਰਧਾਨ ਸਮਾਜ ਅੰਦਰਲੀ ਮਾੜੀ ਸੋਚ ਵਲੋਂ ਧੱਕੇ ਨਾਲ ਤੁਹਾਡੇ ਉੱਤੇ ਲੱਦੀ ਗਈ ਇਸ ਸੋਚਧਾਰਾ ਤੋਂ ਛੁਟਕਾਰਾ ਪਾਉਣਾ ਬਹੁਤ ਜ਼ਰੂਰੀ ਹੈ। ਇਹ ਆਪਣੇ ਹੱਥੀਂ ਆਪਣਾ ਅਪਮਾਨ ਹੀ ਨਹੀਂ ਸਗੋਂ, ਇਹ ਤਾਂ ਜਿੰਦ ਦਾ ਖੌਅ ਹੈ।
****
Subscribe to:
Posts (Atom)